ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਅਮਰੀਕਨ ਰੱਬ ਨੂੰ ਅਰਦਾਸ
ਜਸਵੰਤ ਸਿੰਘ ਬੱਗਾ – ਯੂ-ਐਸ-ਏ

ਸੁਣ ਮੇਰੀ ਅਰਦਾਸ ਬੇਨਤੀ, ਐ ਮੇਰੇ ਅਮਰੀਕੀ ਰੱਬਾ।
ਤੈਥੋਂ ਮੰਗਾਂ ਮੰਗਣ ਦੇ ਲਈ, ਹੱਥ ਜੋੜ ਕੇ ਖੜਾ ਹੈ ਬੱਗਾ।

ਤੂੰ ਬੇਅੰਤ ਦਾਤਾਂ ਦਾ ਮਾਲਕ, ਤੇਰਾ ਦਿੱਤਾ ਹੀ ਨਿੱਤ ਖਾਈਦਾ,
ਮੇਰਾ ਦਿਲ ਹਾਲੇ ਨਹੀਂ ਭਰਿਆ, ਮੈਨੂੰ ਹੋਰ ਬੜਾ ਕੁਝ ਚਾਹੀਦਾ।

ਤ੍ਰਿਸ਼ਨਾ ਮੇਰੇ ਸਾਹਾਂ ਵਿਚ ਹੈ, ਮਨ ਮੇਰਾ ਉਠ ਉਠ ਕੇ ਧਾਵੇ।
ਧਰਤੀ ਤੋਂ ਉਠ ਆਸ ਮੇਰੀ, ਅੰਬਰ ਦੇ ਤਾਰੇ ਤੋੜ ਲਿਆਵੇ।

ਐ ਮਿਹਰਾਂ ਦੇ ਸਾਈਂ ਰੱਬਾ, ਦਿਲ ਮੇਰੇ ਵਿਚ ਤੇਰੀ ਮੂਰਤ।
ਇਕ ਫਰਿਆਦ ਕਰਾਂ ਤੇਰੇ ਅੱਗੇ, ਸਬਰ ਦੀ ਮੈਨੂੰ ਸਖ਼ਤ ਜ਼ਰੂਰਤ।

ਸਾਰਾ ਸਬਰ ਹੁਣੇ ਹੀ ਦੇ ਦੇ, ਇੰਤਜ਼ਾਰ ਹੋਣਾ ਨਹੀਂ ਮੈਥੋਂ।
ਹੋਰ ਵੀ ਸਭ ਕੁਝ ਛੇਤੀ ਦੇ ਦੇ, ਤਾਂ ਕਿ ਮੰਗਦਾ ਰਹਾਂ ਮੈਂ ਤੈਥੋਂ।

ਮੇਰੇ ਗਲ ਵਿਚ ਲੋਭ ਦਾ ਥੈਲਾ, ਇਸ ਵਿਚ ਡਾਲਰ ਭਰ ਦੇ ਰੱਬਾ।
ਬਿਨ ਮਾਇਆ ਸਭ ਕੰਮ ਅਧੂਰੇ, ਕਾਰਜ ਸਫ਼ਲੇ ਕਰ ਦੇ ਰੱਬਾ।

ਇਕ ਸੋਹਣੀ ਜਿਹੀ ਕੋਠੀ ਦੇ, ਜੋ ਲੇਕ ਦੇ ਕੰਢੇ ਲੱਗੀ ਹੋਵੇ।
ਪ੍ਰੇਮ-ਕੁਟੀਆ ਮੈਂ ਉਸਨੂੰ ਆਖਾਂ, ਮਹਿਲਾਂ ਨਾਲੋਂ ਵੱਡੀ ਹੋਵੇ।

ਨਾਲ ਲੇਕ ’ਤੇ ਹੋਵੇ ਕਿਸ਼ਤੀ, ਮਾਣ ਕਰਾਂ ਮੈਂ ਆਪਣੇ ਉੱਤੇ।
ਚੂਹਾ-ਦੌੜ ਲੱਗੀ ਹੈ ਮੇਰੀ, ਭੌਂਕ ਰਹੇ ਅੰਦਰਲੇ ਕੁੱਤੇ।

ਮੌਤ ਨੂੰ ਵੀ ਸਮਝਾ ਦੇ ਰੱਬਾ, ਸੁਪਨੇ ਵਿਚ ਇਹ ਬਹੁਤ ਡਰਾਂਦੀ।
ਮੈਨੂੰ ਨਾ ਕਦੀ ਮਾਰੀਂ ਰੱਬਾ, ਮਾਰ ਲਈਂ ਮੇਰੇ ਆਂਢ-ਗੁਆਂਢੀ।

ਵਾਲ ਸਦਾ ਰੱਖੀਂ ਮੇਰੇ ਕਾਲੇ, ਗੋਗੜ ਵੀ ਛੋਟੀ ਹੀ ਰੱਖੀਂ।
ਮੂੰਹ ’ਤੇ ਝੁਰੜੀ ਨਾ ਪੈ ਜਾਵੇ, ਏਸ ਗੱਲ ਦਾ ਖਿਆਲ ਵੀ ਰੱਖੀਂ।

ਸਦਾ ਨਿਮਾਣਾ ਸੇਵਕ ਤੇਰਾ, ਮੇਰੀ ਗੱਲ ਤੇ ਹੱਸੀਂ ਨਾ ਤੂੰ।
ਰੋਜ਼ ਬੋਲਦਾ ਝੂਠ ਮੈਂ ਰੱਬਾ, ਇਹ ਗੱਲ ਕਿਸੇ ਨੂੰ ਦੱਸੀਂ ਨਾ ਤੂੰ।

ਜੇ ਤੂੰ ਕਰੇਂ ਪੂਰੀਆਂ ਲੋੜਾਂ, ਸਿਫ਼ਤਾਂ ਦੇ ਪੁਲ ਬੰਨ੍ਹ ਦਿਆਂਗਾ।
ਆਮਦਨ ’ਚੋਂ ਬਚਿਆ ਜੇ ਡਾਲਰ, ਉਸ ਵਿਚੋਂ ਦਸਵੰਧ ਦਿਆਂਗਾ।

ਐ ਮੇਰੇ ਅਮਰੀਕੀ ਵਾਹਿਗੁਰੂ, ਮੇਰਾ ਤਾਂ ਬਸ ਇਕੋ ਤੂੰ ਹੀ।
ਦੇਸ਼ ਬਗਾਨੇ ਦੇ ਵਿਚ ਤੂੰ ਹੀ, ਵਾਹਿਗੁਰੂ, ਵਾਹਿਗੁਰੂ, ਤੂੰਹੀ, ਤੂੰਹੀ।

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com