WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗੁਰਪ੍ਰੀਤ ਕੌਰ ਗੈਦੂ
ਯੂਨਾਨ

GurpreetK Gaidu

ਜ਼ਿੰਦਗੀ
ਗੁਰਪ੍ਰੀਤ ਕੌਰ ਗੈਦੂ, ਯੂਨਾਨ  
 
ਨਾ ਦਰਦ ਮੰਨੀਂ ,
ਨਾ ਹਾਏ-ਸੀ ਕਰੀਂ
ਨਾ ਚੰਗੇ ਸਮੇਂ 'ਚ
ਮਾਣ ਤੇ ਨਾ ਮਾੜੇ 'ਚ
ਦੁੱਖ ਨਾਲ ਮਰੀਂ ।
ਰੱਖੀਂ ਹਿੰਮਤ ਸਦਾ... 
ਦੁੱਖਾਂ -ਸੁੱਖਾਂ ਦਾ
ਹਿਸਾਬ ਨਾ ਕਰੀਂ । 
ਜ਼ਿੰਦਗੀ ਦੀਆਂ
ਉੱਚੀਆਂ ਸਿਖਰਾਂ
ਤੇ ਡੂੰਘਾਈ ਦਾ...
ਮਾਪ ਨਾ ਕਰੀਂ। 
ਜ਼ਿੰਦਗੀ 'ਚ 
ਕਿੰਨੇ ਹੁਲਾਰੇ ਅਗਾਂਹ , 
ਕਿੰਨੇ ਪਿਛਾਂਹ
ਕੋਈ ਗਾਣ ਨਾ ਕਰੀਂ ।
ਕੋਈ ਆਵੇ,ਕੋਈ ਜਾਵੇ 
ਜ਼ਿੰਦਗੀ ਨੂੰ  
ਨਰਾਜ਼ ਨਾ ਕਰੀਂ ।
ਦੁੱਖਾਂ ਦੀ ਪੰਡ ਵੀ
ਹੋ ਜਾਊ ਖਾਲੀ
ਇੱਕ ਦਿਨ ਆਪੇ ਹੀ .....
' ਗੁਰਪ੍ਰੀਤ ' ਕਿਸੇ ਕੋਲ
ਇਸਨੂੰ ਬਿਆਨ ਨਾ ਕਰੀਂ ।
22/06/2019 


ਕੁਦਰਤ 

ਗੁਰਪ੍ਰੀਤ ਕੌਰ ਗੈਦੂ, ਯੂਨਾਨ  

ਪਾਣੀ ਤੋਂ ਪਤਲਾ
ਕਹਿੰਦੇ ਕੁਝ ਵੀ ਨਹੀਂ 
ਪਾਣੀ ਦੀ ਲੱਗੀ 
ਪਿਆਸ ਨੂੰ ਕੋਈ 
ਕੀਮਤੀ ਤੋਂ ਕੀਮਤੀ 
ਤਰਲ ਵੀ ਨਹੀਂ ਬੁਝਾ 
ਸਕਦਾ !
ਹੈ ਨਾ ਕੁਦਰਤ ਦੀ
ਅਨੋਖੀ ਦਾਸਤਾਨ !!
ਇੱਕ ਅਜਬ ਤੇ
ਨਿੱਕੀਆਂ - ਨਿੱਕੀਆਂ 
ਮਿਸਾਲਾਂ ਰਾਹੀਂ 
ਕੁਦਰਤ ਆਪਣੀ 
ਤਾਕਤ ਦਾ ਪ੍ਰਗਟਾਵਾ 
ਕਰਦੀ ਨਜ਼ਰ ਤਾਂ 
ਆਉਂਦੀ ਹੈ 
ਪਰ ਮਹਿਸੂਸ
ਕੋਈ ਕੋਈ ਕਰਦਾ ਹੈ !!
12/06/2019 


ਅਣ-ਸੁਣਿਆ

ਗੁਰਪ੍ਰੀਤ ਕੌਰ ਗੈਦੂ, ਯੂਨਾਨ  
 
ਪਤਾ ਨਹੀਂ ਕਿਉਂ ?
ਅੱਜ ਮੈਨੂੰ ਆਪਣਾ ਆਪ 
ਬੁਲਾ ਰਿਹਾ ਹੈ !
ਕੁਝ ਕਹਿਣਾ ਚਾਹੁੰਦਾ ਹੈ ।
ਇੱਕ ਉਲਾਂਭੇ ਦਾ
ਅਹਿਸਾਸ ਹੋਇਆ ਹੈ ।
ਹਾਂ ! ਕਦੇ ਨਾ ਸੁਣਨ ਦਾ 
ਉਲਾਂਭਾ ।
ਬਹੁਤ ਡੂੰਘਾ ਸਮੁੰਦਰ ਹੈ 
ਮੇਰੇ ਅੰਦਰ !
ਅੱਜ ਸੋਚਾਂ ਦੀ
ਡੁਬਕੀ ਲਗਾ ਕੇ 
ਬੇ-ਸ਼ੁਮਾਰ ਕੀਮਤੀ 
ਮੋਤੀ ਚੁਗਣ ਨੂੰ 
ਦਿਲ ਕਰ ਰਿਹਾ ਹੈ !
ਆਖ਼ਿਰ ਕੀ 
ਕਹਿਣਾ ਚਾਹੁੰਦਾ ਹੈ ?
ਸੁਣਨਾ ਹੈ ।
ਮੇਰਾ ਇਹ ਸਦੀਆਂ ਦਾ 
ਹਮਸਫਰ !
ਕੋਈ ਹਿਸਾਬ -ਕਿਤਾਬ 
ਕਰਨਾ ਚਾਹੁੰਦਾ ਹੈ ਸ਼ਾਇਦ !
ਦੇਖਦੀ ਹਾਂ  ਅੱਜ ਬੈਠ ਕੇ 
ਇਸ ਮਹਿਫਲ ਵਿੱਚ ਵੀ !
ਕੋਈ ਗੀਤ ਹੀ 
ਸੁਣਾ ਦੇਵੇ ਸ਼ਾਇਦ !!
ਜੋ ਅਜੇ ਅਣ-ਸੁਣਿਆ ਹੋਵੇ ।
ਸ਼ਾਇਦ ਅਜਿਹੀ ਧੁਨ 
ਜਿਸ ਦੇ ਤਾਰ ਰਲ ਜਾਣ 
ਦੁਨੀਆਂ ਦੇ ਪਾਰ ਦੀ
ਧੁਨ ਨਾਲ ।
ਚੱਲ ਆ ! ਤੈਨੂੰ ਸੁਣਾ !!
10/06/2019
 
ਮਾਂ ਨੂੰ ਸੁਨੇਹਾ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮਾਂ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ
ਮੈਂ ਆਵਾਂ ਤੇ
ਕਿਵੇਂ ਲੱਭੂੰ ਤੈਨੂੰ ?
ਕੀ ਪਤਾ
ਤੂੰ ਵਟਾਇਆ
ਕਿਹੜਾ ਭੇਸ ਨੀ ?
ਮਾਂ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ 
ਮਾਏ ਮੇਰੀਏ ਨੀ !
 
ਤੇਰੇ ਲਡਾਏ ਲਾਡ ਨੀ
ਹੁਣ ਆਉਂਦੇ ਨੇ
ਬੜੇ ਯਾਦ ਨੀ
ਭਾਉਂਦੀ ਨਾ
ਕੋਈ ਬਾਤ ਨੀ 
ਮਾਏ ਮੇਰੀਏ ਨੀ 
ਉਮਰਾਂ ਦਿੱਤੇ ਸਰਾਪ ਨੀ
ਮਾਏ ਮੇਰੀਏ ਨੀ !
 
ਤੂੰ ਮੇਰਾ ਰੱਬ 
ਤੂੰ ਮੇਰਾ ਪੀਰ ਸੀ
ਖੇਡਣ ਨੂੰ ਇੱਕ 
ਲੱਭਿਆ ਵੀਰ ਸੀ 
ਉਹ ਵੀ ਲੈ ਗਈ ਨਾਲ ਨੀ
ਹੁਣ ਕਿਥੋਂ ਲਵਾਂ ਮੈਂ ਭਾਲ ਨੀ
ਮਾਏ ਮੇਰੀਏ ਨੀ !
 
ਤੂੰ ਸਭ ਕੁਝ ਮੈਨੂੰ 
ਸਿਖਾ ਗਈ 
ਪਰ ਇੱਕ ਗੱਲ ਦਾ
ਚੇਤਾ ਭੁਲਾ ਗਈ 
ਕਿਵੇਂ ਰਹਾਂ ਤੇਰੇ ਬਾਝੋਂ ਨੀ
ਕੋਈ ਜੁਗਤ ਕਿਉਂ ਨਾ
ਸਿਖਾ ਗਈ  
ਮਾਏ ਮੇਰੀਏ ਨੀ !
 
ਹੁਣ ਤੇਰੇ ਕਿਹੜਾ ਵੱਸ ਸੀ 
ਹੁਣ ਮੈਨੂੰ ਜ਼ਰਾ ਦੱਸ ਨੀ
ਤੂੰ ਛੱਡ ਸਾਨੂੰ ਕਿਤੇ
ਰਹਿੰਦੀ ਨਾ ਰਾਤ ਸੈਂ 
ਕਿਹੜਿਆਂ ਖਿਆਲਾਂ ਦੀ
ਤੂੰ ਪਾਉਂਦੀ ਰਹਿੰਦੀ ਬਾਤ ਸੈਂ
ਹੁਣ ਤੇਰਾ ਸਾਡੇ ਬਿਨਾਂ 
ਲੱਗਿਆ ਕਿੱਥੇ ਜੀਅ ਐ
ਤੈਨੂੰ ਇਹ ਵੀ ਭੁੱਲ ਗਿਆ 
ਤੂੰ ਜੰਮੀ ਵੀ ਇੱਕ ਧੀ ਐ
ਮਾਏ ਮੇਰੀਏ ਨੀ !
 
ਹਾਂ ਹਾਂ ਤੂੰ ਬੜੀ ਸਿਆਣੀ
ਛਾਣੇ ਦੁੱਧੋਂ ਪਾਣੀ 
ਤੂੰ ਰੱਬ ਦੀ ਰੀਤ 
ਨਿਭਾਈ ਨੀ 
ਤਾਈਓਂ ਤਾਂ ਵਾਪਿਸ 
ਹੁਣ ਤੱਕ ਤੂੰ 
ਮੁੜ ਕੇ ਨਾ ਆਈ ਨੀ
ਮਾਏ ਮੇਰੀਏ ਨੀ !
 
ਮਾਏ ਮੇਰੀਏ ਨੀ 
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ 
ਮੈਂ ਆਵਾਂ ਤੇ
ਕਿਵੇਂ ਲੱਭੂੰ ਤੈਨੂੰ ?
ਕੀ ਪਤਾ 
ਤੂੰ ਵਟਾਇਆ 
ਕਿਹੜਾ ਭੇਸ ਨੀ
ਮਾਏ ਮੇਰੀਏ ਨੀ !
ਤੂੰ ਵੱਸ ਗਈ ਐਂ 
ਕਿਹੜੇ ਦੇਸ਼ ਨੀ
ਮਾਏ ਮੇਰੀਏ ਨੀ!
08/06/2019

ਰਾਤ ਦਾ ਸਫਰ
 ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹ ਰਾਤ ਦਾ ਸਫਰ 
ਜ਼ਮੀਨ ਉਤਲਾ ਨਾ ਜਾਪੇ ਮੈਨੂੰ  
ਕੀ ਦੱਸਾਂ ਕੀ ਦੱਸਾਂ ਤੈਨੂੰ ।
ਤਾਰਿਆਂ ਵਾਲੀ ਚੁੰਨੀ 
ਓੜੀ ਖੜ੍ਹੀ
ਇਹ ਕਾਇਨਾਤ 
ਇੰਜ ਜਾਪੇ ਮੈਨੂੰ ।
ਹਰ ਬੂਝੇ- ਬੂਝੇ,
ਟਾਹਣੀ - ਟਾਹਣੀ ਉੱਤੇ 
ਐਨੇ ਜੁਗਨੂੰ ਕਿੱਥੋਂ ਆਏ ?
ਮੈਨੂ ਸਮਝ ਨਾ ਆਏ  ਰਾਤੋ-ਰਾਤ !
 
ਐਨੇ ਜਾਣੇ ਬਸ 'ਚ ਬੈਠੇ 
ਫਿਰ ਵੀ ਲੱਗਣ
ਜਕੜੇ ਇਕਲਾਪੇ ।
 
ਐਨਾ ਸ਼ਾਂਤਮਈ 
ਸਰੂਰੀ ਮਾਹੌਲ ਹੈ  
ਹਰ ਕੋਈ ਲਗਦਾ
ਖੋਇਆ ਹੈ ਵਿੱਚ ਆਪੇ ।
 
ਓਸੇ ਘੜੀ ਮੈਨੂੰ ਵੀ
ਇੰਡੀਆ ਚੇਤੇ ਆਇਆ
ਕਿੱਥੇ ਐ ਉਹ ਬਸ ਦੀ
ਕਾਵਾਂ ਰੌਲੀ ਤੇ ਜ਼ਿੰਦੜੀ ਦੇ ਸੌ ਸਿਆਪੇ ??
08/06/2019


 
ਨਾਮ ਜਪਣਾ
 ਗੁਰਪ੍ਰੀਤ ਕੌਰ ਗੈਦੂ, ਯੂਨਾਨ

ਆਮ ਆਦਮੀ ਹੁਣ ਰੱਬ ਦਾ ਨਾਮ 
ਨਹੀਂ ਜਪ ਸਕਦਾ 
ਉਹ ਸੰਗਤ 
ਨਹੀਂ ਕਰ ਸਕਦਾ 
 
ਉਹ ਬਾਬੇ ਨਾਨਕ ਦਾ ਲੰਗਰ 
ਨਹੀਂ ਛਕ ਸਕਦਾ
ਸਮਾਧੀ-ਹੀਨ ਲੋਕਾਂ ਵਿੱਚ 
ਸਮਾਧੀ ਨਹੀਂ ਲਾ ਸਕਦਾ 
ਇਹ ਵਾਹਿਗੁਰੂ ਵਾਹਿਗੁਰੂ ਜਪਣ ਦੀ ਬਜਾਏ 
ਉਸ ਵਾਹਿਗੁਰੂ ਦੇ ਸ਼ੋਰ ਵਿੱਚ 
ਸ਼ਾਮਿਲ ਨਹੀਂ ਹੋ ਸਕਦਾ 
 
ਧਰਮ ਦੇ ਠੇਕੇਦਾਰਾਂ ਨੇ 
ਇਸ ਤੋਂ ਦਾਨ ਦੀ ਮੰਗ ਕੀਤੀ
ਤਾਂ ਇਹ ਕਿਥੋਂ ਦੇਵੇਗਾ ?
 
ਇਹ ਦਾਨ
ਰੱਬ ਦੀ ਦਿੱਤੀ ਦਾਤ ਨੂੰ 
ਪਾਲੇ ਕਿ ਦਾਨ ਕਰੇ !
 
ਉਹ ਤਾ ਕਿਰਤੀ ਹੈ
ਕਿਰਤ ਕਰਦਾ ਹੈ
ਕਿਥੇ ਹੈ ਉਸ ਕੋਲ
ਮਨ ਦੀ ਮੌਜ ਲਈ
ਵਿਹਲ ?
 
ਉਹ ਕਿਵੇਂ  ਜਪ ਲਵੇ
ਵੰਡ ਕੇ ਛਕੇ
ਉਸ ਕੋਲ ਦੇਣ ਲਈ
ਕੁਝ ਨੀ
 
ਆਮ ਆਦਮੀ
 ਹੁਣ ਨਾਮ ਨਹੀਂ ਜਪ ਸਕਦਾ ?
 
ਵੰਡ ਨੀ ਸਕਦਾ ?
ਉਸ ਦਾ ਮੂੰਹ  ਬੰਦ ਹੈ
ਹੁਣ ਕੀ ਕਰੇ ?
ਕੀ ਕਰੇ ?
01/06/2019

ਮੈਂ ਕੌਣ ਹਾਂ ?
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਉੱਠ ਸਵੇਰੇ ਕਰਾਂ ਇਸ਼ਨਾਨ 
ਪਾਠ ਕਰਾਂ ਮੈਂ ਬਾਬੇ ਨਾਨਕ ਦਾ 
ਬੈਠਾਂ ਜੋਗੀਆਂ ਵਾਲੀ ਸਮਾਧੀ ਲਾ ।
ਲਵਾਂ ਦੁਪੱਟਾ ਹਿਜਾਬ ਵਾਂਗੂ ਤੇ 
ਅੰਗਰੇਜ਼ਾਂ ਵਾਂਗਰਾਂ ਸੂਟ ਲਵਾਂ ਮੈਂ  ਪਾ।
ਕੌਣ ਹਾਂ ਮੈਂ ? 
ਮੈਂ ਕੀ ਜਾਣਾ ?
ਓਹ ਜਾਣੇ ਜੀਹਨੇ ਘੜਿਆ ਮੈਨੂੰ 
ਕਿੱਥੇ ਲੱਭਾਂ ਵੇ ਅੜਿਆ ਤੈਨੂੰ 
ਜੰਗਲ ਬੇਲੇ ਸੁੰਨ- ਮੁਸੁੰਨੇ 
ਨਾ ਮੰਦਿਰ, ਨਾ ਗੁਰੂਦੁਆਰੇ ਜੁੰਮੇ
ਮਸਜਿਦ ਵੀ ਜਾ-ਜਾ ਘੁੰਮੇ
ਗਾਫਿਲ ਮੈਂ, ਮੇਰੇ ਸੁੱਤੇ ਲੇਖ
ਕਰਾਂ ਵਿਖਾਵਾ ਪਾ ਕੇ  ਵੰਨ-ਸੁਵੰਨੇ ਭੇਖ,
ਭਟਕਦੀਆਂ ਰਾਹਾਂ
ਭਟਕਣ ਡਿੱਠੀ
ਕਰ- ਕਰ ਪਾਠ ਮੇਰੀ
ਰੜਕੇ ਅੱਖੀ,
ਐਵੇਂ ਰੌਲਾ ਪਾ ਕੇ
ਪੱਤ ਗਵਾਈ
ਐਵੇਂ ਵਿੱਚ ਭਰਮਾਂ ਦੇ
"ਪ੍ਰੀਤ" ਪਾਗਲ ਹੋਈ
ਅੰਦਰੇ ਅੰਦਰ ਅਲਖ ਜਗਾਈ 
ਲੱਭਿਆ ਅੰਦਰੋਂ ਅੰਦਰੀ
 ਪਾਰਗਰਾਮੀ ਪਾਰਬ੍ਰਹਮ 
 ਪ੍ਰਭ ਸੋਈ !!
01/06/2019

ਰਬਾਬੀ ਸਾਜ਼
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਮੇਰੇ ਰਬਾਬੀ ਅੰਤਰ ਮਨ ਵਿੱਚ 
ਕਿਸੇ ਉੱਚੇ ਦਰ ਦੇ
ਰਬਾਬੀ ਸਾਜ਼ ਛਿੜੇ ਨੇ ।
ਪਰੀਆਂ, ਤਾਰੇ ਤੇ ਜੁਗਨੂੰ 
ਵਜਾਵਣ ।
ਸਾਜੋ ਆਵਾਜ਼ ਲੈ ਕੇ 
ਆਵਣ ।
ਬੜੇ ਮਿਜਾਜ਼ੀ ਤੇ 
ਨਿਵਾਜ਼ੀ ਲੱਗਣ ਉਹ
ਕਦੇ ਨਾ ਡਿੱਠੇ ਲੱਗਣ ਉਹ ।
ਮੇਰਾ ਤਨ ਮਨ 
ਫਿਰੇ 
ਨਸ਼ਿਆਇਆ 
ਜੋ ਸੀ ਸਦੀਆਂ ਦਾ ਤਿਰਹਾਇਆ
ਇਸ ਪਾਰ ਦੇ ਉਹ ਲੱਗਣ ਨਾ 
ਓਹ ਪਾਰ ਡਿੱਠਿਆ ਕੀਹਨੇ
ਹੁਣ ਦੱਸੇ ਕੌਣ ?
ਇਸ ਪਾਰ ਦੇ 
ਕਿ ਉਸ ਪਾਰ ਦੇ ।
ਮੈਨੂੰ ਕੋਈ ਤਾਂ  ਸਮਝਾਵੇ ।
 ਪਰ ਮੇਰਾ ਮਨ ਕਰੇ 
ਬਸ 
ਹੁਣ ਵਜਦੇ ਈ ਰਹਿਣ 
ਬਸ ਵਜਦੇ ਈ ਰਹਿਣ ।
01/06/2019 


ਅੱਜ ਕੇਹਾ ਸਵੇਰਾ ਹੋਇਆ 

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਅੱਜ ਕੇਹਾ ਸਵੇਰਾ ਹੋਇਆ
ਮਨ ਸਮੁੰਦਰੋਂ ਡੂੰਘਾ ਹੋਇਆ
ਪੌਣ ਗਮਾਂ ਵਿੱਚ ਸੁਲਘੇ 
ਅੱਜ ਫਿਰ ਮਨ ਭਰ ਆਇਆ।
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਸੂਰਜ ਮਹਾਂ ਉਦਾਸਿਆ 
ਪੰਛੀ ਨਾ ਨੱਚਦੇ ਨਾ ਟਪਦੇ
ਨਾ ਹੀ ਕੋਈ ਮਿੱਠੜਾ ਗੀਤ ਸੁਣਾਇਆ  
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਚਾਰ ਚੁਫੇਰੇ ਸੁੰਨ ਸਰਾਂ 
ਸਮਝ ਨਾ ਆਵੇ ਅਜਬ
ਇਹ ਸੱਤ ਬੇਗਾਨਾ ਗਰਾਂ
ਮਨ ਸੁਥਰਾ ਬੌਰਾ  ਹੋਇਆ
ਅੱਜ ਕੇਹਾ ਸਵੇਰਾ ਹੋਇਆ
 
ਅੱਜ ਕੇਹਾ ਸਵੇਰਾ ਹੋਇਆ 
ਇੱਕ ਇੱਕ ਕਰਕੇ ਵਾਰੀ-ਵਾਰੀ
ਮੁੱਢ ਤੋਂ ਲੈ ਕੇ ਹਰ ਗਮ ਨੇ 
ਬੰਨ੍ਹ ਕੇ ਤੰਬੂ ਆ ਡੇਰਾ ਲਾਇਆ
ਅੱਜ ਕੇਹਾ ਸਵੇਰਾ ਹੋਇਆ ।
 
ਅੱਜ ਕੇਹਾ ਸਵੇਰਾ ਹੋਇਆ 
ਇਹ ਨੈਣਾਂ ਦੀਆਂ ਸੋਹਜ 
ਸਚਿਆਰੀਆਂ ਵਿਚਾਰੀਆਂ
ਨਦੀਆਂ ਦੇ ਵਿੱਚ ਇਹ ਕੇਹਾ ਹੜ੍ਹ ਆਇਆ 
ਅੱਜ ਕੇਹਾ ਸਵੇਰਾ ਹੋਇਆ 
 
ਅੱਜ ਕੇਹਾ ਸਵੇਰਾ ਹੋਇਆ 
ਮਨ ਸਮੁੰਦਰੋਂ ਡੂੰਘਾ ਹੋਇਆ 
ਪੌਣ ਗਮਾਂ ਵਿੱਚ ਸੁਲਘੇ 
ਅੱਜ ਫਿਰ ਮਨ ਭਰ ਆਇਆ
ਅੱਜ ਕੇਹਾ ਸਵੇਰਾ ਹੋਇਆ ।
31/05/2019 


ਮੇਰੀ ਰੂਹ ਦਾ ਅਣਜਾਣ ਸਫਰ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਨਾ ਮੇਰਾ ਰੰਗ , 
ਨਾ ਮੇਰਾ ਰੂਪ ।
ਕਿੱਧਰੋਂ ਆਈ ਤੇ ,
ਕਿੱਧਰ ਜਾਣਾ ।
ਅਕਾਲ ਸਫਰ , 
ਭਟਕਣ ਦਰ-ਬ-ਦਰ ।
ਨਾ ਕੋਈ ਪਤਾ , 
ਨਾ ਕੋਈ ਠਿਕਾਣਾ ।
ਨਾ ਕੋਈ ਜਾਣੇ ,
ਨਾ ਮੈਂ ਜਾਣਾ । 
ਸਦੀਆਂ ਤੋਂ ਅਕਹਿ ,
ਪੀੜਾਂ ਤੋਂ ਅਸਹਿ ।
ਪਰ ਸਫਰ ਨਹੀਂ ਪਤਾ 
ਕਦੋਂ ਹੋਣਾ ਤਹਿ ।
ਕਰਾਂ ਕੋਈ ਹੀਲਾ ,
ਕਰਾਂ ਕੋਈ ਵਸੀਲਾ ।
ਮੁਕਾ ਕੇ ਇਹ ਪੈਂਡਾ 
ਹਸਰਤਾਂ ਦਾ ਇਹ ਕਬੀਲਾ ।
ਕਦੋਂ ਜਾਵਾਂ ਸਾਈਂ ਕੋਲ ,
ਹਰ ਦੁੱਖੜਾ ਲਵਾਂ ਫਰੋਲ ।
ਹੁਣ ਗੱਲ ਇਹੀ ਮੰਨਾ ,
ਬਸ ਇਹੀ ਹੁਣ ਤਮੰਨਾ ।
 30/05/2019
 
ਰੰਗ

ਗੁਰਪ੍ਰੀਤ ਕੌਰ ਗੈਦੂ, ਯੂਨਾਨ
 
gurpreetK-gaidu01ਹਾਂ ਸਖੀ,
ਤੇਰੀ ਗੱਲ ਤਾਂ 
ਵਾਜਿਬ ਐ,
ਦੁਨੀਆਂ ਰੰਗ ਬਿਰੰਗੀ
ਭਾਵੇ ਮਨ ਨੂੰ ।
ਪਰ ਜਦੋਂ ਕਦੇ 
ਰੰਗਾਂ ਨਾਲ ਵੀ
ਧੱਕੇ ਸ਼ਾਹੀ ਹੁੰਦੀ ਦੇਖਾਂ। 
ਫਿਰ ਦਿਲ ਨੂੰ ਤਰਸ ਜਿਹਾ ਆਉਂਦੈ ਰੰਗਾਂ ਤੇ
ਫਿਰ ਦਿਲ ਨੂੰ 
ਖੋਹ ਜਿਹੀ ਪੈਂਦੀ ਐ।
ਫਿਰ ਮਨ ਨੂੰ ਨਾ 
ਇਹ ਭਾਉਂਦੀ ਗੱਲ।
ਫਿਰ ਦਿਲ ਕਰੇ 
ਇਹਨਾਂ ਨੂੰ ਰਲਾ ਕੇ 
ਇੱਕੋ ਈ ਬਣਾ ਦਿਆਂ।
ਸਾਰੇ ਰੰਗਾਂ ਦਾ 
ਭੇਦ ਈ ਮਿਟਾ ਦਿਆਂ
ਬਸ ਸਫੇਦੋ ਸਫੇਦ ਹੀ 
ਬਣਾ ਦਿਆਂ ।
ਚਲਾਕ ਜਿਹਾ ਮਨੁੱਖ 
ਆਪ ਤਾਂ ਵੰਡਿਆ ਈ ਸੀ
ਇਹਨਾਂ ਭੋਲੇ ਭਾਲੇ ਜਿਹੇ 
ਮਾਸੂਮ ਜਿਹੇ ਰੰਗਾਂ ਨੂੰ 
ਵੀ ਨਾ ਬਖਸ਼ਿਆ ।
ਕੋਈ ਖੁਸ਼ੀ ਦਾ
ਤੇ ਕੋਈ ਗਮੀ ਦਾ ਬਣਾ 
ਰੰਗਾਂ ਨੂੰ ਵੀ ਵੰਡ ਕੇ ਰੱਖ ਦਿੱਤਾ ।
 16/05/2019

ਪੈੜਾਂ /ਯਾਦਾਂ 
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹਨਾਂ ਪੈੜਾਂ ਦਾ
ਮੈਂ ਕੀ ਕਰਾਂ?
ਇਹਨਾਂ ਮੈਨੂੰ
 ਬੜਾ ਸਤਾਇਆ।
 
ਨਾ ਸਰਦੀ ਨਾਲ 
ਸੀਤਲ ਹੋਈਆਂ।
ਨਾ ਗਰਮ ਪਵਨ ਨੇ 
ਲੂਹੀਆਂ। 
 
ਮੈਨੂੰ ਘਰ  ਤੱਕ 
ਸਤਾਵਣ ਆਈਆਂ ।
ਮੇਰੀਆਂ ਪੈੜਾਂ ਮੈਨੂੰ
ਚਿੜ੍ਹਾਵਣ ਆਈਆਂ।
 
ਇਹ ਅਸਮਾਨੀ 
ਪੁੱਜੀਆਂ ਪੈੜਾਂ।
ਮੇਰੇ ਸਿਰ ਉੱਤੇ
ਗਮ ਬਰਸਾਵਣ ਆਈਆਂ।
 
ਮੈਨੂੰ ਧੱਕੇ ਦੇਹ,
ਦੇਣ ਹਲੂਣੇ ।
ਮੇਰੇ ਵਲ ਵਲੇ ਹੋਏ ਦੂਣੇ।
ਮੇਰਾ ਹੌਸਲਾ ਢਾਵਣ ਆਈਆਂ ।
 
ਜੀ ਕਰੇ ਕਿਣਕਾ ਕਿਣਕਾ 
ਕਾਇਨਾਤ ਦਾ
ਜੋੜ ਲਵਾਂ ਮੈਂ।
ਕੱਢਾਂ ਅਰਕ 
ਨਿਚੋੜ  ਲਵਾਂ ਮੈਂ।
ਬੀਤਿਆ ਸਮਾਂ 
ਦਿਖਾਵਣ ਆਈਆਂ।
 
ਕੀ  ਇਹਨਾਂ ਨੇ ਮੈਨੂੰ
ਕਰਨਾ ਕਹਿਣਾ।
ਜੇ ਇਹਨਾਂ ਨੂੰ ਵਾਪਿਸ 
ਮੋੜ ਦਿਆਂ ਮੈਂ।
ਬੱਸ ਸਾਹ ਮੇਰਾ
ਕੱਢਾਵਣ ਆਈਆਂ।
17/05/2019

ਦਰਦ
ਚੱਲ ਵੇ ਦਰਦਾ
ਤੈਨੂੰ ਵੰਡ ਵੰਡਾ ਕੇ ਆਵਾਂ,
ਉਂਗਲੀ ਫੜ੍ਹ ਤੇ ਤੈਨੂੰ ਕਿੱਧਰੇ 
ਛੱਡ ਕੇ ਆਵਾਂ।
 
ਲੋਕੀਂ ਕਹਿਣ 
ਤੂੰ ਵੰਡਿਆ ਘਟਦੈਂ 
ਚੱਲ ਤੈਨੂੰ ਘੱਟ ਘਟਾ ਕੇ 
ਲਿਆਵਾਂ!
ਸੁੱਟਾਂ ਦੂਰ ਤੇ 
ਤੈਥੋਂ ਲੁਕ- ਲੁਕ ਆਵਾਂ ।
 
ਮੁੱਠੀ-ਮੁੱਠੀ ਵੰਡਾਂ 
ਤੇ ਪੰਡ-ਪੰਡ ਚੁੱਕ 
ਲਿਆਵਾਂ।
ਇਹ ਦੂਣਾ ਚੌਣਾ 
ਪਲਾਂ 'ਚ ਕਰ ਲਿਆਵਾਂ।
 
ਡਰਦਾ- ਡਰਦਾ ਦਰਦ ਵੀ 
ਮੇਰੇ ਕੋਲ ਹੀ ਬਹਿ ਗਿਆ 
ਗੋਡੇ ਲੱਗ ਲੱਗ 
ਹੁਬਕੀ-ਹੁਬਕੀ ਰੋਇਆ  
ਦਰਦ ਨੂੰ ਮੇਰੇ ਤੇ
ਦਰਦ ਜਿਹਾ ਸੀ ਆਇਆ।
 
ਗਿਆ ਸੀ ਉਂਗਲੀ ਫੜ੍ਹ ਕੇ 
ਗਲ ਲੱਗ ਕੇ ਮੁੜਿਆ 
ਗਈ ਸੀ ਕਿੱਧਰੇ ਵੰਡਣ-ਵੰਡਾਉਣ,
ਪਰ ਮੇਰੇ ਸਿਰ ਤੇ ਚੜ੍ਹਿਆ 
ਮੇਰਾ ਹੀ ਦਰਦ ਸੀ 
ਮੇਰਾ ਹੀ ਹੋ ਕੇ ਮੁੜਿਆ ।
 
ਦੋਰਾਹਾ
ਦੋਰਾਹਾ ਮੇਰੇ ਸਾਹਮਣੇ ਸੀ,
ਪਰ ਮੇਰਾ ਕਿਸੇ ਵੀ
ਰਾਹ ਵੱਲ ਮੂੰਹ ਨਹੀਂ ਸੀ ਹੋ ਰਿਹਾ,
ਕੋਈ ਇੱਕ ਰਾਹ ਚੁਣਿਆ ਨਹੀਂ ਜਾ ਰਿਹਾ ਸੀ ।
ਉੱਠਦੀ,ਕੋਸ਼ਿਸ਼ ਕਰਦੀ,
ਕਿਸੇ ਰਾਹ ਵੱਲ ਵਧਣ ਦੀ,
ਪਰ ਪਰੇਸ਼ਾਨ ਹੋ 
ਫਿਰ ਬੈਠ ਜਾਂਦੀ।
ਫੈਸਲਾ ਕਰਨਾ ਮੈਨੂੰ,
ਬਹੁਤ ਕਠਿਨ ਤੇ ਮੁਸ਼ਕਿਲ
ਮਾਲੂਮ ਹੋ ਰਿਹਾ ਸੀ।
ਮਨ ਦੋਚਿੱਤੀ ਵਿੱਚ ਫਸਿਆ ਹੋਇਆ  ਸੀ।
ਏਸੇ ਕਸ਼ਮ-ਕਸ਼ ਵਿੱਚ
ਕਿ ਤੁਰਾਂ ਕਿ ਨਾ, 
ਰਾਹ ਵੱਲ ਵਧਾਂ ਕਿ ਨਾ-
ਆਪਣੇ ਆਪ ਨਾਲ ਜੱਦੋ-ਜਹਿਦ
ਕਰ ਰਹੀ ਸੀ।
ਸੋਚ ਵਿੱਚ ਡੁੱਬੀ ਬੈਠੀ ਸਾਂ,
ਕਿ ਏਨੇ ਨੂੰ ਇੱਕ ਆਵਾਜ਼ 
ਮੇਰੇ ਕੰਨਾਂ ਵਿੱਚ ਪਈ ।
ਸਿਰਫ ਆਵਾਜ਼ ਹੀ ਨਹੀਂ ਸੀ, 
ਇੱਕ ਤਾਹਨਾ ਸੀ।
ਮਾਂ ਦੀ ਓਸ ਘੂਰ ਵਰਗੀ ਆਵਾਜ਼-
ਜੀਹਦੇ ਵਿੱਚ ਹੱਲਾਸ਼ੇਰੀ ਵੀ ਸੀ
ਗੁੱਸਾ ਵੀ, ਤਾਹਨਾ ਵੀ, 
ਤੇ ਢੇਰ ਸਾਰਾ ਪਿਆਰ ਵੀ।
ਇਹ ਆਵਾਜ਼ ਮੈਨੂੰ 
ਇਕ ਰਾਹ ਵੱਲੋਂ ਆਈ ਸੀ,
ਦੋਹਾਂ ਵਿੱਚੋਂ ਇੱਕ ਰਾਹ 
ਮੈਨੂੰ ਉਲਾਂਭਾ ਦੇ ਰਿਹਾ ਸੀ।
 ਮੈਂ ਤੇਰਾ ਰਾਹ ਹਾਂ
ਕੋਈ ਹੋਰ ਨਹੀਂ ,
ਮੈਂ ਹੀ ਤੈਨੂੰ ਤੇਰੀ ਮੰਜ਼ਿਲ 'ਤੇ ਪਹੁੰਚਾਵਾਂਗਾ, 
ਮੈਂ ਹੀ ਤੇਰਾ ਸਾਥੀ ਬਣਾਂਗਾ।
ਬਸ ਤੂੰ ਇੰਝ ਕਰ,
ਤੁਰੀ ਚੱਲ ।
"ਰਸਤੇ ਵਿੱਚ ਜੋ ਵੀ ਆਵੇ,
ਜੋ ਵੀ ਹੋਵੇ,
ਤੈਨੂੰ ਸਤਾਵੇ ਤੈਨੂੰ ਭਟਕਾਵੇ, 
ਪਰ ਤੂੰ ਮੈਨੂੰ ਛੱਡੀ ਨਾ।
ਮੈਂ ਹੀ ਇੱਕ ਦਿਨ
ਤੈਨੂੰ ਤੇਰੀ ਮੰਜ਼ਿਲ ਤੇ ਪਹੁੰਚਾਵਾਂਗਾ।"
ਮੈਨੂੰ ਇਸ ਤਾਹਨੇ ਨੇ ਹਲੂਣਿਆ,
ਝਿੜਕਿਆ ਤੇ ਝੰਜੋੜਿਆ,
ਮੈਂ ਉੱਠ ਕੇ ਰਾਹ ਵੱਲ ਨੂੰ ਹੋ ਤੁਰੀ,
ਆਪਣੀ ਮੰਜ਼ਿਲ ਵੱਲ।
ਫੈਸਲਾ ਕਰਨਾ
ਆਸਾਨ ਹੋ ਗਿਆ 
ਤੇ ਮੇਰੇ ਕਦਮ ਆਪ-ਮੁਹਾਰੇ ਹੀ
ਮੰਜ਼ਿਲ ਵੱਲ ਨੂੰ ਹੋ ਤੁਰੇ।
18/05/2019
 

 

ਗੁਰਪ੍ਰੀਤ ਕੌਰ ਗੈਦੂ 
Ajit Singh  rightangleindia@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com