ਸ਼ੇਰ ਅਤੇ ਦੂਜੀਆਂ ਵੱਡੀਆਂ ਬਿੱਲੀਆਂ ਬਾਰੇ ਬਹੁ-ਪੱਖੀ ਜਾਣਕਾਰੀ
- ਡਾ: ਹਰਚੰਦ ਸਿੰਘ ਸਰਹਿੰਦੀ
ਸ਼ੇਰ, ਬੱਬਰ ਸ਼ੇਰ, ਚੀਤਾ ਅਤੇ ਲੈਪਰਡ, ਸ਼ਿਕਾਰੀ ਜਾਨਵਰਾਂ
ਵਿਚੋਂ ਸ਼੍ਰੋਮਣੀ ਹਨ। ਚੀਤੇ ਬਾਰੇ ਸੰਖੇਪ ਵਿਚ ਇੰਨਾ ਕਹਿਣਾ ਕਾਫੀ ਹੋਵੇਗਾ ਕਿ ਸ਼ਕਲ
ਵਿਚ ਇਹ ਚਿਤਰ-ਮਿਤਰਾ, ਬਿੱਲੀ ਨਾਲ ਰਲਦਾ ਮਿਲਦਾ, 5 ਕੁ ਫੁੱਟ ਲੰਮਾ ਅਤੇ ਪਤਲੀ ਕਮਰ
ਵਾਲੇ ਸ਼ਿਕਾਰੀ ਕੁੱਤੇ ਵਰਗਾ ਜਾਨਵਰ ਹੈ। ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਇਹ
ਜਾਨਵਰ, ਆਪਣੇ ਸ਼ਿਕਾਰ ਨੂੰ ਦਬੋਚਣ ਲਈ 110 ਕਿਲੋਮੀਟਰ ਪ੍ਰਤੀ ਘੰਟੇਂ ਦੀ ਰਫਤਾਰ ਨਾਲ
ਲਗਾਤਾਰ 400 ਮੀਟਰ ਦੀ ਦੂਰੀ ਤੱਕ ਦੌੜ ਸਕਦਾ ਹੈ। ਲੈਪਰਡ, ਜੋ ਸ਼ਕਲ ਵਿਚ ਸ਼ੇਰ ਨਾਲੋਂ
ਵੀ ਡਰਾਉਣਾ ਜਾਪਦਾ ਹੈ, ਤਕਰੀਬਨ 2.15 ਮੀਟਰ ਲੰਮਾ ਚਿੱਤਰ-ਮਿਤਰਾ ਜਿਹਾ ਜਾਨਵਰ ਹੈ।
(ਇਹ ਗਲਤ-ਫਹਿਮੀ ਹਾਲੇ ਵੀ ਜਾਰੀ ਹੈ ਲੈਪਰਡ ਅਤੇ ਪੈਂਥਰ ਦੋ ਵੱਖਰੇ ਵੱਖਰੇ ਜਾਨਵਰ
ਹਨ)।
|
ਲੈਪਰਡ |
ਲੈਪਰਡ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਇਹ ਤੀਹ ਮੀਟਰ ਦੀ
ਦੂਰੀ ਤੋਂ ਮਨੁੱਖ ਨੂੰ ਪਲਕ ਝਪਕਦਿਆਂ ਸਾਫ ਸਾਫ ਦੇਖ ਸਕਦਾ ਹੈ। ਪਰ ਇਨ੍ਹਾਂ
ਸਕਤੀਸ਼ਾਲੀ ਵੱਡੀਆਂ ਬਿੱਲੀਆਂ ਵਿਚੋਂ ਸ਼ੇਰ ਦਾ ਮੁੱਖ ਸਥਾਨ ਹੈ, ਭਾਵ ਜੰਗਲ ਦਾ
ਬਾਦਸ਼ਾਹ ਹੋਣ ਦਾ ਮਾਣ ਕੇਵਲ ਸ਼ੇਰ ਨੂੰ ਹੀ ਪ੍ਰਾਪਤ ਹੈ।
ਪਰ ਅੱਜ ਅਸੀਂ ਸ਼ੇਰ ਨੂੰ ਚਿੜੀਆ ਘਰਾਂ ਵਿਚ ਸੀਖਾਂ ਪਿਛੇ ਜਾਂ
ਫਿਰ ਸਰਕਸ ਦੇ ਆਖਰੀ ਸੀਨ ਵਿਚ ਰਿੰਗ ਮਾਸਟਰ ਦੀ ਚਾਬੁਕ ਤੋਂ ਡਰਦੇ ਗੇੜੀਆਂ ਕੱਢਦੇ,
ਤਮਾਸ਼ਾ ਕਰਦੇ ਵੇਖ ਕੇ ਇਸ ਦੀ ਵਿਸ਼ੇਸ਼ ਹੈਸ਼ੀਅਤ, ਭਾਵ ਇਸ ਦੇ ਜੰਗਲ ਦਾ ਬਾਦਸ਼ਾਹ ਹੋਣ
ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਜੰਗਲ ਦੇ ਕੁਦਰਤੀ ਵਾਤਾਵਰਣ ਵਿਚ ਸ਼ੇਰ ਦਾ ਮਸਤੀ ਨਾਲ
ਝੁਮ ਝੂਮ ਕੇ ਤੁਰਨਾ ਅਤੇ ਹੋਰ ਸ਼ਾਹੀ ਤੌਰ ਤਰੀਕੇ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ।
ਇਸ ਦੀ ਇਕੋ ਦਹਾੜ ਦੀ ਭਿਆਨਕ ਆਵਾਜ਼ ਨਾਲ ਮਚਾਨ ਤੇ ਸੁੱਰਖਿਅਤ ਬੈਠਾ ਸ਼ਿਕਾਰੀ ਠਠੰਬਰ
ਜਾਂਦਾ ਹੈ, ਅਨਾੜੀ ਸ਼ਿਕਾਰੀ ਪਸੀਨਾ ਪਸੀਨਾ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਉਸ ਦੇ
ਹੱਥੋਂ ਬੰਦੂਕ ਡਿੱਗਣ ਦਾ ਵੀ ਡਰ ਹੁੰਦਾ ਹੈ।
|
ਟਾਈਗਰ |
ਅੱਜ ਸ਼ੇਰਾਂ ਦੀਆਂ 8 ਉਪ-ਜਾਤੀਆਂ ਵਿਚੋਂ ਭਾਰਤੀ ਸ਼ੇਰ ਸਭ ਤੋਂ
ਉਤਮ ਗਿਣਿਆ ਜਾਂਦਾ ਹੈ। ਇਸ ਨੂੰ 'ਰਾਇਅਲ ਬੰਗਾਲ ਟਾਈਗਰ' ਦਾ ਖਿਤਾਬ ਦਿੱਤਾ ਗਿਆ
ਹੈ। ਇਕ ਸ਼ੇਰ ਔਸਤਨ 2.6 ਤੋਂ 3 ਮੀਟਰ ਲੰਮਾ ਤੇ ਲਗਭਗ 190 ਕਿਲੋਗ੍ਰਾਮ ਭਾਰਾ ਹੁੰਦਾ
ਹੈ। ਸ਼ੇਰ, ਗਰਮੀਆਂ ਦੇ ਦਿਨਾਂ ਵਿਚ ਆਮ ਹੀ ਪਾਣੀ ਵਿਚ ਟੁੱਭੀਆਂ ਲਾਉਂਦੇ ਰਹਿੰਦੇ
ਹਨ। ਸ਼ੇਰ ਆਮ ਤੌਰ ਤੇ ਚੰਗੇ ਤੈਰਾਕ ਹੁੰਦੇ ਹਨ।
ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਸ਼ੇਰ ਜੰਗਲ ਦਾ ਬਾਦਸ਼ਾਹ
ਹੈ। ਤਾਂਹੀਓਂ ਕੁਦਰਤ ਨੇ ਇਸ ਦੇ ਹਰ ਅੰਗ ਦੀ ਰੂਪ ਰੇਖਾ ਘੜ੍ਹਨ ਸਮੇਂ ਬੜੀ ਸੂਝਬੂਝ
ਤੇ ਸਾਵਧਾਨੀ ਤੋਂ ਕੰਮ ਲਿਆ ਹੈ। ਇੰਝ ਜਾਪਦਾ ਹੈ ਜਿਵੇਂ ਕੁਦਰਤ ਨੇ ਇਸ ਦੀ ਸਿਰਜਣਾ,
ਵਿਹਲ ਵਿਚ, ਖੁਦ ਆਪਣੇ ਹੱਥੀਂ ਕੀਤੀ ਹੋਵੇ (ਭਾਵ ਇਸ ਨੂੰ ਗੈਂਡੇ ਵਾਂਗੂ ਥੋਕ ਵਿਚ
ਠੇਕੇ ਤੇ ਨਹੀਂ ਬਣਵਾਇਆ)। ਜੰਗਲ ਦੇ ਕੁਦਰਤੀ ਵਾਤਾਵਰਣ ਵਿਚ ਇਕ ਸ਼ੇਰ ਨੂੰ ਸਹੀ ਹਾਲਤ
ਵਿਚ ਜ਼ਿੰਦਾ ਰਹਿਣ ਲਈ ਇਕ ਹਫਤੇ ਵਿਚ 108 ਕਿਲੋਗ੍ਰਾਮ ਮਾਸ ਦੀ ਲੋੜ ਹੁੰਦੀ ਹੈ। ਏਨੀ
ਵੱਡੀ ਮਾਤਰਾ ਵਿਚ ਮਾਸ ਦੀ ਲੋੜ ਨੂੰ ਪੂਰਾ ਕਰਨ ਲਈ ਕੁਦਰਤ ਨੇ ਸ਼ੇਰ ਨੂੰ ਦੂਜੇ
ਜੀਵਾਂ ਦਾ ਸ਼ਿਕਾਰ ਕਰਨ ਲਈ ਪੂਰੀ ਤਰ੍ਹਾਂ ਲੈਸ ਕੀਤਾ ਹੋਇਆ ਹੈ-ਬਲ, ਫੁਰਤੀ, ਫੌਲਾਦੀ
ਪੰਜੇ, ਮਜ਼ਬੂਤ ਜਬਾੜ੍ਹਾ ਅਤੇ ਮਾਸ ਨੋਚਣ ਤੇ ਖਾਣ ਲਈ ਖਾਸ ਕਿਸਮ ਦੇ ਦੰਦਾਂ ਦਾ ਸੈੱਟ
ਦਿੱਤਾ ਹੈ। ਸ਼ੇਰ ਬਹੁਤ ਤੇਜ਼ੀ ਨਾਲ ਆਪਣੇ ਸ਼ਿਕਾਰ ਤੇ ਝਪਟਦਾ ਹੈ ਅਤੇ ਪਹਿਲੇ 500-600
ਮੀਟਰ ਤੱਕ ਲਗਪਗ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸ਼ਿਕਾਰ ਦਾ ਪਿੱਛਾ
ਕਰਦਾ ਹੈ, ਪਰ ਜੇ ਸ਼ਿਕਾਰ ਇਸ ਦੌਰਾਨ ਫਾਸਲਾ ਦੇ ਜਾਵੇ ਤਾਂ ਉਹ ਅਕਸਰ ਬਚ ਨਿਕਲਦਾ
ਹੈ। ਸ਼ੇਰ 40 ਫੁੱਟ ਲੰਬੀ ਛਾਲ ਮਾਰ ਸਕਦਾ ਹੈ।
|
gYNfw |
ਸ਼ੇਰ ਨੂੰ ਆਪਣਾ ਸ਼ਿਕਾਰ ਢੂੰਡਣ ਅਤੇ ਘਾਤ ਲਾਉਣ ਲਈ ਨਜ਼ਰ ਨੂੰ
ਸਿੱਧਾ ਟੈਲੀਸਕੋਪ ਵਾਂਗੂੰ ਫੋਕਸ ਕਰਨਾ ਪੈਂਦਾ ਹੈ। ਇਸੇ ਲਈ ਉਸ ਦੀਆਂ ਛੋਟੀਆਂ ਪਰ
ਮਸ਼ਾਲ ਵਾਂਗੂੰ ਚਮਕਦੀਆਂ ਅੱਖਾਂ, ਬਿਲਕੁਲ ਸਾਹਮਣੇ ਤੇ ਨੇੜੇ ਨੇੜੇ ਹੁੰਦੀਆਂ ਹਨ।
ਇਤਫਾਕ ਵੱਸ, ਸ਼ਿਕਾਰ ਬਣਨ ਵਾਲੇ ਜਾਨਵਰਾਂ ਦੀਆਂ ਅੱਖਾਂ ਮੋਟੀਆਂ, ਉੱਭਰੀਆਂ ਹੋਈਆਂ,
ਆਪਸੀ ਫਾਸਲਾ ਵੱਧ ਅਤੇ ਬਾਹਰ ਵੱਧ ਸਥਿਤ ਹੁੰਦੀਆਂ ਹਨ, ਤਾਂ ਕਿ ਆਪਣੇ ਬਚਾਅ ਲਈ
ਦੋਵੇਂ ਪਾਸੀਂ ਆਸਾਨੀ ਨਾਲ ਵੇਖ ਸਕਣ।
ਵੱਡੀਆਂ ਬਿੱਲੀਆਂ ਦੇ ਸ਼ਿਕਾਰ ਕਰਨ ਦੇ ਤਰੀਕੇ।
ਇਕ ਵੱਡੀ ਬਿੱਲੀ (ਸ਼ੇਰ, ਚੀਤਾ, ਲੈਪਰਡ ਆਦਿ) ਆਪਣੇ ਸ਼ਿਕਾਰ
ਨੂੰ ਮਾਰਨ ਲਈ ਬਹੁਤ ਅਸਰਦਾਰ ਤਰੀਕਿਆਂ ਨੂੰ ਵਰਤੋਂ ਵਿਚ ਲਿਆਉਂਦੀ ਹੈ। ਬਹੁਤੇ
ਕੇਸਾਂ ਵਿਚ ਸ਼ੇਰ ਆਪਣੇ ਸ਼ਿਕਾਰ ਦੀ ਗਰਦਨ ਤੇ ਤੇਜ਼ ਦੰਦਾਂ ਨਾਲ ਵਾਰ ਕਰ ਕੇ ਮੁੱਖ
ਨਾੜੀ (JUGULAR VEIN)
ਨੂੰ ਜ਼ਖਮੀ ਕਰ ਦਿੰਦਾ ਹੈ,
ਜਿਸ ਨਾਲ ਸ਼ਿਕਾਰ ਦੀ ਥਾਈਂ ਮੌਤ ਹੋ ਜਾਂਦੀ ਹੈ। ਦੂਜੇ ਮੌਕਿਆਂ ਤੇ ਸ਼ੇਰ ਆਪਣੇ ਸ਼ਿਕਾਰ
ਦੇ ਨੱਕ ਤੇ ਮੂੰਹ ਦੇ ਹਿੱਸੇ (MUZZLE) ਨੂੰ ਆਪਣੇ
ਮੂੰਹ ਵਿਚ ਮਜ਼ਬੂਤੀ ਨਾਲ ਘੁੱਟ ਲੈਂਦਾ ਹੈ ਅਤੇ ਉਦੋਂ ਹੀ ਛੱਡਦਾ ਹੈ ਜਦੋਂ ਸਾਹ
ਘੁਟੱਣ ਨਾਲ ਸ਼ਿਕਾਰ ਦਮ ਤੋੜ ਜਾਵੇ।
|
ਚੀਤਾ |
ਇਕ ਹੋਰ ਤਰੀਕਾ ਹੈ- ਸ਼ੇਰ ਆਪਣੇ ਸ਼ਿਕਾਰ ਦੀ ਪਿੱਠ ਤੇ ਪਲਾਕੀ
ਮਾਰ ਕੇ ਚੜ੍ਹ ਜਾਂਦਾ ਹੈ ਅਤੇ ਉਸ ਦੇ ਸਿਰ ਨੂੰ ਬਹੁਤ ਜਲਦੀ ਨਾਲ ਪਿਛਾਂਹ ਨੂੰ ਮੋੜ
ਕੇ ਗਰਦਨ ਤੋੜ ਦਿੰਦਾ ਹੈ। ਕਈ ਵੇਰ ਖੋਪੜੀ ਤੇ ਇਕੋ ਚੱਕ ਮਾਰ ਕੇ ਸ਼ਿਕਾਰ ਨੂੰ ਅਗਲੇ
ਪਾਰ ਪਹੁੰਚਾ ਦਿੰਦਾ ਹੈ। ਇੰਝ ਵੀ ਹੁੰਦਾ ਹੈ ਕਿ ਸ਼ੇਰ ਆਪਣੇ ਸ਼ਿਕਾਰ ਨੂੰ ਓਨਾ ਚਿਰ
ਗਰਦਨ ਤੋਂ ਫੜ ਕੇ ਲਟਕਾਈ ਰੱਖਦਾ ਹੈ ਜਿੰਨਾ ਚਿਰ ਉਸ ਦੇ ਸਰੀਰ ਦੀ ਹਰ ਹਰਕਤ ਬੰਦ
ਨਹੀਂ ਹੋ ਜਾਂਦੀ। ਵੱਡੀ ਬਿੱਲੀ ਦੇ ਕਾਬੂ ਆ ਜਾਣ ਤੇ ਜਦੋਂ ਬਚਾਅ ਦੇ ਸਾਰੇ ਰਸਤੇ
ਬੰਦ ਹੋ ਜਾਣ ਤਾਂ ਸ਼ਿਕਾਰ, ਮਾਨਸਿਕ ਸਦਮੇ ਕਾਰਨ, ਉਸੇ ਵੇਲੇ ਬੇਹੋਸ਼ ਹੋ ਜਾਂਦਾ ਹੈ,
ਕਿਉਂਕਿ ਕੁਦਰਤ-ਮਾਂ ਨਹੀਂ ਚਾਹੁੰਦੀ ਕਿ ਇਸ ਤੋਂ ਅੱਗੇ ਵਿਚਾਰੇ ਸ਼ਿਕਾਰ ਨੂੰ ਭਿਆਨਕ
ਦੁੱਖ ਦਰਦ ਦਾ ਸਾਹਮਣਾ ਕਰਨਾ ਪਵੇ।
ਸ਼ੇਰ ਦੇ ਸਰੀਰ ਤੇ ਲੰਬੀਆਂ ਤੇ ਪਤਲੀਆਂ 90 ਡਿਗਰੀ ਦੇ ਕੋਣ
ਦੀਆਂ ਧਾਰੀਆਂ, ਜੰਗਲ ਦੇ ਕੁਦਰਤੀ ਆਲੇ-ਦੁਆਲੇ ਵਿਚ ਉਸ ਦੀ ਰੂਪ-ਰੇਖਾ ਨੂੰ ਤੋੜਣ
ਵਿਚ ਮਦਦ ਕਰਦੀਆਂ ਹਨ। ਇਸ ਤਰ੍ਹਾਂ ਸ਼ੇਰ ਨੂੰ ਆਪਣੇ ਸ਼ਿਕਾਰ ਤੇ ਅਚਨਚੇਤ ਹਮਲਾ ਕਰਨਾ
ਸੌਖਾ ਹੋ ਜਾਂਦਾ ਹੈ।
ਸ਼ੇਰ ਦਾ ਸੁਭਾਅ
ਸ਼ੇਰ ਆਮ ਤੌਰ ਤੇ ਮਨੁੱਖ ਤੋਂ ਪਰ੍ਹਾਂ ਹੀ ਰਹਿੰਦਾ ਹੈ, ਪਰ
ਜਦੋਂ ਇਹ ਆਪਣੇ ਬਚਿਆਂ ਨਾਲ ਘੁੰਮ ਫਿਰ ਰਿਹਾ ਹੋਵੇ ਜਾਂ ਫਿਰ ਇਸਨੂੰ ਸੰਜੋਗ ਵੇਲੇ
ਛੇੜਿਆ ਜਾਵੇ ਤਾਂ ਉਦੋਂ ਇਹ ਆਦੀ ਤੇ ਟੁੱਟ ਪੈਂਦਾ ਹੈ। ਮਨੁੱਖ, ਅਕਸਰ ਇਸੇ ਦੇ
ਸ਼ਾਸਿਤ ਇਲਾਕੇ ਵਿਚ ਦਾਖਲ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਇਸ ਦਾ ਅਮਨ ਚੈਨ ਭੰਗ
ਕਰਦਾ ਹੈ। ਉਸ ਹਾਲਤ ਵਿਚ ਭਾਵ ਮਨੁੱਖ ਦੀ ਮੌਜੂਦਗੀ ਦੇ ਪ੍ਰਤੀਕਰਮ ਵਜੋਂ ਸ਼ੇਰ ਦੇ
ਚਿਹਰੇ ਤੇ ਕੁਝ ਸਪੱਸ਼ਟ ਉਤਰਾਅ ਚੜਾਅ ਆਉਂਦੇ ਹਨ ਅਤੇ ਉਸ ਦੀ ਦਿੱਖ ਭਿਅੰਕਰ ਹੋ
ਜਾਂਦੀ ਹੈ। ਇਸ ਸਭ ਕਾਸੇ ਦਾ ਇਕ ਖਾਸ ਮਕਸਦ ਹੁੰਦਾ ਹੈ-ਘੁਸਪੈਠ ਕਰਨ ਵਾਲੇ ਨੂੰ ਉਸ
ਦੇ ਇਲਾਕੇ ਵਿਚੋਂ ਬਾਹਰ ਹੋ ਜਾਣ ਦੀ ਚਿਤਾਵਨੀ ਹੁੰਦੀ ਹੈ।
ਮਿਸਾਲ ਵਜੋਂ ਜਦੋਂ ਸ਼ੇਰ ਆਪਣੇ ਕੰਨਾਂ ਨੂੰ ਪਿਛਾਂਹ ਨੂੰ
ਮੋੜਦਾ ਹੈ, ਚਿਹਰੇ ਤੇ ਘ੍ਰਿਣਾ ਭਰਿਆ ਪ੍ਰਭਾਵ ਪੈਦਾ ਕਰਦਾ ਹੈ ਅਤੇ ਨਾਲ ਹੀ ਨਫਰਤ
ਨਾਲ ਹਿਸ-ਹਿਸ ਦੀ ਅਵਾਜ਼ (SPITTING HISS) ਪੈਦਾ
ਕਰਦਾ ਹੈ ਤਾਂ ਇਹ ਸਮਝ ਲਿਆ ਜਾਵੇ ਕਿ ਸ਼ੇਰ ਉਸ ਦੇ ਸ਼ਾਸਿਤ ਇਲਾਕੇ ਵਿਚ ਬਿਨਾਂ ਆਗਿਆ
ਦਾ ਦਾਖਲ ਹੋਣ ਵਾਲੇ ਨੂੰ ਉਨ੍ਹੀਂ ਪੈਰੀਂ ਪਿਛਾਂਹ ਮੁੜ ਜਾਣ ਲਈ ਸੁਰੱਖਿਆਤਮਕ ਧਮਕੀ
ਦੇ ਰਿਹਾ ਹੁੰਦਾ ਹੈ। ਸ਼ੇਰ ਦਾ ਅਗਲਾ ਕਦਮ ਹੋਵੇਗਾ, ਆਪਣੇ ਕੰਨਾਂ ਨੂੰ ਖੜ੍ਹੇ ਕਰਨਾ
ਅਤੇ ਉਦੇਸ਼ਪੂਰਣ ਅੱਗੇ ਵਧਣਾ। ਜੇਕਰ ਅਜਿਹੇ ਸੰਕੇਤਾਂ ਨੂੰ ਨਾ ਸਮਝਿਆ ਜਾਵੇ ਜਾ ਫਿਰ
ਅਣਗੌਲਿਆ ਕਰ ਦਿੱਤਾ ਜਾਵੇ ਤਾਂ ਇਹ ਤਾਕਤਵਰ ਮਾਸਖੋਰਾ ਜਾਨਵਰ ਤੇਜ਼ੀ ਨਾਲ ਅੱਗੇ
ਵੱਧਦਾ ਹੈ, ਪਰ ਮਨੁੱਖ ਜਾਂ ਦੁਸ਼ਮਣ ਤੋਂ ਥੋੜ੍ਹੀ ਦੂਰੀ ਤੇ ਰੁਕ ਜਾਂਦਾ ਹੈ ਅਤੇ
ਪਿਛਾਂਹ ਹਟ ਜਾਣ ਦਾ ਇਕ ਵੇਰ ਫਿਰ ਸੁਨਹਿਰੀ ਮੌਕਾ ਦਿੰਦਾ ਹੈ। ਪਰ ਜੇ ਇਹ ਸਭ ਕੁਝ
ਬੇਅਸਰ ਹੋ ਕੇ ਰਹਿ ਜਾਵੇ ਤਾਂ ਸ਼ੇਰ ਦਾ ਮਨੁੱਖ ਤੇ ਝਪਟਣਾ ਲਗਭਗ ਯਕੀਨੀ ਹੋ ਜਾਂਦਾ
ਹੈ।
ਭਾਰਤ ਵਿਚ ਆਦਮਖੋਰ ਸ਼ੇਰਾਂ ਦੇ ਮਾਹਿਰ, ਇਕ ਅੰਗਰੇਜ਼ ਮਿਸਟਰ
ਜ਼ਿਮ ਕੌਰਬਿਟ ਦੇ ਕਥਨ ਅਨੁਸਾਰ ਸ਼ੇਰ ਮਨੁੱਖ ਨੂੰ ਆਪਣੀ ਖੁਰਾਕ ਨਹੀਂ ਸਮਝਦਾ, ਪਰ ਜੇ
ਕਿਸੇ ਅਚਾਨਕ ਦੁਰਘਟਨਾ ਕਾਰਨ ਇਕ ਵੇਰ ਮਨੁੱਖ ਦਾ ਖੂਨ ਉਸ ਦੇ ਮੂੰਹ ਲੱਗ ਜਾਵੇ ਤਾਂ
ਉਹ ਆਦਮਖੋਰ ਬਣ ਸਕਦਾ ਹੈ। ਉਂਝ, ਬੁੱਢੇ, ਬੀਮਾਰ ਅਤੇ ਜ਼ਖਮੀ ਸ਼ੇਰ ਅਕਸਰ ਆਦਮਖੋਰ ਬਣ
ਜਾਂਦੇ ਹਨ। 'ਚੰਪਾਵਤ ਆਦਮਖੋਰ' ਦੇ ਨਾਂ ਨਾਲ ਜਾਣੇ ਜਾਣ ਵਾਲੇ ਭਾਰਤ ਦੇ ਸਭ ਤੋਂ
ਬਦਨਾਮ ਆਦਮਖੋਰ ਸ਼ੇਰ, ਜੋ ਨੇਪਾਲ ਤੇ ਕਮਾਊਂ ਦੇ ਇਲਾਕੇ ਵਿਚ ਘੁੰਮਦਾ ਰਿਹਾ, ਨੇ ਅੱਠ
ਸਾਲਾਂ ਦੇ ਅਰਸੇ ਦੌਰਾਨ, ਸੰਨ 1911 ਵਿਚ ਗੋਲੀ ਦਾ ਸ਼ਿਕਾਰ ਬਣਾਏ ਜਾਣ ਤੋਂ ਪਹਿਲਾਂ,
ਸ਼ੱਕ ਕੀਤਾ ਜਾਂਦਾ ਹੈ ਕਿ 438 ਇਨਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਜਦੋਂ ਸ਼ੇਰ ਦੇ ਬੁਰੇ ਦਿਨ ਆਉਂਦੇ ਹਨ!
ਸ਼ੇਰ, ਨਿਰਸ਼ੰਦੇਹ ਜੰਗਲ ਦਾ ਬਾਦਸ਼ਾਹ ਹੈ ਪਰ ਇਸ ਦੀ ਜ਼ਿੰਦਗੀ
ਵਿਚ ਕਈ ਵਾਰ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਇਸ ਨੂੰ ਸਖਤ ਨਿਮੋਸ਼ੀ ਦਾ ਮੂੰਹ ਵੇਖਣਾ
ਪੈਂਦਾ ਹੈ। ਆਪਣੀ ਪਰਜਾ ਦੇ ਇਕ ਜਨ ਸਾਧਾਰਨ ਹੱਥੌਂ ਮੂੰਹ ਪਰਨੇ ਜਾ ਡਿਗਦਾ ਹੈ। ਇਸ
ਦੀ ਵਿਸ਼ੇਸ਼ ਹੈਸੀਅਤ ਤੇ ਸ਼ਾਨੋ-ਸ਼ੌਕਤ ਮਿੱਟੀ ਵਿਚ ਮਿਲ ਜਾਂਦੀ ਹੈ ਅਤੇ ਆਬਰੂ ਪੈਰਾਂ
ਵਿਚ ਰੁਲ ਜਾਂਦੀ ਹੈ। ਉਸ ਨੂੰ ਇਹ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਉਸ ਦੀ ਹਾਲਤ ਇਕ
ਲੇਲੇ ਤੋਂ ਵੀ ਬਦਤਰ ਹੋ ਸਕਦੀ ਹੈ। ਆਓ ਵੇਖੀਏ! ਸ਼ੇਰ ਦੀ 'ਪੱਗ ਨੂੰ ਕੌਣ ਹੱਥ
ਪਾਉਂਦਾ ਹੈ ਅਤੇ ਉਸ ਦਾ ਤਾਜ ਕਿਵੇਂ ਮਿੱਟੀ ਵਿਚ ਰੁਲਦਾ ਹੈ:
|
ਸੇਬਲ ਐਂਟਿਲੋਪ |
ਅੰਗੋਲਾ ਵਾਸੀ ਸੇਬਲ ਐਂਟਿਲੋਪ (ਕਾਲੀ ਖੱਲ
ਵਾਲਾ ਹਿਰਨ ਵਰਗਾ ਇਕ ਜਾਨਵਰ ਜੋ ਹੁਣ ਬਹੁਤ ਘੱਟ ਰਹਿ ਗਿਆ ਹੈ), ਇਕ ਬਹੁਤ ਬਹਾਦਰ
ਅਤੇ ਹੌਂਸਲੇ ਵਾਲਾ ਜਾਨਵਰ ਹੈ। ਕਈ ਵਾਰ ਇਕ ਨਾਤਜਰਬੇਕਾਰ ਸ਼ੇਰ ਨੂੰ ਬਹੁਤ ਦੇਰ ਨਾਲ
ਪਤਾ ਲਗੱਦਾ ਹੈ ਕਿ ਇਹ ਐਂਟਿਲੋਪ ਆਪਣੇ ਬਚਾਓ ਦੇ ਮਾਮਲੇ ਵਿਚ ਢਿੱਲੜ ਨਹੀਂ। ਸ਼ੇਰ
ਨਾਲ ਆਹਮੋ ਸਾਹਮਣੇ ਹੋ ਜਾਣ ਤੇ ਇਹ ਸਾਹਸੀ ਜਾਨਵਰ ਦ੍ਰਿਤ੍ਹਤਾ ਨਾਲ ਖੜ੍ਹਾ ਰਹਿੰਦਾ
ਹੈ ਅਤੇ ਝੱਟ ਆਪਣੇ ਸਿੰਗਾਂ ਨੂੰ ਨੀਵਾਂ ਕਰ ਲੈਂਦਾ ਹੈ ਤੇ ਫਿਰ ਸ਼ੇਰ ਨੂੰ ਉਦੋਂ ਹੀ
ਪਤਾ ਲੱਗਦਾ ਹੈ ਜਦੋਂ ਇਹ ਸ਼ਾਕਾਹਾਰੀ ਜਾਨਵਰ ਆਪਣੇ ਮਾਰੂ ਸਿੰਗਾਂ ਨਾਲ ਉਸ ਨੂੰ ਉਧੇੜ
ਕੇ ਰੱਖ ਦਿੰਦਾ ਹੈ। ਕਈ ਵਾਰ ਤੇਜ਼ੀ ਨਾਲ ਕੀਤੇ ਗਏ ਹਮਲੇ ਦੀ ਸੱਟ ਏਨੀ ਜ਼ੋਰਦਾਰ
ਹੁੰਦੀ ਹੈ ਕਿ ਸਿੰਗ ਦਾ ਇਕ ਹਿੱਸਾ ਸ਼ੇਰ ਦੇ ਸਰੀਰ ਅੰਦਰ ਹੀ ਟੁੱਟ ਜਾਂਦਾ ਹੈ। ਇਸ
ਹਮਲੇ ਵਿਚ ਜ਼ਖਮੀ ਹੋਇਆ ਸ਼ੇਰ ਅੱਡੀਆਂ ਰਗੜ ਕੇ ਭਿਆਨਕ ਮੌਤ ਮਰਦਾ ਹੈ।
|
ਜੈਬਰਾ |
ਜੈਬਰਾ, ਘੋੜੇ ਤੇ ਗਧੇ ਦੀ ਕਿਸਮ ਦਾ ਧਾਰੀਆਂ ਵਾਲਾ ਇਕ
ਅਫਰੀਕਨ ਜੰਗਲੀ ਪਸ਼ੂ ਹੈ। ਇਹ ਹਮੇਸ਼ਾਂ ਝੁੰਡਾਂ ਵਿਚ ਵਿਚਰਦੇ ਹਨ ਅਤੇ ਲੜਾਈ ਝਗੜਾ
ਬਿਲਕੁਲ ਪਸੰਦ ਨਹੀਂ ਕਰਦੇ। ਪਰ ਮੌਤ ਨੂੰ ਸਿਰ ਤੇ ਘੂਕਦੀ ਵੇਖ ਕੇ ਤਾਂ ਇਕ ਕੀੜਾ ਵੀ
ਸੰਘਰਸ਼ ਕਰਦਾ ਹੈ। ਇਸ ਲਈ ਸ਼ੇਰ ਵਲੋਂ ਹਮਲਾ ਕੀਤੇ ਜਾਣ ਦੀ ਸੂਰਤ ਵਿਚ ਜ਼ੈਬਰਾ ਆਪਣੀਆਂ
ਜ਼ੋਰਦਾਰ ਦੁਲਤੀਆਂ ਨਾਲ ਉਸ ਦਾ ਹੁਲੀਆ ਵਿਗਾੜ ਦਿੰਦਾ ਹੈ, ਜੇ ਦਾਓ ਭਰ ਜਾਵੇ ਤਾਂ
ਜਬਾੜ੍ਹਾ ਤੋੜ ਦਿੰਦਾ ਹੈ ਤੇ ਹੱਡੀ ਪਸਲੀ ਇਕ ਕਰ ਦਿੰਦਾ ਹੈ।
ਜਿਰਾਫ, ਅਫਰੀਕਾ ਦੇ ਰੇਗਸਤਾਨੀ ਇਲਾਕੇ ਵਿਚ ਮਿਲਣ ਵਾਲਾ ਇਕ
ਜੰਗਲੀ ਜਾਨਵਰ ਹੈ। ਇਸ ਦੀ ਨੁਹਾਰ ਊਠ ਨਾਲ ਮਿਲਦੀ ਹੈ, ਪਰ ਹੈ ਇਹ ਬੜਾ ਮਨਮੋਹਣਾ
ਜਾਨਵਰ! ਜ਼ਿਰਾਫ, ਸੰਸਾਰ ਭਰ ਦੇ ਜਾਨਵਰਾਂ ਵਿਚੋਂ ਸਭ ਤੋਂ ਉਚਾ ਹੈ। ਇਸ ਦਾ ਭਾਰ
ਅੱਧੇ ਟਨ ਤੋਂ ਇਕ ਟਨ ਤੱਕ ਹੁੰਦਾ ਹੈ। ਇਸ ਫੁਰਤੀਲੇ ਜਾਨਵਰ ਦੀ ਦੁਲੱਤੀ ਜੇ ਕਿਧਰੇ
ਸ਼ੇਰ ਦੇ ਟਿਕਾਣੇ ਪੈ ਜਾਵੇ ਤਾਂ ਨਾਨੀ ਯਾਦ ਕਰਵਾ ਦਿੰਦੀ ਹੈ। ਇਸ ਦੀ ਮਾਰੂ ਦੁਲੱਤੀ
ਤੋਂ ਡਰਦਿਆਂ ਕੱਲਾ-ਕਾਰਾ ਸ਼ੇਰ ਇਸ ਤੇ ਹਮਲਾ ਕਰਨ ਤੋਂ ਝਿਜਕਦਾ ਹੈ। ਸ਼ੇਰ, ਇਸ ਨੂੰ
ਮਾਰਨ ਲਈ ਹਮੇਸ਼ਾ ਹੀ ਇਸ ਦੀ ਪਿੱਠ 'ਤੇ ਚੜ੍ਹਨਾ ਚਾਹੁੰਦਾ ਹੈ, ਕਿਉਂਕਿ ਉਸ ਹਾਲਤ
ਵਿਚ ਜਿਰਾਫ ਤਰਸ ਦਾ ਪਾਤਰ ਹੁੰਦਾ ਹੈ।
|
ਜ਼ਿਰਾਫ |
ਅਫਰੀਕਨ ਸ਼ੇਰਾਂ ਦੀ ਇਕ ਜਾਤੀ ਦੇ ਸੁਭਾਅ ਨੂੰ ਬਹੁਤ ਨੇੜਿਓਂ
ਦੇਖਿਆ ਸਾਫ ਜ਼ਾਹਿਰ ਹੈ ਕਿ ਸ਼ੇਰ ਅਸਲ ਵਿਚ ਇੰਨੇ ਬਹਾਦਰ ਤੇ ਨਿਡਰ ਨਹੀਂ ਹੁੰਦੇ
ਜਿੰਨਾ ਇਨ੍ਹਾਂ ਨੂੰ ਸਮਝਿਆ ਜਾਂਦਾ ਹੈ। ਕਈ ਵਾਰ ਤਾਂ ਲੱਕੜ-ਬਘਿਆਂ ਦੇ ਝੁੰਡ ਤੋਂ
ਡਰ ਕੇ ਹੀ ਇਹ ਸ਼ੇਰ ਆਪਣਾ ਮਾਰਿਆ ਹੋਇਆ ਸ਼ਿਕਾਰ ਛੱਡ ਕੇ ਭੱਜ ਜਾਂਦਾ ਹੈ। ਇਸੇ
ਤਰ੍ਹਾਂ ਜੰਗਲੀ ਅਫਰੀਕਨ ਮੱਝ ਤੋਂ ਡਰਦਾ ਸ਼ੇਰ ਪਰ੍ਹਾਂ ਰਹਿਣ ਵਿਚ ਹੀ ਆਪਣੀ ਭਲਾਈ
ਸਮਝਦਾ ਹੈ।
ਸ਼ੇਰ, ਖਾਸਕਰ ਬਾਘ, ਜੰਗਲੀ ਸੂਰਾਂ ਨੂੰ ਮਾਰ ਕੇ ਖੁਸ਼ ਹੁੰਦਾ
ਹੈ, ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸ਼ੇਰ ਜੰਗਲੀ ਸੂਰਾਂ ਦੇ ਅੜਿੱਕੇ ਆ ਜਾਂਦਾ
ਹੈ ਅਤੇ ਉਹ ਉਸ ਨੂੰ ਲੀਰਾਂ ਕਰ ਕੇ ਰਖ ਦਿੰਦੇ ਹਨ।
ਇਸ ਦਾ ਮਤਲਬ ਇਹ ਹੋਇਆ ਕਿ
ਕੁਦਰਤ ਵਿਚ ਸਭ ਕੁਝ ਸ਼ਕਤੀਸ਼ਾਲੀ ਮਾਸਾਹਾਰੀ ਜੀਵਾਂ ਦੀ ਮਰਜ਼ੀ ਅਨੁਸਾਰ ਹੀ ਨਹੀਂ
ਵਾਪਰਦਾ। ਸ਼ਿਕਾਰ ਬਣਨ ਵਾਲੇ ਜਾਨਵਰਾਂ ਨੂੰ ਵੀ ਕੁਦਰਤ ਨੇ ਓਨੇ ਹੀ ਅਸਰਦਾਰ ਬਚਾਓ
ਸਾਧਨ ਮੁਹੱਈਆ ਕੀਤੇ ਹਨ ਅਤੇ ਸੰਕਟ ਦੀ ਘੜੀ, ਸਿਰ ਲੁਕਾਉਣ ਲਈ ਦਾਓ ਪੇਚ ਬਖਸ਼ੇ ਹਨ।
ਕੁਦਰਤ-ਮਾਂ ਅਜਿਹਾ ਦੂਹਰਾ ਰੋਲ ਕਿਉਂ ਅਦਾ ਕਰਦੀ ਹੈ, ਇਹ ਇਕ ਵੱਖਰਾ ਵਿਸ਼ਾ ਹੈ।
ਉਂਝ, ਇਹ ਕੁਦਰਤ ਦੇ ਕਾਨੂੰਨ ਮੂਜਬ ਹੀ ਹੈ ਕਿ ਕੁਝ ਜੀਵਾਂ ਨੇ ਸ਼ਿਕਾਰ ਕਰਨਾ ਹੁੰਦਾ
ਹੈ ਅਤੇ ਕੁਝ ਨੇ ਉਨ੍ਹਾਂ ਦਾ ਸ਼ਿਕਾਰ ਬਣਨਾ ਹੁੰਦਾ ਹੈ।
ਅੰਤ ਵਿਚ ਸਾਧਾਰਨ ਸ਼ਾਕਾਹਾਰੀ ਜੀਵਾਂ ਹੱਥੋਂ ਸ਼ੇਰ ਦੀ ਦੁਰਗੱਤ
ਤੋਂ ਇਹ ਸਬਕ ਲਿਆ ਜਾ ਸਕਦਾ ਹੈ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ ਅਤੇ ਅੱਜਿਤ
ਹੋਣ ਦਾ ਘੁਮੰਡ ਕਈ ਵਾਰ ਲੈ ਬੈਠਦਾ ਹੈ। |