WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕੇਵਲ ਸਿੰਘ ਜਗਪਾਲ
ਯੂ: ਕੇ:

kewal jagpal

ਹੰਡ੍ਹਾ ਚੁੱਕੇ ਹਾਂ
ਕੇਵਲ ਸਿੰਘ ਜਗਪਾਲ

ਰੱਬ ਦੀ ਬਕਸ਼ੀ ਹੋਈ ਇੱਕ,
ਲੰਮੀ ਉਮਰ ਹੰਡ੍ਹਾ ਚੁੱਕੇ ਹਾਂ।
ਹੁਣ ਤੱਕ ਜ਼ਿੰਦਗ਼ੀ ਦੇ ਸਾਰੇ,
ਹੀ ਢੋਲੇ ਗਾ ਚੁੱਕੇ ਹਾਂ।
 
ਬੁਢਾਪਾ ਆ ਗਿਆ ਜਵਾਨੀ,
ਨੂੰ ਫਤਹਿ ਬੁਲਾ ਚੁੱਕੇ ਹਾਂ।
ਖੁਸ਼ੀਆਂ ਭੱਗੜ੍ਹੇ ਤੇ ਗ਼ਮਾਂ ਨੂੰ,
ਚੰਗੀ ਤਰ੍ਹਾਂ ਹੰਡ੍ਹਾ ਚੁੱਕੇ ਹਾਂ।
ਜਿਸ ਤਰ੍ਹਾਂ ਵੀ ਰੰਗ-ਬਰੰਗੀ,
ਜ਼ਿੰਦਗ਼ੀ ਦਾ ਮਿਲ਼ਿਆ ਲੁਤਫ਼,
ਉਠਾ ਚੁੱਕੇ ਹਾਂ।
 
ਜ਼ਿੰਦਗ਼ੀ ਵਿੱਚ ਕੁੱਝ ਪਾਇਆ,
ਅਤੇ ਬਹੁਤਾ ਗੁਆ ਚੁੱਕੇ ਹਾਂ।
ਜ਼ਿੰਦਗ਼ੀ ਦੀਆਂ ਕਈ ਸਾਰੀਆਂ,
ਪਰਾਪਤੀਆਂ ਪਾਅ ਚੁੱਕੇ ਹਾਂ।
 
ਰਿਸ਼ਤੇ ਕਈ ਰੁੱਸੇ ਤੇ ਕਈਆਂ,
ਨੂੰ ਪਤਿਆ ਕੇ ਮਨਾਅ ਚੁੱਕੇ,
ਹਾਂ।
 
ਹੁਣ ਰਹਿ ਨਹੀਂ ਗਏ ਕੋਈ ਵੀ,
ਦੁਸ਼ਮਣ, ਸਭਨਾਂ ਨੂੰ ਮਿਤਰ,
ਬਣਾ ਚੁੱਕੇ ਹਾਂ।
ਆਪਣੇ ਹੋਏ ਬਗ਼ਾਨੇ ਤੇ ਕਈ,
ਗ਼ੈਰਾਂ ਨੂੰ ਅਪਣਾਅ ਚੁੱਕੇ ਹਾਂ।
 
ਜ਼ਿੰਦਗ਼ੀ ‘ਚ ਕਈ ਵੇਖੇ ‘ਤੇ,
ਕਈਆਂ ਨੂੰ ਤਾਂ ਅਖ਼ੀਰਲੀ,
ਫਤਹਿ ਵੀ ਬੁਲਾ ਚੁੱਕੇ ਹਾਂ।
 
ਪੀਰਾਂ-ਫ਼ਕੀਰਾਂ ਦੀਆਂ ਕਬਰਾਂ,
ਵਿੱਚੋਂ ਕੁੱਝ ਨਹੀਂ ਜੇ ਮਿਲ਼ਿਆ,
ਪਰ ਬਾਰ ਬਾਰ ਝੁੱਕ ਕੇ ਮੱਥਾ,
ਵੀ ਪੜ੍ਹਵਾਹ ਚੁੱਕੇ ਹਾਂ।
ਗ਼ਲਤੀ ਨਾਲ਼ ਪੱਲਾ ਫੜ੍ਹ ਦੇਹ,
ਧਾਰੀ ਬਾਬਿਆਂ ਤੋਂ ਧੋਖਾ ਖਾਕੇ,
ਹੁਣ ਪੱਲਾ ਛੁਡਾ ਚੁੱਕੇ ਹਾਂ।
 
ਮਨਤਾਂ ਮਨਾਉਣ ਦੇ ਚੜ੍ਹਾਵੇ,
ਚੜ੍ਹਾ ਚੜ੍ਹਾਕੇ ਰੱਬ ਨੂੰ ਖੁਸ਼,
ਕਰਨ ਦਾ ਜੋ ਵੀ ਵਾਹ ਸੀ,
ਚੱਲਿਆ ਉਹ ਲਾ ਚੁੱਕੇ ਹਾਂ।
ਗੁਰਦੁਆਰਿਆਂ ਦੇ ਅਖੌਤੀ,
ਚੌਧਰੀ ਬਣਕੇ ਕਈ ਬਾਰ,
ਗਲ਼ ਵਿੱਚ ਦਸਤਾਰਾਂ ਵੀ,
ਪੁਆ ਚੁੱਕੇ ਹਾਂ।
 
ਅਤੇ ਕਈ ਬਾਰ ਬਾਹਰ ਨੂੰ,
ਭੱਜਕੇ, ਕੁਟ ਮਾਰ ਤੋਂ ਜਾਨ,
ਬਚਾ ਚੁੱਕੇ ਹਾਂ।
ਵਿਰੋਧੀਆਂ ਨਾਲ਼ ਕਈ ਬੋਲ,
ਕਬੋਲਾਂ ਦੌਰਾਨ ਕਈ ਬਾਰ,
ਚੋਰ-ਉਚੱਕੇ ਚੌਧਰੀ ਅਖਵਾ,
ਚੁੱਕੇ ਹਾਂ।
 
ਬਣਕੇ ਗੁਰਦੁਆਰਿਆਂ ਦੇ,
ਅਖੌਤੀ ਚੌਧਰੀ, ਕਈ ਵਾਰ,
ਚੱਮ ਦੀਆਂ ਚਲਾ ਚੁੱਕੇ ਹਾਂ।
ਚੌਧਰਾਂ ਬਟੋਰਣ ਲਈ ਹੁਣ,
ਤੱਕ ਸ਼ਹਿਰ ‘ਚ ਇੱਕ ਤੋਂ ,
ਵੱਧ ਗੁਰਦੁਆਰੇ ਵੀ ਬਣਾ,
ਚੁੱਕੇ ਹਾਂ।
 
ਬੜੀ ਹੀ ਅਜੀਬੋ-ਗ਼ਰੀਬ ਹੈ,
ਇਹ ਦੁਨੀਆਂ ਇਸ ਦੁਨੀਆਂ,
ਤੋਂ ਭਰੋਸਾ ਗੁਆ ਚੁੱਕੇ ਹਾਂ।
 
ਅਗਾਂਹ ਵੇਖ ਵੇਖ “ਕੇਵਲ”,
ਪੈਰ ਧਰੇ ਸਨ ਪਰ ਫਿਰ,
ਵੀ ਕਈਆਂ ਉੱਤੇ ਭਰੋਸਾ,
ਕਰਕੇ ਧੋਖੇ ਵੀ ਖਾ ਚੁੱਕੇ,
ਹਾਂ।
 02/07/2020 
 
ਮੈਂਨੂੰ ਪਿੰਡ ਦਾ ਘਰ ਦਿਖਾਓ

ਕੇਵਲ ਸਿੰਘ ਜਗਪਾਲ
 
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
ਮੇਰਾ ਇੱਥੇ ਚਿੱਤ ਨਹੀਂਓਂ ਲੱਗਦਾ।
ਦੀਵਾ ਯਾਦਾਂ ਮਿੱਠੀਆਂ ਦਾ ਅੰਦਰ,  
ਪਿਆ ਜਗਦਾ।
 
ਜਾਓ ਮੇਰੇ ਲਾਣੇ ਨੂੰ ਸੱਦ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਕੀਹਨੂੰ ਸੁਣਾਵਾਂ ਦਿਲ ਦੀ ਗੱਲ।
ਮਿਲ਼ ਰਿਹਾ ਏ ਕਰਮਾਂ ਦਾ ਫਲ਼।
ਸੁੱਤੇ ਪਏ ਮੇਰੇ ਕੋਈ ਭਾਗ ਜਗਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਮਿੱਤਰਾਂ ਮੇਰੀ ਪੁਕਾਰ ਸੁਣ ਲਈ ਏ।
ਲੱਗਦਾ ਕੋਈ ਮੇਥੋਂ ਭੁੱਲ ਹੋ ਗਈ ਏ।
ਮਿੱਤਰੋ ਹੋਈ ਮੇਰੀ ਭੁੱਲ ਬਕਸ਼ਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਘਰ ਮੇਰੇ ਨੂੰ ਤਾਲ਼ਾ ਲੱਗਿਆ।
ਬੱਦਲ਼ ਦੂਰ ਅਸਮਾਨੀਂ ਗੱਜਿਆ।
ਮੀਂਹ ਤੋਂ ਪਹਿਲਾਂ ਚਾਬੀ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਉੱਥੇ ਸੀ ਰਹਿੰਦੇ ਮੇਰੇ ਭਰਾ ਭਰਜਾਈ।
ਨਾਲ਼ੇ ਸੀ ਰਹਿੰਦੀ ਮੇਰੀ ਚਾਚੀ ਤਾਈ।
ਮੈਂਨੂੰ ਮੇਰੇ ਆਪਣਿਆਂ ਨਾਲ਼ ਮਿਲ਼ਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਮੇਰੇ ਘਰੇ ਆ ਆ ਘੁੱਗੀਆਂ ਬੋਲਣ।
ਸੱਪ ਚੂਹਿਆਂ ਦੀਆਂ ਡੁੱਡਾਂ ਫਰੋਲਣ।
ਸੱਪਾਂ ਸਪੋਲ਼ੀਆਂ ਨੂੰ ਘਰੋਂ ਭਜਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਛੱਤਾਂ ਅਤੇ ਕੰਧਾਂ ਨੂੰ ਰੰਗ ਕਰਾਓ।
ਫ਼ਰਸ਼ ਅਤੇ ਰਸੋਈ ਸਾਫ ਕਰਾਓ।
ਧੋ ਧੋਕੇ ਦੋਨ੍ਹਾਂ ਨੂੰ ਖ਼ੂਬ ਲਿੱਛਕਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
 
ਵਿਹੜੇ ਵਿੱਚੋਂ ਘਾਹ ਫੂਸ ਕਟਵਾਓ।
ਆਓ ਮੰਜੇ ਬਾਣ ਦੇ ਵਿਹੜੇ ਡਾਹੋ।
ਸੱਦਕੇ ਗੁਆਂਢੀ ਸਾਰੇ ਹੀ ਲਿਆਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਭੱਠੀਓਂ ਦਾਣੇ ਵੀ ਭੁਨਾਕੇ ਲਿਆਓ।
ਕੋਈ ਗੱਲ ਸੁਣਾਓ ਜਾਂ ਬਾਤਾਂ ਪਾਓ।
ਆਓ ਵਿਹੜੇ ਦੀਂਆਂ ਰੌਣਕਾਂ ਵਧਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਨੱਚੋ ਟੱਪੋ ਗਿੱਧੇ ਅਤੇ ਭੰਗੜੇ ਪਾਓ।
NRI ਦੇ ਘਰ ਆਕੇ ਜਸ਼ਨ ਮਨਾਓ।
ਖੰਡਰ ਬਣੇ ਪਏ ਘਰ ਨੂੰ ਮੁੜ੍ਹ ਵਸਾਓ।
ਮੈਂਨੂੰ ਮੇਰੇ ਪਿੰਡ ਦਾ ਘਰ ਦਿਖਾਓ।
 
ਪਿੰਡ ਦੇ ਘਰ ਨਾਲ਼ ਮੁਹਬਤ ਬਹੁਤ,
ਪੁਰਾਣੀ ਹੋਕੇ ਵੀ ਬੇਨਕਾਬ ਹੁੰਦੀ ਜਾ,
ਰਹੀ ਏ।
ਪਤਾ ਨਹੀਂ ਮੁਹਬਤ ‘ਬੇਹੀ ਰੋਟੀ ਨੂੰ,
ਲੱਸੀ ਦੇ ਵਿੱਚ ਭਿਉਂਕੇ ਖਾਣ ਵਾਂਙ’,
ਐਂਨੀ ਕਿਉਂ ਸਵਾਦ ਹੁੰਦੀ ਜਾ ਰਹੀ,
ਏ?
 
ਪਤਾ ਨਹੀਂ ਮੁਹਬਤ ਕਦੀ ਖੁਸ਼ੀ ‘ਤੇ,
ਕਦੀ ਗ਼ਮੀ ਨਾਲ਼ ਕਿਉਂ ਰਬਾਬ ਹੁੰਦੀ,
ਜਾ ਰਹੀ ਏ?
ਪਤਾ ਨ੍ਹੀਂ ਐਨੀ ਪੁਰਾਣੀ ਯਾਦ ਮੱਲੋ,
ਮੱਲੀ  ਕਿਉਂ ਸ਼ਬਾਬ ਹੁੰਦੀ ਜਾ ਰਹੀ,
ਏ?
 
“ਕੇਵਲ” ਨੂੰ ਹਜੇ ਤੱਕ ਪਤਾ ਹੀ ਨ੍ਹੀਂ,
ਲੱਗ ਸੱਕਿਆ ਕਿ ਇਹ ਮੁਹਬਤ,
ਬੇਹਿਸਾਬ ਕਿਉਂ ਹੁੰਦੀ ਜਾ ਰਹੀ ਏ?
25/06/2020

ਵਿਆਹ ਅਤੇ ਦਾਗਾਂ ਵਿੱਚ ਫਰਕ

ਕੇਵਲ ਸਿੰਘ ਜਗਪਾਲ

ਬੱਸ ਫਰਕ “ਕੇਵਲ” ਐਨਾ  ਹੀ  ਸੀ।
        ਉੱਥੇ ਗਿੱਧੇ, ਗਾਣੇ ਅਤੇ ਭੰਗੜ੍ਹੇ ਪਏ।
ਐੱਥੇ ਕੁੱਝ ਰੋਂਦੇ ਬਹੁਤੇ ਸੋਗ ‘ਚ ਹੀ ਰਹੇ।
ਉੱਥੇ ਸਾਰੇ ਖੁਸ਼ੀਆਂ ਖੇੜ੍ਹਿਆਂ  ‘ਚ ਹੀ ਰਹੇ।
ਇੱਥੇ ਆਏ ਸਾਰੇ ਹੀ ਸੋਗ ‘ਚ ਚੁੱਪ ਰਹੇ।
ਗਿਆਨੀ ਉੱਥੇ ਵੀ ਸੀ, ਭਾਈ ਇੱਥੇ ਵੀ ਸੀ।
 ਅਰਦਾਸ ਤੇਰੀ ਵੀ ਹੋਈ।
                   ਅਰਦਾਸ ਮੇਰੀ ਵੀ ਹੋਈ।
ਲਾਵਾਂ ਤੇਰੀਆਂ ਪੜ੍ਹੀਆਂ ਗਈਆਂ।
           ਫਤਹਿ ਮੇਰੀ ਵੀ ਬੁਲਾਈ ਗਈ।
ਸਿਫ਼ਤਾਂ ਤੇਰੀਆਂ ਵੀ ਹੋਈਆਂ।
                 ਸਿਫ਼ਤ ਤਾਂ ਮੇਰੀ ਵੀ ਹੋਈ।
ਤੇਰੀ ਖ਼ੂਬਸੂਰਤੀ ਦੀ।
                  ਮੇਰੀ ਬੀਤੀ ਜ਼ਿੰਦਗ਼ੀ ਦੀ।
ਤੂੰ ਲਿਮੋਜ਼ੀਨ ‘ਚ ਗਈ।
          ਮੈਂ ਵੀ ਲਿਮੋਜ਼ੀਨ ਹੀ ‘ਚ ਗਿਆ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੈਂਨੂੰ ਡੋਲ਼ੀ ‘ਚ ਬਠਾਇਆ ਗਿਆ।
        ਮੈਂਨੂੰ ਬਕਸੇ ‘ਚ ਲਟਾਇਆ ਗਿਆ।
ਤੇਰਾ ਸਿਰ ਚੁੰਨੀ ਨੇ ਕੱਜਿਆ।
      ਤੇ ਮੇਰਾ ਸਿਰ ਦਸਤਾਰ ਨੇ ਢੱਕਿਆ।
ਨਵੇਂ ਤੇਰੇ ਵੀ ਕੱਪੜ੍ਹੇ,
                     ਤੇ ਨਵੇਂ ਮੇਰੇ ਵੀ ਕੱਪੜ੍ਹੇ।
ਸਜਾਇਆ ਤੈਂਨੂੰ ਵੀ ਗਿਆ।
             ਤੇ ਸਜਾਇਆ ਮੈਂਨੂੰ ਵੀ ਗਿਆ।
ਫੁੱਲ ਤੇਰੇ ਤੇ ਬਰਸੇ।
             ਨੇੜੇ ਮੇਰੇ ਵੀ ਰੱਖੇ ਗ਼ੁਲਦਸਤੇ।
ਮਹਿਕ ਤੇਥੋਂ ਵੀ ਆਉਂਦਾ।
      ਬਨਾਉਟੀ ਮਹਿਕ ਮੇਥੋਂ ਵੀ ਆਉਂਦਾ।
ਤੇਰਿਆਂ ਤੇਰੀ ਡੋਲ਼ੀ ਤੋਰੀ।
     ਮੇਰਿਆਂ ਮੇਰਾ ਬਕਸਾ ਚੁੱਕਿਆ ਮੌਰੀਂ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੂੰ ਸਾਹ ਪਈ ਲਵੇਂ।
                            ਮੇਰੇ ਸਾਹ ਮੁੱਕੇ।
ਤੇਰੀਆਂ ਅੱਖਾਂ ਨਮ ਹੋਈਆਂ।
  ਮੇਰੀਆਂ ਪਲਕਾਂ ਬੰਦ ਕੀਤੀਆਂ ਗਈਆਂ।
ਤੂੰ ਸੱਭ ਕੁੱਝ ਦੇਖ ਸੱਕੇਂ।
                 ਮੈਂ ਕੁੱਝ ਦੇਖ ਵੀ ਨਾ ਸੱਕਾਂ।
ਤੂੰ ਨਵੇਂ ਘਰ ਨੂੰ ਤੁਰੀ।
  ਪਤਾ ਨਹੀਂ ਮੈਂ ਕਿਹੜ੍ਹੇ ਘਰ ਨੂੰ ਤੁਰਿਆ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੂੰ ਤੁਰ ਕੇ ਗਈ।
                      ਮੈਂਨੂੰ ਚੁੱਕਿਆ ਗਿਆ।
ਤੂੰ ਬਾਹਰ ਮਰਜ਼ੀ ਨਾਲ਼ ਤੁਰੇਂ।
ਮੈਂਨੂੰ ਬਕਸੇ ਅੰਦਰ ਰੱਖਿਆ ਗਿਆ ਹਨ੍ਹੇਰੇ।
ਮਹਿਫ਼ਲ ਉੱਥੇ ਵੀ ਸੀ।
                         ਲੋਕ ਇੱਥੇ ਵੀ ਸਨ।
ਬੱਸ  ਫਰਕ “ਕੇਵਲ” ਐਨਾ ਹੀ  ਸੀ।
ਉੱਥੇ ਗਿੱਧੇ, ਗਾਣੇ ਅਤੇ ਭੰਗੜ੍ਹੇ ਪਏ।
ਐੱਥੇ ਕੁੱਝ ਰੋਂਦੇ ਬਹੁਤੇ ਸੋਗ ‘ਚ ਹੀ ਰਹੇ।
ਉੱਥੇ ਸਾਰੇ ਖੁਸ਼ੀਆਂ ਖੇੜ੍ਹਿਆਂ  ‘ਚ ਹੀ ਰਹੇ।
ਇੱਥੇ ਆਏ ਸਾਰੇ ਹੀ ਸੋਗ ‘ਚ ਚੁੱਪ ਰਹੇ।
ਗਿਆਨੀ ਉੱਥੇ ਵੀ ਸੀ, ਭਾਈ ਇੱਥੇ ਵੀ ਸੀ।
ਬੱਸ ਫਰਕ “ਕੇਵਲ” ਐਨਾ ਹੀ  ਸੀ।
ਤੈਂਨੂੰ ਸਹੁਰਿਆਂ ਨੂੰਹ ਬਣਾ ਲਿਆ।
                 ਮੈਂਨੂੰ ਅੱਗ ਨਾਲ਼ ਸਾੜ੍ਹਿਆ।
ਤੈਂਨੂੰ ਜੀਵਨ ਸਾਥੀ ਮਿਲ਼ ਗਿਆ।
            ਮੈਂਨੂੰ ਕੱਲਾ ਹੀ ਗਿਆ ਤੋਰਿਆ।
ਤੂੰ ਨਾਲ਼ ਸਾਥੀ ਹੌਨੀਮੂਨ ਨੂੰ ਗਈ।
     ਮੇਰੀ ਲਾਸ਼ ਜਲ਼ਕੇ ਸੁਆਹ ਬਣ ਗਈ।
ਤੂੰ ਆਪਣੇ ਨਵੇਂ ਘਰ ਵਾਪਸ ਆਈ।
   ਮੇਰੀ ਸੁਆਹ ਪਾਣੀ ਵਿੱਚ ਵਹਾਈ ਗਈ।
 ਬੱਸ ਫਰਕ “ਕੇਵਲ” ਐਨਾ ਹੀ ਸੀ।
ਤੈਂਨੂੰ ਵਗ਼ਾਨਿਆਂ ਨੇ ਪਾਇਆ।
     ਮੌਤ ਨੇ ਮੈਂਨੂੰ ਆਪਣਿਆਂ ਤੋਂ ਖੋਇਆ।
ਤੇਰੇ ਆਉਣ ਨਾਲ਼ ਇੱਕ ਜੀਅ ਵਧਿਆ।
     ਮੇਰੇ ਜਾਣ ਨਾਲ਼ ਇੱਕ ਜੀਅ ਘੱਟਿਆ।
ਤੈਂਨੂੰ ਵੀ ਸਰਟੀਫਿਕੇਟ ਮਿਲ਼ਿਆ।
  ਮੇਰਿਆਂ ਨੂੰ ਵੀ ਸਰਟੀਫਿਕੇਟ ਮਿਲ਼ਿਆ।
ਬੱਸ ਫਰਕ “ਕੇਵਲ” ਐਨਾ  ਹੀ  ਸੀ।
ਤੈਂਨੂੰ ਤੇਰੇ ਗਰਿਸਤ ਸ਼ੁਰੂ ਹੋਣ ਦਾ।
 ਮੇਰਿਆਂ ਨੂੰ ਮੇਰੀ ਜ਼ਿੰਦਗ਼ੀ ਮੁੱਕ ਜਾਣ ਦਾ।
 18/06/2020


ਰਹਿੰਦੀਆਂ ਇਛਾਵਾਂ

ਕੇਵਲ ਸਿੰਘ ਜਗਪਾਲ

ਕਿੱਥੇ ਗਿਣੀਆਂ ਜਾਂਦੀਆਂ ਨੇ ਸਾਰੀ,
ਜ਼ਿੰਦਗ਼ੀ ਦੀਆਂ ਰਹਿੰਦੀਆਂ ਇਛਾਵਾਂ।
ਅਰਦਾਸ ਕਰਨ ਨਾਲ਼ ਕਿੱਥੇ ਪੂਰੀਆਂ,
ਹੁੰਦੀਆਂ ਨੇ ਗ਼ਰੀਬਾਂ ਦੀਆਂ ਦੁਆਵਾਂ।
ਦੀਵਾ ਵਲਣ ਨਹੀਂ ਦਿੰਦੀਆਂ ਜਦੋਂ ਵੀ,
ਵੱਗਣ ਲੱਗ ਜਾਦੀਆਂ ਤੇਜ਼ ਹਵਾਵਾਂ।
ਕਹਿੰਦੇ ਬਾਣੀ ਸੁਣਨ ਨਾਲ਼ ਦੂਰ ਭੱਜ,
ਜਾਂਦੀਆਂ ਨੇ ਸਾਰੀਆਂ ਹੀ ਬਲਾਵਾਂ।
ਚੁਗ਼ਲਖ਼ੋਰ ਕਰਦੇ ਚੁਗ਼ਲੀਆਂ ਕਿਵੇਂ,
ਉਨ੍ਹਾਂ ਨੂੰ ਸੱਚ ਦਾ ਰਾਹ ਦਿਖਲਾਵਾਂ।
ਜਿਹੜਾ ਕਦੀ ਹੱਸਿਆ ਹੀ ਨਹੀਂ ਸੀ,
ਤੁਸੀਂ ਹੀ ਦੱਸੋ ਉੱਸ ਨੂੰ ਕਿਵੇਂ ਹਸਾਵਾਂ?
ਰੁੱਸਿਓ ਦਾ ਤਾਂ ਪਤਾ ਲੱਗਦਾ ਹੀ ਨ੍ਹੀਂ,
ਤੁਸੀਂ ਹੀ ਦੱਸੋ ਉਸ ਨੂੰ ਕਿਵੇਂ ਮਨਾਵਾਂ?
ਦਾਤਣ ਕਰਨ ਨੂੰ ਦਿਲ ਕਰਦਾ ਪਰ,
ਦੱਸੋ ਕਿੱਥੋਂ ਦਾਤਣ ਕੱਟਕੇ ਲਿਆਵਾਂ?
ਅੱਜ ਕੱਲ ਦਾਤਣ ਨਹੀਓਂ ਮਿਲ਼ਦੀ,
ਮੁੱਕ ਗਈਆਂ ਕਿੱਕਰਾਂ ਤੇ ਫ਼ਲਾਹਾਂ।
ਸਹਿਜੇ ਹੀ ਦਰਿਆ ਪਾਰ ਕਰ ਲੈਂਦੇ,
ਜੇਕਰ ਦੋਸਤੀ ਹੁੰਦੀ ਨਾਲ਼ ਮਲਾਹਾਂ।
ਜੀਉਂਦੀ ਮਾਂ ਦੀ ਕੱਦਰ ਹੀ ਨਾ ਕੀਤੀ,
ਭਾਲ਼ਦੇ ਫਿਰਨ ਹੁਣ ਠੰਡੀਆਂ ਛਾਵਾਂ।
ਹੱਲ ਵੀ ਹੋ ਜਾਣੇ ਸਨ ਸਾਰੇ ਮਸਲੇ,
ਕੀਤੀਆਂ ਹੁੰਦੀਆਂ ਜੇ ਬੈਠ ਸਲਾਹਾਂ।
ਬਿਨ ਸਾਥੀ ਹੁਣ ਕਾਹਦਾ ਏ ਜੀਉਣਾ,
ਕਿਸ ਨੂੰ ਆਪਣਾ ਜਾ ਹਾਲ ਸੁਣਾਵਾਂ?
ਕੀ ਜ਼ਿੰਦਗ਼ੀ ਏ? ਇਕ ਸਾਥੀ ਬਾਜੋਂ,
ਮਿਲ਼ੀ ਜਾਦੀਆਂ ਨੇ ਸਖ਼ਤ ਸਜ਼ਾਵਾਂ।
ਦਿਨ ਦਿਹਾੜੇ ਹੀ ਉਹ ਛੱਡ ਗਿਆ,
ਏ ਤੁਹਾਡੇ ਨਾਲ਼ੋਂ ਤੁਹਾਡਾ ਪਰਛਾਵਾਂ।
ਜ਼ਿੰਦਗ਼ੀ ਕੱਟਣ ਦਾ ਢੰਗ ਨਾ ਆਵੇ,
ਪਤਾ ਨਹੀਂ ਰਹਿੰਦੀ ਕਿਵੇਂ ਹੰਡਾਵਾਂ?
ਚਾਹਤ ਰਾਹ ਵਿੱਚ ਛੱਡ ਗਈ ਸੀ,
ਜਿਸ ਦੀਆਂ ਹੁੰਦੀਆਂ ਸਨ ਅਦਾਵਾਂ।
ਬਣਾ ਵੀ ਲੈਣਾ ਸੀ ਕੇਵਲ ਮਿਰਜ਼ੇ.
ਨੇ ਪੱਕਾ ਘਰ ਸਾਹਿਬਾਂ ਦੇ ਦਿਲ ‘ਚ,
ਜੇਕਰ ਕਿਤੇ ਸੱਦਕੇ ਲਿਆਉਂਦਾ ਨਾ,
ਕੋਈ ਸਾਹਿਬਾਂ ਦੇ ਸਾਰੇ ਸਕੇ ਭਰਾਵਾਂ।
ਵਿਆਹਕੇ ਰਾਂਝੇ ਨੇ ਹੀਰ ਸਿਆਲਾਂ,
ਨੂੰ ਵੀ ਲੈ ਜਾਣਾ ਸੀ ਤੱਖਤ ਹਜ਼ਾਰੇ,
ਜੇਕਰ ਲਗ ਜਾਂਦੀਆਂ ਨਾ ਗੰਦੇ ਕੈੱਦੋਂ,
ਦੀਆਂ ਕੋਝੀਆਂ ਉਹ ਬੱਦ-ਦੁਆਵਾਂ।
ਹੁਣ ਤਾਂ ਲਗਦਾ ਉਹ ਭੁੱਲ ਗਏ ਨੇ,
ਤੁਸੀਂ ਦੱਸੋ ਉਨ੍ਹਾਂ ਨੂੰ ਕਿਵੇਂ ਭੁਲਾਵਾਂ?
ਹਜੇ ਤੱਕ ਕੋਈ ਐਹੋ ਜਿਹੀ ਭੁੱਲ ਨ੍ਹੀਂ,
ਕੀਤੀ, ਐਵੀਂ ਕਿਉਂ ਪਛਤਾਈ ਜਾਵਾਂ।
ਜਦੋਂ ਹੁਣ ਸਾਰਾ ਕੁੱਝ ਬਿਖਰ ਗਿਆ,
ਏ ਫਿਰ “ਕੇਵਲ” ਦਸੋ ਕਿਸ ਕਿਸ ਨੂੰ,
ਕਿੱਥੇ ਜਾਕੇ ਆਪਣਾ ਹਾਲ ਸੁਣਾਵਾਂ?
12/06/2020 
 
 
ਹਜੇ ਬਾਕੀ ਏ

ਕੇਵਲ ਸਿੰਘ ਜਗਪਾਲ

ਬੰਦਿਆ ਸੱਚ ਦਾ ਸਹਾਰਾ ਸਦਾ ਹੀ ਲਈਂ,
ਤੇਰੇ ਅੰਦਰ ਈਮਾਨ ਹਜੇ ਬਾਕੀ ਏ।
ਮਿਹਨਤ ਕਰੀਂ ਜਾਵੀਂ ਰੁਕੀਂ ਨਾ ਤੇਰੇ ਵਿਚ,
ਰਬ ਦੀ ਬਕਸ਼ੀ ਹੋਈ ਅਨਮੋਲ ਜਾਨ ਹਜੇ,
ਬਾਕੀ ਏ।

ਠਿੱਬਲ਼ ਠੋਹਰ ਰਾਹਾਂ ਵਿੱਚੀਂ ਲੰਘਦਾ ਜਾਵੀਂ,
ਪਰਤਕੇ ਨਾ ਤੱਕੀਂ ਤੁਫ਼ਾਨ ਹਜੇ ਬਾਕੀ ਏ।
ਮੰਜ਼ਿਲ ਬਹੁਤ ਹੀ ਦੂਰ ਪਈ ਏ ਦਿੱਸਦੀ,
ਮੰਜ਼ਿਲ ਨੂੰ ਪਾਉਣ ਵਾਲ਼ਾ ਤੇਰਾ ਅਰਮਾਨ,
ਹਜੇ ਬਾਕੀ ਏ।

ਅੱਜ ਤੂੰ ਜਾਣਾ ਬਿਲਕੁਲ ਨਾ ਛਡੀਂ ਕੱਲ ਨੂੰ,
ਮੰਜ਼ਿਲ ਹੋਊ ਤੇਰੀ ਮੁੱਠੀ ਵਿੱਚ ਬੱਸ ਮੰਜ਼ਿਲ,
ਤੇ ਲੱਗਿਆ ਤੇਰਾ ਧਿਆਨ ਹਜੇ ਬਾਕੀ ਏ।
ਐਵੀਂ ਨਹੀਂ ਹੋ ਜਾਂਦੀ ਉਪਰ ਵਾਲ਼ੇ ਦੀ ਕ੍ਰਿਪਾ,
ਬਹੁਤੇ ਸਾਰੇ ਹੋਰ ਕਈ ਤਰ੍ਹਾਂ ਦੇ ਇਮਤਿਹਾਨ,
ਹਜੇ ਬਾਕੀ ਏ।

ਦੁਨੀਆਂ ਨੇ ਬਹੁਤ ਕੁੱਝ ਹੀ ਸਿਖਾ ਦਿੱਤਾ ਏ,
ਤੈਨੂੰ ਪਰ ਰਹਿੰਦੀ ਜ਼ਿੰਦਗ਼ੀ ਦੇ ਲਈ ਥੋੜਾ ਕੁ,
ਜਿਹਾ ਹੋਰ ਗਿਆਨ ਹੋਣਾ ਹਜੇ ਬਾਕੀ ਏ।
ਜ਼ਿੰਦਗ਼ੀ ਦੀ ਘੋਰ ਲੜ੍ਹਾਈ ‘ਚ ਦੇਖੀਂ ਕਿਤੇ,
ਐਵੀਂ ਡੋਲ਼ ਨਾ ਜਾਵੀਂ ਜੰਗ ਨੂੰ ਪੂਰੀ ਤਰ੍ਹਾਂ,
ਫਤਹਿ ਕਰਨ ਦੇ ਲਈ ਤਾਂ ਸਾਰਾ ਮੈਦਾਨ,
ਹਜੇ ਬਾਕੀ ਏ।
 
ਜਿੱਤ ਲੈਣ ਤੋਂ ਬਾਅਦ ਤੇਰੀ ਮਿਹਨਤ ਦੀ,
ਚਮਕਦੀ ਹੋਈ ਮਿਸਾਲ ਸਾਰੇ ਜਹਾਨ ਨੂੰ,
ਬਿਆਨ ਕਰਨਾ ਹਜੇ ਬਾਕੀ ਏ।
ਗੁਰਦੁਆਰੇ ਗਿਆ ਤਾਂ ਬਾਣੀ ਦੇ ਸ਼ਬਦ,
ਧਿਆਨ ਲਾਕੇ ਹੀ ਸੁਣੀਂ ਕਿਉਂਕਿ ਰਬ ਦਾ,
ਨਾਮ ਧਿਆਉਣਾ ਹਜੇ ਬਾਕੀ ਏ।
ਚਾਰ ਕਕਾਰ ਤਾਂ ਤੂੰ ਪਹਿਨ ਹੀ ਲਏ ਅਤੇ,
ਪੰਜਵਾਂ ਕਕਾਰ ਕਿਰਪਾਨ ਨੂੰ ਵੀ ਪਹਿਨਣਾ,
ਹਜੇ ਬਾਕੀ ਏ।

ਜਦੋਂ ਤੁਹਾਡਾ ਕੋਈ ਬਜ਼ੁਰਗ਼ ਮੰਜੇ ਤੇ ਪਿਆ,
ਜ਼ਿੰਦਗ਼ੀ ਦੇ ਅਖ਼ੀਰਲੇ ਸਾਹ ਪਿਆ ਲਵੇ ਤਾਂ,
ਸਮਝ ਲਓ ਕਿ ਰੱਬ ਵਲੋਂ ਇੱਕ ਆਉਣ ਵਾਲ਼ਾ,
ਫਰਮਾਨ ਹਜੇ ਬਾਕੀ ਏ।

ਜਦੋਂ ਕੋਈ ਪੁਲ਼ਸ ਵਾਲ਼ਾ ਤੁਹਾਡੀ ਕਾਰ ਹੱਥ,
ਦੇ ਕੇ ਰੋਕੇ ਤਾਂ ਝੱਟ ਸਮਝ ਆਉਂਦੀ ਕਿ ਜਾਂ,
ਤਾਂ ਪੁਲ਼ਸੀਏ ਦੇ 100 ਦਾ ਨੋਟ ਮੱਥੇ ਮਾਰੋ,
ਨਹੀਂ ਤਾਂ ਕੱਟ ਹੋਏ ਚਲਾਣ ਨੂੰ ਭੁਗਤਾਉਣਾ,
ਹਜੇ ਬਾਕੀ ਏ।

ਸਾਰਿਆਂ ਨੂੰ ਸੱਚ ਨਾਲ਼ ਤਾਂ ਜਿੱਤ ਲਿਆ ਤੂੰ,
ਪਰ ਥੋੜ੍ਹਾ ਜਿਹਾ ਹੋਰ ਸੰਗਰਸ਼ ਕਰਨ ਦਾ,
ਐਲਾਨ ਕਰਨਾ ਹਜੇ ਬਾਕੀ ਏ।
ਜਿੱਤ ਨੂੰ ਸੰਪੂਰਣ ਕਰਨ ਲਈ ਕੇਵਲ ਤੇਰੇ,
ਅੰਦਰ ਬੈਠੇ ਹੋਏ ਇੱਕ ਵੱਡੇ ਸ਼ੈਤੈਨ ਨੂੰ ਵੀ,
ਹਰਾਉਣਾ ਹਜੇ ਬਾਕੀ ਏ।

ਸ਼ਾਇਦ ਹੱਥ ਵਿਚਲ਼ੀ ਕਵਿਤਾ ਸੰਪੂਰਣ ਨਹੀਂ,
ਸੀ ਹੋਈ ਇਸ ਵਿੱਚ ਇੱਥੇ ਥੋੜ੍ਹੀਆਂ ਜਿਹੀਆਂ,
ਰਾਜਨੀਤੀ ਦੀਆਂ ਕੁੱਝ ਸਤਰਾਂ ਦਰਜ਼ ਕਰਨਾ,
ਹਜੇ ਬਾਕੀ ਏ।

ਦੋਸਤੋ ਪੰਜ ਸਾਲ ਮੋਦੀ ਜੀ ਨੇ ਦੇਸ਼ ਤੇ ਰਾਜ,
ਕਰ ਲਿਆ ਇੰਝ ਲੱਗਦਾ ਏ ਕਿ ਫਿਰ ਦੂਜੀ,
ਵਾਰ ਜਿੱਤਕੇ ਆਉਣ ਵਾਲ਼ੇ ਪੰਜ ਸਾਲ ਹੋਰ,
ਸਤਾ ਵਿਚ ਦੁਬਾਰਾ ਆਉਣਾ ਹਜੇ ਬਾਕੀ ਏ।
ਗੰਗਾ ਪਹਿਲੇ ਪੰਜਾਂ ਸਾਲਾਂ ‘ਚ ਸਾਫ ਕਰਾ,
ਬਿਲਕੁਲ ਨਾ ਸੱਕੇ ਹੁਣ ਜਮਨਾ ਨਦੀ ਨੂੰ ਵੀ,
ਸਾਫ ਕਰਾਉਣਾ ਹਜੇ ਬਾਕੀ ਏ।

ਪੰਜਾਂ ਸਾਲਾਂ ‘ਚ ਵਿਦੇਸ਼ਾਂ ਵਿੱਚ ਪਿਆ ਕਾਲ਼ਾ,
ਧੰਨ ਮੋਦੀ ਸਾਹਿਬ ਤਾਂ ਲਿਆ ਹਾ ਨਾ ਸਕੇ,
ਦੁਬਾਰਾ ਜਿਤਕੇ ਆਉਣ ਵਾਲ਼ੇ ਪੰਜਾਂ ਸਾਲਾਂ,
‘ਚ ਕਾਲ਼ੇ ਧੰਨ ਨੂੰ ਲਿਆਉਣਾ ਹਜੇ ਬਾਕੀ ਏ।
ਗ਼ਰੀਬ ਕਿਸਾਨ ਕਰਜ਼ਿਆਂ ਤੋਂ ਮੁਕਤ ਤਾਂ,
ਹੋ ਨਾ ਸਕੇ ਕਈ ਹੋਰ ਹਜ਼ਾਰਾਂ ਕਿਸਾਨਾਂ,
ਦੇ ਗਲ਼ਾਂ ਵਿੱਚ ਫੰਦੇ ਪਾਕੇ ਜਾਨ ਦੇ ਜਾਣਾ,
ਹਜੇ ਬਾਕੀ ਏ।

ਸਿਆਸਤਦਾਨੋਂ ਕੇਵਲ ਦੇਸ਼ ਦੀ ਸਤਾ ਨੂੰ,
ਸਮੇਟਣ ਦੇ ਲਾਲਚ ਲਈ ਚੋਣਾਂ ਵੇਲ਼ੇ ਕੀਤੇ,
ਝੂਠੇ ਕੌਲ ਕਰਾਰ ਜੇ ਹੋ ਸਕੇ ਤਾਂ ਨਾ ਹੀ,
ਕਰਿਆ ਕਰੋ ਦੇਸ਼ ਦੀ “ਕੇਵਲ” ਬੜ੍ਹੀ ਹੀ,
ਭੋਲ਼ੀ ਭਾਲ਼ੀ ਜੰਤਾ ਹੁਣ ਤੁਹਾਥੋਂ ਆਕੀ ਏ।
04/06/2020


ਅਨੋਖੀ ਕੁਦਰਤ

ਕੇਵਲ ਸਿੰਘ ਜਗਪਾਲ

kewalਜੀਉਂਦੇ ਜੀਅ ਦੁਖ ਆਉਂਦੇ,
ਹੀ ਰਹਿੰਦੇ ਪਰ ਹੁੰਦੇ ਬੰਦੇ,  
ਦੇ ਬੜ੍ਹੇ ਹੀ ਪੱਕੇ ਮਿੱਤਰ,
ਦੋਸਤੋ।
ਜਦ ਤੱਕ ਇਹ ਰਹਿੰਦੇ ਤਾਂ,
ਪੂਰਾ ਸਬਕ ਸਿਖਾਉਂਦੇ ਪਰ,
ਹੁੰਦੇ ਬੜ੍ਹੇ ਬਚਿਤਰ ਦੋਸਤੋ।
ਸੁੱਖਾਂ ਦੇ ਆਉਂਦਿਆਂ ਸਾਰ ਹੀ,
ਦੁਖ ਹੋ ਜਾਂਦੇ ਤਿੱਤਰ ਦੋਸਤੋ।
 
ਬੰਦੇ ਨੂੰ ਕੁਦਰਤ ਦੇ ਰੰਗ ਤਾਂ,
ਸਮਝ ਨ੍ਹੀਂ ਆਉਂਦੇ ਪਰ ਹੁੰਦੇ,
ਬੜ੍ਹੇ ਨਿਆਰੇ ਅਤੇ ਪਿਆਰੇ,
ਦੋਸਤੋ।

ਕੁਦਰਤ ਤੋਂ ਸਦਾ ਹੀ ਜਾਈਏ,
ਵਾਰੇ ਦੋਸਤੋ।
ਕੁਦਰਤ ਬੰਦੇ ਨੂੰ ਭਰ ਜਵਾਨੀ,
‘ਚ ਪਹੁੰਚਾਵੇ ਸਿਖਰ ਅਰਸ਼ੀਂ,
ਉਤਾਰੇ ਦੋਸਤੋ।

ਪਰ ਬੁਢਾਪੇ ‘ਚ ਸਿਹਤ ਵਲੋਂ,
ਬੰਦੇ ਨੂੰ ਉਹ ਲਿਆਕੇ ਅਰਸ਼ੋਂ,
ਫਰਸ਼ ‘ਤੇ ਮਾਰੇ ਦੋਸਤੋ।
ਕੰਨੀਂ ਸੁਣਿਆਂ ਸਿਫਤ ਤੇਰੀ,
ਪਈ ਹੁੰਦੀ ਏ ਸਾਰੇ ਦੋਸਤੋ।
ਜਦੋਂ ਤੇਰੀ ਹੁੰਦੀ ਖ਼ੂਬਸੂਰਤੀ,
ਦੀ ਗੱਲ-ਬਾਤ ਵਾਰੇ ਦੋਸਤੋ।
ਜੇ ਤੂੰ ਚਾਹੇਂ ਤਾਂ ਸਾਫ ਦਿਨ,
ਚੜ੍ਹਦਾ ਏ ਦਿੱਸਦੇ ਨੇ ਨਜ਼ਾਰੇ,
ਦੋਸਤੋ।

ਜੇ ਤੂੰ ਚਾਹੇਂ ਤਾਂ ਪੈਂਦੀ ਏ ਰਾਤ,
ਕਾਲ਼ੀ, ਅਸਮਾਨੀ ਨਾ ਦਿੱਸਣ,
ਨਾ ਚੰਦ ਨਾ ਤਾਰੇ ਹੀ ਦੋਸਤੋ।
ਜੇ ਤੂੰ ਚਾਹੇਂ ਤਾਂ ਬੱਦਲ਼ ਵਾਰੀ,
ਹੁੰਦੀ ਏ, ਜੇ ਤੂੰ ਚਾਹੇਂ ਤਾਂ ਹੁੰਦੇ,
ਮੀਂਹ ਭਾਰੇ ਦੋਸਤੋ।

“ਕੇਵਲ” ਨੂੰ ਤਾਂ ਲੱਗਦਾ ਹੋਰ,
ਤਾਂ ਕਿਤੇ ਨਹੀਂ ਇਸ ਧਰਤੀ,
ਤੇ ਹੀ ਨੇ ਨਰਕ ਤੇ ਸਵਰਗ਼,
ਦੇ ਵੇਖਣ ਨੂੰ ਮਿਲ਼ਦੇ ਨਜ਼ਾਰੇ,
ਦੋਸਤੋ।
01/06/2020

ਕੇਵਲ ਸਿੰਘ ਜਗਪਾਲ 
kewal.jagpal@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com