WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਰਵਾਇਤੀ ਢੰਗਾਂ ਨੂੰ ਕੁਝ ਨਵਾਂ ਆਖਣ ਲਈ ਕਿਵੇਂ ਵਰਤੀਏ
- ਲੇਖਕ: ਪੀਐਰ ਲੀਉਨੈਲ ਮੱਤ (ਅਨੁਵਾਦ: ਸੁਕੀਰਤ)

“ਕੋਈ ਇੱਕੋ ਵੇਲੇ ਦੋ ਜਾਂ ਵੱਧ ਸਭਿਆਚਾਰਾਂ ਵਿਚ ਨਹੀਂ ਜਿਉਂ ਸਕਦਾ; ਇੱਕ ਸਭਿਆਚਾਰ ਦੀਆਂ ਕਈ ਕਦਰਾਂ ਦੂਜੇ ਸਭਿਆਚਾਰ ਵਿਚ ਆਣ ਕੇ ਬੇਮਾਇਨਾ ਹੋ ਜਾਂਦੀਆਂ ਹਨ। ਸਗੋਂ ਤੁਹਾਨੂੰ ਆਪਣੇ ਪਿਛਲੇ ਤੇ ਹੁਣ ਦੇ ਸਭਿਆਚਾਰ ਤੋਂ ਪ੍ਰਾਪਤ ਤਜਰਬਿਆਂ ਦੇ ਆਧਾਰ ਤੇ ਕੁਝ ਨਵਾਂ ਸਿਰਜਣਾ ਚਾਹੀਦਾ ਹੈ। ਆਪਣੇ ਸਭਿਆਚਾਰ ਨੂੰ ਖੁਦ ਘੜੋ, ਆਪਣੇ ਨਿਜੀ ਆਦਰਸ਼ ਆਪ ਥਾਪੋ..”

ਨਿਰਮਲ ਸਿੰਘ ਧੌਂਸੀ
ਦੀ
ਚਿੱਤਰਕਲਾ ਪ੍ਰਦਰਸ਼ਨੀ

ਇਹ ਹਨ ਨਿਰਮਲ ਸਿੰਘ ਧੌਂਸੀ ਦੇ ਵਿਚਾਰ ਜਦੋਂ ਉਹ ਉਨ੍ਹਾਂ ਅਨੁਭਵਾਂ ਦੀ ਗਲ ਕਰਦਾ ਹੈ ਜਿਨ੍ਹਾਂ ਨੇ ਉਸਦੀ ਕਲਾਤਮਕ ਸਿਰਜਣਾ ਨੂੰ ਪ੍ਰਭਾਵਤ ਕੀਤਾ; ਨਾਰਵੇ ਵਿਖੇ ਸਥਾਪਤ ਹੋਣ ਵਿਚ ਸਹਾਈ ਹੋਏ। ਨਵੀਂ ਤਰਜ਼ ਦੀ ਜ਼ਿੰਦਗੀ ਨੂੰ ਖੁਲ੍ਹੇ ਮਨ ਤੇ ਜਗਿਆਸਾਪੂਰਵਕ ਗ੍ਰਹਿਣ ਕਰਨ ਨਾਲ ਹੀ ਆਪਣੀ ਸ਼ਖਸੀਅਤ ਦਾ ਅਜਿਹਾ ਵਿਕਾਸ ਕੀਤਾ ਜਾ ਸਕਦਾ ਹੈ ਜਿਸ ਵਿਚ ਅੱਜ ਤੇ ਬੀਤ ਚੁੱਕੇ ਕੱਲ੍ਹ ਦਾ ਸੁਮੇਲ ਹੋਵੇ।

90ਵਿਆਂ ਦੇ ਸਮੁੱਚੇ ਦਹਾਕੇ ਵਿਚ ਨਿਰਮਲ ਸਿੰਘ ਦੀ ਕਲਾ ਆਪਣੀ ਵਿਸ਼ੇਸ਼ ਦ੍ਰਿਸ਼ਟੀਗਤ ਭਾਸ਼ਾ ਸਿਰਜਣ ਵਲ ਰੁਚਿਤ ਰਹੀ। ਆਪਣੇ ਵਿਕਾਸ ਲਈ ਉਸਨੇ ਢੁੱਕਵੇਂ ਸੁਰ ਤੇ ਸਥਾਨ ਦੀ ਤਲਾਸ਼ ਕੀਤੀ। ਉਸਦੇ ਬਹੁਤੇ ਚਿਤਰਾਂ, ਕੋਲਾਜਾਂ ਤੇ ਪੇਂਟਿੰਗਾਂ ਨੂੰ ਆਪਸ ਵਿਚ ਜੋੜਨ ਵਾਲਾ ਇੱਕ ਖੰਡਤ ਪਰ ਮੋਕਲਾ ਬਿੰਬ-ਜਗਤ ਹੈ । ਇਸ ਬਿੰਬ-ਜਗਤ ਵਿਚ ਭਾਰਤੀ ਲਘੂ-ਚਿਤਰਾਂ, ਧਾਰਮਕ ਰੀਤਾਂ ਤੋਂ ਲੈ ਕੇ ਆਧੁਨਿਕ ਝੁਕਾਵਾਂ ਜਿਵੇਂ ਕਿ ਅਮੂਰਤ ਅਭਿਵਿਅੰਜਨਵਾਦ, ਕਾਮੁਕਤਾ, ਰੇਖਾਗਣਿਤ ਅਤੇ ਰੰਗ-ਪ੍ਰਤੀਕਵਾਦ ਆਦਿ ਤੱਕ ਦੇ ਸੰਦਰਭ ਸ਼ਾਮਲ ਹਨ। ਉਸਦੀ ਸਿਰਜਣਾ ਸ਼ੈਲੀ ਦਾ ਘੇਰਾ ਚੌੜਾ ਹੈ-ਯਥਾਰਥਕ ਤੇ ਵਿਸਤ੍ਰਤ ਸਿਆਹੀ-ਚਿਤਰਾਂ ਤੋਂ ਲੈ ਕੇ ਬੇਤਰਤੀਬ ਜਾਪਦੇ ਰੰਗ ਧੱਬਿਆਂ ਤੀਕ, ਗੱਤੇ ਦੇ ਟੁਕੜਿਆਂ ਦੀਆਂ ਜੜਤਾਂ ਤੋਂ ਲੈ ਕੇ ਚਿਤਰ-ਪ੍ਰਤੀਰੂਪਾਂ, ਤੇ ਬੁਣੇ ਕੱਪੜੇ ਦੀਆਂ ਪੱਟੀਆਂ ਤੀਕ । ਕੁਝ ਕਿਰਤਾਂ ਵਿਚਲੇ ਬਿੰਬ ਪੇਂਟ ਦੀਆਂ ਪੇਤਲੀਆਂ ਪਰਤਾਂ ਜਾਂ ਪਤਲੇ ਕੱਪੜੇ ਹੇਠ ਅਰਧ-ਕੱਜੇ ਹੋਏ ਹਨ। ਕੁਝ ਹੋਰਨਾ ਵਿਚ ਸਾਨੂੰ ਤੀਖਣ ਰੰਗਾਂ ਦੇ ਪਸਾਰ ਫੈਲੇ ਦਿਸਦੇ ਹਨ । ਇਹੋ ਜਿਹੀ ਕਲਾ, ਉਤਸੁਕਤਾ ਜਗਾਉਂਦੀ ਹੈ ਤੇ ਖਿਆਲ ਆਉਂਦਾ ਹੈ ਕਿ ਇਹ ਹਾਸ-ਰਸ ਨਾਲ ਵੀ ਓਤ-ਪੋਤ ਹੈ।

ਜਿਹੜੇ ਕਲਾਕਾਰ ਗੈਰ-ਪੱਛਮੀ ਰਵਾਇਤਾਂ ਤੋਂ ਲਏ ਸੰਦਰਭ ਵਰਤਦੇ ਹਨ, ਉਨ੍ਹਾਂ ਨੂੰ ਬੜੀ ਵੇਰ ਖਦਸ਼ਾ ਰਹਿੰਦਾ ਹੈ ਕਿ ਬਹੁ-ਸਭਿਆਚਾਰੀ ਤੇ ਖੁਲ਼੍ਹ-ਮਨਾ ਹੋਣ ਦੀ ਚਾਹਨਾ ਰੱਖਣ ਵਾਲੇ ਪਰਿਪੇਖ ਵਿਚ ਕਿਤੇ ਉਨ੍ਹਾ ਦੀ ਪਛਾਣ ਨਿਰੀ ਸਜਾਵਟੀ ਜਾਂ ਵੱਖ-ਧਰਮੀ ਕਲਾਕਾਰ ਵੱਜੋਂ ਹੀ ਨਾ ਪੱਕ ਜਾਵੇ। ਨਿਰਮਲ ਸਿੰਘ ਨੇ ਆਪਣੀ ਕਲਾ ਸਿਰਜਣਾ ਨੂੰ ਸਭਿਆਚਾਰਾਂ ਦੇ ਦਰਮਿਆਨ ਇਕ ਅਨਿਸਚਿਤ ਥਾਂ ਤੇ ਰੱਖਿਆ ਹੈ। ਜਿਵੇਂ ਉਹ ਕੋਈ ਅਧੂਰੀ ਅੜਾਉਣੀ ਵਿਓਂਤ ਰਿਹਾ ਹੋਵੇ ਜਿਸਦੇ ਹਿੱਸੇ ਵਿਰੋਧੀ ਦਿਸ਼ਾਵਾਂ ਵਿੱਚ ਭੁੜਕ ਰਹੇ ਹੋਣ। ਸਾਨੂੰ ਜਾਪਦਾ ਹੈ ਕਿ ਕਿਸੇ ਇਕ ਹਿੱਸੇ – ਜਿਹੜਾ ਸਾਡੀ ਸਮਝੋਂ ਬਾਹਰਾ ਸੀ - ਦੀ ਕੁੰਜੀ ਸਾਨੂੰ ਲੱਭ ਪਈ ਹੈ, ਪਰ ਏਨੇ ਨੂੰ ਫੇਰ ਕਿਸੇ ਵਿਆਖਿਆ, ਕਿਸੇ ਨਵੇਂ ਸਵਾਲ ਨੂੰ ਸੁਲਝਾਉਣ ਦੀ ਲੋੜ ਪੈ ਜਾਂਦੀ ਹੈ। ਨਿਰਮਲ ਸਿੰਘ ਆਖਦਾ ਹੈ, “ਪੂਰੀ ਕਹਾਣੀ ਸੁਣਾ ਦੇਣਾ ਅਕਾਊ ਹੁੰਦਾ ਹੈ…”। ਨਿਰਮਲ ਸਿੰਘ ਨੇ ਕਈ ਵਾਰ ਕਿਹਾ ਹੈ ਕਿ ਉਸਦੀ ਕਲਾਤਮਕ ਪ੍ਰਕਿਰਿਆ ਇਕ ਅਜੇਹੇ ਸਥਾਨ ਦੀ ਤਰਜਮਾਨੀ ਕਰਦੀ ਹੈ ਜਿੱਥੇ ਆਣ ਕੇ ਭਾਰਤ ਤੇ ਯੋਰਪ ਵਿਚਲੇ ਉਸਦੇ ਅਨੁਭਵ , ਉਸਦੀ ਜ਼ਿੰਦਗੀ ਦੇ ਯਥਾਰਥ ਦੇ ਸੰਦਰਭ ਵਿਚ ਇਕ ਦੂਜੇ ਨੂੰ ਅਰਥ ਬਖ਼ਸ਼ਦੇ ਹਨ।

ਸਫ਼ਰ ਦੀਆਂ ਪੈੜਾਂ:

ਜੰਡਿਆਲਾ, ਪੰਜਾਬ ਤੋਂ ਧਰੌਂਦੀਅਮ, ਨਾਰਵੇ ਤੀਕ ਨਿਰਮਲ ਸਿੰਘ ਧੌਂਸੀ ( ਤਸਵੀਰ ਉੱਪਰ ਹੈ) ਦਾ ਜਨਮ ਪੰਜਾਬ ਦੇ ਪਿੰਡ ਜੰਡਿਆਲਾ ਮੰਜਕੀ ਦੇ ਇੱਕ ਸਿੱਖ ਪਰਵਾਰ ਵਿੱਚ 1960 ਵਿੱਚ ਹੋਇਆ। ਉਹ ਦਸਦਾ ਹੈ ਕਿ ਉਸਦਾ ਪਰਵਾਰ ਡਾਢ੍ਹਾ ਰਾਂਗਲਾ ਸੀ; ਪਿਤਾ ਇਸਲਾਮ ਵੱਲ ਖਿੱਚਿਆ ਗਿਆ ਸੀ ਤੇ ਇੱਕ ਭੂਆ ਹਿੰਦੂ ਰਹੁ-ਰੀਤਾਂ ਵਿੱਚ ਪੱਕਾ ਯਕੀਨ ਰੱਖਣ ਲਗ ਪਈ ਸੀ। ਸੋ ਇਹ ਪਰਵਾਰ ਕਿਸੇ ਪੱਖੋਂ ਵੀ ਰਵਾਇਤੀ ਸਿੱਖ ਪਰਵਾਰ ਨਹੀਂ ਸੀ। ਨਿਰਮਲ ਸਿੰਘ ਦਾ ਪਰਵਾਰ ਕਾਰੀਗਰ ਜਮਾਤ ਵਿੱਚੋਂ ਸੀ ਅਤੇ ਆਪਣੇ ਦਾਦੇ ਤੇ ਪਿਤਾ ਦੀਆਂ ਕਾਰਜ-ਸ਼ਾਲਾਵਾਂ ਬਦੌਲਤ ਨਿੱਕੀ ਉਮਰੇ ਹੀ ਉਸਦਾ ਵਾਹ ਖਿੱਤੇ ਦੀਆਂ ਹੁਨਰੀ ਰਵਾਇਤਾਂ ਨਾਲ ਪੈਣ ਲਗ ਪਿਆ, ਜਿਨ੍ਹਾਂ ਵਿੱਚ ਕਾਰੀਗਰ ਉਸਰੱਈਏ, ਤਰਖਾਣ, ਚਿੱਤਰਕਾਰ ਤੇ ਸਜਾਵਟਕਾਰ ਦਾ ਸੁਮੇਲ ਹੁੰਦਾ ਹੈ। ਆਪਣੇ ਮਸ-ਫੁੱਟ ਵਰ੍ਹਿਆਂ ਵਿੱਚ ਉਹ ਗਵਾਂਢੀ ਪਿੰਡ ਦੇ ਇੱਕ ਉਸਤਾਦ ਕਲਾਕਾਰ ਕੋਲ ਸਿਖਾਂਦਰੂ ਰਹਿ ਕੇ ਲਘੂ-ਚਿੱਤਰ ਬਨਾਉਣ ਦੀ ਕਲਾ ਸਿਖਦਾ ਰਿਹਾ। ਇਸ ਕਲਾ ਨੂੰ ਮੰਦਰਾਂ ਦੀ ਸਜਾਵਟ, ਮ੍ਰਿਤਕਾਂ ਦੇ ਪੋਰਟ੍ਰੇਟ ਬਨਾਉਣ ਅਤੇ ਘਰਾਂ ਦੀ ਬਾਹਰੀ ਸਜ-ਧੱਜ ਲਈ ਵਰਤਿਆ ਜਾਂਦਾ ਹੈ। ਮਗਰੋਂ ਜਾ ਕੇ ਨਿਰਮਲ ਸਿੰਘ ਨੇ ਪੰਜਾਬ ਦੀ ਫਿਲਮ-ਸਨਅਤ ਲਈ ਕੰਮ ਕੀਤਾ ਅਤੇ ਵੱਡ-ਆਕਾਰੀ ਯਥਾਰਥਵਾਦੀ ਫਿਲਮੀ ਪੋਸਟਰ ਬਣਾਏ। ਇਸ ਦੌਰਾਨ ਹੀ ਉਸ ਦੇ ਮਨ ਵਿੱਚ ਬਾਹਰ ਜਾ ਕੇ ਯੂਰਪੀਨ ਕਲਾ ਦਾ ਅਧਿਐਨ ਕਰਨ ਦੀ ਇੱਛਾ ਜਾਗੀ।

ਓਸਲੋ ਵਿਸ਼ਵਵਿਦਿਆਲੇ ਵਿੱਚ ਪੜ੍ਹ ਰਹੇ ਇੱਕ ਜਾਣੂੰ ਦੀ ਸਲਾਹ ਉੱਤੇ ਨਿਰਮਲ ਸਿੰਘ 1984 ਵਿੱਚ ਨਾਰਵੇ ਆ ਗਿਆ। 1987 ਵਿੱਚ ਉਸਨੂੰ ਧਰੌਂਦੀਅਮ ਦੀ ਕਲਾ ਅਕਾਦਮੀ ਵਿੱਚ ਦਾਖਲਾ ਮਿਲ ਗਿਆ। ਪਹਿਲੇ ਕੁਝ ਵਰ੍ਹੇ ਉਸਨੇ ਆਧੁਨਿਕ ਕਲਾ ਦੇ ਵੱਖੋ-ਵੱਖ ਪਹਿਲੂਆਂ, ਜਿਵੇਂ ਕਿ ਘਣਵਾਦ (ਕਿਊਬਿਜ਼ਮ) ਤੇ ਅਭਿਵਿਅੰਜਨਾਵਾਦ (ਐਕਸਪ੍ਰੈਸ਼ਨਿਜ਼ਮ), ਨਾਲ ਤਜਰਬੇ ਕੀਤੇ। ਉਹ ਯੂਰਪੀ ਕਲਾ ਦੀਆਂ ਆਧੁਨਿਕ ਰਵਾਇਤਾਂ ਵਿੱਚੋਂ ਹੋ ਕੇ ਗੁਜ਼ਰਨਾ ਚਾਹੁੰਦਾ ਸੀ। ਉਸਦੇ ਕਹਿਣ ਮੁਤਾਬਕ, “ਤਾਂ ਜੋ ਮੈਂ ਮਗਰੋਂ ਜਾ ਕੇ ਅਜੋਕੇ ਪਲਾਂ ਤੋਂ ਸ਼ੁਰੂਆਤ ਕਰ ਸਕਾਂ…”।

ਅਕਾਦਮੀ ਵਿਚਲੇ ਆਖਰੀ ਵਰ੍ਹਿਆਂ ਦੌਰਾਨ ਉਸਦੀ ਦਿਲਚਸਪੀ ਆਪਣੇ ਸਭਿਆਚਾਰਕ ਵਿਰਸੇ ਕੋਲੋਂ ਪਰੇਰਨਾ ਲੈ ਕੇ ਕੰਮ ਕਰਨ ਵਲ ਵਧਦੀ ਗਈ। ਵੱਡ-ਆਕਾਰੀ ਕੈਨਵਸਾਂ ਪੁਰ ਤਹਿ-ਦਰ-ਤਹਿ ਬੁਰਸ਼ ਛੋਹਾਂ ਦੀ ਭਰਮਾਰ ਸੀ, ਲਿਸ਼ਕਵੇਂ ਲਾਲ ਤੇ ਸੁਨਹਿਰੇ ਧਰਤ-ਰੰਗਾਂ ਤੇ ਨਿੱਕੇ ਨਿੱਕੇ ਦਾਇਰਿਆਂ ਰਾਹੀਂ ਜਿਵੇਂ ਕੋਈ ਅਮੂਰਤ ਲਿਖਤ ਸਿਰਜੀ ਗਈ ਹੋਵੇ। ਇਸ ਵਿਧੀ ਵਿਚਲੀ ਇਕਾਗਰਤਾ ਨੂੰ ਧਿਆਨ ਲਾਣ ਦੇ ਸਮਰੂਪ ਕਿਹਾ ਜਾ ਸਕਦਾ ਹੈ; ਹੋਂਦ ਦੇ ਵਰਤਮਾਨ ਦੀ ਅਜਿਹੀ ਭਾਲ ਜਿਹੜੀ ਪੱਛਮੀ ਅਮੂਰਤਤਾ ਅਤੇ ਭਾਰਤੀ ਰਹੱਸਵਾਦ ਦਾ ਸੁਮੇਲ ਹੈ ।

ਅਮਰੀਕੀ ਚਿੱਤਰਕਾਰ ਮਾਰਕ ਟੋਬੀ ਦੇ ਜ਼ੈੱਨ-ਪ੍ਰੇਰਿਤ ਚਿੱਤਰਾਂ ਨਾਲ ਮਿਲਦੀ ਜੁਲਦੀ ‘ਪੂਰੇ ਚਿਤਰਣ’ ਵਾਲੀ ਕਲਾ ਕਿਰਤ। ਪਿੱਛਲ-ਝਾਤ ਮਾਰਿਆਂ ਨਿਰਮਲ ਸਿੰਘ ਨੂੰ ਜਾਪਦਾ ਹੈ ਇਹ ਕਿਰਤਾਂ ਉਸ ਵੇਲੇ ਪ੍ਰਚੱਲਤ ਦ੍ਰਿਸ਼ਟੀਗਤ–ਭਾਸ਼ਾ ਦੇ ਡੂੰਘੇ ਅਸਰ ਹੇਠ ਸਨ। ਜੋਜ਼ੇਫ਼ ਬੋਇਜ਼ ਅਤੇ ਬਰਤਾਨਵੀ-ਭਾਰਤੀ ਸਥਾਪਨ (ਇੰਸਟਾਲੇਸ਼ਨ) ਕਲਾਕਾਰ ਅਨੀਸ਼ ਕਪੂਰ, ਜਿਸਦੇ ਭਰਵੇਂ ਰੰਗਾਂ ਵਾਲੇ ਬੁਤ ਭਾਰਤੀ ਰਹੱਸਵਾਦ ਨੂੰ ਕਿਸੇ ਅਮੂਰਤ ਅਭਿਵਿਅਕਤੀ ਨਾਲ ਜੋੜਦੇ ਹਨ, ਦੀਆਂ ਕਲਾ-ਕਿਰਤਾਂ ਨੇ ਨਿਰਮਲ ਸਿੰਘ ਨੂੰ ਆਪਣੇ ਵਾਸਤੇ ਵਧੇਰੇ ਨਿਜੀ ਸ਼ੈਲੀ ਦੀ ਭਾਲ ਵੱਲ ਮੋੜਿਆ।

ਘਰ-ਫੇਰੀ

1991 ਵਿੱਚ ਨਿਰਮਲ ਸਿੰਘ ਭਾਰਤ ਵਾਪਸ ਆਇਆ ਤੇ ਦੇਸ ਭਰ ਘੁੰਮਿਆ; ਉਸਨੇ ਮਹੱਤਵਪੂਰਣ ਸ਼ਹਿਰਾਂ, ਕਲਾ-ਸਕੂਲਾਂ ਤੇ ਕਲਾ-ਖੇਤਰਾਂ ਦਾ ਦੌਰਾ ਕੀਤਾ। ਉਸਦੇ ਕਹਿਣ ਮੁਤਾਬਕ, “ਜਦੋਂ ਮੈਂ ਭਾਰਤ ਪਰਤਿਆ ਤਾਂ ਭਾਰਤੀ ਸਭਿਆਚਾਰ ਬਾਰੇ ਮੇਰੀ ਸਮਝ ਵਿੱਚ ਵਾਧਾ ਹੋ ਚੁੱਕਾ ਸੀ । ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਮੇਰੀ ਕਲਾ ਨੂੰ ਕੱਚੇ ਮਾਲ ਦੀ ਇਸ ਮੁੜ-ਲੱਭਤ ਨਾਲ ਮੈਂ ਅਮੀਰ ਹੋਇਆ ਹਾਂ। ਮੈਂ ਆਧੁਨਿਕ ਕਲਾ, ਤੇ ਦ੍ਰਿਸ਼ਟੀਗਤ ਭਾਸ਼ਾ ਬਾਰੇ ਸੋਝੀ ਪ੍ਰਾਪਤ ਕਰ ਚੁੱਕਾ ਸਾਂ, ਹੁਣ ਮੈਂ ਪਿਛਾਂਹ ਮੁੜ ਕੇ, ਆਪਣੇ ਤਜਰਬਿਆਂ ਨੂੰ ਸਮੇਟ ਕੇ ਉਨ੍ਹਾਂ ਪੁਰ ਕੰਮ ਕਰ ਸਕਦਾ ਸਾਂ। ਮੇਰੇ ਲਈ ਇਹ ਇੱਕ ਨਵਾਂ ਮੋੜ ਸੀ”।

ਭਾਰਤੀ ਧਾਰਮਕ ਰੀਤਾਂ, ਸਥਾਨਕ ਰਿਵਾਜਾਂ ਅਤੇ ਮਿਥਾਂ ਨਾਲ ਮੁੜ ਪਛਾਣ ਨਿਰਮਲ ਸਿੰਘ ਲਈ ਬੜਾ ਅਸਰਦਾਰ ਤਜਰਬਾ ਸੀ। ਉਸ ਨੇ ਲੋਕਾਂ ਦੇ ਘਰਾਂ ਦੀਆਂ ਰੀਤਾਂ ਨੂੰ ਦਰਜ ਕੀਤਾ, ਜਿਨ੍ਹਾਂ ਵਿਚ ਦੇਵਤਿਆਂ ਦੇ ਬੁਤਾਂ ਨੂੰ ਭੋਗ ਲਵਾਇਆ ਜਾਂਦਾ ਸੀ, ਫੁੱਲਾਂ ਨਾਲ ਸਜਾਇਆ ਜਾਂਦਾ ਸੀ, ਰਾਂਗਲੀਆ ਪੁਸ਼ਾਕਾਂ ਪੁਆਈਆਂ ਜਾਂਦੀਆਂ ਸਨ। ਲਾਲ, ਪੀਲੇ, ਸੰਤਰੀ ਰੰਗ-ਪਦਾਰਥਾਂ ਨੂੰ ਉਨ੍ਹਾਂ ਉੱਤੇ ਮਲਿਆ ਜਾਦਾ ਸੀ, ਤੇ ਫੇਰ ਜਦੋਂ ਦੇਵਤਿਆਂ ਦੇ ਵਿਸ਼ਰਾਮ ਦਾ ਸਮਾਂ ਆਉਂਦਾ ਸੀ ਤਾਂ ਉਨ੍ਹਾਂ ਨੂੰ ਕੱਪੜਿਆਂ ਨਾਲ ਕੱਜਿਆ ਜਾਂਦਾ ਸੀ।

ਹੋਰਨਾ ਰੀਤਾਂ ਵਿੱਚ ਚੌਲਾਂ ਦੇ ਆਟੇ ਨਾਲ ਸੜਕਾਂ ਉੱਤੇ ਸਜਾਵਟੀ ਨਮੂਨੇ ਬਨਾਉਣਾ ਵੀ ਸ਼ਾਮਲ ਸੀ। ਇਹ ਸਭ ਕਾਰਜ ਦਿਖਾਵੇ ਰਹਿਤ, ਸੁਭਾਵਕ ਤੇ ਤਕਰੀਬਨ ਸਵੈ-ਚਾਲਤ ਜਾਪਦੇ ਸਨ। ਇੱਕ ਅਜਿਹੀ ਹੀ ਸੁਭਾਵਕ ਕਾਰਜ-ਵਿਧੀ ਦੀ ਭਾਲ ਵਿੱਚ ਜੁਟੇ ਨਿਰਮਲ ਸਿੰਘ ਲਈ ਇਸ ਤਜਰਬੇ ਦੇ ਅਰਥ ਡੂੰਘੇ ਸਾਬਤ ਹੋਏ। ਇਨ੍ਹਾਂ ਰਾਹੀਂ ਉਸਦੀ ਕਾਰਜ ਸ਼ੈਲੀ ਵਿੱਚ ਇੱਕ ਤਿੱਖਾ ਮੋੜ ਆਇਆ। ਧਰੌਂਦੀਅਮ ਮੁੜਨ ਉਪਰੰਤ ਉਸਨੇ ਧਰੌਂਦੀਅਮ ਆਰਟਸ ਐਸੋਸੀਏਸ਼ਨ ਵਿਖੇ ਇੱਕ ਇੰਸਟਾਲੇਸ਼ਨ ਸਥਾਪਤ ਕੀਤੀ: ਫਰਸ਼ ਉੱਤੇ ਆਟੇ ਅਤੇ ਚਿੱਟੇ ਰੰਗ ਦੀਆਂ ਨਿੱਕੀਆਂ ਨਿੱਕੀਆਂ ਢੇਰੀਆਂ ਫੈਲੀਆਂ ਹੋਈਆਂ- ਨਾਲ ਹੀ ਪਲਾਸਟਿਕ ਦੀਆਂ ਥੈਲੀਆਂ ਵਿੱਚ ਪਏ ਰੰਗ। ਇਸ ਸਮੱਗਰੀ ਵਿੱਚ ਤਰਤੀਬ ਤਾਂ ਹੈ ਪਰ ਦਰਜਾਬੰਦੀ ਨਹੀਂ। ਫਰਸ਼ ਉੱਤੇ ਇੱਕ ਗਠੜੀ ਹੈ ਜਿਸ ਅੰਦਰ ਕੁਝ ਪਿਆ ਹੋਇਆ ਹੈ, ਜਿਵੇਂ ਕਿਸੇ ਯਾਤਰੂ ਦੀ ਇੱਕ ਨਿਜੀ ਰੀਤ ਵੱਲ ਇਸ਼ਾਰਾ ਹੋਵੇ। ਕੁਝ ਮੋਮਬੱਤੀਆਂ ਤੇ ਪੱਤੇ ਵੀ ਪਏ ਦਿਸਦੇ ਹਨ। ਤਿੱਖੇ ਰੰਗਾਂ ਦੀ ਵਰਤੋਂ। ਚਿੱਟਾ ਤੇ ਕਾਲਾ। ਗਿਆਨ ਤੇ ਜ਼ਿੰਦਗੀ ਦੀ ਤਰਜਮਾਨੀ ਕਰਦੇ ਰੰਗ: ਲਾਲ ਤੇ ਪੀਲਾ। ਕੰਧ ਉੱਤੇ ਵਾਹਿਆ ਕੋਇਲਾ-ਚਿੱਤਰ ਗਾਂ ਦੇ ਧੜ ਉੱਤੇ ਪੰਛੀ ਦੇ ਸਿਰ ਵਾਲੇ ਕਿਸੇ ਮਿਥਹਾਸਕ ਜਾਨਵਰ ਦਾ ਬਿੰਬ ਹੈ। ਇਹ ਕਲਾ ਕਿਰਤ ਸਥਾਪਨ-ਕਲਾ ਤੇ ਧਾਰਮਕ-ਸਥਲ ਦੇ ਵਿੱਚ-ਵਿਚਾਲੇ ਹੈ।ਨਿਰਮਲ ਸਿੰਘ ਨੇ ਆਪਣੇ ਅੰਦਰਲੀ ਆਵਾਜ਼ ਨੂੰ ਸੁਣਦਿਆਂ ਆਪਣੀ ਭਾਲ ਸ਼ੁਰੂ ਕੀਤੀ।

ਹਜ਼ਾਰਹਾ ਚਿੱਤਰ

“ ਰੌਣਕੀ ਹੋਣਾ ਮੇਰੇ ਲਈ ਹਮੇਸ਼ਾ ਮਹੱਤਵਪੂਰਣ ਰਿਹਾ ਹੈ। ਇਹ ਦਰਸ਼ਕ , ਤੇ ਆਪਣੇ ਆਪ ਨਾਲ ਸੰਵਾਦ ਦਾ ਜ਼ਰੀਆ ਹੈ”। ਚਿੱਟੇ ਕਾਗਜ਼ ਉੱਤੇ ਸਾਨੂੰ ਸਵੈ-ਸੰਤੁਸ਼ਟ ਭਰਵੇਂ ਚਿਹਰਿਆਂ, ਕਤਰੀਆਂ ਦਾੜ੍ਹੀਆਂ ਤੇ ਗੋਗੜਾਂ ਵਾਲੇ ਆਦਮੀਆਂ ਦੇ ਆਕਾਰ ਦਿਸਦੇ ਹਨ। ਸਿਰ ਉੱਤੇ ਨਿੱਕੀ ਜੇਹੀ ਪੱਗ ਤੇ ਬਾਕੀ ਦਾ ਪਿੰਡਾ ਨੰਗਾ। ਸਭਨਾ ਚਿਹਰਿਆਂ ਉੱਤੇ ਇੱਕੋ ਭਾਵ ਹੈ ਤੇ ਇੱਕੋ ਜਿਹੀਆਂ ਪੱਗਾਂ, ਜਿਵੇਂ ਉਹ ਸਾਰੇ ਇੱਕੋ ਕਿਰਦਾਰ ਦੇ ਕਈ ਰੂਪ ਹੋਣ (ਕਿਤੇ ਇਹ ਸਵੈ-ਚਿੱਤਰ ਤਾਂ ਨਹੀਂ?)। ਕੁਝ ਬੈਠੇ ਹੋਏ ਹਨ, ਕੁਝ ਹੋਰ ਰਿੜ੍ਹ ਰਹੇ ਹਨ। ਸਭ ਕਿਸੇ ਗੱਲਬਾਤ ਵਿੱਚ ਰੁੱਝੇ ਹੋਏ ਹਨ : ਅਸੀ ਆਪਣੇ ਸਾਹਮਣੇ ਕੁਝ ਵਾਪਰ ਰਿਹਾ ਦੇਖਦੇ ਹਾਂ ਭਾਂਵੇਂ ਪੂਰੀ ਤਰ੍ਹਾਂ ਸਮਝ ਨਹੀਂ ਪੈਂਦੀ ਕਿ ਕੀ ਵਾਪਰ ਰਿਹਾ ਹੈ। ਇੱਕ ਚੂਹੇ ਉੱਤੇ ਕੋਈ ਸਿਰ ਮੂਧਾ ਪਿਆ ਹੈ। ਪਿਛੋਕੜ ਵਿੱਚ ਇੱਕ ਮਿਥਹਾਸਕ ਜਾਨਵਰ ਖੜ੍ਹਾ ਹੈ। ਇਨ੍ਹਾਂ ਚਿੱਤਰਾਂ ਵਿੱਚ ਕੁਝ ਗੁੱਝਾ, ਕੁਝ ਵਿਲਾਸਮਈ ਹੈ। ਪਰ ਇਹ ਨਿਰੀ ਖੇਡ ਨਹੀਂ ਹਨ। ਇਹ 1990 ਦੇ ਦਹਾਕੇ ਵਿੱਚ ਕਲਾਕਾਰ ਦੇ ਨਿਰੰਤਰ ਹੋਏ ਵਿਕਾਸ ਦੀ ਪ੍ਰਕਿਰਿਆ ਦਾ ਨਤੀਜਾ ਹਨ। ਇਹ ਭਾਰਤ ਤੇ ਯੋਰਪ ਵਿੱਚ ਪ੍ਰਾਪਤ ਹੋਏ ਅਨੁਭਵ ਦਾ ਹੰਗਾਲ ਹੈ, ਪਰ ਅਜੇਹੀ ਪਰੇਰੀ ਨਜ਼ਰ ਨਾਲ ਜਿਹੜੀ ਪੱਛਮੀ ਸੱਭਿਆਚਾਰਕ ਇਤਿਹਾਸ ਤੇ ਅੰਤਰਰਾਸ਼ਟਰੀ ਕਲਾ-ਭਾਸ਼ਾ ਦੇ ਡੂੰਘੇ ਗਿਆਨ ਰਾਹੀਂ ਇਨ੍ਹਾਂ ਅਨੁਭਵਾਂ ਨੂੰ ਛਾਣਦੀ ਹੈ। ਹਜ਼ਾਰਹਾ ਚਿੱਤਰਾਂ ਵਿੱਚੋਂ ਸਿਰਫ਼ ਇੱਕ ਨਿਗੂਣੀ ਗਿਣਤੀ ਨੂੰ ਪ੍ਰਦਰਸ਼ਨ ਲਈ ਚੁਣਿਆ ਗਿਆ ਹੈ। ਇਸ ਸਿਰਜਣਾ-ਕੜੀ ਦੇ ਕੇਂਦਰ ਵਿੱਚ ਇਹ ਸੋਝੀ ਮੌਜੂਦ ਹੈ ਕਿ ਨਿਰਮਲ ਸਿੰਘ ਦਾ ਸਭਿਆਚਾਰਕ ਵਿਰਸਾ ਤਾਂ ਹੀ ਪਰਸੰਗਕ ਹੋਵੇਗਾ ਜੇਕਰ ਉਸਨੂੰ ਰਤਾ ਹਟਵੀਂ ਨਜ਼ਰ ਨਾਲ ਘੋਖਿਆ ਜਾਵੇਗਾ। “ਇਹ ਗੱਲ ਅਵੱਸ਼ਕ ਹੋਣੀ ਚਾਹੀਦੀ ਹੈ । ਨਵੀਂ ਸਮਝ ਹਾਸਲ ਕਰਨ ਲਈ ਸਾਨੂੰ ਆਪਣੇ ਧਰਾਤਲ ਤੋਂ ਉੱਪਰ ਉੱਠਣਾ ਪੈਂਦਾ ਹੈ। ਜਦੋਂ ਮੈਂ ਦੇਸ ਮੁੜਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਉਹ ਗੱਲਾਂ ਜੋ ਕਦੇ ਜ਼ਿੰਦਗੀ ਦਾ ਸੁਭਾਵਕ ਹਿੱਸਾ ਹੁੰਦੀਆਂ ਸਨ, ਹੁਣ ਪ੍ਰਤਿਕਿਰਿਆ ਜਗਾਉਂਦੀਆਂ ਹਨ। ਪਹਿਲੋਂ ਤੁਸੀ ਸਥਾਨਕ ਰੀਤਾਂ ਮੁਤਾਬਕ ਢਲਦੇ ਹੋ ਤੇ ਫੇਰ ਇੱਕ ਐਸੀ ਥਾਂ ਪਹੁੰਚਦੇ ਹੋ ਜਿੱਥੇ ਸਭ ਕੁਝ ਵੱਖਰਾ ਹੈ। ਉਸ ਸਮੇਂ ਆਪਣੇ ਉੱਪਰ ਕੰਮ ਕਰਨਾ ਬੜਾ ਹੁਲਾਸਮਈ ਹੁੰਦਾ ਹੈ। ਉਸ ਵੇਲੇ ਪਰਬਲ ਟਕਰਾਅ ਜਨਮ ਲੈਂਦੇ ਹਨ”।

ਬਹੁਤ ਸਾਰੇ ਚਿੱਤਰਾਂ ਵਿੱਚ ਉਰਦੂ ਵਿੱਚ ਕੁਝ ਲਿਖਿਆ ਦਿਸਦਾ ਹੈ। ਇਸਨੂੰ ਕੋਈ ਲੁਕਵੀਂ ਵਿਆਖਿਆ ਵੀ ਸਮਝਿਆ ਜਾ ਸਕਦਾ ਹੈ, ਚਿੱਤਰ ਵਿਚਲੀਆਂ ਸਰਗਰਮੀਆਂ ਉੱਪਰ ਕੋਈ ਟਿੱਪਣੀ। ਪਰ ਅਸੀ ਸਿਰਫ ਅਨੁਮਾਨ ਹੀ ਲਾ ਸਕਦੇ ਹਾਂ, ਚਿੱਤਰਾਂ ਵਿਚਲੀ ਇਬਾਰਤ ਮੁੱਖ ਤੌਰ ਤੇ ਇੱਕ ਦ੍ਰਿਸ਼ਟੀਗਤ ਤੱਤ ਹੈ । ਇਸ ਇਬਾਰਤ ਦਾ ਇੱਕ ਹਿੱਸਾ ਕਿਸੇ ਪੁਰਾਤਨ ਲੇਖ ਵਿੱਚੋਂ ਲਿਆ ਹੋ ਸਕਦਾ ਹੈ, ਤੇ ਕੋਈ ਹੋਰ ਹਿੱਸਾ ਉਰਦੂ ਅੱਖਰਾਂ ਵਿੱਚ ਨਿਰਾ ਬੱਕੜਵਾਹ ਵੀ। ਇਸ ਦੇ ਬਾਵਜੂਦ ਇਹ ਇਬਾਰਤੀ ਹਿੱਸੇ ਧੁਨੀ –ਤੱਤ ਦੀ ਤਰਜਮਾਨੀ ਹਨ ਜਿਨ੍ਹਾਂ ਨੂੰ ਬੋਲ ਕੇ ਪੜ੍ਹਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਕੋਈ ਤਾਲ ਹੈ। ਭਾਰਤੀ ਲਘੂ-ਚਿੱਤਰਾਂ ਵਿੱਚ ਇਬਾਰਤ ਨੂੰ ਚਿਤਰਣ ਦੀ ਰੀਤ ਮੌਜੂਦ ਹੈ। ਨਿਰਮਲ ਸਿੰਘ ਨੇ ਵੀ ਇਸ ਰੀਤ ਨੂੰ ਵਰਤਿਆ ਹੈ। ਕਾਂਗੜਾ ਚਿੱਤਰਾਂ, ਯਾਨੀ ਪੰਜਾਬ ਵਿੱਚ ਲਘੂ-ਚਿੱਤਰਾਂ ਦਾ ਮੁੱਢ ਸਤ੍ਹਾਰਵੀਂ ਸਦੀ ਵਿੱਚ ਬੱਝਾ। ਇਨ੍ਹਾਂ ਦਾ ਵਿਸ਼ਾ ਆਮ ਤੌਰ ਤੇ ਧਾਰਮਕ ਤੇ ਮਿਥਹਾਸਕ ਦੇਵ-ਲੜੀ ਵਿੱਚੋਂ ਲਿਆ ਜਾਂਦਾ ਸੀ ਅਤੇ ਇਹ ਸ਼ੈਲੀ ਅਜੇ ਵੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੀ ਜਾਂਦੀ ਹੈ। ਨਵੇਂ ਚਿੱਤਰ ਵੀ ਬਣਾਏ ਜਾਂਦੇ ਹਨ ਤੇ ਪੁਰਾਣਿਆਂ ਨੂੰ ਮੁੜ ਉਲੀਕਿਆ ਜਾਂਦਾ ਹੈ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿੱਚ ਦੇਵੀ ਦੇਵਤਿਆਂ ਤੇ ਸਧਾਰਨ ਲੋਕਾਂ, ਜਨੌਰਾਂ ਤੇ ਬਿਰਖ-ਬੂਟਿਆਂ ਨੂੰ ਡੂੰਘੇ ਵਿਸਥਾਰ ਨਾਲ ਚਿਤਰਿਆ ਹੁੰਦਾ ਹੈ, ਬਹੁਤੀ ਵੇਰ ਸਜਾਵਟੀ ਪੱਖਾਂ ਉੱਤੇ ਜ਼ੋਰ ਦੇ ਕੇ ਹੋਰ ਛਬੀਲਾ ਬਣਾਇਆ ਹੁੰਦਾ ਹੈ। ਨਿਰਮਲ ਦੇ ਚਿਤਰਾਂ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਗੁਣ ਮਿਲਦੇ ਹਨ। ਸਰਲਤਾ ਤੇ ਸਲੀਕੇ ਨਾਲ ਉਹ ਅਜਿਹੀਆਂ ਕਥਾਵਾਂ ਸਿਰਜਦਾ ਹੈ ਜਿਨ੍ਹਾਂ ਵਿੱਚ ਘਣਾਕਾਰਾਂ ਵਰਗੇ ਸਰਲ ਤੱਤ ਚਿਤਰਾਂ ਵਿਚਲੇ ਬਿੰਬਾਂ ਦੀਆਂ ਗਤੀਵਿਧੀਆਂ ਮੁਤਾਬਕ ਮੇਜ਼ਾਂ, ਪੱਥਰਾਂ ਜਾਂ ਹੋਰ ਇਮਾਰਤੀ ਤੱਤਾਂ ਦਾ ਰੂਪ ਧਾਰ ਲੈਂਦੇ ਹਨ।

ਅਣਕਹੀਆਂ ਕਹਾਣੀਆਂ ਦੀ ਭਾਲ ਵਿੱਚ ਨਿਰਮਲ ਸਿੰਘ ਦਰਸ਼ਕ ਨੂੰ ਆਪਣੇ ਨਾਲ ਖੁਲ੍ਹੇ ਵਿਚਾਰ-ਵਟਾਂਦਰੇ ਦਾ ਸੱਦਾ ਦੇਂਦਾ ਹੈ ਕਿ ਕਲਾ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਤੇ ਉਹ ਸਾਨੂੰ ਕੀ ਦਸ-ਦਰਸਾ ਸਕਦੀ ਹੈ। ਉਹ ਇਸ ਗੱਲ ਪ੍ਰਤੀ ਸੁਚੇਤ ਹੈ ਕਿ ਅਜੋਕੇ ਜਾਣਕਾਰੀ-ਵਟਾਂਦਰਾ ਸਮਾਜ ਵਿੱਚ ਰਹਿੰਦਿਆਂ ਸਾਰੇ ਸੰਦਰਭ ਕਿਵੇਂ ਇੱਕੋ ਜਿਹੇ ਵੀ ਜਾਪ ਸਕਦੇ ਹਨ, ਜਦੋਂ ਇੱਕੋ ਕਹਾਣੀ ਨੂੰ ਮੁੜ ਮੁੜ ਦੋਹਰਾਇਆ ਜਾਂਦਾ ਹੈ। ਤੇ ਇਸ ਚੇਤੰਨਤਾ ਨਾਲ ਲੈਸ ਉਹ ਆਪਣੇ ਸਾਂਹਵੇਂ ਸਵਾਲ ਰੱਖਦਾ ਹੈ ਕਿ ਕਿਸੇ ਅਣਕਿਆਸੇ ਤਜਰਬੇ ਵਿੱਚੋਂ ਲੰਘ ਸਕਣਾ ਕਿੱਥੋਂ ਤੀਕ ਸੰਭਵ ਹੈ। ਉਸ ਵਾਸਤੇ ਇਹ ਗੱਲ ਮਹੱਤਵਪੂਰਣ ਹੈ ਕਿ ਸੁਹਜ ਤੇ ਤਕਨੀਕ ਦੀਆਂ ਜਿਹੜੀਆਂ ਜੁਗਤਾਂ ਉਹ ਵਰਤਦਾ ਹੈ ਉਨ੍ਹਾਂ ਦਾ ਹੰਡਾਏ ਹੋਏ ਨਾਲ ਕੋਈ ਸਬੰਧ ਹੋਵੇ। ਉਹ ਦ੍ਰਿਸ਼ਟੀਗਤ ਤੱਤਾਂ ਨੂੰ ਇਵੇਂ ਜੋੜਨ ਦੀ ਕੋਸ਼ਿਸ਼ ਕਰਨਾ ਚਾਹੂੰਦਾ ਹੈ ਕਿ ਸਮੁੱਚਾ ਪ੍ਰਭਾਵ ਕਿਸੇ ਅਣਕਿਆਸੇ ਦਾ ਸੰਚਾਰ ਕਰੇ, ਕੋਈ ਅਜਿਹੀ ਬਾਤ ਪਾਵੇ ਜੋ ਅਜੇ ਤੀਕ ਕਹੀ ਨਹੀਂ ਗਈ। ਸਥਾਪਤ ਰੀਤਾਂ ਨੂੰ ਧਿਆਨ ਵਿੱਚ ਰੱਖ ਕੇ ਵੀ, ਵੱਖੋ-ਵੱਖ ਬਿੰਬਾਂ ਤੇ ਮਾਦਿਆਂ ਨੂੰ ਜੋੜਨ ਦੀ ਪ੍ਰਕਿਰਿਆ ਤਜਰਬਾਮੁਖੀ ਤੇ ਅੰਤਰਦ੍ਰਿਸ਼ਟੀਗਤ ਹੈ। ਜਿਵੇਂ ਚੌਲਾਂ ਦੇ ਆਟੇ ਨਾਲ ਸਜਾਵਟੀ ਨਮੂਨੇ ਬਨਾਉਣਾ। ਜਦੋਂ ਨਿਰਮਲ ਸਿੰਘ ਕਿਸੇ ਬਿੰਬ ਨੂੰ ਪੇਂਟ ਦੀ ਤੈਹ ਜਾਂ ਅਰਧ-ਪਾਰਦਰਸ਼ੀ ਕੱਪੜੇ ਨਾਲ ਢੱਕਦਾ ਹੈ ਤਾਂ ਉਹ ਤਿਹਾਰਕ ਤਿੱਥਾਂ ਵੇਲੇ ਘਰੇਲੂ ਦੇਵਤਿਆਂ ਨੂੰ ਕੱਜਣ ਦੀ ਰੀਤ ਨੂੰ ਪ੍ਰਤਿਬਿੰਬਤ ਕਰਦਾ ਹੈ। ਏਸੇ ਤਰ੍ਹਾਂ ਚਿੱਟੇ ਗੱਤੇ ਦੀ ਵਰਤੋਂ ਪੰਜਾਬ ਵਿੱਚ ਵਾਚੇ ਇਮਾਰਤੀ ਤੱਤਾਂ ਨਾਲ ਜੋੜੀ ਜਾ ਸਕਦੀ ਹੈ।

ਅਮੂਰਤ ਅਤੇ ਸ਼ਰਧਾਯੋਗ ਬਿੰਬਾਂ ਵਿਚਲੇ ਤਣਾਅ ਤੋਂ ਮੁਗਧ ਹੋ ਕੇ ਉਸਨੇ ਕੁਝ ਅਜਿਹੀਆਂ ਕੋਲਾਜ ਕਿਰਤਾਂ ਦੀ ਲੜੀ ਬਣਾਈ ਹੈ ਜਿਨ੍ਹਾਂ ਵਿੱਚ ਅੱਡੋ-ਅੱਡ ਮਾਦਿਆਂ ਤੇ ਵਿਧੀਆਂ ਨੂੰ ਜੋੜ ਕੇ ਇੱਕ ਵਿਵਿਧ ਤੇ ਜਟਿਲ ਅਭਿਵਿਅਕਤੀ ਦੀ ਸਿਰਜਣਾ ਹੋਈ ਹੈ। ਭਾਰਤੀ ਲਘੂ-ਚਿੱਤਰਾਂ, ਜਿਨ੍ਹਾਂ ਵਿੱਚ ਪੌਰਾਣਕ ਕਥਾਵਾਂ ਤੋਂ ਲਏ ਬਿੰਬਾਂ ਵਾਲੇ ਮੌਲਿਕ ਤੇ ਮੁੜ-ਸਿਰਜੇ ਚਿੱਤਰ ਸ਼ਾਮਲ ਹਨ, ਦੇ ਟੋਟਿਆਂ ਨੂੰ ਕੈਨਵਸ ਪੁਰ ਜੜਿਆ ਗਿਆ ਹੈ: ਨੀਲ-ਰੰਗੇ ਦੇਵਤੇ, ਖੂਬਸੂਰਤ ਔਰਤਾਂ, ਸਜੇ ਹਾਥੀ, ਮਹਿਲ ਤੇ ਬਾਗ। ਇਨ੍ਹਾਂ ਭਾਰਤੀ ਤੱਤਾਂ ਦੇ ਟਾਕਰੇ ਵਿੱਚ ਸਪਸ਼ਟ ਰੰਗਾਂ ਦੇ ਬੁਣੇ ਕੱਪੜਿਆਂ ਨੂੰ ਪੇਸ਼ ਕੀਤਾ ਗਿਆ ਹੈ। ਮੇਖਾਂ ਨਾਲ ਡੋਰੀਆਂ ਬੰਨ੍ਹ ਕੇ ਵਿਭਿੰਨ ਘਾੜਤਾਂ ਘੜੀਆਂ ਗਈਆਂ ਹਨ । ਉੱਪਰ ਅਰਧ-ਪਾਰਦਰਸ਼ੀ ਕੱਪੜੇ ਨੂੰ ਤਣਿਆ ਗਿਆ ਹੈ ਜੋ ਚਿਤਰੇ ਹੋਏ ਬਿੰਬਾਂ ਨੂੰ ਅੱਧ-ਪਚੱਧਾ ਢੱਕਦਾ ਹੈ। ਦਰਸ਼ਕ ਦਾ ਟਾਕਰਾ ਕਈ ਵਾਰ ਅਜਿਹੇ ਅੱਧ-ਕੱਜੇ ਤੱਤਾਂ ਨਾਲ ਹੁੰਦਾ ਹੈ-ਪੁਰਾਣੇ ਅਨੁਭਵ ਜਿਹੜੇ ਨਵੀਂਆਂ ਘਟਨਾਵਾਂ ਰਾਹੀਂ ਕੋਈ ਵਡੇਰਾ ਅਰਥ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਹਨ। ਕਿਤੇ ਕਿਤੇ ਸਤ੍ਹਾ ਨੂੰ ਬੁਰਸ਼ ਦੀਆਂ ਤਕੜੀਆਂ ਛੋਹਾਂ ਰਾਹੀਂ ਪੇਂਟ ਨਾਲ ਢੱਕਿਆ ਗਿਆ ਹੈ, ਜਿਸ ਪਿੱਛੇ ਆਧੁਨਿਕਤਾਵਾਦ ਦੀਆਂ ਭਾਵਪੂਰਨ ਬੁਰਸ਼-ਥਪਕੀਆਂ ਤੋਂ ਇਲਾਵਾ ਹੋਰ ਕੋਈ ਮਕਸਦ ਸਪਸ਼ਟ ਨਜ਼ਰ ਨਹੀਂ ਆਉਂਦਾ।

ਏਸ ਸੰਦਰਭ ਵਿੱਚ ਮੌਲਿਕ ਲਘੂ-ਚਿੱਤਰਾਂ ਦੀ ਦਿਲਚਸਪ ਵਰਤੋਂ ਹੋਈ ਹੈ। ਜਿਵੇਂ ਯੂਰਪੀ ਆਧੁਨਿਕਤਾਵਾਦ-ਸਦੀਵੀ ਵਿਸ਼ਵੀ ਕਲਾ- ਅਤੇ ਰਹੁ-ਰੀਤਾਂ ਨਾਲ ਜੁੜੇ ਬਿੰਬਾਂ ਵਿਚਲੇ ਰਿਸ਼ਤੇ ਬਾਰੇ ਵਿਵੇਚਨ ਹੋ ਰਿਹਾ ਹੋਵੇ। ਇਸ ਗੱਲ ਨੂੰ ਮੁੜ-ਮੁੜ ਦੁਹਰਾਉਣ ਦੀ ਲੋੜ ਹੈ ਕਿ ਆਧੁਨਿਕ ਯੂਰਪੀ ਕਲਾ ਨੇ ਪ੍ਰੇਰਨਾ ਗੈਰ ਯੂਰਪੀ ਕਲਾ ਤੋਂ ਲਈ ਸੀ। ਘਣਵਾਦ ਤੇ ਅਭਿਵਿਅੰਜਨਾਵਾਦ ਅਫਰੀਕੀ ਕਲਾ ਨਾਲ ਸਿੱਧਾ ਵਾਹ ਪੈਣ ਦੀ ਉਪਜ ਸਨ। ਚੀਨੀ, ਜਾਪਾਨੀ ਤੇ ਭਾਰਤੀ ਕਲਾ ਨੇ ਵੀ ਆਪੋ-ਆਪਣਾ ਯੋਗਦਾਨ ਪਾਇਆ।

ਏਥੇ ਇੱਕ ਕੇਂਦਰੀ ਗੱਲ ਇਹ ਹੈ ਕਿ ਯੂਰਪੀ ਆਧੁਨਿਕਤਾਵਾਦ ਨੇ ਸਦੀਵੀ ਸਰਵਵਿਆਪਕ ਕਲਾ ਤੇ “ਸੁਤੰਤਰ” ਕਲਾ ਨੂੰ ਅਜੇਹੇ ਸਰੋਤਾਂ ਤੋਂ ਪੈਦਾ ਕੀਤਾ ਜੋ ਕਲਾ ਬਿਲਕੁਲ ਨਹੀਂ ਸਨ ਸਗੋਂ ਅੰਧ-ਵਿਸ਼ਵਾਸਾਂ ਅਤੇ “ਜਾਦੂਈ ਚਿੱਤਰਾਂ” ਉੱਤੇ ਅਧਾਰਤ ਸਨ ਜਿਹੜੇ ਸਥਾਨਕ ਰੀਤਾਂ-ਰਿਵਾਜਾਂ ਨਾਲ ਜੁੜੇ ਹੋਏ ਸਨ। ਪੱਛਮੀ ਝੁਕਾਅ ਵਾਲੀ ਕਲਾ ਦੇ ਗਲਬੇ ਪਿੱਛੇ ਇਸ ਤੱਥ ਦੀ ਵੱਡੀ ਭੁਮਿਕਾ ਰਹੀ ਹੈ। ਆਪਣੀ ਕਲਾ ਕਿਰਤ ‘ਪੂਰਬ-ਪੱਛਮ’ ਵਿੱਚ ਨਿਰਮਲ ਸਿੰਘ ਆਧੁਨਿਕ ਤੇ ਰਵਾਇਤੀ ਰੀਤ-ਅਧਾਰਤ ਕਲਾ ਵਿਚਲੇ ਇਸ ਭੇਦ ਨੂੰ ਮੇਟਦਾ ਹੈ।

ਸਲੇਟੀ ਪਿੱਠਭੂਮੀ ਉੱਤੇ ਸਾਨੂੰ ਇੱਕ ਨਗਨ ਆਦਮੀ ਚਿਤਰਿਆ ਦਿਸਦਾ ਹੈ। ਇੱਕ ਸਿਰ ( ਸਵੈ-ਚਿਤਰ) ਜਿਹੜਾ ਅਰਧ-ਪਾਰਦਰਸ਼ੀ ਕੱਪੜੇ ਨਾਲ ਅੱਧਾ ਕੁ ਕੱਜਿਆ ਹੋਇਆ ਹੈ। ਇਸ ਕਿਰਤ ਦੇ ਮੁਖ ਹਿੱਸੇ ਵਿੱਚ ਸਾਨੂੰ ਪੀਲੇ ਤੇ ਚਿੱਟੇ ਰੰਗੇ ਗੱਤੇ ਦੇ ਚੌਕੋਰ ਆਕਾਰਾਂ ਦੀ ਇੱਕ ਲੜੀ ਨਜ਼ਰ ਆਉਂਦੀ ਹੈ। ਇਹ ਪੇਂਟਿੰਗ ਆਧੁਨਿਕ ਦ੍ਰਿਸ਼ਟੀਗਤ-ਭਾਸ਼ਾ ਦੇ ਅਸਰ ਹੇਠ ਹੈ ਜਿਸ ਵਿੱਚ ਅਮੂਰਤ ਤੱਥ ਸੁਹਜ ਦਾ ਸਿਰਫ਼ ਰਸਮੀ ਰੋਲ ਅਦਾ ਕਰਦੇ ਜਾਪਦੇ ਹਨ। ਪਰ ਕੇਂਦਰੀ ਤੱਥ ਦਰਅਸਲ ਇੱਕ ਨਿੱਕਾ ਜਿਹਾ ਹੱਥ-ਰੰਗਿਆ ਲਘੂ-ਚਿਤਰ ਹੈ ਜਿਸਨੂੰ ਕੈਨਵਸ ਉੱਤੇ ਜੜਿਆ ਗਿਆ ਹੈ। ਇਸ ਵਿੱਚ ਸ਼ਾਹੀ ਪੁਸ਼ਾਕਾਂ ਨਾਲ ਲੈਸ ਘੋੜ-ਸਵਾਰਾਂ ਦੀ ਕਤਾਰ ਚਿਤਰੀ ਗਈ ਹੈ।

ਜਾਪਦਾ ਹੈ ਕਿ ਇਸਨੂੰ ਕਿਸੇ ਸਥਾਪਤ ਫਾਰਮੂਲੇ ਤਹਿਤ ਤੇਜ਼ੀ ਨਾਲ ਚਿਤਰਿਆ ਗਿਆ ਹੈ। ਇਹ ਸਸਤੀਆਂ ਧਾਰਮਕ ਮੂਰਤਾਂ ਦਾ ਚੇਤਾ ਕਰਾਉਂਦਾ ਹੈ। ਇਹ ਇੱਕ ਅਜੇਹਾ ਚਿਤਰ ਹੈ ਜਿਸਨੂੰ ਘਰ ਦੀ ਸਜਾਵਟ ਜਾਂ ਕਿਸੇ ਧਾਰਮਕ ਰੀਤ ਲਈ ਵਰਤਿਆ ਜਾ ਸਕਦਾ ਹੈ। ਇਸ ਵਿਚਲੇ ਨਿੱਕੇ ਬਿੰਬ ਨੂੰ ਵੀ ਪੇਂਟ ਦੀ ਪਤਲੀ ਪਰਤ ਨਾਲ ਢੱਕਿਆ ਗਿਆ ਹੈ ਜੋ ਚਿਤਰ ਦੇ ਬਾਕੀ ਹਿੱਸੇ ਵਾਙ ਹੀ ਭਾਵਪੂਰਨ ਪ੍ਰਗਟਾਅ ਹੈ। ਇਸ ਲਘੂ-ਮੂਰਤ ਉੱਤੇ ਕਲਾਕਾਰ ਨੇ ਗੱਤੇ ਦੇ ਨਿੱਕੇ ਨਿੱਕੇ ਰੰਗੇ ਹੋਏ ਟੁਕੜੇ ਵੀ ਜੜੇ ਹਨ ਜਿਨ੍ਹਾਂ ਰਾਹੀਂ ਇੱਕ ਅਸਪਸ਼ਟਤਾ ਪੈਦਾ ਹੁੰਦੀ ਹੈ। ਕੀ ਇਹ ਕਿਸੇ ਰਹੁ-ਰੀਤ ਦਾ ਹਿੱਸਾ ਹੈ ਜਾਂ ਫੇਰ ਇਸਦਾ ਮਕਸਦ ਨਿਰਾ ਸੁਹਜ ਦੇ ਪੱਖੋਂ ਹੈ ? ਏਸ ਅਸਪਸ਼ਟਤਾ ਕਾਰਨ ਹੀ ਇਹ ਮੂਲ-ਮੂਰਤ ਆਧੁਨਿਕਤਾ ਅਖਤਿਆਰ ਕਰਦੀ ਹੈ। ਨਾਲ ਹੀ ਇਹ ਸਵਾਲ ਵੀ ਉਠਦਾ ਹੈ ਕਿ ਇਸ ਚਿਤਰ ਪਿੱਛੇ ਪਹਿਲੋਂ ਤੋਂ ਮਿੱਥੀਆਂ ਰਵਾਇਤਾਂ ਦਾ ਕਿੰਨਾ ਕੁ ਹੱਥ ਹੈ। ਕਲਾ ਨੂੰ ਰੀਤ ਵਾਙ ਪਰੀਭਾਸ਼ਤ ਕੀਤਾ ਗਿਆ ਹੈ ।

ਸ਼ਿਵ ਤੇ ਮਿੱਕੀ, ਜੈਰੀ ਤੇ ਕ੍ਰਿਸ਼ਨ: ਅਜੋਕੇ ਤੇ ਪੌਰਾਣਿਕ ਪਾਤਰਾਂ ਦਾ ਮੇਲ।

ਨਵੀਨਤਮ ਚਿਤਰ ਨਿਰਮਲ ਸਿੰਘ ਦੀ ਸ਼ੈਲੀ ਵਿੱਚ ਬਦਲਾਅ ਦੇ ਲਖਾਇਕ ਹਨ। ਪਹਿਲੇ ਚਿਤਰਾਂ ਵਿਚਲੇ ਨਿਜੀ ਝੁਕਾਵਾਂ ਨੂੰ ਤਜ ਕੇ ਇਨ੍ਹਾਂ ਵਿੱਚ ਵਡੇਰੇ ਵਿਸਤਾਰਾਂ ਦਾ ਪ੍ਰਵੇਸ਼ ਹੁੰਦਾ ਹੈ। ਇਹਨਾ ਵਿੱਚੋਂ ਕਈ ਚਿਤਰਾਂ ਵਿੱਚ ਰੰਗਾਂ ਦੀਆਂ ਸਪਸ਼ਟ ਪੱਟੀਆਂ ਹਾਵੀ ਹਨ। ਚਿਤਰਤ ਤੇ ਪਦਾਰਥਕ ਕਾਵਿਕਤਾ ਦੀ ਥਾਂ ਇੱਕ ਵਧੇਰੇ ‘ਸਾਫ਼’ ਤੇ ਇੱਕਸੁਰ ਪੇਂਟਿਂਗ ਦੀ ਆਮਦ ਹੁੰਦੀ ਹੈ ਜਿਸ ਵਿੱਚ ਸਰਲ ਚਿਨ੍ਹ ਤੇ ਛਾਇਆ-ਚਿਤਰ ਦਰਜ ਹਨ; ਵਿਸ਼ਿਆਂ ਦੀ ਵਿਭਿੰਨਤਾ ਘਟਦੀ ਹੈ ਪਰ ਨਾਲ ਹੀ ਸੰਚਾਰ ਵਧੇਰੇ ਸਪਸ਼ਟ ਹੁੰਦਾ ਹੈ।ਇੱਕ ਬਹੁਭੁਜਾਈ ਮਰਦਾਨਾ ਆਕਾਰ ਦਾ ਬਿੰਬ ਬਾਰ-ਬਾਰ ਵਰਤਿਆ ਗਿਆ ਹੈ ਜਿਸਦੀਆਂ ਨਜ਼ਰਾਂ ਕਿਤੇ ਦੂਰ ਕੇਂਦਰਤ ਹਨ, ਗੌਤਮ ਬੁੱਧ ਦੀ ਮੂਰਤੀਆਂ ਵਿੱਚ ਦਰਸਾਈ ਜਾਂਦੀ ਪਾਰਗਾਮੀ ਨਜ਼ਰ ਵਾਙ। ਜਾਂ ਫੇਰ ਇਹ ਭਗਵਾਨ ਸ਼ਿਵ ਦਾ ਕੋਈ ਸੰਸਾਰਕ ਰੂਪ ਹੈ? ਸ਼ਿਵ ਜੋ ਰਚਣਹਾਰੀ ਤੇ ਵਿਨਾਸ਼ਕਾਰੀ ਤਾਕਤਾਂ ਦਾ ਦੇਵਤਾ ਹੈ।

ਕੀ ਇਹ ਕਲਾਕਾਰ ਦਾ ਮਾਨਸਕ ਸਵੈ-ਚਿਤਰ ਹੈ? ਇੱਕ ਥਾਂ ਚਿਹਰੇ ਨੂੰ ਚਿੱਟੀ ਤਹਿ ਨਾਲ ਕੱਜ ਕੇ ਚਿਤਰਿਆ ਗਿਆ ਹੈ। ਕਾਮ ਸੂਤਰ ਤੋਂ ਲਏ ਗਏ ਪ੍ਰੇਮੀ ਜੋੜਿਆਂ ਦੇ ਝਾਉਲੇ ਵੀ ਨਜ਼ਰੀਂ ਪੈਂਦੇ ਹਨ। ਨਿਰਮਲ ਸਿੰਘ ਦੀਆਂ ਕਿਰਤਾਂ ਵਿਚ ਕਾਫੀ ਮਾਤਰਾ ਵਿਚ ਨਗਨ-ਚਿਤਰ ਵੀ ਹਨ, ਪਰ ਉਹ ਨੰਗੀ ਕਾਮੁਕਤਾ ਦੀ ਪੇਸ਼ਕਾਰੀ ਨਹੀਂ। ਸਾਨੂੰ ਔਰਤ-ਮਰਦ ਜੋੜੇ ਤਾਂ ਦਿਸਦੇ ਹਨ ਪਰ ਬਹੁਤਾ ਧਿਆਨ ਉਨ੍ਹਾ ਦੇ ਕਾਮ ਕਲੋਲਾਂ ਵਲ ਨਹੀਂ ਜਾਂਦਾ। ਸਗੋਂ ਯੋਗਿਕ ਮੁਦਰਾਵਾਂ ਵਾਲੇ ਉਨ੍ਹਾਂ ਦੇ ਭਾਵ ਇਕ ਅਸਪਸ਼ਟਤਾ ਸਿਰਜਦੇ ਹਨ। ਕੁਝ ਕਲਾ-ਕਿਰਤਾਂ ਵਿਚ ਕੇਂਦਰ ਬਿੰਦੂ ਮੋਤੀਆਂ ਦੇ ਹਾਰਾਂ, ਵੱਡੀਆਂ ਰੁਦਰਾਕਸ਼ ਮਾਲਾਵਾਂ ਨਾਲ ਸਜੇ ਆਕਾਰ ਹਨ- ਤਕਰੀਬਨ ਉਹੋ ਜਿਹੇ ਬਿੰਬ ਜਿਹੋ ਜਿਹੇ ਲਘੂ-ਚਿਤਰਾਂ ਵਾਲੇ ਕਿਰਦਾਰਾਂ ਵਿਚ ਮਿਲਦੇ ਹਨ। ਕਈ ਤਸਵੀਰਾਂ ਪਰਤ-ਦਰ-ਪਰਤ ਹਨ, ਜਿਵੇਂ ਦੋਹਰੀ ਛਾਪ ਵਾਲੀਆਂ ਫੋਟੋਆਂ ਹੋਣ। ਇਨ੍ਹਾਂ ਦੀ ਹੇਠਲੀ ਪਰਤ ਵਿਚ ਸਾਨੂੰ ਅੱਧ-ਮਿਟੇ ਬਿੰਬ ਦਿਸਦੇ ਹਨ, ਜਦੋਂਕਿ ਉਤਲੀ ਪਰਤ ਪੁਰ ਸਪਸ਼ਟ ਚਿਤਰੀਆਂ ਜਪ-ਮਾਲਾਵਾਂ ਹਨ। ਸਾਡੀ ਨਜ਼ਰ ਦਾ ਸਾਹਮਣਾ ਮੋਤੀਆਂ ਦੀਆਂ ਮਾਲਾਵਾਂ ਨਾਲ ਹੁੰਦਾ ਹੈ ਜਿਸ ਕਾਰਨ ਪਿਛੋਕੜ ਵਿਚ ਵਾਪਰ ਰਹੀਆਂ ਘਟਨਾਵਾਂ ਸਾਡੀਆਂ ਅੱਖਾਂ ਤੋਂ ਪਰੋਖੇ ਹੋ ਜਾਂਦੀਆਂ ਹਨ। “ਚਿਨ੍ਹ” ਨਾਂ ਦੀ ਪੇਂਟਿਂਗ ਵਿਚ ਇਹਨਾ ਮੋਤੀਆਂ ਨਾਲ ਇਕ ਪੂਰਨ ਚੱਕਰ ਬਣਦਾ ਹੈ, ਜਿਸ ਪਿੱਛੇ ਸਾਨੂੰ ਕਈ ਝਾਉਲੇ ਦਿਸਦੇ ਹਨ। ਇਹ ਸਾਨੂੰ ਰੈਨੇਸਾਂਸ ਕਲਾ ਵਿਚ ਮਨੁੱਖੀ ਸਰੀਰ ਤੇ ਆਕਾਰ ਦੀ ਸਿਰਜਣਾ ਸਮੇਂ ਰੇਖਾਗਣਿਤ ਦੀ ਵਰਤੋਂ ਦਾ ਚੇਤਾ ਕਰਾਉਂਦਾ ਹੈ- ਪਰ ਇਨ੍ਹਾ ਚਿਤਰਾਂ ਵਿਚਲੇ ਆਕਾਰ ਸਾਡੀ ਪਕੜ ਤੋਂ ਪਰੇ ਹਨ ਅਤੇ ਸਮਰੂਪਤਾ ਨਾਲ ਨਿਯੰਤਰਤ ਨਹੀਂ ਹਨ। ਇਨ੍ਹਾ ਕਾਮੁਕ ਝਾਉਲਿਆਂ ਵਿਚ ਇਕ ਨਵੇਂ ਤੇ ਹੈਰਾਨੀਜਨਕ ਤੱਤ ਦੀ ਆਮਦ ਹੁੰਦੀ ਹੈ। ਇਹ ਹਨ ਮਿੱਕੀ ਮਾਊਸ ਤੇ ਗੂਫ਼ੀ, ਟੌਮ ਤੇ ਜੈਰੀ ਵਰਗੇ ਕਾਰਟੂਨ ਕਿਰਦਾਰ।

ਇਬਾਰਤਾਂ ਸਹਿਤ ਤੇ ਇਬਾਰਤੋਂ ਸੱਖਣੇ ਸ਼ਬਦ-ਬੁਲਬੁਲਿਆਂ ਦੀ ਵਰਤੋਂ ਨਾਲ ਭਾਰਤੀ ਦੇਵਤਿਆਂ ਤੇ ਜਾਣੇ-ਪਛਾਣੇ ਕਾਰਟੂਨ ਕਿਰਦਾਰਾਂ ਨੂੰ ਬੋਲ ਮਿਲਦੇ ਹਨ।ਦੇਵਤਿਆਂ ਨੂੰ ਉਨ੍ਹਾਂ ਦੀਆਂ ਚੌਕੀਆਂ ਤੋਂ ਲਾਹ ਕੇ , ਰਹੱਸਮਈ ਸਮਾਂ-ਸੰਦਰਭਾਂ ਤੋਂ ਵਿਛੋੜ ਕੇ , ਮਨੋਰੰਜਨ ਸਭਿਆਚਾਰ ਦਾ ਹਿੱਸਾ ਬਣਾਇਆ ਗਿਆ ਹੈ। ਕਾਰਟੂਨ ਕਿਰਦਾਰਾਂ ਦੀ ਸਰਲ ਵਿਧੀ ਨਾਲ ਚਿਤਰੇ ਇਹ ਦੇਵਤੇ , ਚਿਹਰਿਆਂ ਤੇ ਅਚੰਭਤ ਭਾਵਾਂ ਨਾਲ ਸਿੱਧੇ ਸਾਨੂੰ ਮੁਖਾਤਬ ਹਨ। ਸਤ੍ਹਾ ਨੂੰ ਜ਼ਰਾ ਜਿਹਾ ਖੁਰਚੋ ਤਾਂ ਹੇਠਾਂ ਹਾਸਾ ਲੱਭੇਗਾ, ਦੇਵਤਿਆਂ ਨਾਲ ਮਜ਼ਾਹੀਆ ਵਰਤਾਰਾ। ਨਿਰਮਲ ਸਿੰਘ ਚਾਹੁੰਦਾ ਹੈ ਕਿ ਉਸਦੇ ਕਿਰਦਾਰਾਂ ਨੂੰ ਬੋਲ ਮਿਲਣ, “ਉਹ ਕੁਝ ਅਜੇਹਾ ਆਖਣ ਜੋ ਉਨ੍ਹਾਂ ਨੂੰ ਆਖਣਾ ਨਹੀਂ ਚਾਹੀਦਾ- ਧਾਰਮਕ ਨਿਰਦੇਸ਼ਾਂ ਤੋਂ ਹਟਵੀਂ ਕੋਈ ਗੱਲ”।

ਖਾਲੀ ਸ਼ਬਦ-ਬੁਲਬੁਲੇ ਸ਼ਬਦਾਂ ਦੇ ਲਖਾਇਕ ਹਨ- ਜਿਵੇਂ ਕੈਨਵਸ ਦੀ ਪਰਤ ਖੁਦ ਕੁਝ ਕਹਿਣਾ ਚਾਹੁੰਦੀ ਹੋਵੇ- ਤੇ ਜਾਂ ਫੇਰ ਦਰਸ਼ਕ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾ ਰਿਹਾ ਹੋਵੇ।ਕਲਾਕਾਰ ਦਰਸ਼ਕਾਂ ਨੂੰ ਇਨ੍ਹਾਂ ਚਿਨ੍ਹਾਂ ਨੂੰ ਅਰਥ ਪਰਦਾਨ ਕਰਨ ਦਾ ਸੱਦਾ ਦੇਂਦਾ ਹੈ। ਪਰ ਕੀ ਕਾਰਟੂਨਾਂ ਦੇ ਨਾਇਕ ਦਰਅਸਲ ਸਾਡੀਆਂ ਆਪਣੀਆਂ ਮਿਥਾਂ ਦੇ ਨੁਮਾਇੰਦੇ ਨਹੀਂ? ਆਪਣੇ ਭਾਰਤੀ ਹਮਜੋਲੀਆਂ ਵਾਂਙ ਉਹ ਵੀ ਅਜਿੱਤ ਤੇ ਅਮਰ ਹਨ। ਜਾਨਵਰ ਮਨੁੱਖਾਂ ਵਾਂਙ ਵਿਚਰਦੇ ਹਨ-ਉਨ੍ਹਾਂ ਨੂੰ ਇਹ ਰੂਪ ਬੁਨਿਆਦੀ ਤਾਕਤਾਂ ਦੀ ਤਰਜਮਾਨੀ ਕਰਨ ਲਈ ਦਿੱਤਾ ਗਿਆ ਹੈ। ਚੰਗੇ ਤੇ ਮੰਦੇ ਵਿਚਲੀ ਜੰਗ; ਕਲਾਸਕੀ ਨਾਟਕਾਂ ਵਾਂਙ ਗੌਰਵ ਤੇ ਲਾਲਚ ਦਾ ਟਕਰਾਅ। ਅਸੀ ਸਾਰੇ ਕਾਰਲ ਬਾਰਕਸ ਦੀਆਂ ਲਿਖਤਾਂ ਨਾਲ ਵਾਕਫ਼ ਹਾਂ। ਨਿਰਮਲ ਸਿੰਘ ਦੇ ਚਿਤਰਾਂ ਵਿਚ ਕਾਰਟੂਨ ਕਿਰਦਾਰ ਤੇ ਦੇਵਤੇ ਬਰਾਬਰ ਦੇ ਪਾਤਰ ਹਨ।

“ਮਿੱਤਰ” ਨਾਂਅ ਦੀ ਇੱਕ ਪੇਂਟਿੰਗ ਵਿਚ ਪਾਤਰਾਂ ਦੇ ਟਾਕਰੇ ਨੂੰ ਹਾਸ਼ੀਏ ਦੇ ਕੋਲ ਚਿਤਰਿਆ ਗਿਆ ਹੈ। ਪੇਂਟ ਦੀ ਇੱਕ ਪੇਤਲੀ ਪਰਤ ਹੇਠ ਖੂਬਸੂਰਤ ਮੁਸਕਰਾਹਟ ਲੁਟਾਉਂਦਾ ਟੌਮ ( ਕਾਰਟੂਨਾਂ ਦਾ ਬਿੱਲਾ ਕਿਰਦਾਰ) ਇੱਕ ਅਜੇਹੇ ਵੇਲੇ ਚਿਤਰਿਆ ਗਿਆ ਹੈ ਜਦੋਂ ਉਹ ਕਿਸੇ ਨੀਲ-ਸਲੇਟੀ ਦੇਵ-ਮੂਰਤ ਉੱਤੇ ਵਾਰ ਕਰ ਰਿਹਾ ਹੈ। ਲਾਲ ਰੰਗੀ ਕੁੰਡਲੀਦਾਰ ਧਾਰੀ ਰਾਹੀਂ ਉਸਦੀ ਲੱਠ ਦੀ ਹਵਾ ਵਿਚਲੀ ਹਰਕਤ ਨੂੰ ਦਰਸਾਇਆ ਗਿਆ ਹੈ। ਵੱਜੀ ਸੱਟ ਤੋਂ ਇੱਕ ਪੀਲਾ ਤਾਰਾ ਉਠਦਾ ਦਿਸਦਾ ਹੈ; ਇਹ ਹਿੰਸਾ ਬਿਆਨ ਕਰਦੀ ਕਾਰਟੂਨੀ ਭਾਸ਼ਾ ਹੈ। ਸ਼ਿਕਾਰ ਦੇ ਚਿਹਰੇ ਤੇ ਹੈਰਾਨੀ ਦਾ ਭਾਵ ਹੈ। ਤਕਰੀਬਨ ਕਾਰਟੂਨੀ ਵਿਧੀ ਨਾਲ ਕਾਲੇ ਖਾਕੇ ਰਾਹੀਂ ਇਸ ਚਹੁ-ਭੁਜੀ ਦੇਵਤੇ ਨੂੰ ਚਿਤਰਿਆ ਗਿਆ ਹੈ। ਏਸ ਗ੍ਰਾਫਿਕ ਵਿਧੀ ਨੂੰ ਹਰੇ ਰੰਗੇ ਸ਼ਕਤੀਸ਼ਾਲੀ ਵਿਸਫੋਟ ਨਾਲ ਜੋੜਿਆ ਗਿਆ ਹੈ; ਸਮੁੱਚੀ ਤੇ ਕੈਨਵਸ ਤੇ ਰੰਗ ਖਿੰਡੇਰਿਆ ਗਿਆ ਹੈ। ਦੇਵ-ਮੂਰਤ ਤੋਂ ਰੰਗ ਹਰ ਪਾਸੇ ਵੱਲ ਖਿੰਡਦਾ ਹੈ, ਤੇ ਉਸਦੀ ਇਕ ਅੱਖ ਨਾਲ ਚਿਪਕਿਆ ਦਿਸਦਾ ਹੈ। ਇਹ ਧੁਨੀ-ਰਹਿਤ ਹਸਾਉਣੀਆਂ ਫਿਲਮਾਂ ਤੋਂ ਉਧਾਰ ਲਈ ਗਈ ਕਲਾਸਕੀ ਜੁਗਤ ਹੈ। ਰੰਗ ਦੀ ਇਸ ਫੁਹਾਰ ਰਾਹੀਂ ਇਕ ਬਾਹਰਲੀ ਪਰਤ ਬਣਦੀ ਹੈ ਤੇ ਸਾਨੂੰ ਜਾਪਦਾ ਹੈ ਜਿਵੇਂ ਅਸੀ ਇਹ ਮਾਜਰਾ ਕਿਸੇ ਮੈਲੀ ਖਿੜਕੀ ਥਾਣੀ ਵਾਚ ਰਹੇ ਹਾਂ। ਏਊਂ ਪੇਂਟਿੰਗ ਦੀ ਸਤ੍ਹਾ ਦਾ ਇਕ ਵੱਡਾ ਹਿੱਸਾ ਪੂਰੀ ਤਰ੍ਹਾਂ ਕ੍ਰਿਆਤਮਕ ਪੇਂਟਿੰਗ ਵਿਚ ਤਬਦੀਲ ਹੋ ਗਿਆ ਹੈ। ਇਸ ਰਾਹੀਂ ਹਿੰਸਾ ਦਾ ਇਹ ਪ੍ਰਗਟਾਅ , ਜਿਸਦਾ ਸਬੰਧ ਅਮਰੀਕੀ ਅਮੂਰਤ ਅਭਿਵਿਅੰਜਨਾ ਨਾਲ ਹੈ, ਉੱਤਰ-ਆਧੁਨਿਕ ਸ਼ਕਤੀ ਦੀ ਨੁਮਾਇੰਦਗੀ ਕਰਦਾ ਹੈ। ਇਹ ਅਚਨਚੇਤ ਨਹੀਂ, ਗਿਣ-ਮਿੱਥ ਕੇ ਪਾਇਆ ਜਾਣ ਵਾਲਾ ਪ੍ਰਭਾਵ ਹੈ। ਹੱਕਾ-ਬੱਕਾ ਹੋਇਆ ਦੇਵਤਾ ਸਸਤੇ ਸਾਹਿਤ ਤੇ ਪੱਛਮੀ ਆਧੁਨਿਕਤਾਵਾਦ ਦੇ ਵਿਚਾਲੇ ਫਸਿਆ ਖੜਾ ਹੈ- ਉਸਦੀ ਪ੍ਰਤਿਸ਼ਠਾ ਤੇ ਇਹ ਕਿਹੋ ਜਿਹਾ ਵਾਰ ਹੈ!

ਨਿਰਮਲ ਸਿੰਘ ਧੌਂਸੀ
ਦੀ
ਚਿੱਤਰਕਲਾ ਪ੍ਰਦਰਸ਼ਨੀ

ਨਿਰਮਲ ਸਿੰਘ ਧੌਂਸੀ ਆਖਦਾ ਹੈ ਕਿ ਉਸ ਲਈ ਕਲਾਤਮਕ ਪ੍ਰਕਿਰਿਆ ਇਕ ਅਜੇਹਾ ਸੰਦ ਹੈ ਜਿਸ ਰਾਹੀਂ ਅਜੋਕੇ ਅਨੁਭਵ , ਅਤੇ “ਵਖਰੇਵੇਂ” ਤੋਂ ਪੈਦਾ ਹੋਣ ਵਾਲੇ ਪ੍ਰਤੀਕਰਮਾਂ ਨੂੰ ਢਾਲਿਆ ਜਾ ਸਕਦਾ ਹੈ। ਜ਼ਿੰਦਗੀ ਦੇ ਤਜਰਬਿਆਂ ਨਾਲ ਜੁੜੀ ਹਰ ਕਲਾਤਮਕ ਯੋਜਨਾ ਲਈ ਲਾਜ਼ਮੀ ਹੈ ਕਿ ਉਸ ਵਿਚ ਨਿਰੰਤਰ ਬਦਲਾਅ ਆਉਂਦਾ ਰਹੇ। ਏਸੇ ਕਾਰਨ ਸਥਾਪਤ ਧਾਰਨਾਵਾਂ ਨੂੰ ਲਗਾਤਾਰ ਚੁਣੌਤੀ ਦੇਂਦੇ ਰਹਿਣਾ ਉਸ ਵਾਸਤੇ ਜ਼ਰੂਰੀ ਹੈ। ਭਾਂਵੇਂ ਉਹ ਧਾਰਨਾਵਾਂ ਸੁਹਜਪਰਕ ਹੋਣ ਤੇ ਭਾਂਵੇਂ ਵਿਸ਼ਾਪਰਕ। ਹਰ ਸਥਾਪਤ ਨਿਜ਼ਾਮ ਅੱਗੇ ਉਸਦਾ ਬਦਲ ਪੇਸ਼ ਕਰਨਾ ਜ਼ਰੂਰੀ ਹੈ।ਸ਼ਕਤੀਸ਼ਾਲੀ ਬੁਰਸ਼ ਵਰਤੋਂ, ਵਗਦਾ ਪੇਂਟ, ਲੱਭੀਆਂ ਵਸਤਾਂ,ਮੁੜ-ਸਿਰਜੇ ਚਿਤਰ, ਯਥਾਰਥਵਾਦੀ ਸ਼ੈਲੀ ਵਿਚ ਸਿਰਜੇ ਬਿੰਬ ,ਇਬਾਰਤਾਂ, ਕਾਰਟੂਨ ਕਿਰਦਾਰ ਤੇ ਦੇਵ-ਮੂਰਤਾਂ: ਇਹ ਸਭ ਕੁਝ ਨਿਰਮਲ ਸਿੰਘ ਦੀ ਦ੍ਰਿਸ਼ਟੀਗਤ ਪ੍ਰਯੋਗਸ਼ਾਲਾ ਦਾ ਹਿੱਸਾ ਹਨ ਜਿਸ ਅੰਦਰ ਸੁਹਜ ਦੇ ਵਰਗੀਕਰਣ ਨੂੰ ਤੋੜ ਕੇ ਵਿਭਿੰਨ ਦ੍ਰਿਸ਼ਟੀਕੋਣ ਸਿਰਜੇ ਜਾਂਦੇ ਹਨ। ਇਵੇਂ ਰਵਾਇਤੀ ਤੇ ਨਵੀਂਆਂ, ਦੋਵੇਂ ਵਿਧੀਆਂ ਰਾਹੀਂ ਅਣਕਿਆਸੀਆਂ ਅਤੇ ਅਚੰਭਾਕੁੰਨ ਗੱਲਾਂ ਕਹਿ ਸਕਣ ਦਾ ਸਬੱਬ ਬਣਦਾ ਹੈ। ਨਿਰਮਲ ਸਿੰਘ ਨੂੰ ਏਸ ਗੱਲ ਤੇ ਵੀ ਪੂਰਾ ਯਕੀਨ ਹੈ ਕਿ ਜਨਤਾ ਉਸਦੀ ਸਿਰਜਣਾਤਮਕ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਸਮਰੱਥ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com