ਗ਼ਜ਼ਲ
ਮਹਿੰਦਰ ਮਾਨ, ਪੰਜਾਬਸਦਾ ਜੋ ਮੇਰੇ ਕੋਲੋਂ ਲੰਘ ਜਾਂਦਾ ਹੈ ਹਵਾ
ਵਾਂਗੂੰ ,
ਇਬਾਦਤ ਉਸ ਦੀ ਮੈਂ ਯਾਰੋ , ਕਰਾਂ ਕਿੱਦਾਂ ਖ਼ੁਦਾ ਵਾਂਗੂੰ ?
ਮੇਰੇ ਦਿਲ ਤੋਂ ਮਣਾਂ ਮੂੰਹੀਂ ਉਦੋਂ ਲਹਿ ਭਾਰ ਜਾਂਦਾ ਹੈ ,
ਮੇਰੇ ਦੋ ਨੈਣ ਜਦ ਵਰ੍ਹ ਪੈਂਦੇ ਨੇ ਕਾਲੀ ਘਟਾ ਵਾਂਗੂੰ ?
ਕਿਸੇ ਦੇ ਦੁੱਖ ਨੂੰ ਸੁਣ ਕੇ ਹੀ ਮੈਨੂੰ ਚੈਨ ਮਿਲਦਾ ਹੈ ,
ਭਲਾ ਤੈਨੂੰ ਇਹ ਕਿਉਂ ਹੈ ਜਾਪਦਾ ਮੇਰੀ ਖ਼ਤਾ ਵਾਂਗੂੰ ?
ਲਿਆਵਾਂਗਾ ਬਿਨਾਂ ਤੇਰੇ ਵੀ ਇਸ ਵਿਚ ਖੇੜੇ ਤੇ ਖ਼ੁਸ਼ੀਆਂ ,
ਭਲਾ ਮੈਂ ਕਿਉਂ ਗੁਜ਼ਾਰਾਂ ਜ਼ਿੰਦਗੀ ਆਪਣੀ ਸਜ਼ਾ ਵਾਂਗੂੰ ?
ਮੇਰੇ ਤੇ ਆਪਣੇ ਵਿਚਲੇ ਰਿਸ਼ਤੇ ਨੁੰ ਹੁਣ ਸਮਝੇ ਉਹ ਟੁੱਟਿਆ ,
ਮੈਂ ਜਿਸ ਨੂੰ ਮਿਲ ਰਿਹਾ ਹਾਂ ਕਾਫ਼ੀ ਅਰਸੇ ਤੋਂ ਭਰਾ ਵਾਂਗੂੰ ।
ਜ਼ਰੂਰਤ ਪੈਣ ਤੇ ਹੀ ਉਹ ਉਨ੍ਹਾਂ ਨੂੰ ਚੇਤੇ ਆਂਦੇ ਨੇ ,
ਪਿਤਾ-ਮਾਤਾ ਨੁੰ ਪੁੱਤਰ ਸਮਝਦੇ ਨੇ ਹੁਣ ਖ਼ੁਦਾ ਵਾਂਗੂੰ ।
ਕਰਾਂ ਕੀ ਦੋਸਤੋ ਮੈਂ ਸਿਫ਼ਤ ਸ਼ਰਬਤ ਵਰਗੇ ਬੋਲਾਂ ਦੀ ,
ਇਨ੍ਹਾਂ ਦਾ ਰੋਗੀ ਤੇ ਅਕਸਰ ਅਸਰ ਹੋਵੇ ਦਵਾ ਵਾਂਗੂੰ ।
30/05/2016
ਗਜ਼ਲ
ਮਹਿੰਦਰ ਮਾਨ, ਪੰਜਾਬ
ਮੈਂ ਨਿਰਾਸ਼ਾ ਦੀ ਨਦੀ ਵਿਚ ਜੇ ਨਾ ਲਾਂਦਾ ਤਾਰੀਆਂ ,
ਮੇਰੇ ਦਿਲ ਤੇ ਹੋਰ ਵੀ ਦੋਸਤ ਚਲਾਂਦੇ ਆਰੀਆਂ ।
ਰੋਟੀ, ਕੱਪੜਾ ਤੇ ਮਕਾਨ ਬੰਦੇ ਦੀਆਂ ਮੁੱਖ ਲੋੜਾਂ ਨੇ ,
ਇਹ ਨਹੀਂ, ਪਰ ਹੋਰ ਉਹ ਛੱਡ ਸਕਦਾਂ ਲੋੜਾਂ ਸਾਰੀਆਂ ।
ਸਮਝੇ ਮੈਨੂੰ ਆਪਣਾ ਉਹ ਤੇ ਸਮਝਾਂ ਉਸ ਨੂੰ ਆਪਣਾ ਮੈਂ ,
ਤਾਂ ਹੀ ਮੇਰੇ ਨਾਲ ਗੱਲਾਂ ਕਰ ਲਵੇ ਉਹ ਸਾਰੀਆਂ ।
ਦਾਦ ਉਹਨਾਂ ਦੇ ਸਬਰ ਤੇ ਜੇਰੇ ਦੀ ਦੇਣੀ ਪਊ ,
ਸਹਿੰਦੀਆਂ ਨੇ ਦੁੱਖ ਆਪਣੇ ਤੇ ਪਰਾਏ ਨਾਰੀਆਂ ।
ਮੈਨੂੰ ਤੇਰੇ ਨਾ’ ਵਫ਼ਾ ਕਰਨੇ ਦਾ ਕੱਲਾ ਕੰਮ ਨ੍ਹੀ ,
ਮੇਰੇ ਸਿਰ ਤੇ ਹੋਰ ਵੀ ਨੇ ਬਹੁਤ ਜ਼ਿੰਮੇਵਾਰੀਆਂ ।
ਕੋਈ ਮਿਹਣਾ ਮਾਰ ਦੇ ਤਾਂ ਜੋ ਹੋ ਜਾਵਣ ਹਲਕੀਆਂ,
ਲਗਦੀਆਂ ਨੇ ਮੈਨੂੰ ਅੱਖਾਂ ਆਪਣੀਆਂ ਅੱਜ ਭਾਰੀਆਂ ।
ਜਾਨ ਵਾਰਨ ਦੀ ਜ਼ਰੂਰਤ ‘ਮਾਨ’ ਨਾ ਯਾਰਾਂ ਲਈ ,
ਇੱਥੇ ਪੈਸੇ ਨਾਲ ਅੱਜ ਕੱਲ੍ਹ ਨਿਭਦੀਆਂ ਨੇ ਯਾਰੀਆਂ ।
30/05/2016
ਗ਼ਜ਼ਲ
ਮਹਿੰਦਰ ਮਾਨ, ਪੰਜਾਬ
ਚਾਹੇ ਉਸ ਨੇ ਸਾਡੇ ਨਾ’ ਕੀਤੀ ਵਫ਼ਾ ਕੋਈ ਨਹੀਂ ,
ਫਿਰ ਵੀ ਸਾਨੂੰ ਦੋਸਤੋ , ਉਸ ਤੇ ਗਿਲਾ ਕੋਈ ਨਹੀਂ ।
ਕੋਈ ਕਾਮਾ ਕਾਰ ਥੱਲੇ ਆ ਕੇ ਜ਼ਖਮੀ ਹੋ ਗਿਐ ,
ਉਸ ਦੀ ਨਾਜ਼ੁਕ ਵੇਖ ਹਾਲਤ ਤੜਪਿਆ ਕੋਈ ਨਹੀਂ ।
ਰੋਜ਼ ਇਥੇ ਮਰਦਾ ਹੈ ਕੋਈ ਨਾ ਕੋਈ ਦੋਸਤੋ ,
ਮਰ ਕੇ ਉਸ ਨੂੰ ਕੀ ਹੈ ਮਿਲਦਾ , ਜਾਣਦਾ ਕੋਈ ਨਹੀਂ ।
ਬੰਦਾ ਰੱਬ ਦੇ ਭੇਤ ਜਾਨਣ ਦੀ ਕਰੇ ਕੋਸ਼ਿਸ਼ ਬੜੀ ,
ਜ਼ੋਰ ਪਰ ਰੱਬ ਅੱਗੇ ਉਸ ਦਾ ਚਲਦਾ ਕੋਈ ਨਹੀਂ ।
ਊਰਜਾ ਦੇ ਸੋਮੇ ਵਰਤੇ ਜਾ ਰਹੇ ਬੇਰਹਿਮੀ ਨਾ’ ,
ਆਉਣ ਵਾਲੇ ਖਤਰੇ ਬਾਰੇ ਸੋਚਦਾ ਕੋਈ ਨਹੀਂ ।
ਬਾਗ ਦੇ ਬੂਟੇ ਗਏ ਨੇ ਮੁਰਝਾ ਪਾਣੀ ਤੋਂ ਬਿਨਾਂ ,
ਤਾਂ ਹੀ ਇਸ ਵਿਚ ਦੋਸਤੋ , ਫੁੱਲ ਮਹਿਕਿਆ ਕੋਈ ਨਹੀਂ ।
ਪੈਸੇ ਦੇ ਲਾਲਚ ਨੇ ਹਰ ਰਿਸ਼ਤੇ ’ਤੇ ਮਾਰੀ ਸੱਟ ਹੈ ,
ਸਾਨੂੰ ਚਾਹੁਣ ਵਾਲਿਆਂ ਵਿਚ ਬਾ ਵਫਾ ਕੋਈ ਨਹੀਂ ।
30/05/2016
ਗ਼ਜ਼ਲ
ਮਹਿੰਦਰ ਮਾਨ, ਪੰਜਾਬ
ਜਿਸ ਨੂੰ ਕਹਿ ਬੈਠਾ ਹਾਂ ਜ਼ਖਮਾਂ ਤੇ ਦਵਾਈ ਲਾਣ ਨੂੰ,
ਉਹ ਤਾਂ ਕਾਹਲਾ ਹੈ ਬੜਾ ਕੋਲੋਂ ਮੇਰੇ ਤੁਰ ਜਾਣ ਨੂੰ ।
ਜ਼ਿੰਦਗੀ ਵਿਚ ਉਸ ਨੂੰ ਹਿੰਮਤ ਤੇ ਸਬਰ ਦੀ ਲੋੜ ਹੈ,
ਮਿਲ ਗਏ ਨੇ ਜਿਸ ਨੂੰ ਹੰਝੂ ਪੀਣ ਤੇ ਗ਼ਮ ਖਾਣ ਨੂੰ ।
ਪਿਆਰ ਦੇ ਗੀਤਾਂ ਨੇ ਉਸ ਬੰਦੇ ਨੂੰ ਕੀ ਹੈ ਕੀਲਣਾ,
ਜਿਸ ਨੂੰ ਮਿਲਦੀ ਹੀ ਨਹੀਂ ਹਰ ਰੋਜ਼ ਰੋਟੀ ਖਾਣ ਨੂੰ ।
ਜਿਉਂਦੇ ਜੀ ਜਿਹੜਾ ਕਿਸੇ ਦੇ ਕੰਮ ਆ ਸਕਿਆ ਨਹੀਂ,
ਹਰ ਕੋਈ ਕਾਹਲਾ ਹੈ ਹੁਣ ਉਸ ਬੰਦੇ ਨੂੰ ਭੁੱਲ ਜਾਣ ਨੂੰ ।
ਏਨੇ ਸਾਲਾਂ ਪਿੱਛੋਂ ਵੀ ਇੱਥੇ ਕਰਾਂਤੀ ਆਈ ਨਾ,
ਭਾਵੇਂ ਸਾਰੇ ਕਹਿ ਰਹੇ ਨੇ ਇਸ ਦੇ ਕੱਲ੍ਹ ਨੂੰ ਆਣ ਨੂੰ ।
ਮੈਂ ਕਰਾਂਗਾ ਸਜਦੇ ਸੌ ਸੌ ਵਾਰ ਉਸ ਇਨਸਾਨ ਨੂੰ,
ਜੋ ਤੁਰੇਗਾ ਘਰ ਤੋਂ ਮਜ਼ਦੂਰਾਂ ਦੇ ਦੁੱਖ ਵੰਡਾਣ ਨੂੰ ।
30/05/2016
|