WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਅਮਰਦੀਪ ਕੌਰ
 
ਪੰਜਾਬ

ਦਿਲ ਕਰਦਾ
ਅਮਰਦੀਪ ਕੌਰ, ਪੰਜਾਬ

ਹਰ ਜ਼ਖਮ ਨੂੰ ਮਿਲ ਜਾਏ ਮੱਲ੍ਹਮ
ਅਜਿਹੇ ਸ਼ਬਦਾਂ ਦਾ ਜਾਮਾ ਪਹਿਨਾਵਾ
ਦਿਲ ਕਰਦਾ ਕਿਸੇ ਸ਼ਾਇਰ ਦੀ
ਅਮਰ ਕਵਿਤਾ ਮੈਂ ਬਣ ਜਾਵਾਂ
 
ਹਰ ਬੇਸਹਾਰੇ ਮਾਸੂਮ ਨੂੰ
ਮਮਤਾ ਦੀ ਗੂੜ੍ਹੀ ਨੀਂਦ ਸੁਲਾਵਾਂ
ਦਿਲ ਕਰਦਾ ਕਿਸੇ ਮਾਂ ਦੀ ਗਾਈ
ਬੱਚੇ ਲਈ ਲੋਰੀ ਬਣ ਜਾਵਾਂ
 
ਵਿਹੜੇ ਦੀ ਰੌਣਕ ਮੈਂ ਹੋਜਾਂ
ਨੱਚ ਨੱਚ ਕੇ ਮੈਂ ਧਰਤ ਹਿਲਾਵਾਂ
ਦਿਲ ਕਰਦਾ ਹਰ ਧੀ ਖੁਸ਼ ਕਰਦਾਂ
ਗਿੱਧੇ ਦੀ ਬੋਲੀ ਬਣ ਜਾਵਾਂ
 
ਬੰਦ ਹੋਈਆਂ ਸਭ ਅੱਖਾਂ ਖੁੱਲ ਜਾਣ
ਐਸਾ ਕੋਈ ਸੰਗੀਤ ਬਣਾਵਾਂ
ਦਿਲ ਕਰਦਾ ਜੋ ਕੋਈ ਨਾ ਭੁੱਲੇ
'ਅਮਰ' ਲੋਕ ਗੀਤ ਬਣ ਜਾਵਾਂ
05/02/2018
 

ਮੇਰੀ ਹੋਂਦ
ਅਮਰਦੀਪ ਕੌਰ, ਪੰਜਾਬ

ਮੇਰੀ ਹੋਂਦ ਨੂੰ ਨੋਚਣ ਵਾਲਿਓ
ਕਿਵੇਂ ਮਾਂ ਨੂੰ ਮੂੰਹ ਦਿਖਾਵੋਗੇ
ਜਨਮ ਦਾਤੀ ਦਾ ਸਿਰ ਝੁਕ ਜਾਊ
ਕਿੱਥੇ ਆਪਣਾ ਆਪ ਛੁਪਾਵੋਗੇ
 
ਮੇਰੀ ਹੋਂਦ ਨੂੰ ਤਾਰ ਤਾਰ ਕਰਨ ਵਾਲਿਓ
ਭੈਣ ਤੋਂ ਰੱਖੜੀ ਕਿੰਝ ਬੰਨਵਾਵੋਗੇ
ਕਿਵੇਂ ਬਣੋਗੇ ਇੱਜ਼ਤਾਂ ਦੇ ਰਾਖੇ
ਜਦੋਂ ਆਪ ਹੀ ਲੁਟੇਰੇ ਬਣ ਜਾਵੋਗੇ
 
ਮੇਰੀ ਹੋਂਦ ਨੂੰ ਝਰੀਟਣ ਵਾਲਿਓ
ਕਿਵੇਂ ਧੀ ਨੂੰ ਤੁਸੀਂ ਸੰਭਾਲੋਗੇ
ਆਪਣੇ ਵਹਿਸ਼ੀ ਤੇ ਜੰਗਲੀਪੁਣੇ ਤੋਂ
ਉਸ ਮਾਸੂਮ ਨੂੰ ਕਿਵੇਂ ਬਚਾਵੋਗੇ
 
ਮੇਰੀ ਹੋਂਦ ਨੂੰ ਲਹੂ ਲੁਹਾਨ ਕਰਨ ਵਾਲਿਓ
ਕਿਸ ਮੂੰਹ ਨਾਲ ਪਤਨੀ ਕੋਲ ਜਾਵੋਗੇ
ਤੋੜ ਕੇ ਆਪਣੀਆਂ ਸਾਰੀਆਂ ਹੱਦਾਂ
ਕਿਹੜੀ ਵਫਾ ਤੁਸੀਂ ਨਿਭਾਵੋਗੇ
 
ਔਰਤ ਨੂੰ ਸ਼ਰਮਸਾਰ ਕਰਾਉਣ ਵਾਲਿਓ
ਸ਼ਰਮਸਾਰ ਹੈ  ਤੁਹਾਡੀ ਭੈਣ ਤੇ ਮਾਂ
ਸ਼ਰਮਸਾਰ ਹੈ ਤੁਹਾਡੀ ਧੀ ਤੇ ਪਤਨੀ
ਸ਼ਰਮਸਾਰ ਹੈ ਸਾਰੀ ਦੁਨੀਆਂ
 
'ਅਮਰ' ਦੀ ਰੱਬਾ ਕਬੂਲ ਕਰੀਂ
ਇੱਕ ਨਿਮਾਣੀ ਜਿਹੀ ਅਰਦਾਸ
ਉਸ ਔਰਤ ਨੂੰ ਬਾਂਝ ਹੀ ਰੱਖੀਂ
ਜੇ ਨਿਕਲਣੀ ਹੋਵੇ ਅਜਿਹੀ ਔਲਾਦ

21/01/2018


ਆਓ ਇੱਕ ਨਵੀਂ ਲੋਹੜੀ ਮਨਾਈਏ
ਅਮਰਦੀਪ ਕੌਰ, ਪੰਜਾਬ

ਨਸ਼ਿਆਂ ਦਾ ਕਰੀਏ ਬਾਲਣ ਕੱਠਾ
ਈਰਖਾ ਸਾੜਾ ਵਿੱਚ ਰਲਾਈਏ
ਗਿਆਨ ਦਾ ਜਲਾ ਕੇ ਦੀਪਕ
ਸਭ ਬੁਰਾਈਆਂ ਅਗਨ ਭੇਟ ਚੜਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ

ਗਿਲੇ ਸ਼ਿਕਵੇ ਸਭ ਭੁੱਲ ਭੁਲਾ ਕੇ
ਪਿਆਰ ਦੀ ਗਲਵੱਕੜੀ ਪਾਈਏ
ਮਿਠਾਸ ਨਾਲ ਗੜੁੰਦ ਰਿਓੜੀ ਲੈ ਕੇ
ਇੱਕ ਦੂਜੇ ਦੇ ਮੂੰਹ ਵਿੱਚ ਪਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ

ਗਲੀ ਮੁਹੱਲਾ ਸਭ ਕੱਠਾ ਕਰੀਏ
ਗਿੱਧੇ, ਭੰਗੜੇ, ਕਿੱਕਲੀਆਂ ਪਾਈਏ
ਸੱਭਿਆਚਾਰ ਦਾ ਜੋ ਨਾਂ ਨਹੀਂ ਜਾਣਦੇ
ਰੀਤ ਰਿਵਾਜਾਂ ਸਭ ਕਰ ਦਿਖਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ

ਸੜਕਾਂ ਤੇ ਲੰਗਰ ਲਾਵਣ ਨਾਲੋਂ
ਮਾਂ ਬਾਪ ਦੇ ਮੂੰਹ ਚਂ ਬੁਰਕੀ ਪਾਈਏ
ਵਰਤ ਸਰਾਧ ਕਰਨ ਤੋਂ ਚੰਗਾ
ਬਿਰਧ ਆਸ਼ਰਮ ਸਭ ਖਤਮ ਕਰਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ

ਧੀਆਂ ਦੀ ਲੋਹੜੀ ਚੰਗੀ ਗੱਲ ਹੈ
ਪਰ ਬਣਦੇ ਅਧਿਕਾਰ ਵੀ ਦਵਾਈਏ
ਧੀਆਂ ਪੁੱਤਰ ਸਭ ਬਰਾਬਰ
ਰੌਲਿਆਂ ਵਿੱਚ ਹੀ ਨਾ ਗੱਲ ਮੁਕਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
10/01/18

 

ਇੱਕੋ ਧਰਮ-ਮਨੁੱਖਤਾ
ਅਮਰਦੀਪ ਕੌਰ, ਪੰਜਾਬ

ਭੁੱਖਾ ਕਦੇ ਕੋਈ ਸੋਵੇ ਨਾ
ਅਨਾਥ ਕਦੇ ਕੋਈ ਹੋਵੇ ਨਾ

ਸੁੱਕ ਜੇ ਨਸ਼ਿਆਂ ਦਾ ਦਰਿਆ
ਰੰਢੇਪਾ ਕਦੇ ਕੋਈ ਢੋਵੇ ਨਾ

ਹਰੀਆਂ ਭਰੀਆਂ ਹੋਵਣ ਫਸਲਾਂ
ਪਾਪ ਦੇ ਬੀਜ ਕੋਈ ਬੋਵੇ ਨਾ

ਧੀ ਹਰ ਇੱਕ ਦੀ ਹੋਵੇ ਸਾਂਝੀ
ਇੱਜ਼ਤ ਕਦੇ ਕੋਈ ਰੋਲੇ ਨਾ

ਇਨਸਾਫ਼ ਅੱਖਾਂ ਤੋਂ ਪੱਟੀ ਖੋਲ੍ਹੇ
ਤਾਂ ਹੱਕ ਕੋਈ ਕਿਸੇ ਦਾ ਖੋਵੇ ਨਾ

ਬੰਦ ਹੋ ਸਕਦਾ ਖੂਨ ਖ਼ਰਾਬਾ
ਜੇ ਧਰਮ ਅਧਰਮ ਕਦੇ ਹੋਵੇ ਨਾ

ਸਭ ਦਾ ਧਰਮ ਜੇ ਮਨੁੱਖਤਾ ਹੋਵੇ
ਤਾਂ ' ਅਮਰ 'ਖੂਨ ਦੇ ਹੰਝੂ ਕੋਈ ਰੋਵੇ ਨਾ
05/01/2018
 

 

ਅਮਰਦੀਪ ਕੌਰ ਪੰਜਾਬ
kauramardip@gmail.com

05/01/2018


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com