WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰਵੇਲ ਸਿੰਘ
ਇਟਲੀ

ਕੰਧ ਸਰਹੰਦ ਦੀ
ਰਵੇਲ ਸਿੰਘ, ਇਟਲੀ

ਕੰਧ ਸਰਹੰਦ ਦੀ।
ਧਿਆਨ ਸਾਡਾ ਮੰਗਦੀ[
ਜਿੱਥੇ ਗੋਬਿੰਦ ਦੇ ਲਾਲ,
ਕਿਵੇਂ ਕਰ ਗਏ ਕਮਾਲ।
ਜਦੋਂ ਧਰਮੋਂ ਨਾ ਡੋਲੇ,
ਬੜੇ ਜੋਸ਼ ਵਿੱਚ ਬੋਲੇ।
ਪਹੁੰਚੇ ਸੂਬੇ ਦੀ ਕਚਹਿਰੀ,
ਅੱਖ ਹਾਕਮਾਂ ਦੀ ਜ਼ਹਿਰੀ।
ਬੜੇ ਦਿੱਤੇ ਸੀ ਡਰਾਵੇ,
ਕੌਣ ਉਨ੍ਹਾਂ ਨੂੰ ਛਲਾਵੇ।
ਲੋਭ ਲਾਲਚਾਂ ਦੇ ਨਾਲ,
ਕੀਤੀ ਜ਼ਾਲਮਾਂ ਕਮਾਲ।
ਪਰ ਨਿੱਕੇ ਨਿੱਕੇ ਸ਼ੇਰ,
ਡਾਢੇ ਹੌਸਲੇ ਦਲੇਰ।
ਬੋਲੇ ਸੱਤ ਸ੍ਰੀ ਆਕਾਲ,
ਸੂਬਾ ਅੱਖਾਂ ਕਰੇ ਲਾਲ।
ਸਾਰੇ ਹੋ ਗਏ ਹੈਰਾਨ,
ਕਿੰਨੇ ਸੂਰਮੇ ਮਹਾਨ।
ਜਦੋਂ ਨੀਹਾਂ ਚ, ਖਲ੍ਹਾਰੇ,
ਦੋਵੇਂ ਛੱਡਦੇ ਜੈਕਾਰੇ।
ਚਿਣੀ ਜਾ ਰਹੀ ਦੀਵਾਰ,
ਜਿਵੇਂ ਸਿੱਖੀ ਦਾ ਮੀਨਾਰ।
ਜਦੋਂ ਕੂਕਦੇ ਜੱਲਾਦ।
ਜੇਰੇ ਵਾਂਗਰਾਂ ਫੌਲਾਦ।
ਦੋਵੇਂ ਛੱਡਦੇ ਜੈਕਾਰੇ,
ਜਾਂਦੀ ਮੌਤ ਬਲਿਹਾਰੇ।
ਨਾ ਉਹ ਮੌਤ ਕੋਲੋਂ ਹਾਰੇ,
ਸਿੱਖ ਕੌਮ ਦੇ ਸਿਤਾਰੇ।
ਜਦੋਂ ਤੀਕ ਹੈ ਇਹ ਕੰਧ,
ਹੈ ਸ਼ਹੀਦੀਆਂ ਦਾ ਪੰਧ।
ਜੀਉਂਦੀ ਜਾਗਦੀ ਮਿਸਾਲ,
ਇਹਨੂੰ ਰੱਖੀਏ ਸੰਭਾਲ।
ਸਿੱਖੀ ਰੰਗ ਵਿੱਚ ਰੰਗਦੀ,
ਚਾਅਵਾਂ ਤੇ ਉਮੰਗ ਦੀ
ਕੰਧ ਸਰਹੰਦ ਦੀ।
ਧਿਆਨ ਸਾਡਾ ਮੰਗਦੀ।
ਨਹੀਂ ਕੀਤੀ ਪ੍ਰਵਾਹ,
ਕਿਵੇਂ ਜੋਸ਼ ਸੀ ਅਥਾਹ।
ਲੈਕੇ ਆਏ ਸੀ ਜਲਾੱਦ,
ਕਿੰਨੇ ਹੌਸਲੇ ਫੌਲਾਦ।
ਨਾ ਉਹ ਡਰੇ ਤ ਨਾ ਡੋਲੇ,
ਬੜੇ ਜੋਸ਼ ਵਿੱਚ ਬੋਲੇ।
ਜਦੋਂ ਨੀਹਾਂ ਵਿੱਚ ਖੜੇ,
ਕਿਵੇਂ ਹੌਸਲੇ ਸੀ ਬੜੇ,
ਜਦੋਂ ਨੀਹਾਂ ਚ ਖਲ੍ਹਾਰੇ,
ਕਿਵੇਂ ਛੱਡਦੇ ਜੈਕਾਰੇ।
23/12/2013

 

ਕੀ ਲਿਖੀਏ
ਰਵੇਲ ਸਿੰਘ, ਇਟਲੀ

ਬੰਦੇ ਬਾਰੇ ਕੀ ਲਿਖੀਏ,
ਪੁੱਠੇ ਕਾਰੇ ਕੀ ਲਿਖੀਏ,
ਜਦ ਕੋਈ ਤਾਰਾ ਟੁਟਦਾ ਹੈ,
ਵਾਜਾਂ ਮਾਰੇ ਕੀ ਲਿਖੀਏ।
ਨੰਗ ਮੁਨੰਗੀਆਂ ਕਲਮਾਂ ਦੇ,
ਗੀਤ ਸ਼ਿੰਗਾਰੇ ਕੀ ਲਿਖੀਏ।
ਕਿਸ ਰਿਸ਼ਤੇ ਦੀ ਗੱਲ ਕਰੀਏ,
ਕਿਸ ਦੇ ਬਾਰੇ ਕੀ ਲਿਖੀਏ।
ਕੁਰਸੀ ਖਾਤਰ ਨੇਤਾ ਜਦ,
ਨੋਟ ਖਿਲਾਰੇ ਕੀ ਲਿਖੀਏ।
ਜਿੱਧਰ ਮਿਲਦੀਆਂ ਚੋਪੜੀਆਂ,
ਜੀਭ ਸੁਵਾਰੇ ਕੀ ਲਿਖੀਏ।
ਅੱਖੀਂ ਵੇਖ ਨਾ ਸਮਝੇ ਜੇ,
ਪਰਜਾ ਬਾਰੇ ਕੀ ਲਿਖੀਏ।
ਝੁਗੀਆਂ ਵਿੱਚ ਹਨੇਰਾ ਹੈ,
ਮਹਿਲ ਮੁਨਾਰੇ ਕੀ ਲਿਖੀਏ।
ਰੁੱਤਾਂ ਵੀ ਨੇ ਬੇਰੁੱਤੀਆ,
ਪਤਝੜ ਬਾਰੇ ਕੀ ਲਿਖੀਏ।
ਮੰਦਰ ਮਸਜਿਦ ਭਿੜਦੇ ਨੇ,
ਗੁਰੂ ਦੁਆਰੇ ਕੀ ਲਿਖੀਏ।
ਡਰ ਪ੍ਰਮਾਣੂ ਬੰਬਾਂ ਦਾ ਨਹੀਂ,
ਲੋਕ ਵਿਚਾਰੇ ਕੀ ਲਿਖੀਏ।
ਅੱਜ ਸੋਚਾਂ ਦੀਆਂ ਲਹਿਰਾਂ ਦੇ,
ਬੈਠ ਕਿਨਾਰੇ ਕੀ ਲਿਖੀਏ।
ਜੀਅ ਨਹੀਂ ਕਰਦਾ ਬੋਲਣ ਨੂੰ,
ਨਾਲ ਇਸ਼ਾਰੇ ਕੀ ਲਿਖੀਏ।
06/11/17

 

ਆਈ ਦੀਵਾਲੀ
ਰਵੇਲ ਸਿੰਘ, ਇਟਲੀ

ਆਈ ਦੀਵਾਲੀ ਆਈ ਦੀਵਾਲੀ,
ਸਭ ਨੂੰ ਖੁਸ਼ੀਆਂ ਵੰਡਨ ਵਾਲੀ।

ਦੀਵੇ ਇਹ ਮਿੱਟੀ ਦੇ ਦੀਵੇ,
ਮਿੱਟੀ ਦੇਸ਼ ਦੀ ਜੁੱਗ ਜੁੱਗ ਜੀਵੇ,

ਜਿਸ ਮਿੱਟੀ ਤੋਂ ਦੀਵੇ ਘੜੇ,
ਲਗਦੇ ਨੇ ਮਨ ਮੁਹਣੇ ਬੜੇ।

ਦੇਸ਼ ਮੇਰੇ ਦੇ ਕਲਾਕਾਰ,
ਮਿੱਟੀ ਨੂੰ ਜਦ ਦੇਣ ਸਵਾਰ,
ਨਵੇਂ ਨਵੇਂ ਦੇ ਕੇ ਆਕਾਰ,

ਸੁੰਦਰ ਰੰਗ ਬਰੰਗੇ ਦੀਵੇ,
ਲਗਦੇ ਮਨ ਨੂੰ ਚੰਗੇ ਦੀਵੇ।

ਜਦ ਇਹ ਪਾਲ਼ਾਂ ਦੇ ਵਿਚ ਜਗਦੇ,
ਸਭ ਦੇ ਮਨਾਂ ਨੂੰ ਲਗਦੇ।

ਦੀਵੇ ਨੇ ਜੀਵਣ ਦਾ ਪ੍ਰਤੀਕ,
ਬਲਦੇ ਰਹਿਣ ਤਾਂ ਲਗਦੇ ਠੀਕ।

ਬਾਲੋ ਤੇਲ ਜਾ ਘਿਓ ਦੇ ਦੀਵੇ,
ਨਾਲ ਅਮਨ ਦੇ ਹਰ ਕੋਈ ਜੀਵੇ।

ਦੀਵਾ ਬਲ਼ੇ ਹਨੇਰਾ ਜਾਏ।
ਚਾਨਣ ਦਾ ਸੰਦੇਸ਼ ਲਿਆਏ।

ਦੀਵਾਲੀ ਤੇ ਦੀਵੇ ਬਾਲ਼ੋ,
ਆਪਣਾ ਸਭਿਆਚਾਰ ਸੰਭਾਲੋ,

ਪ੍ਰਦੂਸ਼ਣ ਤੇ ਲਾਓ ਰੋਕ,
ਖੁਸ਼ੀ ਖੁਸ਼ੀ ਜੀਉਣ ਸਭ ਲੋਕ।

ਦੀਵੇ ਬਾਲ ਬਨੇਰੇ ਧਰੀਏ,
ਚਾਰ ਚੁਫੇਰਾ ਚਾਨਣ ਕਰੀਏ।

ਸਾਂਝਾਂ ਦਾ ਤਿਓਹਾਰ ਦੀਵਾਲੀ,
ਖੁਸ਼ੀਆਂ ਦਾ ਤਿਓਹਾਰ ਦੀਵਾਲੀ।
18/10/17

ਦੀਵਾਲੀ
ਰਵੇਲ ਸਿੰਘ, ਇਟਲੀ

ਆਈ ਦੀਵਾਲੀ, ਗਿਆਨ ਦੇ ਦੀਵੇ ਜਗਾਓ ਦੋਸਤੋ,
ਅਗਿਆਨ ਦਾ ਹਨੇਰਾ, ਜੜ੍ਹ ਤੋਂ ਮਿਟਾਓ ਦੋਸਤੋ।

ਕਾਗਜ਼ ਦੇ ਪੁਤਲੇ ਸਾੜਿਆਂ ਸੜਨੀ ਨਹੀਂ ਬੁਰਾਈ,
ਰਾਵਣ ਅਜੇ ਥਾਂ ਥਾਂ ਖੜੇ,ਫੜ ਕੇ ਮੁਕਾਓ ਦੋਸਤੋ।

ਉੱਠੋ ਕਿ ਸਾਰੇ ਇੱਸ ਤਰ੍ਹਾਂ ਹੱਥੀਂ ਮਸ਼ਾਲਾਂ ਬਾਲ ਕੇ,
ਕਾਲਖਾਂ ਨੂੰ ਰੌਸ਼ਣੀ ਦੇ ਰਾਹ ਵਿਖਾਓ ਦੋਸਤੋ।

ਆਦਮੀ ਦਾ ਜਾਪਦੈ ਬਨਬਾਸ ਨਹੀਂ ਮੁਕਿਆ ਅਜੇ,
ਗੁੰਮ ਗਈ ਇਨਸਾਨੀਅਤ ਵਾਪਿਸ ਲਿਆਓ ਦੋਸਤੋ।

ਨਾ ਰਹੇ ਹੁਣ ਭੁੱਖ ਮਰੀ, ਕੋਈ ਰੁਲੇ ਨਾ ਫੁੱਟ ਪਾਥ ਤੇ,
ਝੁੱਗੀਆਂ ਤੇ ਮਹਿਲ ਦੇ, ਪਾੜੇ ਮੁਕਾਓ ਦੋਸਤੋ ।

ਰਾਮ ਰਾਜ ਨਾਲੋਂ ਅੱਜ ਲੋੜ ਲੋਕ ਰਾਜ ਦੀ ਬੜੀ ,
ਹਾਕਮਾਂ ਦੇ ਕਿਸਤਰ੍ਹਾਂ, ਕੰਨਾਂ ਚ, ਪਾਓ ਦੋਸਤੋ।

ਦੀਵਿਆਂ ਦੀ ਪਾਲ ਬਾਲੋ ,ਮੋੜ ਤੇ ਹਰ ਗਲੀ ਤੇ,
ਨਫਰਤਾਂ ਨੂੰ ਤਿਆਗ ਕੇ ਖੁਸ਼ੀਆਂ ਮਨਾਓ ਦੋਸਤੋ।

ਰਾਵਣ

ਬਣ ਕਾਗਜ਼ ਦਾ ਪੁਤਲਾ ਰਾਵਣ,
ਸਾਲੋ ਸਾਲ ਹੀ ਸੜਦਾ ਰਾਵਣ,

ਸਾੜ ਕੇ ਲੋਕੀਂ ਖੁਸ਼ੀ ਮਨਾਉੰਦੇ,
ਪਰ ਅਸਲੀ ਨਾ ਸੜਦਾ ਰਾਵਣ,

ਪਹਿਣ ਮਖੌਟੇ ਨਵੇਂ ਨਵੇਂ ਨਿੱਤ,
ਹੈ ਕਈ ਭੇਸ ਬਦਲਦਾ ਰਾਵਣ।

ਚਿੱਟੇ ਦਿਨ ਹੀ ਬਿਨਾਂ ਖੌਫ ਤੋਂ,
ਨਿੱਤ ਅਬਲਾਂਵਾਂ ਛਲਦਾ ਰਾਵਣ।

ਨਹੀਂ ਸੜਦਾ ਬਦੀਆਂ ਦਾ ਰਾਵਣ,
ਫਿਰਦਾ ਮਸਤ ਮਚਲਲਦਾ ਰਾਵਣ।

ਬਣ ਕਾਗਜ਼ ਦਾ ਪੁਤਲਾ ਰਾਵਣ,
ਸਾਲੋ ਸਾਲ ਹੀ ਸੜਦਾ ਰਾਵਣ।
29/10/2016

ਯੂਨੀ ਕੋਡ
ਰਵੇਲ ਸਿੰਘ, ਇਟਲੀ

ਯੂਨੀ ਕੋਡ ਅਪਨਾਓ ਯਾਰੋ
ਯੂਨੀ ਕੋਡ ਅਪਨਾਓ ਯਾਰੋ।
ਹੁਣ ਨਾ ਦੇਰ ਨਾ ਲਗਾਓ ਯਾਰੋ।
ਵੱਢ ਦੇਵੋ ਫੋਂਟਾਂ ਦਾ ਫਸਤਾ,
ਮਿਲਕੇ ਜ਼ੋਰ ਲਗਾਓ ਯਾਰੋ,
ਥੋੜ੍ਹੀ ਮਿਹਣਤ,ਥੋੜ੍ਹਾ ਉੱਦਮ,
ਕਰਕੇ ਜ਼ਰਾ ਵਿਖਾਓ ਯਾਰੋ,
ਛੋਡ ਦਿਓ ਟੇਢੇ ਮੇਢੇ ਰਸਤੇ,
ਸਿੱਧੇ ਰਾਹ ਪੈ ਜਾਓ ਯਾਰੋ,
ਕਿਹੜਾ ਕੰਮ ਜੋ ਹੋ ਨਹੀਂ ਸਕਦਾ,
ਐਵੇਂ ਨਾ ਘਬਰਾਓ ਯਾਰੋ,
ਲੇਖਕ ਹੋ, ਨਹੀਂ ਐਰੇ ਗੈਰੇ,
ਇੱਸ ਮਨ ਨੂੰ ਸਮਝਾਓ ਯਾਰੋ,
ਤੁਸੀਂ ਤਾਂ ਚਾਨਣ ਦੇ ਵਣਜਾਰੇ,
ਸੱਭ ਸੂਰਜ ਬਣ ਜਾਓ ਯਾਰੋ,
ਦੀਵੇ ਦੇ ਸੰਗ ਦੀਵੇ ਬਾਲੋ,
ਧਰਤੀ ਨੂੰ ਰੁਸ਼ਨਾਓ ਯਾਰੋ,
ਮੌਕਾ ਨਾ ਕੋਈ ਹੱਥੋਂ ਖੁੰਝੇ,
ਐਸੀ ਸੋਚ ਬਨਾਓ ਯਾਰੋ,
ਨਾਲ ਸਮੇਂ ਦੇ ਮਿਲ ਕੇ ਚੱਲੋ,
ਪਿੱਛੇ ਪੈਰ ਨਾ ਪਾਓ ਯਾਰੋ,
ਯੂਨੀ ਕੋਡ ਅਪਨਾਓ ਯਾਰੋ,
ਹੁਣ ਨਾ ਦੇਰ ਲਗਾਓ ਯਾਰੋ।
30/09/16

ਨਵਾਂ ਮਾਹੀਆ
ਰਵੇਲ ਸਿੰਘ, ਇਟਲੀ

ਜਾਣਾ ਜੋਬਣ ਰੁਲ਼ ਮਾਹੀਆ,
ਵਿੱਚ ਵੇ ਸਲ੍ਹਾਬੇ ਦੇ,
ਜਿਉਂ ਗੁੜ ਜਾਂਦਾ ਘੁਲ਼ ਮਾਹੀਆ।
ਗੋਰੇ ਮੁੱਖ ਉੱਤੇ ਤਿਲ ਮਾਹੀਆ,
ਤੇਰੀਆਂ ਨੇ ਖੁਸ਼ ਅੱਖੀਆਂ,
ਸਾਡਾ ਰੋਂਦਾ ਵੇਖ ਦਿਲ ਮਾਹੀਆ।
ਗਿਆ ਤਨ ਵਿੱਚ ਘੁਲ ਮਾਹੀਆ,
ਸਾਡੇ ਸੁੱਚੇ ਇਸ਼ਕੇ ਦਾ,
ਤੂੰ ਪਾਇਆ ਕੀ ਵੇ ਮੁੱਲ ਮਾਹੀਆ।
ਗਏ ਬੀੜੇ ਸਾਰੇ ਖੁਲ੍ਹ ਮਾਹੀਆ,
ਤੇਰੇ ਸ਼ਹਿਰਾਂ ਗਲੀਆਂ ਦੇ ,
ਨੇ ਦੀਵੇ ਹੋ ਗਏ ਗੁੱਲ ਮਾਹੀਆ।
ਮੋਤੀਏ ਦਾ ਫੁੱਲ ਮਾਹੀਆ,
ਮੇਰੀਆਂ ਵੇ ਅੱਖਾਂ ਮੋਟੀਆਂ,
ਤੇਰੇ ਮੋਟੇ ਮੋਟੇ ਬੁੱਲ ਮਾਹੀਆ।
ਪੱਥਰ ਦੀ ਸਿਲ ਮਾਹੀਆ,
ਰਹੁ ਪ੍ਰਦੇਸੀਂ ਫਿਰਦਾ,
ਕਿਤੇ ਸਾਨੂੰ ਨਾ ਹੀ ਮਿਲ ਮਾਹੀਆ,
ਨਾ ਪਾਂਵੀਂ ਹੋਰ ਫਿੱਕ ਮਾਹੀਆ,
ਸ਼ੌਕ ਤੈਨੂੰ ਲਿਖਣੇ ਦਾ,
ਤਾਂ ਫੋਕੀਆਂ ਨਾ ਮਾਰ ਅੜਿਆ,
ਚੰਗੀ ਤਰ੍ਹਾਂ ਲਿਖ ਮਾਹੀਆ।
ਮਲਮਲ ਦਾ ਪੋਣਾ ਮਾਹੀਆ.
ਆ ਗਈਆਂ ਨੇ ਚੋਣਾਂ ਸੁਹਣਿਆ.
ਹੁਣ ਸਾਨੂੰ ਇਵੇਂ ਲੱਗਦਾ,
ਤੂੰ ਵੀ ਚੋਣਾਂ ਚ ਖਲੋਣਾ ਮਾਹੀਆ।
ਲੀਡਰਾਂ ਦੀ ਬੱਸ ਮਾਹੀਆ,
ਕੁਰਸੀ ਦਾ ਰੋਗ ਚੰਦਰਾ,
ਜਾਪੇ ਤੈਨੂੰ ਲੱਗ ਵੇ ਗਿਆ,
ਸੱਚੋ ਸੱਚ ਦੱਸ ਮਾਹੀਆ।
08/08/16

ਪੱਥਰ
ਰਵੇਲ ਸਿੰਘ, ਇਟਲੀ

ਵੇਖੋ ਯਾਰੋ ਆਪਣਿਆਂ ਨੂੰ,
ਆਪਣਿਆਂ ਨੇ ,
ਆਪੇ ਪੱਥਰ ਮਾਰੇ ।
ਪੱਥਰਾਂ ਦੇ ਸੰਗ ਖਹਿੰਦੇ ਪੱਥਰ ,
ਹਰ ਥਾਂ ਅੱਗ ਵਰਸਾਉੰਦੇ ਪੱਥਰ,
ਡੁੱਬਦੀ ਬੇੜੀ ਵੇਖ ਕੇ ਹੱਸਣ,
ਪੱਥਰ ਬੈਠ ਕਿਨਾਰੇ ।
ਅੱਜ ਦੇ ਸ਼ਿਬਲੀ ਹੋ ਗਏ ਪੱਥਰ ,
ਫੁੱਲਾਂ ਦੀ ਥਾਂ ਮਾਰਣ ਪੱਥਰ,
ਪਿਆ ਮਨਸੂਰ ਪੁਕਾਰੇ ।
ਧਰਮ ਦੇ ਨਾਂ ਤੇ ਪੱਥਰ ਫੜਦੇ,
ਪੁੱਠਾ ਸਬਕ ਧਰਮ ਦਾ ਪੜ੍ਹਦੇ ,
ਪੱਥਰ ਦੇ ਇਨਸਾਨ ਹੋ ਗਏ ,
ਪੱਥਰ ਹੀ ਫੁਰਮਾਨ ਹੋ ਗਏ ,
ਛੱਤਾਂ ਚਾਰ ਦੀਵਾਰੀ ਪੱਥਰ ,
ਬੈਠੇ ਪੈਰ ਪਸਾਰੀ ਪਥਰ ,
ਹੁਣ ਤਾਂ ਥਾਂ ਥਾਂ ਵਰ੍ਹਦੇ ਪੱਥਰ ,
ਕਹਿਰ ਨਾ ਕਰਨੋਂ ਡਰਦੇ ਪੱਥਰ,
ਸਰਕਾਰੇ ਦਰਬਾਰੇ।
ਕੋਈ ਤਾਂ ਜੇਰਾ ਕਰਦੇ ਪੱਥਰ,
ਕੋਈ ਛਾਤੀ ਤੇ ਧਰਦੇ ਪੱਥਰ,
ਲੰਮੇ ਕਰਕੇ ਜੇਰੇ ਪੱਥਰ ,
ਸ਼ਾਮੀਂ ਅਤੇ ਸਵੇਰੇ ਪੱਥਰ ,
ਬੰਦੇ ਹੋ ਗਏ ਕੱਖੋਂ ਹੌਲੇ ,
ਪੱਥਰ ਹੋ ਗਏ ਭਾਰੇ ।
ਕਲਮਾਂ ਪੱਥਰ , ਲਿਖਤਾਂ ਪੱਥਰ,
ਤੱਕ ਤੱਕ ਹੋ ਗਈਆਂ ਅੱਖਾਂ ਪੱਥਰ,
ਸੋਚਾਂ ਪੱਥਰ ,ਸੱਧਰਾਂ ਪੱਥਰ,
ਸੁਣ ਸੁਣ ਹੋ ਗਏ ਖਬਰਾਂ ਪੱਥਰ ,
ਪਰ ਨਾ ਪੱਥਰ ਹਾਰੇ ।
ਰੱਖ ਜਾਂਦੇ ਨੀਂਹ ਪੱਥਰ ਨੇਤਾ,
ਤੁਰ ਜਾਂਦੇ ਪੱਥਰ ਦਿਲ ਨੇਤਾ,
ਪੱਥਰ ਬਣੇ ਉਡੀਕਣ ਲੋਕੀਂ,
ਸਾਲੋ ਸਾਲ ਖੜੇ ਨੀਂਹ ਪੱਥਰ,
ਚੌਂਕਾਂ ਵਿੱਚ ਖਲ੍ਹਾਰੇ ।
ਕਦ ਤੱਕ ਬਣੇ ਰਹਿਣ ਗੇ ਪੱਥਰ,
ਕਦ ਤੱਕ ਸੱਟਾਂ ਸਹਿਣ ਗੇ ਪੱਥਰ ,
ਪੱਥਰ ਕਦ ਬੋਲਣ ਗੇ ਕੁੱਝ ,
ਝੂਠ ਦੇ ਪਰਦੇ ਫੋਲਣ ਗੇ ਕੁੱਝ ,
ਕੀਤੇ ਮੰਦੇ ਕਾਰੇ ।
ਉੱਠੋ ਯਾਰੋ ਉੱਠੋ ਯਾਰੋ ,
ਪੱਥਰ ਬਣ ਨਾ ਸਮਾ ਗੁਜ਼ਾਰੋ ,
ਪੱਥਰ ਸਾਰੇ ਕੂਕ ਰਿਹਾ ਹੈ,
ਕੋਮਲ ਕਲੀਆਂ ਫੂਕ ਰਿਹਾ ਹੈ ,
ਰਲ ਕੇ ਦੂਰ ਹਟਾਓ ਪੱਥਰ
ਰਾਹਾਂ ਵਿੱਚ ਖਿਲਾਰੇ ।
26/05/16

 

ਜੇਰਾ ਰੱਖੀਂ ਮਿੱਤਰਾ
ਰਵੇਲ ਸਿੰਘ, ਇਟਲੀ

ਜੇਰਾ ਰੱਖੀਂ ਮਿੱਤਰਾ, ਇੱਕ ਦਿਨ ਮੈਂ ਆਵਾਂਗਾ।
ਮੁੜ ਗਲਵੱਕੜੀ, ਇੱਕ ਦਿਨ ਮੈਂ ਪਾਵਾਂਗਾ।

ਜਿਉਂ ਅੰਬਰ ਤੇ ਧਰਤੀ, ਦਿੱਸ ਹਿੱਦੇ ਤੇ ਮਿਲਦੇ ਨੇ,
ਪੱਤ ਝੜ ਪਿੱਛੋਂ ਫੁੱਲ ਬਸੰਤੀ, ਜਿਉਂ ਖਿਲਦੇ ਨੇ,
ਤੈਨੂੰ ਮਿਲ ਕੇ ਮੈਂ ਵੀ ਏਦਾਂ ਹੀ ਖਿਲ ਜਾਵਾਂਗਾ।
ਜੇਰਾ ਰੱਖੀਂ ਮਿੱਤਰਾ ਇੱਕ ਦਿਨ, ਮੈਂ ਆਵਾਂਗਾ।

ਮਜਬੂਰੀ ਦੇ ਸੰਗਲ ਵੀ,ਆਖਰ ਟੁਟ ਹੀ ਜਾਣੇ ਨੇ,
ਉਡੀਕਾਂ ਦੇ ਦਿਨ ਵੀ, ਆਖਰ ਮੁੱਕ ਹੀ ਜਾਣੇ ਨੇ,
ਮੁੜ ਇੱਕ ਵਾਰੀ ਆ ਕੇ, ਯਾਦ ਬਨਾ ਜਾਵਾਂਗਾ।
ਜੇਰਾ ਰੱਖੀਂ ਮਿਤ੍ਰਾ, ਇੱਕ ਦਿਨ ਮੈਂ ਆਂਵਾਂਗਾ।

ਇਹ ਮਜਬੂਰੀ ਮਾਰਾ ਬੰਦਾ, ਰਹਿੰਦਾ ਆਸ ਸਹਾਰੇ,
ਆਸਾਂ ਬਣ ਕੇ ਚਮਕਣਗੇ, ਚਾਨਣ ਦੇ ਲਸ਼ਕਾਰੇ,
ਯਾਦਾਂ ਦਾ ਮੁੜ ਆ ਕੇ, ਮੈਂ ਦੀਪ ਜਗਾਵਾਂਗਾ।
ਜੇਰਾ ਰੱਖੀਂ ਮਿੱਤਰਾ, ਇੱਕ ਦਿਨ ਮੈਂ ਆਂਵਾਂਗਾ।

ਇਹ ਸਮਿਆਂ ਦੀ ਗੱਲ ਹੈ ਹਰ ਮੁਸ਼ਕਿਲ ਦਾ ਹੱਲ ਹੈ,
ਜੇ ਕੋਈ ਘਬਰਾਵੇ, ਰਾਹ ਵਿੱਚ ਹੀ ਰਹਿ ਜਾਵੇ,
ਜਿੰਨੀ ਨਿਭੀ ਹੈ ਸੁਹਣੀ,ਰਹਿੰਦੀ ਤੋੜ ਨਿਭਾਵਾਂਗਾ।
ਜੇਰਾ ਰੱਖੀਂ ਮਿੱਤਰਾ, ਇੱਕ ਦਿਨ, ਮੈਂ ਆਵਾਂਗਾ।
ਮੁੜ ਗਲਵੱਕੜੀ,ਇੱਕ ਦਿਨ, ਮੈਂ ਪਾਂਵਾਂਗਾ।
31/3/16

 

ਪੱਗ
ਰਵੇਲ ਸਿੰਘ, ਇਟਲੀ

ਭਾਂਵੇਂ ਹੋਵੇ ਪੋਚਵੀਂ ਭਾਂਵੇ ਹੋਵੇ ਪੇਚ ਦਾਰ ,
ਪੱਗ ਨੇ ਹੈ ਸਿੱਖ ਦੀ , ਸੂਰਤ ਸ਼ਿੰਗਾਰੀ ।
ਸਿਰ ਉੱਤੇ ਕੇਸ ਹੋਣ ,ਦਾੜ੍ਹੇ ਨਾਲ ਫੱਬਦੀ ,
ਪੱਗ ਨਾਲ ਸੋਭਦੀ ਹੈ, ਸਿੱਖੀ ਸਰਦਾਰੀ ।
ਪੱਗ ਹੈ ਮਹਾਨ ,ਸਦਾ ਖਾਲਸੇ ਦੀ ਸ਼ਾਨ ,
ਪੱਗ ਜਾਣੀ ਚਾਹੀਦੀ ਹੈ ਸਦਾ ਸਤਿਕਾਰੀ ।
ਪੱਗ ਨਾਲ ਵੱਖਰਾ ਹੈ ਟੌਹਰ ਸਰਦਾਰ ਦਾ ,
ਪੱਗ ਦੀ ਮਹਾਣਤਾ ਤੇ ਕੀਮਤ ਹੈ ਭਾਰੀ ।
ਕੇਸਾਂ ਦੀ ਸੰਭਾਲ ਲਈ , ਪੱਗ ਹੈ ਜਰੂਰੀ,
ਪੱਗ ਹੁੰਦੀ ਸਿੱਖ ਨੂੰ ਹੈ ,ਜਾਨ ਤੇਂ ਪਿਆਰੀ ।
ਪੱਗ ਦੀ ਸੰਭਾਲ ਹੋਵੇ ,ਪੱਗ ਦਾ ਖਿਆਲ ਹੋਵੇ ,
ਜਾਵੇ ਨਾ ਇਹ ਪੱਗ ਕਦੇ ਕਿਸੇ ਦੀ ਉਤਾਰੀ ।
ਪੰਜੇ ਹੀ ਕੱਕਾਰ ਸੁਹਣੇ ਲੱਗਦੇ ਨੇ ਪੱਗ ਨਾਲ ,
ਰੰਗਾਂ ਤੇ ਸੁਰੰਗਾਂ ਦੀ ਇਹ ਸੱਜੇ ਫੁੱਲ ਵਾੜੀ ।
ਬੜਾ ਉਪਕਾਰ ਕੀਤਾ ,ਖਾਲਸੇ ਤੇ ਮੇਹਰ ਕੀਤੀ ,
ਬਾਜਾਂ ਵਾਲੇ ਬਖਸ਼ੀ ਹੈ ਦਾਤ ਇਹ ਨਿਆਰੀ ।
14/03/2016

ਵੇਖ ਆਇਆਂ ਪੰਜਾਬ
ਰਵੇਲ ਸਿੰਘ, ਇਟਲੀ

ਵੇਖ ਆਇਆਂ ਪੰਜਾਬ ਆਪਣਾ , ਵੇਖ ਆਇਆਂ ਪੰਜਾਬ ।
ਲੱਗਦਾ ਹੈ ਕੁਮਲਾਇਆ ਹੋਵੇ , ਜਿਊਂ ਕੋਈ ਫੁੱਲ ਗੁਲਾਬ ।
ਬੇ ਸਿਰਨਾਂਵੀਂ ਚਿੱਠੀ ਵਾਂਗੋਂ , ਜਾਂ ਫਿਰ ਫ਼ਟੀ ਕਿਤਾਬ ।
ਰੰਗਲੇ ਹੱਸਦੇ ਦੇਸ਼ ਮੇਰੇ ਦਾ , ਮੱਠਾ ਪਿਆ ਸ਼ਬਾਬ ।
ਨਸਿ਼ਆਂ ਵਿੱਚ ਜਵਾਨੀ ਡੁੱਬੀ ਪਿੱਛੇ ਪਈ ਸ਼ਰਾਬ ।
ਨੇਤਾ ਹਾਕਮ ਨਾਦਰ ਬਣ ਗਏ , ਫਿਰਦੇ ਵਾਂਗ ਨਵਾਬ ।
ਦਿਨੇ ਦਿਹਾੜੇ ਲੁੱਟਾਂ ਖੋਹਾਂ , ਹਰ ਥਾਂ ਬੇ ਹਿਸਾਬ ।
ਨਾ ਪਿੱਪਲ ਨਾਂ ਬੋਹੜਾਂ ਲੱਭੀਆਂ , ਨਾ ਹੀ ਛੱਪੜ ਢਾਬ ।
ਉੱਚੀਆਂ ਬਣੀਆਂ ਬਹੁਤ ਕੋਠੀਆਂ ਪਰ ਨਾ ਗਈ ਸਲ੍ਹਾਬ ।
ਸਹਿਕ ਰਹੀ ਕਿਰਸਾਣੀ ਵੇਖੀ , ਹੁੰਦੀ ਖੇਹ ਖਰਾਬ ।
ਧਰਮ ਕਰਮ ਦਿਆਂ ਠੇਕੇਦਾਰਾਂ ਪਾਇਆ ਅਜਬ ਨਕਾਬ ।
ਸੱਭਿਆਚਾਰ ਦੀ ਮਿੱਟੀ ਬਲਦੀ , ਨਾਲੇ ਅਦਬ ਅਦਾਬ ।
ਖੋਹ ਲਿਆ ਕਿਸੇ ਕੁਲਹਿਣੇ ਲੱਗਦਾ ਲੱਗਾ ਖੰਭ ਸੁਰਖ਼ਾਬ ।
ਮੈਂ ਮੁੜ ਆਇਆਂ ਹਾਂ ਵਾਪਸ ਛੇਤੀ ਝੁਲਸੇ ਵੇ਼ਖ ਖੁਆਬ ।
ਵਾਪਸ ਆ ਕੇ ਸੋਚ ਰਿਹਾ ਹਾਂ , ਮੈਂ ਤਾਂ ਇਹੋ ਜਨਾਬ ।
ਰੰਗਾਂ ਦੀ ਧਰਤੀ ਤੇ ਵੇਖੇ , ਦੁੱਖਾਂ ਭਰੇ ਤਲਾਬ ।
ਮਿੱਟੀ ਪੰਜ ਦਰਿਆਂਵਾਂ ਦੀ , ਝੱਲੇ ਜਦੋਂ ਅਜ਼ਾਬ ।
ਪੀੜ ਪਰੁੱਚੇ ਖੰਭਾਂ ਵਾਲਾ , ਉ ੱਡੇ ਕਿਵੇਂ ਉਕਾਬ ।
ਨਾਨਕ ਬੁਲ੍ਹਾ ਵਾਰਸ ਝੂਰਣ , ਰਾਵੀ ਅਤੇ ਚਨਾਬ ।
ਵੇਖ ਆਇਆਂ ਪੰਜਾਬ ਆਪਣਾ ਵੇਖ ਆਇਆਂ ਪੰਜਾਬ ।
13/10/15

 

ਵਿਅੰਗ
ਕਾਲੇ ਧੱਨ ਦੀ ਵਾਪਸੀ
ਰਵੇਲ ਸਿੰਘ, ਇਟਲੀ

ਕਾਲੇ ਧੱਨ ਦੀ ਮਿਲੀ ਹੈ ,ਲਿਸਟ ਸੁਣਕੇ ,
ਖੁਸ਼ੀ ਹੋਈ ਹੈ ਜਾਪਦੀ ਸਾਰਿਆਂ ਨੂੰ ।

ਗੁਪਤ ਮਾਲ ਵਿਦੇਸ਼ਾਂ ਦੇ ਵਿੱਚ਼ ਦੱਬਿਆ ,
ਵਾਪਿਸ ਮੁੜੇ ਗਾ ਫਿਰ ਦੁਆਰਿਆਂ ਨੂੰ ।

ਹੋਣੀ ਪੁੱਛ ਪੜਤਾਲ ਹੈ ਮੁਨਿਸਫਾਂ ਤੋਂ ,
ਬਹਿਕੇ ਰੋਣ ਗੇ ਕੀਤਿਆਂ ਕਾਰਿਆਂ ਨੂੰ ।

ਹਾਕਾਂ ਮਾਰ ਕੇ ਵੰਡਣਾ ਦੇਸ਼ ਅੰਦਰ ,
ਹਿੱਸਾ ਮਿਲੇਗਾ ਸ਼ਹਿਰੀਆਂ ਸਾਰਿਆਂ ਨੂੰ ।

ਰੋਟੀ ਮਿਲੇਗੀ ਰੱਜ ਕੇ ਕਾਮਿਆਂ ਨੂੰ ,
ਚਾਨਣ ਮਿਲੇ ਗਾ ਝੁੱਗੀਆਂ ਢਾਰਿਆਂ ਨੂੰ ।

ਜਦੋਂ ਸੱਪਾਂ ਦੀ ਖੁੱਡ ਵਿੱਚ ਹੱਥ ਪਾਇਆ ,
ਵੇਖੀਂ ਜਾਈਂ ਹੁਣ ਜ਼ਰਾ ਫੁੰਕਾਰਿਆਂ ਨੂੰ ।

ਬੜੇ ਉਨ੍ਹਾਂ ਨੇ ਬਚਨ ਦੇ ਰਾਹ ਰੱਖੇ ,
ਟਾਕੀ ਲਾਣ ਜੋ ਅਰਸ਼ ਦੇ ਤਾਰਿਆਂ ਨੂੰ ।

ਛੱਡ ਦੇ ਉਮੀਦ ਇਹ ਪੀਰ ਬਖਸ਼ਾ ,
ਗੱਫੇ ਮਿਲਣ ਗੇ ਭੁੱਖ ਦੇ ਮਾਰਿਆਂ ਨੂੰ ।
12/11/14

ਮਾਂ ਦਾ ਦਿਲ
ਰਵੇਲ ਸਿੰਘ ਇਟਲੀ

ਮਾਂ ਦੇ ਮੋਹ ਮਮਤਾ ਦੇ ਪਿਆਰ ਵਿੱਚ ਭਿੱਜੀ ਇਹ ਭਾਵ ਭਿੰਨੀ ਉਰਦੂ ਭਾਸ਼ਾ ਵਿੱਚ ਕਿਸੇ ਅਗਿਆਤ ਕਵੀ ਦੀ ਰਚਨਾ ਮੈਂ ਪੜ੍ਹੀ ਸੀ ਤੇ ਕਿਸੇ ਵਧੀਆ ਗੀਤਕਾਰ ਵੱਲੋਂ ਇਹ ਕਵਿਤਾ ਸੰਗੀਤ ਬੱਧ ਹੋਈ ਵੀ ਕਿਤੇ ਸੁਣੀ ਹੈ । ਜਿੱਸ ਨੂੰ ਅਪਨੀ ਪੰਜਾਬੀ ਮਾਂ ਬੋਲੀ ਵਿੱਚ ਕਾਵਿ ਸ਼ਬਦਾਂ ਵਿੱਚ ਜੜ ਕੇ ਮੈਂ ਅਪਨੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਤੇ ਆਸ ਕਰਦਾ ਹਾਂ ਉਹ ਇੱਸ ਨੂੰ ਪੜ੍ਹ ਕੇ ਇੱਸ ਤੋਂ ਮਾਂ ਦੇ ਨਿਸ਼ਕਾਮ ਮੋਹ, ਪਿਆਰ ਪ੍ਰਤੀ ਸਿਖਿਆ ਲੈਣ ਦਾ ਯਤਨ ਕਰਨ ਗੇ ।

ਇੱਕ ਗਭਰੂ ਦਾ ਹੋ ਗਿਆ ਕਹਿੰਦੇ ਹੁਸਨ ਪਰੀ ਨਾਲ ਪਿਆਰ ,
ਗਭਰੂ ਆਖੇ ਹੁਸਨ ਪਰੀ ਨੂੰ ਕਰਦਾ ਇਹ ਇੱਕਰਾਰ ।
ਇੱਸ ਦੁਨੀਆਂ ਦੀ ਸਾਰੀ ਦੌਲਤ , ਤੈਥੋਂ ਦਿਆਂ ਮੈਂ ਵਾਰ ,
ਹੁਕਮ ਕਰੇਂ ਜੋ , ਦੇਰ ਨਾ ਲਾਂਵਾਂ ਮੈਨੂੰ ਜ਼ਰਾ ਵੰਗਾਰ ।
ਅਰਸ਼ੋਂ ਤਾਰੇ ਤੋੜ ਲਿਆਵਾਂ ਗਲ਼ ਵਿੱਚ ਪਾ ਦਿਆਂ ਹਾਰ ,
ਚੰਨ ਲਿਆ ਕੇ ਜੇ ਤੂੰ ਆਖੇਂ , ਮੱਥਾ ਦਿਆਂ ਸ਼ੰਗਾਰ ।
ਰੁਤਾਂ ਦੇ ਫੁੱਲ ਤੋੜ ਲਿਆਵਾਂ ਮਹਿਕਾਂ ਦਿਆਂ ਖਲਾਰ ,
ਪਰਬਤ ਸਾਗਰ ਚੀਰ ਕੇ ਜਾਵਾਂ ਕਦੇ ਨਾ ਮੰਨਾਂ ਹਾਰ ।
ਤੇਰੀ ਪ੍ਰੀਤ ਹੁਸਨ ਤੋਂ ਸਦਕੇ ਕੀ ਕਰਨਾ ਸੰਸਾਰ ,
ਹੁਸਨ ਪਰੀ ਮਨ ਅੰਦਰ ਹੱਸੇ ਸੁਣ ਕੇ ਕੌਲ ਕਰਾਰ ।
ਮਨ ਵਿਚ ਸੋਚੇ ਇੱਸ ਗੱਭਰੂ ਤੇ ਹੋ ਗਿਆ ਇਸ਼ਕ ਸੁਵਾਰ ,
ਇਸ਼ਕ ਰੋਗ ਵਿੱਚ ਅੰਨ੍ਹਾ ਹੋਇਆ ਲਗਦਾ ਹੈ ਬੀਮਾਰ ।
ਇੱਸ ਰੋਗੀ ਨੂੰ ਅਸਲ ਇਸ਼ਕ ਦੀ ਲਗਦੀ ਨਹੀਂ ਕੋਈ ਸਾਰ ,
ਕਹਿਣ ਲੱਗੀ ਤੂੰ ਰਹਿਣ ਦੇ ਸੱਭ ਕੁੱਝ ਗੱਪ ਨਾ ਏਡੀ ਮਾਰ ।
ਤੂੰ ਕੀ ਜਾਣੇਂ ਸਾਰ ਹੁਸਣ ਦੀ ਛੱਡ ਦੇ ਸੱਭ ਤਕਰਾਰ ,
ਮੈਂ ਤਾਂ ਭੁੱਖੀ ਕਈ ਦਿਨਾਂ ਤੋਂ ਹੋ ਗਈ ਬੜੀ ਲਾਚਾਰ ।
ਮਾਂ ਅਪਨੀ ਦਾ ਦਿੱਲ ਲਿਆ ਕੇ ਮੇਰੀ ਭੁੱਖ ਉਤਾਰ ,
ਤਾਂ ਮੈਂ ਮੰਨਾਂ ਇੱਸ਼ਕ ਤੇਰੇ ਨੂੰ ਜਾਵਾਂ ਮੈਂ ਬਲਿਹਾਰ ।
ਸੁਣ ਕੇ ਤੁਰਿਆ ਵਾਹੋ ਦਾਹੀ ਜਾ ਪਹੁੰਚਾ ਘਰ ਬਾਰ ,
ਮਾਂ ਦੇ ਮੋਹ ਨੂੰ ਛਿੱਕੇ ਟੰਗ ਕੇ , ਭੁੱਲ ਸਾਰਾ ਸਤਿਕਾਰ ।
ਚਾਕੂ ਫੜਕੇ ਬੇ ਕਿਰਕੇ ਨੇ ਕੀਤਾ ਡਾਢਾ ਵਾਰ ,
ਕੱਢ ਲਿਆ ਦਿਲ ਮਾਂ ਅਪਨੀ ਦਾ ਸੱਭ ਕੁੱਝ ਮਨੋਂ ਵਿਸਾਰ ।
ਮੁੜਿਆ ਵਾਪਸ ਫੜੀ ਕਾਲਜਾ ਫੜ ਡਾਢੀ ਰਫਤਾਰ ,
ਰਾਹ ਵਿਚ ਜਾਂਦਾ ਕਾਹਲੀ ਦੇ ਵਿੱਚ ਡਿੱਗਾ ਮ੍ਹੂੰਹ ਦੇ ਭਾਰ ।
ਮਾਂ ਮਰ ਜਾਂਵਾਂ ਸੱਟ ਨਾ ਲੱਗੀ ਦਿੱਲ ਨੇ ਕਿਹਾ ਪੁਕਾਰ ,
ਇਸ਼ਕ ਦੇ ਅੰਦਰ ਅਨ੍ਹਾ ਬੋਲਾ ਭੁਲ ਗਿਆ ਮਾਂ ਦਾ ਪਿਆਰ ।
ਵਿੱਚ ਖੁਸ਼ੀ ਦੇ ਜਾ ਜਦ ਪਹੁੰਚਾ ਹੁਸਨ ਪਰੀ ਦਰਬਾਰ ,
ਵੇਖ ਕੇ ਬੋਲੀ ਹੁਸਨ ਪਰੀ ਤੇ ਝਟ ਪਾਈ ਫਿਟਕਾਰ ।
ਅਕ੍ਰਿਤ ਘਣਾ ਤੂੰ ਮੇਰੀ ਖਾਤ੍ਰ ਭੁੱਲ ਗਿਓਂ ਮਾਂ ਦਾ ਪਿਆਰ ,
ਮੇਰੀ ਖਾਤ੍ਰ ਮਾਂ ਦਾ ਕਾਤਿਲ ਭੁਲਿਓਂ ਸੱਭ ਉਪਕਾਰ ।
ਮੈਨੂੰ ਵੀ ਭੁੱਲ ਜਾਂਵੇਂ ਗਾ ਦੱਸ ਕੀ ਤੇਰਾ ਇੱਤਬਾਰ ,
ਮੁੜ ਜਾ ਪਿੱਛੇ ਆਇਆਂ ਜਿਧਰੋਂ ਮੈਂ ਨਾ ਸਕਾਂ ਸਹਾਰ ।
ਹੋ ਗਈ ਉਲਟੀ ਪਿਆਰ ਕਹਾਣੀ ਰੋਇਆ ਜ਼ਾਰੋ ਜ਼ਾਰ ,
ਮਾਂ ਦਾ ਕੀਤਾ ਜੋ ਭੁੱਲ ਜਾਂਦੇ ਡੁਬਦੇ ਅੱਧ ਵਿੱਚ ਕਾਰ ।
ਮਾਂ ਦਾ ਜੇਰਾ ਪਰਬਤ ਹੁੰਦਾ ਵੱਖਰੀ ਮੌਜ ਬਹਾਰ ,
ਮਾਂ ਦੇ ਕਹਿਣੇ ਵਿਚ ਜੋ ਚਲਦੇ ਕਦੇ ਨਾ ਖਾਂਦੇ ਹਾਰ ।
ਮਾਂ ਦਾ ਕਰਜ਼ ਚੁਕਾਉਣਾ ਔਖਾ ਇੱਸ ਕਵਿਤਾ ਦਾ ਸਾਰ,
ਮਾਂ ਦਾ ਦਿਲ ਹੈ ਸਾਗਰ ਹੁੰਦਾ ਮੋਹ ਦਾ ਨਿਰਾ ਭੰਡਾਰ ।
ਲੱਖ ਕੁਰਬਾਨੀ ਦੇਈਏ ਬੇਸ਼ੱਕ ਕਦੇ ਨਾ ਉਤਰੇ ਭਾਰ ,
ਜੁਗ ਜੁਗ ਜੀਵੇ ਮਾਂ ਦਾ ਰਿਸ਼ਤਾ ਐ ਮੇਰੇ ਦਾਤਾਰ ।
09/08/14

 

ਵਿਅੰਗ
ਇਲਮਾਂ ਬਾਝੋਂ ਬੰਦਾ ਜ਼ੀਰੋ
ਰਵੇਲ ਸਿੰਘ ਇਟਲੀ

ਮੁਰਲੀ ਚਾਚਾ ਥੋੜ੍ਹਾ ਪੜ੍ਹਿਆ ਖਿੱਚ ਧੂ ਕੇ ਮਸਾਂ ਪੰਜਵੀਂ ਚੜ੍ਹਿਆ ।
ਰਹਿ ਗਿਆ ਚਾਚਾ ਅੱਧ ਵਿੱਚਕਾਰ ਪਰ ਸੀ ਪੜ੍ਹਿਆਂ ਵਿੱਚ ਸ਼ੁਮਾਰ ।
ਥੋੜ੍ਹਾਂ ਪੜ੍ਹਿਆ ਪਰ ਹੁਸਿ਼ਆਰ ਬਣ ਗਿਆ ਚਾਚਾ ਲੰਬੜ ਦਾਰ ।
ਵਿੱਚ ਮੁਹੱਲੇ ਗੰਗੋ ਤਾਈ , ਘਰ ਵਾਲੇ ਦੀ ਚਿੱਠੀ ਆਈ ।
ਚਾਚੇ ਨੂੰ ਘਰ ਕੱਲਾ ਜਾਣ , ਗੰਗੋ ਆ ਗਈ ਖੱਤ ਪੜ੍ਹਾਣ ।
ਆਖੇ ਦਿਓਰਾ ਏਧਰ ਆਈਂ , ਅੰਦਰ ਬਹਿ ਕੇ ਖੱਤ ਸੁਨਾਈਂ ।
ਤੇਰੇ ਤੇ ਮੈਨੂੰ ਇੱਤਬਾਰ , ਚਿੱਠੀ ਪੜ੍ਹ ਦੇ ਨਾਲ ਪਿਆਰ ।
ਚਾਚਾ ਲੱਗ ਪਿਆ ਖੱਤ ਸੁਨਾਣ , ਗੰਗੋ ਸੁਣਦੀ ਨਾਲ ਧਿਆਨ ।
ਬਾਹਰੋਂ ਜੱਦ ਸੀ ਚਾਚੀ ਆਈ ਘਰ ਵਿੱਚ ਆ ਜੱਦ ਝਾਤੀ ਪਾਈ ।
ਚਾਚੀ ਦਾ ਤੱਕ ਚੜ੍ਹਿਆ ਪਾਰਾ ,ਫੱਸ ਗਿਆ ਚਾਚਾ ਵਿੱਚ ਵਿਚਾਰਾ ।
ਚਾਚੀ ਆ ਗੰਗੋ ਨਾਲ ਲੜੀ , ਗੰਗੋ ਨੂੰ ਜਾ ਗੁੱਤੋਂ ਫੜੀ ।
ਗੰਗੋ ਨੂੰ ਆਖੇ ਬਦ ਕਾਰ , ਘਰ ਵਿੱਚ ਬੈਠੀ ਪੈਰ ਪਸਾਰ ।
ਗੰਗੋ ਰਹਿ ਗਈ ਹੱਕੀ ਬੱਕੀ , ਕੁੱਟ ਖਾ ਕੇ ਵੀ ਬੋਲ ਨਾ ਸਕੀ ।
ਗੰਗੋ ਦੀ ਕੋਈ ਪੇਸ਼ ਨਾ ਜਾਏ , ਚਾਚੀ ਨੂੰ ਕਿੱਦਾਂ ਸਸਮਝਾਏ ।
ਚਾਚੇ ਨੇ ਗੱਲ ਦੱਸੀ ਸਾਰੀ , ਚਾਚੀ ਹੋ ਗਈ ਚੁੱਪ ਵਿਚਾਰੀ ।
ਮਨ ਅੰਦਰ ਚਾਚੀ ਪਛਤਾਏ , ਗੰਗੋ ਨੂੰ ਗਲਵੱਕੜੀ ਪਾਏ ।
ਸੋਚੇ ਗੰਗੋ ਜੇ ਪੜ੍ਹ ਜਾਂਦੀ , ਕਿਉਂ ਸਾਡੇ ਘਰ ਝਗੜਾ ਪਾਂਦੀ ।
ਅਨ ਪੜ੍ਹ ਬੰਦਾ ਅਨ੍ਹਾਂ ਖਹੂ ਜਿਉਂ ਕੋਈ ਬੰਜਰ ਪਿੰਡ ਦੀ ਜੂਹ ।
ਕਾਲਾ ਅੱਖਰ ਮੱਝ ਬ੍ਰਾਬਰ ,ਅਨ ਪੜ੍ਹ ਨੂੰ ਕੋਈ ਦਏ ਨਾ ਆਦਰ ।
ਸੁਣ ਲਓ ਸਾਰੇ ਭੈਣੋ ਵੀਰੋ , ਇਲਮਾਂ ਬਾਝੋਂ ਬੰਦਾ ਜ਼ੀਰੋ ।
28/06/14

 

ਇਰਾਕ ਚ ਫਸੇ ਪੁੱਤਰ ਦੀ ਮਾਂ ਦਾ ਤਰਲਾ
ਰਵੇਲ ਸਿੰਘ ਇਟਲੀ

ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ,
ਹਾੜੇ ਕੱਢਾਂ ਤੇ ਤਰਲੇ ਪਾਂਵਾਂ ਤੇ ਮੇਰੀ ਕਈ ਨਾ ਜਾਵੇ ਪੇਸ਼ ।
ਹੱਥ ਆਇਆ ਮੇਰਾ ਪੁੱਤ ਕਸਾਈਆਂ ਲਾਲ ਮੇਰਾ ਨਿਰਦੋਸ਼ ,
ਯਾਦ ਕਰਾਂ ਜੱਦ ਉਸ ਦੇ ਦੁਖੜੇ ਮੈਂ ਹੋ ਜਾਂਵਾਂ ਬੇ ਹੋਸ਼ ,
ਵਿੱਚ ਪ੍ਰਦੇਸਾਂ ਦੁਖੜੇ ਸਹਿਣੇ ਉਸ ਕੇਹੇ ਲਿਖਾਏ ਲੇਖ ,
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਘਰੋਂ ਤੋਰਿਆ ਰੋਜ਼ੀ ਖਾਤਰ ਤੁਰ ਗਿਆ ਦੇਸ਼ ਇਰਾਕ ,
ਕਿਸੇ ਬੇਗਾਨੀ ਧਰਤੀ ਉਤੇ ਨਾ ਕੋਈ ਅੰਗ ਨਾ ਸਾਕ ,
ਪਤਾ ਨਹੀਂ ਕਿੱਸ ਹਾਲ ਚ ਬੈਠਾ ਮੈਂ ਨਾ ਸਕਦੀ ਵੇਖ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ।

ਪੇਸ਼ ਨਾ ਜਾਵੇ ਮੇਰੀ ਕੋਈ ਵੇ ਮੈ ਰੋ ਰੋ ਦੀਦੇ ਗਾਲੇ ,
ਰੋਂਦੇ ਰੋਂਦੇ ਤੱਤੜੀ ਦੇ ਨੇ ਨੈਣ ਬਣੇ ਪਰਣਾਲੇ ,
ਉੱਸ ਦੇ ਬਾਝੋਂ ਕੀ ਕਰਨੇ ਹੱਨ ਮਹਿਲ ਮਾੜੀਆਂ ਖੇਤ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਸੁੱਖਾਂ ਸੱਖਾਂ ਪੀਰ ਮਨਾਂਵਾਂ ਤੇ ਕਬਰੀਂ ਦੀਵੇ ਬਾਲਾਂ ,
ਸੁੱਖੀਂ ਸਾਂਦੀਂ ਘਰ ਪਰਤੇ ਜੇ ਘੁੱਟ ਸੀਨੇ ਨਾਲ ਲਾ ਲਾਂ ,
ਬਾਬਾ ਨਾਨਕ ਤੂੰ ਹੀ ਸੱਚਾ ਕਿਤੇ ਮਾਰ ਰੇਖ ਵਿੱਚ ਮੇਖ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਇੱਕ ਵਾਰ ਘਰ ਆ ਜਾਵੇ ਮੁੜ ਕੇ ਰੱਬ ਦਾ ਸ਼ੁਕਰ ਮਨਾਂਵਾਂ ,
ਰੁੱਖੀ ਸੁੱਖੀ ਘਰ ਦੀ ਖਾਵੇ ਤੇ ਰੱਬ ਦਾ ਨਾਮ ਧਿਆਵਾਂ ,
ਬਹੁੜੋ ਵੇ ਕੋਈ ਬਹੁੜੋ ਵੇ ਮੈਂ ਦੱਬ ਗਈ ਪੀੜਾਂ ਹੇਠ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।

ਜਿੰਦ ਮੰਗੇ ਮੈਂ ਹੱਸ ਕੇ ਦੇਵਾਂ ਕੋਈ ਪੁੱਤ ਜੇ ਲਿਆਵੇ ਮੋੜ ,
ਸ਼ਾਲਾ ਖੈਰ ਹੋਵੇ ਸਦ ਉਸ ਦੀ ਜੋ ਮਾਂ ਪੁੱਤ ਦੇਵੇ ਜੋੜ ।
ਰੱਬ ਅਗੇ ਅਰਦਾਸ ਕਰਾਂ ਮੈਂ ਨਾ ਮਨ ਨੂੰ ਲਾਂਵੀਂ ਠੇਸ ।
ਜਾਵੋ ਵੇ ਕੋਈ ਮੋੜ ਲਿਆਵੋ ਮੇਰਾ ਪੁੱਤ ਗਿਆ ਪ੍ਰਦੇਸ ।
22/06/2014
 

ਪੁਸਤਕਾਂ
ਰਵੇਲ ਸਿੰਘ ਇਟਲੀ

ਗਿਆਨ ਦਾ ਭੰਡਾਰ ਤੇ ਸੰਸਾਰ ਨੇ ਇਹ ਪੁਸਤਕਾਂ ,
ਅਦਬ ਦਾ ਸਤਿਕਾਰ ਤੇ ਸਿੰਗਾਰ ਨੇ ਇਹ ਪੁਸਤਕਾਂ ।

ਸਾਹਿਤ ਨੂੰ ਜਿਨ੍ਹਾਂ ਨੇ ਹੈ ਜ਼ਿੰਦਗੀ ਹੀ ਸਮਝਿਆ ,
ਉਨ੍ਹਾਂ ਲਈ ਤਾਂ ਯਾਰ ਤੇ ਦਿਲਦਾਰ ਨੇ ਇਹ ਪੁਸਤਕਾਂ ।

ਕਲਮ ਦੇ ਸੰਗ ਚਿਤ੍ਰਦੇ ਜੋ ਕਾਗਜਾਂ ਦੀ ਹਿੱਕ ਤੇ,
ਲੇਖਕਾਂ ਦੇ ਹੁਨਰ ਦਾ ਸ਼ਾਹਕਾਰ ਨੇ ਇਹ ਪੁਸਤਕਾਂ ।

ਬੇਵਫਾਈ ਤਲਖੀਆਂ ਤੇ ਕੁੱਝ ਨਹੋਰੇ ਸ਼ੋਖੀਆਂ ,
ਹੁਸਨ ਦੀ ਤਾਰੀਫ ਤੇ ਤਕਰਾਰ ਨੇ ਇਹ ਪੁਸਤਕਾਂ ।

ਪਿਆਰ ਦੀ ਹਰ ਬਾਤ ਨੂੰ ਹੈ ਕਾਗਜ਼ਾਂ ਤੇ ਉਕਰਿਆ ,
ਅੱਖਰਾਂ ਦੇ ਕੁੱਝ ਪਰੋਏ ਹਾਰ ਨੇ ਇਹ ਪੁਸਤਕਾਂ ।

ਬਰਫ ਦੇ ਪਰਬਤ ਨੇਂ ਵੀ ਤੇ ਲਾਵਿਆਂ ਦੇ ਵਾਂਗ ਵੀ,
ਜਬਰ ਨੂੰ ਵੰਗਾਰ ਤੇ ਲਲਕਾਰ ਨੇ ਇਹ ਪੁਸਤਕਾਂ ।

ਲਿਖੀ ਜਾਓ ਰੁਕੋ ਨਾ ਕਲਮਾਂ ਤੇ ਇਲਮਾਂ ਵਾਲਿਓ ,
ਇਹ ਤੁਹਾਡੀ ਜਿ਼ੰਦਗੀ ਦਾ ਸਾਰ ਨੇ ਇਹ ਪੁਸਤਕਾਂ ।

ਕੁੱਝ ਥਕੇਵੇਂ ਕੁੱਝ ਅੱਕੇਵੇਂ ਦੂਰ ਹੁੰਦੇ ਪੜ੍ਹਦਿਆਂ ,
ਦੇਂਦੀਆਂ ਹੱਨ ਸੇਧ ਤੇ ਸਾਕਾਰ ਨੇ ਇਹ ਪੁਸਤਕਾਂ ।

ਮਾਂ ਪੰਜਾਬੀ ਨੂੰ ਫੇਲਾਓ ਦੇਸ ਤੇ ਪ੍ਰਦੇਸ ਵਿੱਚ ,
ਇਹ ਸਮੇਂ ਦੀ ਲੋੜ ਹੈ ਵੰਗਾਰ ਨੇ ਇਹ ਪੁਸਤਕਾਂ ।
31/05/2014

ਰਵੇਲ ਸਿੰਘ ਇਟਲੀ
singhrewail@yahoo.com
+39 3272382827

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com