WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਡਾ: ਗੁਰਮਿੰਦਰ ਸਿੱਧੂ
ਚੰਡੀਗੜ੍ਹ

gurminder-sidhu

ਇੱਕ ਚਿੱਠੀ ਸਰਹੱਦ ਤੋਂ ਆਈ
ਡਾ ਗੁਰਮਿੰਦਰ ਸਿੱਧੂ

sidhu03ਇੱਕ ਚਿੱਠੀ ਸਰਹੱਦ ਤੋਂ ਆਈ, ਇਹ ਚਿੱਠੀ ਚਾਨਣ ਦੀ ਜਾਈ
ਆਈ ਹੈ ਬਰਫਾਂ ਨਾਲ ਖਹਿਕੇ, ਪਰਬਤ ਦੀ ਚੋਟੀ ਤੋਂ ਲਹਿਕੇ
ਇੱਕ ਫੌਜੀ ਨੇ,ਇੱਕ ਹੀਰੇ ਨੇ, ਇੱਕ ਪੁੱਤਰ ਨੇ, ਇੱਕ ਵੀਰੇ ਨੇ
ਇੱਕ ਹੱਥ ਵਿੱਚ ਬੰਦੂਕ ਸੰਭਾਲੀ, ਦੂਜੇ ਦੇ ਨਾਲ ਕਲਮ ਚਲਾਈ
ਚਿੱਠੀ ਲਿਖ ਸਰਹੱਦ ਤੋਂ ਪਾਈ…
 
ਜਦੋਂ ਪੜ੍ਹਾਂ ਇੱਹ ਚਿੱਠੀ ਲੋਕੋ ! ਦਿਲ ਦੀ ਬਾਰੀ ਖੋਲ੍ਹ ਕੇ ਸੁਣਨਾ
ਘੱਟ ਤੋਂ ਘੱਟ ਉਨੇ ਹੀ ਚਿਰ ਲਈ, ਨਫਰਤ ਦਾ ਕੋਈ ਖਾਬ ਨਾ ਬੁਣਨਾ
ਇੱਹ ਚਿੱਠੀ ਪਿਆਰਾਂ ਵਿੱਚ ਰੰਗੇ, ਖੁਸ਼ੀਆਂ ਦੀ ਸਰਦਾਰੀ ਮੰਗੇ
ਫਿਰ ਮੂਹਰੇ ਸ਼ੀਸ਼ਾ ਕਰਦੀ ਹੈ, ਤਲੀਆਂ ਉੱਤੇ ਅੱਗ ਧਰਦੀ ਹੈ
ਪੁੱਛਦੀ ਹੈ ਮੇਰੇ ਵੀਰੋ! ਭੈਣੋ! ਇਹ ਕੀ ਦੇਸ ਦਾ ਹਾਲ ਹੋ ਗਿਐ?
ਨੀਮ ਗੁਲਾਬੀ, ਸੰਦਲੀ ਮੌਸਮ, ਕਾਹਤੋਂ ਲਾਲੋ-ਲਾਲ ਹੋ ਗਿਐ?
 
ਭਗਤ ਸਿੰਘ ਜੋ ਵਿਆਹ ਕੇ ਲਿਆਇਆ, ਕਿੱਥੇ ਹੈ ਉਹ ਬਾਂਕੀ ਲਾੜੀ?
ਹਰ ਸ਼ਹੀਦ ਹਿੱਕ ਡਾਹ ਕੇ ਲਿਆਇਆ,ਕਿੱਥੇ ਹੈ ਉਹ ਚੰਨ ਦੀ ਫਾੜੀ?
ਕਾਲੀ ਰਾਤ ਦੀ ਅੱਖ ਵਿੱਚ ਬੀਜੇ, ਕਿੱਥੇ ਨੇ ਉਹ ਗੋਰੇ ਸੁਫ਼ਨੇ ?
ਕਿੱਥੇ ਹੈ ਖੁਸ਼ੀਆਂ ਦੀ ਝਾਂਜਰ, ਕਿੱਥੇ ਆਜ਼ਾਦੀ ਦੇ ਨਗਮੇ ?
ਦੇਸ਼ ਨੂੰ ਪੁੱਤ ਨੀਲਾਮ ਕਰ ਰਹੇ, ਆਉਂਦੀਆਂ ਨੇ ਏਹੋ ਕਨਸੋਆਂ
ਨਿੱਤ ਹੁੰਦੀ ਹੈ ਸੱਚ ਦੀ  ਵਾਢੀ, ਧਾਹਾਂ ਮਾਰਦੀਆਂ ਖੁਸ਼ਬੋਆਂ
 
ਕਦੇ ਸੁਣੀਦੈ, ਚਿੱਥੀ  ਹੋਈ, ਲਾਸ਼ ਕਿਸੇ ਕੰਜਕ ਦੀ ਲੱਭੀ
ਅਣਜੰਮੀ ਧੀ ਕਤਲ ਕਰਾ ਕੇ, ਬਾਪ ਨੇ ਖੁਦ ਮਿੱਟੀ ਵਿੱਚ ਦੱਬੀ
ਭੁੱਖ ਨੰਗ ਦੇ ਕਾਲੇ ਵਿਸ਼ੀਅਰ, ਹਰ ਗੁਲਾਬ ਨੂੰ ਡੰਗਦੇ ਜਾਂਦੇ
ਚੋਗ ਧਰਮ ਦੀ, ਜਾਲ ਸੁਨਹਿਰੀ, ਭੋਲੇ ਪੰਛੀ ਫਸਦੇ ਜਾਂਦੇ
ਸਾਡੇ ’ਤੇ ਵੀ ਤਰਸ ਨਾ ਕੀਤਾ, ਸਾਡਾ ਵੀ ਖਿਆਲ ਨਾ ਆਇਆ
ਉਨੀ ਸੌ ਚੁਰਾਸੀ ਦੇ ਵਿੱਚ , ਸਾਡਾ ਘਰ ਵੀ ਸਿਵਾ ਬਣਾਇਆ
 
ਅੱਜ ਤੱਕ ਰੋਵੇ ਭੈਣ ਕੁਆਰੀ, ਪਤ ਜਿਹਦੀ ਗੁੰਡਿਆਂ ਨੇ ਵੱਢੀ
ਵਿਲਕੇ ਮੇਰੀ ਚੂੜੇ-ਵਾਲੀ , ਜਿਹੜੀ ਨੰਗੀ ਸ਼ਹਿਰ ’ਚ ਕੱਢੀ
ਭੁਰ-ਭੁਰ ਮੁੱਕਿਆ ਬਾਪੂ ,ਜਿਹਦੀ ਠਾਣੇ ਦੇ ਵਿੱਚ ਦਾਹੜੀ ਪੱਟੀ
ਦਿਸਦਾ ਨਾ ਕਿਤੇ ਅੰਮਾ-ਜਾਇਆ?ਜਿਹੜਾ ਪੱਗ ਬੰਨ੍ਹਦਾ ਸੀ ਖੱਟੀ
ਕਿੱਥੇ ਹੈ ਮੇਰਾ ਜਿਗਰੀ ਆੜੀ? ਜੋ ਹਿੰਦੂ ਸੀ,ਇਸ ਲਈ ਮੋਇਆ
ਕਿੱਥੇ ਹੈ ਮੇਰੀ ਅੱਖ ਦਾ ਤਾਰਾ?ਜਿਹੜਾ ਸਿੱਖ ਸੀ,ਇਸ ਲਈ ਕੋਹਿਆ
ਮੈਂ ਸਰਹੱਦ ’ਤੇ ਫਰਜ਼ ਨਿਭਾਵਾਂ,ਤੁਸੀਂ ਕਿਉਂ ਨਹੀਂ ਫਰਜ਼ ਨਿਭਾਇਆ?
ਮੈਂ ਤੁਹਾਡੇ ਲਈ ਗੋਲੀ ਖਾਵਾਂ , ਕਿਉਂ ਨਾ ਮੇਰਾ ਟੱਬਰ ਬਚਾਇਆ?
ਜਦ ਮੇਰੇ ਘਰ ਲਾਂਬੂ ਲੱਗੇ, ਕਿਉਂ ਨਾ ਕਿਸੇ ਨੇ ਪਾਣੀ ਪਾਇਆ?
ਜਦ ਮੇਰੀ ਮਾਂ ਤੜਫੀ, ਕਿਉਂ ਨਾ ਕੋਈ ਮੋਢਾ ਅੱਗੇ ਆਇਆ?
ਵਿਚ ਕਚਹਿਰੀਆਂ ਰੁਲਦਿਆਂ ਤਾਂਈਂ,ਅੱਜ ਤੱਕ ਨਾ ਇਨਸਾਫ ਦਵਾਇਆ
 
ਕਦੇ ਸੋਚਿਐ ?ਸਿਰ ਤੋਂ ਨੰਗੀਆਂ, ਧੀਆਂ-ਨੋਂਹਾਂ ਦਾ ਕੀ ਬਣਿਆ?
ਸੀਟਾਂ ਜਿੱਤ ਕੇ ਖਾਈਆਂ ਸੀ ਜੋ, ਉਹਨਾਂ ਸੌਹਾਂ ਦਾ ਕੀ ਬਣਿਆ?
ਬੀਰਾਂ ਦਾ ਉਂਜ ਜ਼ਿਕਰ ਹੋ ਕਰਦੇ, ਆਸਾਂ ਨਹੀਂ ਪੁਗਾਈਆਂ ਗਈਆਂ
ਸੰਨ ਸੰਤਾਲੀਉਂ ਰੋਂਦੀਆਂ ਜਿੰਦਾਂ ਅੱਜ ਤੱਕ ਨਹੀਂ ਵਰਾਈਆਂ ਗਈਆਂ
 
ਜਿਹੜਾ ਬੋਲੇ ਉਹਦਾ ਗਲਾ ਦਬਾ ਕੇ  ਚੁੱਪ ਕਰਾਈ ਜਾਵੋ
ਸਾਹ ਵੀ ਲੈਣ ਨਾ ਦੇਵੋ,ਪੌਣਾਂ ’ਤੇ ਪਾਬੰਦੀ ਲਾਈ ਜਾਵੋ
ਰਹਿਨੁਮਾਓ ! ਅੱਖਾਂ ਖੋਲ੍ਹੋ ! ਇਹ ਕੀ ਕਹਿਰ ਗੁਜ਼ਾਰ ਰਹੇ ਓ?
ਅਸੀਂ ਵਤਨ ਲਈ ਮਰਦੇ ਹਾਂ ਤੇ ਤੁਸੀਂ ਵਤਨ ਨੂੰ ਮਾਰ ਰਹੇ ਓ
 
ਤੱਕਿਓ ਆਪਣੀ ਰੂਹ ਦਾ ਸ਼ੀਸ਼ਾ, ਖੁਦਗਰਜ਼ੀ ਦੀ ਧੂੜ ਹਟਾਇਓ!
ਦੇਸ਼ ਦੀ ਅਣਖ ਵੰਗਾਰੇ ਜਿਹੜਾ, ਉਹਨੂੰ ਕੌੜਾ ਸਬਕ ਸਿਖਾਇਓ!
ਤੁਹਾਡੇ ਲਈ ਅਸੀਂ ਹਾਂ ਬਨਵਾਸੀ, ਤੁਸੀਂ ਵੀ ਆਪਣਾ ਫਰਜ਼ ਨਿਭਾਇਓ!
ਰੱਬ ਰੋਂਦਾ ਹੈ ਸਾਰੇ ਥਾਈਂ, ਹੁਣ ਨਾ ਮੰਦਿਰ ਮਸਜਿਦ ਢਾਇਓ!
ਜ਼ਖਮਾਂ ਉੱਤੇ ਲੂਣ ਨਾ ਭੁੱਕਿਓ, ਜ਼ਖਮਾਂ ਉੱਤੇ ਮਲ੍ਹਮਾਂ ਲਾਇਓ
 
ਇਹੋ ਬੇਨਤੀ ਦੁੱਧ ਵਿੱਚ ਧੋ ਕੇ, ਅੱਖਰਾਂ ਵਿੱਚ ਪਰੋ ਕੇ ਪਾਈ
ਪੜ੍ਹਿਓ ਵੇ ਕੋਈ!ਸੁਣਿਓ ਵੇ ਕੋਈ,ਇਹ ਚਿੱਠੀ ਸਰਹੱਦ ਤੋਂ ਆਈ
ਇਹ ਚਿੱਠੀ ਸ਼ਗਨਾਂ ਦੀ ਭੁੱਖੀ,ਇਹ ਤਾਂ ਗੀਤਾਂ ਦੀ ਤਿਰਹਾਈ
ਪੜ੍ਹਿਓ ਵੇ ਕੋਈ!ਮੰਨਿਓ ਵੇ ਕੋਈ,ਇਹ ਚਿੱਠੀ ਸਰਹੱਦ ਤੋਂ ਆਈ।
24/01/2019


ਮੈਂ ਹਾਂ ਪੰਜਾਬੀ ਬੋਲੀ, ਮੇਰੇ ਲਾਡਲਿਓ!

ਡਾ: ਗੁਰਮਿੰਦਰ ਸਿੱਧੂ, ਚੰਡੀਗੜ੍ਹ

ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!
ਰਾਣੀ ਤੋਂ ਬਣ ਗਈ ਗੋਲੀ, ਮੇਰੇ ਲਾਡਲਿਓ!

ਮੈਂ ਮਿੱਠੜੀ ਗੁੜ੍ਹਤੀ ਬਣਕੇ, ਤੁਹਾਡੇ ਲਹੂ ਦੇ ਵਿੱਚ ਸਮਾਈ
ਤੇ ਮਾਂ ਦੇ ਦੁੱਧ ਵਿੱਚ ਘੁਲ਼ ਕੇ, ਮੈਂ ਮਿਸ਼ਰੀ ਨਿੱਤ ਪਿਆਈ
ਜ਼ਿੰਦਗੀ ਦੀ ਬਾਰੀ ਖੋਲ੍ਹੀ, ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!

ਮੈਂ ਦਿੱਤੀਆਂ ਲੱਖ ਅਸੀਸਾਂ,ਤੁਸੀਂ ਜਦ ਬੁੱਕਲ਼ ਵਿੱਚ ਆਏ
ਪੁੱਟਿਆ ਜਦ ਪੈਰ ਸੀ ਪਹਿਲਾ, ਮੈਂ ਸੌ ਸੌ ਸ਼ਗਨ ਮਨਾਏ
ਫਿਰ ਵੰਡੀ ਸ਼ੱਕਰ ਪੋਲੀ, ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!

ਆਲਾ-ਭੋਲ਼ਾ ਜਿਹਾ ਬਚਪਨ ਮੈਂ ਕੁੱਛੜ ਚੁੱਕ ਖਿਡਾਇਆ
ਤੇ ਰੰਗੀ ਛੈਲ ਜਵਾਨੀ, ਤੁਹਾਨੂੰ ਚੜ੍ਹਿਆ ਰੂਪ ਸਵਾਇਆ
ਫਿਰ ਚਾੜ੍ਹਿਆ ਘੋੜੀ ਡੋਲੀ,ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!

ਹਰ ਪਹਿਰ ਉਮਰ ਦਾ ਮੈਂ ਹੀ ਗੀਤਾਂ ਦੇ ਨਾਲ ਸਜਾਇਆ
ਕਿਤੇ ਗਿੱਧੇ,ਕਿਧਰੇ ਭੰਗੜੇ, ਮੈ ਰੱਜ ਰੱਜ ਢੋਲ ਵਜਾਇਆ
ਵਜਾਏ ਘੜਾ-ਘੜੋਲੀ, ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ, ਮੇਰੇ ਲਾਡਲਿਓ!

ਹੁਣ ਤੁਸੀਂ ਉਡਾਰੂ ਹੋਏ,ਤੇ ਭੁੱਲ ਗਏ ਆਪਣੀ ਮਿੱਟੀ
ਮਾਂ-ਬੋਲ਼ੀ ਲੱਗੇ ਕਾਲ਼ੀ, ਬਾਕੀ ਹਰ ਬੋਲੀ ਚਿੱਟੀ
ਮਾਂ ਕੌਡੀਆਂ ਦੇ ਸੰਗ ਤੋਲੀ,ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!

ਜੋ ਆਪਣੀ ਮਾਂ ਨੂੰ ਨਿੰਦੇ,ਉਹਨੂੰ ਮਾਣ ਕਿਤੇ ਨਾ ਮਿਲਦਾ
ਬੱਸ ਹੋਵੇ ਜੱਗ-ਹਸਾਈ , ਸਨਮਾਨ ਕਿਤੇ ਨਾ ਮਿਲਦਾ
ਮੈਂ ਸੱਚ ਦੀ ਗੰਢੜੀ ਫੋਲੀ, ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!

ਮੈਂ ਤਾਜ ਤੁਹਾਡੇ ਸਿਰ ਦਾ, ਨਾ ਪੈਰਾਂ ਦੇ ਵਿੱਚ ਰੋਲ਼ੋ
ਭਾਵੇਂ ਸਿੱਖੋ ਹਰ ਇਕ ਬੋਲੀ,ਪਰ ਮਾਂ-ਬੋਲੀ ਵਿੱਚ ਬੋਲੋ
‘ਪੈਂਤੀ’ ਨਾਲ ਸਜੇ ਰੰਗੋਲੀ,ਮੇਰੇ ਲਾਡਲਿਓ!
ਮੈਂ ਹਾਂ ਪੰਜਾਬੀ ਬੋਲੀ , ਮੇਰੇ ਲਾਡਲਿਓ!
ਮੈਨੂੰ ਰਹਿਣ ਦਿਓ ਨਾ ਗੋਲੀ,ਮੇਰੇ ਲਾਡਲਿਓ!
03/11/17

 

ਚੱਲ ! ਪਰਤ ਚੱਲੀਏ
ਡਾ: ਗੁਰਮਿੰਦਰ ਸਿੱਧੂ, ਚੰਡੀਗੜ੍ਹ

ਚੱਲ! ਪਰਤ ਚੱਲੀਏ
ਉਮਰਾਂ ਦੀ ਕੁੰਜ ਲਾਹ ਕੇ
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.

ਚੱਲ ! ਪਰਤ ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ
ਕਣੀਆਂ ਦੀ ਫਸਲ ਬੀਜ ਦਿੰਦੀ

ਚੱਲ ! ਪਰਤ ਚੱਲੀਏ
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ

ਚੱਲ! ਪਰਤ ਚੱਲੀਏ
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ
ਸਲੇਟੀ ਕਾਗ਼ਜ਼'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ ਟੋਲਦੀ ਰਹਿੰਦੀ

ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ

ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ ।
07/10/15

 

ਕੈਂਸਰ-ਪੀੜਿਤਾਂ ਜਾਂ ਕਿਸੇ ਵੀ ਮਾਰੂ ਰੋਗ ਨਾਲ ਹੱਸ-ਹੱਸ ਕੇ ਜੂਝਦਿਆਂ ਦੇ ਨਾਂ
ਨਜ਼ਮ
ਡਾ: ਗੁਰਮਿੰਦਰ ਸਿਧੂ

ਅੱਜ ਮੈਂ ਤੈਨੂੰ ਦੇਖਿਆ ਹੈ ਗਾਉਂਦਿਆਂ
ਪੱਟੀ ਨੂੰ ਝਾਂਜਰ ਸਮਝ ਛਣਕਾਉਂਦਿਆਂ
ਪੀੜ ਦੇ ਅਰਥਾਂ ਨੂੰ ਹਾਸਾ ਲਿਖਦਿਆਂ
ਉਦਾਸੀਆਂ ਨੂੰ ਦੇਸ-ਨਿਕਾਲਾ ਦਿੰਦਿਆਂ
ਤੇਰੀ ਜ਼ਿੰਦਾ-ਦਿਲੀ ਨੂੰ ਸਲਾਮ ਅੱਜ
ਮੇਰੀ ਇਹ ਨਜ਼ਮ ਹੈ ਤੇਰੇ ਨਾਮ ਅੱਜ
ਦੇਖ...ਜਾਂਦਾ-ਜਾਂਦਾ ਸੂਰਜ ਅਟਕਿਐ
ਦੇਖ...ਠਹਿਰੀ ਆਉਂਦੀ ਆਉਂਦੀ ਸ਼ਾਮ ਅੱਜ

ਖੁਸ਼ਿਕਸਮਤ ਹੈਂ ਕੁੜੀਏ ਨੀਂ ਜ਼ਖਮਾਂ ਵਾਲੀਏ !
ਜਾਣੈਂ ਕਦ ? ਤੇਰੇ ਕੋਲ ਇਹ ਜਵਾਬ ਹੈ
ਰੱਬ ਦੇ ਨੇੜੇ ਹੈਂ ਕਰਮਾਂ ਵਾਲੀਏ !
ਤੈਨੂੰ ਜ਼ਿੰਦਗੀ ਮੌਤ ਦਾ ਹਿਸਾਬ ਹੈ

ਮੈਂ ਨਿਕਰਮਣ ਨੂੰ ਤਾਂ ਇਹ ਵੀ ਖਬਰ ਨਾ
ਇੱਕ ਦਿਨ ਹੈ ਕੋਲ ਕਿ ਉਹ ਵੀ ਨਹੀਂ ?
ਪੱਟੂੰ ਅਗਲਾ ਪੈਰ, ਕਿ ਉਹ ਵੀ ਨਹੀਂ ?
ਬੋਲੂੰ ਅਗਲਾ ਬੋਲ ਕਿ ਉਹ ਵੀ ਨਹੀਂ ?

ਤੂੰ ਤਾਂ ਟੱਪੀਆਂ ਔਖੀਆਂ ਸਭ ਸਰਦਲਾਂ
ਨੈਣੀਂ ਨੇ ਸਕੂਨ ਦੀਆਂ ਮਹਿਫਲਾਂ
ਗੀਤ ਸੁਣ ਕੇ ਵਕਤ ਵੀ ਹੈਰਾਨ ਹੈ
ਗਾਉਂਦੇ ਤੇਰੇ ਬੁਲ੍ਹ ਨੇ ਕਿ ਬੁਲਬੁਲਾਂ

ਸੋਨੇ ਦੀ ਹੈਂ ਤੂੰ, ਭਾਵੇਂ ਹੋਈ ਛਾਨਣੀ
ਤੂੰ ਪਾਟੇ ਚੋਲੇ ਵਿੱਚੋਂ ਕਿਰਦੀ ਚਾਨਣੀ
ਤੂੰ ਕਾਲੇ ਬੱਦਲੀਂ ਬਿਜਲੀਆਂ ਦੀ ਲਿਸ਼ਕ ਹੈਂ
ਮੁਸਕਾਨ ਤੇਰੀ ਤਿੰਨ-ਤਾਰੀ ਚਾਸ਼ਨੀ

ਖਾਮੋਸ਼ ਅੰਤ ਵਾਲੀਏ ਕਹਾਣੀਏ !
ਕਈਆਂ ਮਹਾਜ਼ਾਂ ਉੱਤੇ ਲੜਦੀ ਰਾਣੀਏ !
ਕਿਹੜੇ ਸਬਰ ਦੇ ਤੂੰ ਸਮੁੰਦਰ ਡੀਕ ਲਏ ?
ਕਿੱਥੋਂ ਲਿਆਈਓਂ ਹੌਸਲਾ ਮਰਜਾਣੀਏ ?

ਹੰਝੂਆਂ ਨੂੰ ਦਿੱਤੀ ਤੂੰ ਹੀ ਹੈ ਸ਼ਰਮਿੰਦਗੀ
ਤੂੰ ਮੌਤ ਨੂੰ ਮਖੌਲ ਕਰਦੀ ਜ਼ਿੰਦਗੀ
ਏਵੇਂ ਹੀ ਹੱਸਦੀ ਜਾਈਂ,ਜੇਰੇ ਵਾਲੀਏ,
ਤੇਰੇ ਲਈ ਇਹੋ ਹੈ ਮੇਰੀ ਬੰਦਗੀ …
19/04/2014

ਚੱਲ ! ਪਰਤ ਚੱਲੀਏ
ਡਾ: ਗੁਰਮਿੰਦਰ ਸਿੱਧੂ

ਚੱਲ! ਪਰਤ ਚੱਲੀਏ
ਉਮਰਾਂ ਦੀ ਕੁੰਜ ਲਾਹ ਕੇ
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.

ਚੱਲ ! ਪਰਤ ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ
ਕਣੀਆਂ ਦੀ ਫਸਲ ਬੀਜ ਦਿੰਦੀ

ਚੱਲ ! ਪਰਤ ਚੱਲੀਏ
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ

ਚੱਲ! ਪਰਤ ਚੱਲੀਏ
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ
ਸਲੇਟੀ ਕਾਗ਼ਜ਼'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ ਟੋਲਦੀ ਰਹਿੰਦੀ

ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ

ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ ।

05/10/2013

ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਡਾ: ਗੁਰਮਿੰਦਰ ਸਿੱਧੂ

ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਹਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂ
ਨਾ ਕੱਢੀਆਂ ਨਾ ਪਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਸਾਡੀ ਰੂਹ ਦੀ ਬੇੜੀ
ਇੱਕ ਜਨਮਾਂ ਦੀ ਭਟਕਣ
ਇੱਕ ਝਾਂਜਰ ਜਦ ਅੰਗ ਲਗਾਵਾਂ
ਚਾਰ ਦਿਸ਼ਾਵਾਂ ਥਿਰਕਣ
ਲੱਭਦੇ ਨਾ ਅਗਲੇ ਦਰਵਾਜ਼ੇ, ਢੂੰਢ ਢੂੰਢ ਕੁਰਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਰੁੱਸਦੀ, ਇੱਕ ਮੰਨਦੀ
ਇੱਕ ਝਾਂਜਰ ਵੈਰਾਗਣ
ਇੱਕ ਝਾਂਜਰ ਨਿੱਤ ਕੰਜ-ਕੁਆਰੀ
ਇੱਕ ਤਾਂ ਸਦਾ ਸੁਹਾਗਣ
ਬਾਕੀ ਸਭ ਦੇ ਸਾਲੂ ਫਿਕੇ, ਚੱਲੀਆਂ ਬਿਨ-ਮੁਕਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਦੇ ਬੋਰ ਉਲਝ ਗਏ
ਇੱਕ ਦੇ ਝੜ ਗਏ ਸਾਰੇ
ਇੱਕ ਝਾਂਜਰ ਦੇ ਘੁੰਗਰੂ ਉਡ ਕੇ
ਬਣੇ ਅਰਸ਼ ਦੇ ਤਾਰੇ
ਜਿੱਥੋਂ ਤੁਰੀਆਂ ਉੱਥੇ ਖੜ੍ਹੀਆਂ,ਖਿੜੀਆਂ ਨਾ ਕੁਮਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ।

ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂ
ਨਾ ਕੱਢੀਆਂ ਨਾ ਪਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ।

ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ
ਡਾ: ਗੁਰਮਿੰਦਰ ਸਿੱਧੂ

ਲੱਗਿਆ ਵੀਜ਼ਾ ਹੋਈ ਤਿਆਰੀ
ਖੁਸ਼ੀਆਂ ਦੀ ਪੰਡ ਹੋ ਗਈ ਭਾਰੀ
ਇਸ ਮਿੱਟੀ ਦੀਆਂ ਮੁੱਠਾਂ ਨਾ ਪਰ ਥਿਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਪੌਂਡਾਂ ਵਾਲਾ ਦੇਸ ਬੁਲਾਏ
ਕਿਉਂ ਘਬਰਾਏਂ ਝੱਲੀਏ ਮਾਏ!
ਹੁਣ ਨਾ ਤੈਨੂੰ ਤੰਗੀਆਂ ਕਦੇ ਸਤਾਉਣਗੀਆਂ
ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ

ਵੰਡ ਦਿੱਤਾ ਸਭ ਲੀੜਾ-ਲੱਤਾ
ਕਿੱਲੀ ਟੰਗਿਆ ਰਹਿ ਗਿਆ ਕੁੜਤਾ
ਉੱਤੇ ਕੱਢੀਆਂ ਮੋਰਨੀਆਂ ਤੜਪਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਬਕਸੇ ਵਿੱਚ ਕਿਤਾਬਾਂ ਭਰੀਆਂ
ਫੋਟੋਆਂ, ਟੇਪਾਂ ਨੁੱਕਰੇ ਧਰੀਆਂ
ਕੋਲੋਂ ਦੀ ਜਦ ਲੰਘੂੰਗੀ ਕੁਰਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਸੋਨੇ ਦਾ ਮਾਂ! ਮਹਿਲ ਪਵਾ ਦੂੰ
ਉੱਤੇ ਤੇਰਾ ਨਾਂ ਲਿਖਵਾ ਦੂੰ
ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂ
ਅੱਖਾਂ ਨਾ ਭਰ ਮਾਏ! ਖੁਸ਼ੀਆਂ ਆਉਣਗੀਆਂ

ਚੁੱਕ ਛਣਕਣਾ,ਗੇਂਦ,ਖਿਡੌਣਾ
ਫਿਰੂੰ ਟੋਲਦੀ ਰੌਣਾ-ਭੋਣਾ
ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਹੱਥੀਂ ਕਦੇ ਨਾ ਪਾਣੀ ਪਾਇਆ
ਭਈਆਂ ਉੱਤੇ ਹੁਕਮ ਚਲਾਇਆ
ਕਿੱਦਾਂ ਪੁੱਤ ਮਜ਼ਦੂਰੀਆਂ ਤੈਥੋਂ ਹੋਣਗੀਆਂ?
ਸੁਣ ਸੁਣ ਮੈਂ ਤੱਤੜੀ ਨੂੰ ਗਸ਼ੀਆਂ ਆਉਣਗੀਆਂ

ਮਾਂ ! ਤੇਰਾ ਪੁਤ ਸ਼ੇਰਾਂ ਵਰਗਾ
ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾ
ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ
ਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂ

ਰਾਹ ਵਿੱਚ ਤੇਰੇ ਵਿਛਣ ਗਲੀਚੇ
ਹਰੀਆਂ ਛਾਵਾਂ, ਸੁਰਖ ਬਗੀਚੇ
ਏਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਚੰਗਾ ਹੁਣ ਤੂੰ ਰੱਬ ਹਵਾਲੇ!
ਸਭ ਅਸੀਸਾਂ ਲੈ ਜਾ ਨਾਲੇ!
ਏਹੀ ਤੇਰੀ ਔਖੀ ਘੜੀ ਲੰਘਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ।

27/06/2013

ਗੁਜਰੀ
ਡਾ: ਗੁਰਮਿੰਦਰ ਸਿੱਧੂ

 

gujri
 

ਇੱਕ ਗੁਜਰੀ ਹੁੰਦੀ ਹੈ ਜਿਹਦੀ ਮਿੱਟੀ ਚੀਕਣੀ
ਕਲਾਕਾਰ ਹੱਥਾਂ ਦੀ ਸਿਰਜੀ
ਹੁਨਰਾਂ ਨਾਲ ਤਰਾਸ਼ੀ ਹੋਈ
ਅੱਗ ਦੇ ਆਵੇ ਪੱਕੀ ਹੋਈ
ਰੰਗ ਰੋਗਨ ਦੇ ਨਾਲ ਲਿਸ਼ਕਦੀ
ਸੁਰਮ-ਸੁਰਾਹੀਆਂ ਅੱਖਾਂ ਵਾਲੀ
ਲਾਲ ਯਾਕੂਤੀ ਹੋਂਠਾਂ ਵਾਲੀ
ਸਿਰ 'ਤੇ ਰੰਗਲੀ ਮਟਕੀ ਚੁੱਕੀ ਡਰਾਇੰਗ-ਰੂਮ ਦੀ ਬਣੇ ਸਜਾਵਟ
ਜਾਂ ਬਾਲਾਂ ਦਾ ਖੇਡ ਖਿਡੌਣਾ ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਮਾਸ ਦੀ
ਵਸਲ-ਪਲਾਂ ਦੀ ਸਿਰਜੀ ਹੋਈ
ਕੁੱਖ ਦੇ ਆਵੇ ਪੱਕੀ ਹੋਈ
ਜੋਬਨ ਦੀ ਧੁੱਪ ਨਾਲ ਲਿਸ਼ਕਦੀ
ਸ਼ਹਿਦ-ਨਹਾਈਆਂ ਅੱਖਾਂ ਵਾਲੀ
ਗ਼ਜ਼ਲਾਂ ਵਰਗੇ ਹੋਂਠਾਂ ਵਾਲੀ
ਸੱਤ ਰੰਗਾਂ ਦਾ ਪਹਿਨ ਕੇ ਲਹਿੰਗਾ
ਸਿਰ 'ਤੇ ਦੁੱਧ ਦੀ ਮਟਕੀ ਚੁੱਕੀ ਹੋਕਾ ਦਿੰਦੀ ਗਲੀ ਗਲੀ
ਉਂਜ ਤਾਂ ਹੁੰਦੀਆਂ ਨੇ
ਸਭ ਕੁੜੀਆਂ ਹੀ ਗੁਜਰੀਆਂ
ਅੰਬੜੀ ਦੀਆਂ ਸੋਨੇ ਦੀਆਂ ਡਲੀਆਂ
ਵੰਝਲੀ ਵਰਗੇ ਬੋਲਾਂ ਜਿਹੀਆਂ
ਖੱਟੀਆਂ ਮਿੱਠੀਆਂ ਗੋਲ੍ਹਾਂ ਜਿਹੀਆਂ
ਬਾਬਲ-ਬਾਗੀਂ ਮੋਰਨੀਆਂ
ਘਰ ਘਰ ਖੇਡਣ ਵਾਲੀ ਰੁੱਤ ਤੋਂ
ਘਰ ਬਣਾਉਣ ਦੇ ਮੌਸਮ ਤੀਕਰ
ਚੁੱਕ ਖਾਬਾਂ ਦੀ ਸੰਦਲੀ ਮਟਕੀ
ਮਟਕ ਮਟਕ ਕੇ ਤੁਰਦੀਆਂ
ਪਰ ਉਹ ਗੁਜਰੀ ਕੇਹੀ ਗੁਜਰੀ ਸੀ?
ਚਮਤਕਾਰੀ ਮਿੱਟੀ ਦੀ ਸਿਰਜੀ
ਸੱਚ ਦੇ ਆਵੇ ਪੱਕੀ ਹੋਈ
ਨਾਮ-ਖੁਮਾਰੀ ਨਾਲ ਸ਼ਿੰਗਾਰੀ,
ਸਿਰ ਮਟਕੀ ਕੁਰਬਾਨੀਆਂ ਵਾਲੀ
ਵਿਸਾਹ-ਘਾਤ ਦੀਆਂ ਨਹੁੰਦਰਾਂ ਛਿੱਲੀ
ਲਹੂ ਦੀ ਚੁੰਨੀ, ਲਹੂ ਦੇ ਲੀੜੇ
ਛਾਲਿਆਂ ਲੱਦੇ ਨੰਗੇ ਪੈਰੀਂ
ਠੰਢੇ ਬੁਰਜ ਦੀ ਅੱਗ ਤੱਕ ਪਹੁੰਚ ਗਈ ਸੀ ਜਿਹੜੀ।
ਕੰਤ ਜਦੋਂ ਪਰਦੇਸੀਂ ਜਾਂਦੇ
ਗੋਰੀਆਂ ਦੇ ਨੈਣਾਂ ਦੇ ਵਿਹੜੇ
ਸਤਲੁਜ ਅਤੇ ਬਿਆਸ ਉੱਤਰਦੇ
ਪਰ ਜਦ ਉਹਦੇ ਸਿਰ ਦਾ ਸਾਂਈਂ
ਕਤਲਗਾਹਾਂ ਦੇ ਦੇਸ ਨੂੰ ਤੁਰਿਆ
ਆਰੇ ਚੱਲ ਗਏ ਹੋਣੇ ਨੇ,
ਉਹਦੇ ਨਰਮ ਕਾਲਜੇ ਉੱਤੇ
ਉਫ! ਉਹ ਕਿਹੇ ਸੂਰਜੀ ਪਲ ਸਨ!
ਜਦ ਦੰਦਾਂ ਵਿੱਚ ਚੁੰਨੀ ਨੱਪ ਕੇ
ਉਹਨੇ ਆਪਣਾ ਦਰਦ ਦਬਾਇਆ
ਇੱਕ ਵੀ ਹੰਝੂ ਨਾ ਛਲਕਾਇਆ
' ਤੇਰਾ ਭਾਣਾ ਮੀਠਾ ਲਾਗੈ ' ਖੁਦ ਨੂੰ ਇਹ ਗੁਰ-ਵਾਕ ਸੁਣਾਇਆ
'ਸ਼ੁਕਰ ਤੇਰਾ'ਕਹਿ ਸੀਸ ਨਿਵਾਇਆ ਪੁੱਤਰਾਂ ਦੇ ਠੋਹਕਰ ਵੀ ਲੱਗੇ
ਮਾਵਾਂ ਪੀੜੋ-ਪੀੜ ਹੁੰਦੀਆਂ
ਕੀੜੀ ਦੇ ਆਟੇ ਨੂੰ ਡੋਲ੍ਹਣ
ਦੁਖਦੀ ਥਾਂ ਨੂੰ ਮੁੜ ਮੁੜ ਚੁੰਮਣ
ਅੱਥਰੂਆਂ ਦੀਆਂ ਕਰਨ ਟਕੋਰਾਂ
ਪਰ ਜਦ ਉਹਦੇ ਲਾਲ ਨੂੰ ਵਿੰਨ੍ਹਿਆ
ਸਾਜਿਸ਼-ਭਿੱਜੇ ਤੀਰਾਂ ਨੇ,
ਸੂਲਾਂ ਨੇ ,ਸ਼ਮਸ਼ੀਰਾਂ ਨੇ
ਸੱਪਾਂ ਦੇ ਵਿਹੁ-ਡੰਗਾਂ ਨੇ
ਲਹੂ-ਤਿਹਾਏ ਰੰਗਾਂ ਨੇ
ਜਿਸਮ ਹੋ ਗਿਆ ਛਲਣੀ ਛਲਣੀ
ਬੱਗੇ ਮੁੱਖ 'ਤੇ ਲਾਲ-ਤਤੀ੍ਹਰੀ
ਮਾਛੀਵਾੜੇ ਦੇ ਜੰਗਲ ਵਿੱਚ
ਤੱਕ ਕੰਡਿਆਂ ਦੀ ਸੇਜ 'ਤੇ ਸੁੱਤਾ
ਰੁੱਗ ਤਾਂ ਵੱਢੇ ਗਏ ਹੋਣਗੇ
ਮਾਂ ਦੀ ਇੱਕ ਇੱਕ ਆਂਦਰ 'ਚੋਂ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ!
ਜਦ ਜ਼ਖਮਾਂ ਦੇ ਝੁਰਮਟ 'ਤੇ ਉਸ
ਰੱਬੀ ਰਜ਼ਾ ਦੀ ਮਲ੍ਹਮ ਲਗਾਈ
ਥਾਪੜ ਥਾਪੜ ਪੀੜ ਸੁਆਈ
ਫਿਰ ਸ਼ੁਕਰਾਂ ਦੀ ਧੂਫ ਜਗਾਈ
ਦਾਦੀਆਂ ਦੇ ਹੋਂਠਾਂ 'ਤੇ ਤੁਰਕੇ,
ਲੋਰੀਆਂ ਪਹੁੰਚਣ ਘੋੜੀਆਂ ਤੀਕਰ
ਪਰ ਜਦ ਉਹਨੇ ਪੋਤਰਿਆਂ ਨੂੰ
ਭੇਜਣ ਲਈ ਕਸਾਈ-ਖਾਨੇ
ਅੰਤਿਮ ਵਾਰ ਸ਼ਿੰਗਾਰਿਆ ਹੋਣੈ
ਚੁੰਮ ਚੁੰਮ ਮਸਤਕ ਠਾਰਿਆ ਹੋਣੈ
ਫਟਿਆ ਹੋਊ ਜਵਾਲਾਮੁਖੀ
ਉਹਦੀ ਧਰਤੀ ਦੇ ਅੰਦਰ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ!
ਅੰਗ ਅੰਗ ਦੇ ਭੂਚਾਲ ਨੂੰ ਉਸ ਜਦ
ਸਿਮਰਨ ਨਾਲ ਟਿਕਾਇਆ ਹੋਣੈ
ਸ਼ੁਕਰਾਨੇ ਦਾ ਦੀਵਾ
ਰੂਹ ਦੀ ਥਾਲੀ ਵਿੱਚ ਟਿਕਾਇਆ ਹੋਣੈ
ਹੈ ਆਸਾਨ ਇਹ ਕਹਿਣਾ,ਉਹ ਮਹਾਨ ਬੜੀ ਸੀ
ਰੱਬੀ ਨੂਰ ਸੀ, ਉਹ ਤਾਂ ਡੋਲ ਨਹੀਂ ਸਕਦੀ ਸੀ
ਪੀੜਾਂ ਦੇ ਅਹਿਸਾਸ ਤੋਂ ਸੀ ਉਹ ਬਹੁਤ ਉਚੇਰੀ
ਉਹ ਸੀ ਨਾਮ 'ਚ ਰੰਗੀ ਹੋਈ
ਕੁੱਖ ਉਹਦੀ ਸੀ ਚਾਨਣ ਚਾਨਣ
ਸੱਚ ਹੈ ਇਹ
ਪਰ ਇਹ ਵੀ ਸੱਚ ਹੈ
ਜੇ ਉਹ ਮਾਸ-ਮਿੱਟੀ ਦਾ ਬੁੱਤ ਸੀ
ਜੇ ਜੁੱਸਾ ਰੋਟੀ ਮੰਗਦਾ ਸੀ
ਤੇਹ ਉਹਦੀ ਸੀ ਪਾਣੀ ਲੱਭਦੀ
ਸਾਹਾਂ ਲਈ ਸੀ ਹਵਾ ਲੋੜੀਂਦੀ
ਫਿਰ ਤਾਂ ਫੱਟ ਵੀ ਲੱਗੇ ਹੋਣੇ
ਫਿਰ ਤਾਂ ਪੀੜ ਵੀ ਹੋਈ ਹੋਣੀ
ਫਿਰ ਹੰਝੂ ਵੀ ਆਏ ਹੋਣੇ
ਉਫ! ਉਹ ਕੇਹੀ ਅੰਬਰੀ ਰੂਹ ਸੀ!
ਜਿਸਮ ਸੀ ਜਾਂ ਕੋਈ ਕਰਾਮਾਤ ਸੀ
ਕੇਹਾ ਸੀ ਸ਼ਾਹਕਾਰ ਖੁਦਾ ਦਾ!
ਜਿਹਨੇ ਸਬਰ-ਸਮੁੰਦਰ ਪੀਤੇ
ਜ਼ਖਮਾਂ 'ਤੇ ਫੁਲਕਾਰੀ ਦਿੱਤੀ
ਇੱਕ ਵਾਰੀ ਵੀ 'ਸੀਅ' ਨਾ ਕੀਤੀ
ਕੀਤਾ ਤਾਂ ਸ਼ੁਕਰਾਨਾ ਕੀਤਾ
ਜਿਹੜੀ ਆਪ ਰਤਾ ਨਾ ਡੋਲੀ
ਨਾ ਹੀ ਡੋਲਿਆ ਉਹਦਾ ਜਾਇਆ
ਨਾ ਉਹਦੇ ਜਾਏ ਦੇ ਜਾਏ
ਹੈ ਕੋਈ ਗੁਜਰੀ ਉਹਦੇ ਵਰਗੀ?
ਸੀ ਕੋਈ ਗੁਜਰੀ ਉਹਦੇ ਵਰਗੀ?
ਕਦੇ ਵੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਗੁਜਰੀ ਉਹਦੇ ਵਰਗੀ?
ਤਵਾਰੀਖ ਦਾ ਹਰ ਵਰਕਾ ਹਰ ਸਤਰ ਫਰੋਲੋ
ਧਰਤੀ ਦੇ ਹਰ ਕੋਨੇ ਦੀ ਮਿੱਟੀ ਨੂੰ ਫੋਲੋ ਕਿਤੇ ਵੀ ਨਹੀਂਓਂ ਲੱਭਣੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਨਹੀਂਓਂ ਹੋਣੀ ਗੁਜਰੀ ਉਹਦੇ ਵਰਗੀ? ਵੇ ਇਤਿਹਾਸ ਲਿਖੰਦੜਿਓ!ਕੋਈ ਫਰਜ਼ ਨਿਭਾਓ!
ਕਲਮ ਚੁੱਕੋ,ਅੱਖਰਾਂ ਨੂੰ ਸੱਚ ਦੀ ਵਾਟ ਦਿਖਾਓ!
ਨਾ ਪੰਜਾਬ ਦੇ, ਨਾ ਹੀ ਹਿੰਦ ਦੇ
ਦੁਨੀਆਂ ਦੇ ਇਤਿਹਾਸ 'ਚ ਉਹਦਾ ਕਾਂਡ ਲਿਖਾਓ!

ਡਾ:ਗੁਰਮਿੰਦਰ ਸਿੱਧੂ
ਚੰਡੀਗੜ੍ਹ, 07/03/2012

ਔਰਤ-ਦਿਵਸ 'ਤੇ
ਔਰਤ ! ਓ ਔਰਤ!
ਡਾ: ਗੁਰਮਿੰਦਰ ਸਿੱਧੂ

ਔਰਤ ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਹੰਢਾਣੀ
ਕਿਸੇ ਨਾ ਹੰਢਾਣੀ
ਜਦ ਤਿਲ੍ਹਕੇਂ, ਤਾਂ ਦੇਵੇ ਸਹਾਰਾ ਨਾ ਕੋਈ
ਜਦ ਡਿੱਗੇਂ, ਉਠਾਵੇ ਦੁਬਾਰਾ ਨਾ ਕੋਈ
ਤੂੰ ਖੁਦ ਛਾਲ ਮਾਰੀ, ਸਮੁੰਦਰ 'ਚ ਮੋਹ ਦੇ
ਜਦ ਡੁੱਬੇਂ, ਤਾਂ ਬਣਦਾ ਕਿਨਾਰਾ ਨਾ ਕੋਈ

ਔਰਤ! ਓ ਔਰਤ!
ਇਹੋ ਹੋਣੀ ਤੇਰੀ
ਇਹ ਤੂੰ ਹੀ ਪੁਗਾਣੀ
ਕਿਸੇ ਨਾ ਪੁਗਾਣੀ
ਤੂੰ ਹਾਰੀ, ਜਦ ਹੋਈ ਮਜਬੂਰ ਆਪਣੇ ਤੋਂ
ਤੂੰ ਹਾਰੀ, ਜਦ ਹਾਰੀ ਸੰਧੂਰ ਆਪਣੇ ਤੋਂ
ਤੂੰ ਰੁਕ ਨਾ ਸੀ ਸਕਦੀ, ਤੂੰ ਝੁਕ ਨਾ ਸੀ ਸਕਦੀ
ਤੂੰ ਹਾਰੀ ਤਾਂ ਹਾਰੀ ਹੈਂ ਨੂਰ ਆਪਣੇ ਤੋਂ

ਔਰਤ! ਓ ਔਰਤ!
ਇਹੋ ਹਾਰ ਤੇਰੀ
ਇਹ ਤੂੰ ਹੀ ਜਿਤਾਣੀ
ਕਿਸੇ ਨਾ ਜਿਤਾਣੀ
ਕੋਈ ਜੂਏ 'ਚ ਹਾਰੇ , ਤੂੰ ਫਿਰ ਉਹੋ ਔਰਤ
ਕੋਈ ਅੱਗ ਵਿੱਚ ਸਾੜੇ , ਤੂੰ ਫਿਰ ਉਹੋ ਔਰਤ
ਕੋਈ ਪ੍ਰੀਖਿਆ ਮੰਗੇ, ਤੂੰ ਫਿਰ ਉਹੋ ਔਰਤ
ਕੋਈ ਲਹੂ ਵਿੱਚ ਤਾਰੇ, ਤੂੰ ਫਿਰ ਉਹੋ ਔਰਤ

ਔਰਤ ! ਓ ਔਰਤ !
ਇਹੋ ਕੁੰਜ ਤੇਰੀ
ਇਹ ਤੂੰ ਹੀ ਹੈ ਲਾਹਣੀ
ਕਿਸੇ ਨੇ ਨਾ ਲਾਹਣੀ
ਆਪਣੇ ਖੰਭ ਤੂੰ ਆਪ ਉਗਾਣੇ
ਜੇ ਕਿਤੇ ਆਪਣੀ ਤੂੰ ਸ਼ਕਤੀ ਪਛਾਣੇਂ
ਤੂੰ ਦੁਰਗਾ ਸੀ ਹੁੰਦੀ ,ਤੂੰ ਭਾਗੋ ਸੀ ਹੁੰਦੀ
ਜੇ ਕਿਤੇ ਸਮਿਆਂ ਦੀ ਮਿੱਟੀ ਨੂੰ ਛਾਣੇਂ

ਔਰਤ! ਓ ਔਰਤ
ਇਹੋ ਲਾਟ ਤੇਰੀ
ਇਹ ਤੂੰ ਹੀ ਜਗਾਣੀ
ਕਿਸੇ ਨਾ ਜਗਾਣੀ
ਔਰਤ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਬਚਾਣੀ
ਕਿਸੇ ਨਾ ਬਚਾਣੀ ।

ਬਗਾਵਤਨਾਮਾ
ਡਾ: ਗੁਰਮਿੰਦਰ ਸਿੱਧੂ

ਮੈਂ ਹੱਵਾ ਦੀ ਜਾਈ
ਅੱਜ ਤੁਹਾਨੂੰ ਮੁਖਾਤਿਬ ਹਾਂ
ਖੱਖੜੀਆਂ ਮੱਥੇ 'ਚ ਇਕ ਸਵਾਲ ਲੈ ਕੇ
ਸੁੰਨੀਆਂ ਅੱਖਾਂ 'ਚ ਇੱਕ ਮਸ਼ਾਲ ਲੈ
ਜਦ ਦੋ ਆਦਮ ਆਪਸ ਦੇ ਵਿੱਚ ਉਲਝਦੇ ਨੇ
ਭਖਦੇ ਬੋਲਾਂ ਦੀ ਜਦੋਂ ਜੰਗ ਛੇੜਦੇ ਨੇ
ਕਿਉਂ ਹੁੰਦਾ ਹੈ?
ਮਾਂ,ਧੀ ਜਾਂ ਫਿਰ ਭੈਣ ਦਾ ਬਲਾਤਕਾਰ
ਸੁਆਦ ਸੁਆਦ ਹੁੰਦੇ ਓ
ਮੇਰੀ ਲਾਜ ਦੇ ਕੱਜਣ ਨੂੰ ਪਾੜ
ਮੇਰੀ ਕੁੱਖ ਵੱਲ ਭੇਜਦੇ ਓ
ਹਵਸ ਲਿਬੜੇ ਆਪਣੇ ਲਫਜ਼ਾਂ ਦੀ ਭੀੜ
ਬਾਤ ਏਥੇ ਹੀ ਨਾ ਮੁੱਕਦੀ
ਮੈਂ ਜਦੋਂ ਵੀ
ਇਸ ਤਰ੍ਹਾਂ ਦੀ
ਚਗਲੀ ਜੂਨ ਹੰਢਾਉਂਦੀ ਹੋਈ
ਕੁਝ ਸੋਹਣੇਰਾ ਸਿਰਜਦੀ ਹਾਂ
ਕੁਝ ਚੰਗੇਰਾ ਕਰ ਦਿਖਾਵਾਂ
ਫਿਰ ੳਦੋਂ ਵੀ
ਸਭ ਅਸੀਸਾਂ ਤੁਹਾਡੇ ਹਿੱਸੇ
' ਸਾਈਂ ਜੀਵੇ''-' ਬੁੱਢ ਸੁਹਾਗਣ '
' ਵੀਰ ਜਿਉਣ '-' ਪੁੱਤ ਖਿਡਾਵੇਂ '
ਹਰ ਅਰਮਾਨ ਤੁਹਾਡੀ ਖਾਤਿਰ
ਹਰ ਵਰਦਾਨ ਤੁਹਾਡੀ ਖਾਤਿਰ
ਹੋ ਸਕੇ ਤਾਂ
ਸਰਵ-ਉੱਚਤਾ ਦੀ ਕਾਲੀ ਨਕਾਬ ਲਾਹ ਕੇ
ਈਮਾਨ ਦੇ ਸ਼ੀਸ਼ੇ ਦੇ ਵਿੱਚ
ਆਪਣਾ ਮੂੰਹ ਤੱਕਿਓ!
ਜਿਹੜੇ ਮੂੰਹ ਨਾਲ ਕਹਿੰਦੇ ਓ
ਕਿ ਔਰਤ ਆਪਣੇ ਹਸ਼ਰ ਲਈ
ਬੱਸ ਆਪ ਜ਼ਿੰਮੇਵਾਰ ਹੈ
ਪੈਰ ਦੀ ਜੁੱਤੀ ਦਾ
ਸਿਰ ਵੱਲ ਆਉਣਾ ਸੋਗਵਾਰ ਹੈ
ਮੈਂ ਕਹਿੰਦੀ ਹਾਂ
ਕੱਢ ਲਏ ਮੈਂ ਪੈਰ
ਇਸ ਦਲਦਲ ਦੇ ਵਿੱਚੋਂ
ਅੱਜ ਐਲਾਨਾਂ
ਆਪਣੇ ਮਕਤਲ ਦੇ ਵਿੱਚੋਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ
ਹੁਣ ਨਕਲੀ ਪਰਮੇਸ਼ਰਾਂ ਦੀ
ਰਜ਼ਾ ਵਿੱਚ ਸੌਣਾ ਨਹੀਂ ਮੈਂ
ਹੁਣ ਤੁਹਾਡੀ ਚੱਕੀ ਬਣ ਕੇ
ਇਸ ਤਰ੍ਹਾਂ ਭੌਣਾ ਨਹੀਂ ਮੈਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ।

ਡਾ:ਗੁਰਮਿੰਦਰ ਸਿੱਧੂ
ਚੰਡੀਗੜ੍ਹ, 08/03/2012

 

ਡਾ: ਗੁਰਮਿੰਦਰ ਸਿੱਧੂ
#658,ਫੇਜ਼3 ਬੀ-1,ਮੋਹਾਲੀ-160059(ਭਾਰਤ)
ਅੱਜਕਲ੍ਹ ਸਰੀ, ਕੈਨੇਡਾ
ਫੋਨ ਭਾਰਤ:91 9872003658,ਕੈਨੇਡਾ: 604 763 1658
ਈਮੇਲ:
gurmindersidhu13@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com