ਡਾ. ਥਿੰਦ ਵਲੋਂ ਹੁਣ ਕੰਪੂਟਰ ਲਈ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਪਹਿਲਾ ਸੈਟ ਤਿਆਰ।

ਪੰਜਾਬੀ ਦੀ ਕੰਪੂਟਰ 'ਤੇ ਇੰਟਰਨੈੱਟ ਉਤੇ ਵਰਤੋਂ ਕਰਨ ਲਈ, ਗੁਰਮੁਖੀ ਅੱਖਰਮਾਲਾ ਦੀਆਂ ਬਹੁਤ ਹੀ 'ਛਾਪ-ਮੁਹਰਾਂ' ਤਿਆਰ ਹੋ ਗਈਆਂ ਹਨ। ਨਿਜੀ ਵਰਤੋਂ ਲਈ ਸਭ ਤੋਂ ਵਧ ਪਰਚੱਲਤ ਅੱਖਰਮਾਲਾ ਤਾਂ ਡਾ. ਥਿੰਦ ਦੀਆਂ ਹੀ ਬਣਾਈਆਂ ਹੋਈਆਂ ਹਨ। ਪਰ ਇਹਨਾਂ ਵਿਚੋਂ ਗੁਰਮੁਖੀ ਯੂਨੀਕੋਡ (ਇੰਟਰਨੈਸ਼ਨਲ ਸਟੈਂਡਰਡ) ਅੱਖਰਮਾਲਾ ਦੀ ਗਿਣਤੀ ਬਹੁਤ ਘਟ ਹੈ।

ਨਿਜੀ ਕੰਪੂਟਰਾਂ ਦਾ ਇਨਕਲਾਬ ਐਪਲ ਕੰਪਨੀ ਦੇ ਕੰਪਿਊਟਰ ਨਾਲ ਤਕਰੀਬਨ 1980 ਵਿੱਚ ਹੋਇਆ। ਇਸ ਤੋਂ ਪਹਿਲੋਂ ਵੱਡੇ ਕੰਪੂਟਰ ਵਰਤੇ ਜਾਂਦੇ ਸਨ ਜੋ ਕਿ ਲਗ ਪਗ ਆਈ ਬੀ ਐਮ ਕੰਪਨੀ ਬਣਾਦੀ ਸੀ। ਐਪਲ ਕੰਪਨੀ ਨੇ 1982 ਵਿੱਚ ਮੈਕਿੰਟਾਸ਼ ਕੰਪੂਟਰ ਤਿਆਰ ਕੀਤਾ। ਪਹਿਲਾਂ ਨਿਜੀ ਕੰਪੂਟਰਾਂ ਵਿੱਚੋਂ ਕੇਵਲ ਮੈਕਿੰਟਾਸ਼ ਕੰਪੂਟਰ ਉਤੇ ਹੀ ਵੱਖ ਵੱਖ ਅੱਖਰਮਾਲਾ ਦੀ ਵਰਤੋਂ ਹੋਈ ਸੀ। ਪਹਿਲਾ ਮੈਕਿੰਟਾਸ਼ ਕੰਪੂਟਰ 1982 ਵਿੱਚ ਤਿਆਰ ਹੋਇਆ ਸੀ। ਉਸ ਵੇਲੇ ਦਾ ਇਹ ਕੰਪੂਟਰ ਹੁਣ ਵਾਲੇ ਕੰਪੂਟਰਾਂ ਦੇ ਮੁਕਾਬਲੇ ਬਹੁਤ ਥੋੜੀ ਸ਼ਕਤੀ ਵਾਲਾ ਸੀ। ਨਿਜੀ ਕੰਪੂਟਰਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ। ਮੈਕਿੰਟਾਸ਼ ਕੰਪੂਟਰ ਉਤੇ ਛੇਤੀ ਹੀ ਅੰਗਰੇਜ਼ੀ ਦੇ ਸਵਾਏ ਹੋਰ ਜ਼ੁਬਾਨਾ ਦਾ ਇਸਤੇਮਾਲ ਸ਼ੁਰੂ ਹੋ ਗਿਆ ਸੀ ਤੇ ਮਾਈਕਰੋਸਾਫਟ ਵਿੰਡੋਜ਼ ਵਾਲੇ ਕੰਪੂਟਰਾਂ ਨੇ ਕਈ ਹੋਰ ਭਾਸ਼ਾਵਾਂ ਦੀਆਂ ਅੱਖਰਮਾਲਾ ਵਰਤਣੀਆਂ ਸ਼ੁਰੂ ਕਰ ਦਿਤੀਆਂ ਸਨ। ਇਸ ਵਿਕਾਸ ਦੇ ਨਾਲ ਨਾਲ ਨਿੱਜੀ ਹਿੱਮਤ ਦਾ ਸਦਕਾ ਪੰਜਾਬੀ (ਗੁਰਮੁੱਖੀ) ਦੀਆਂ ਅੱਖਰਮਾਲਾ ਵੀ ਤਿਆਰ ਹੋਈਆਂ ਤੇ ਪੰਜਾਬੀ ਵੀ ਕੰਪੂਟਰਾਂ ਉਤੇ ਵਰਤੀ ਜਾਣ ਲਗੀ।

ਪਹਿਲੇ ਨਿਜੀ ਕੰਪੂਟਰ ਦੀ ਇਕ ਅੱਖਰਮਾਲਾ ਵਿੱਚ ਸਿਰਫ 255 ਅੱਖਰ ਹੀ ਵਰਤੇ ਜਾ ਸਕਦੇ ਸਨ। ਇਹਨਾਂ ਵਿੱਚੋਂ 32 ਅੱਖਰ ਕੰਟਰੋਲ ਦੇ ਸਨ। ਬਾਕੀ ਰਹੇ 223 ਅੱਖਰ, ਜਿਹੜੇ ਕਿ ਅੰਗਰੇਜ਼ੀ ਤੋਂ ਸਿਵਾਏ ਲਤੀਨੀ ਅੱਖਰਾਂ ਨੂੰ ਮਿਲਾ ਕੇ ਪੂਰੀ ਗਿਣਤੀ ਕਰ ਦਿੰਦੇ ਸਨ। ਦਰਅਸਲ ਇਕ ਅੱਖਰਮਾਲਾ ਵਿੱਚ ਸਾਰੇ ਲਤੀਨੀ ਅੱਖਰ ਆ ਨਹੀਂ ਸੀ ਸਕਦੇ, ਇਸ ਲਈ ਜ਼ਿਆਦਾ ਵਰਤੋਂ ਵਾਲਿਆਂ ਦੀ ਚੋਣ ਕੀਤੀ ਜਾਂਦੀ ਸੀ। ਇਹ ਚੋਣ ਬਹੁਤ ਹਦ ਤਕ ਮੈਕਿੰਟਾਸ਼ ਤੇ ਮਾਈਕਰੋਸਾਫਟ ਵਿੰਡੋਜ਼ ਵਾਲੇ ਕੰਪੂਟਰਾਂ ਤੇ ਸਾਂਝੀ ਸੀ ਪਰ ਪੂਰੀ ਤਰਾਂ ਨਹੀਂ।

ਕਿਉਂਕਿ ਪਹਿਲੇ ਵਾਲੀਆਂ ਅੱਖਰਮਾਲਾ ਦੇ ਅੱਖਰਾਂ ਦੀ ਗਿਣਤੀ ਸੀਮਤ ਸੀ, ਫਿਰ ਵੱਧ ਗਿਣਤੀ ਵਾਲੀਆਂ ਅੱਖਰਮਾਲਾ ਤਿਆਰ ਹੋਈਆਂ, ਤਾਂ ਜੋ ਹੋਰ ਜ਼ੁਬਾਨਾ ਨੂੰ ਵੀ ਵਰਤਿਆ ਜਾ ਸਕੇ। ਪਰ ਇਥੇ ਆ ਕੇ ਸਟੈਂਡਰਡ ਇਕ ਨਾ ਰਿਹਾ। ਫਿਰ ਇੰਟਰਨੈਸ਼ਨਲ ਸਟੈਂਡਰਡ ਬਨਾਉਣ ਲਈ ਯੂਨੀਕੋਡ ਕਨਸਾਰਟੀਅਮ (ਸੰਘ) ਬਣਿਆਂ ਜਿਸ ਨੇ ਦੁਨੀਆਂ ਦੀਆਂ ਸਭ ਬੋਲੀਆਂ ਦੇ ਅੱਖਰਾਂ ਨੂੰ ਮਹਾਨਤਾ ਦਿੱਤੀ ਤੇ ਹਰ ਅੱਖਰਮਾਲਾ ਦਾ ਨਵਾਂ ਅੰਤਰਰਾਸ਼ਟਰ ਪੱਧਰ ਦਾ ਮਿਆਰ ਤਿਆਰ ਕੀਤਾ। ਇਸ ਮਿਆਰ ਵਿੱਚ ਵੀ ਵਿਕਾਸ ਹੋਇਆ ਹੈ। ਇਸ ਮਿਆਰ ਅਨੁਸਾਰ ਇਕ ਅੱਖਰਮਾਲਾ ਵਿੱਚ 65,535 ਅੱਖਰ ਹੋ ਸਕਦੇ ਹਨ ਅਤੇ ਇਸ ਵਿੱਚ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਰ ਇਸ ਮਿਆਰ ਦੀ ਵਰਤੋਂ ਕੋਈ ਦੋ-ਤਿੰਨ ਸਾਲ ਤੋਂ ਹੀ ਸ਼ੁਰੂ ਹੋਈ ਹੈ। ਮੈਕਿੰਟਾਸ਼ ਕੰਪੂਟਰ ਉਤੇ ਇਸ ਦੀ ਵਰਤੋਂ ਪਹਿਲੋਂ ਹੋਈ ਤੇ ਫਿਰ ਵਿੰਡੋਜ਼ ਵਾਲੇ ਕੰਪੂਟਰਾਂ ਉੱਪਰ। ਮਾਈਕਰੋਸੌਫਟ ਵਲੋਂ ਇਹ ਯੂਨੀਕੋਡ ਮਿਆਰ ਵਿੰਡੋਜ਼ ਐਕਸ ਪੀ ( ਅਤੇ ਕੁਝ ਹੱਦ ਤੱਕ ਵਿੰਡੋਜ਼ 2000 ਤੇ ਵੀ) ਕੰਪੂਟਰ ਉੱਤੇ ਲਾਗੂ ਕੀਤਾ ਗਿਆ।

ਮਾਈਕਰੋਸਾਫਟ ਵਿੰਡੋਜ਼ ਐਕ ਪੀ ਤੋਂ ਪਹਿਲੋਂ ਗੁਰਮੁਖੀ ਦੀ ਵਰਤੋਂ ਬੇ-ਮਿਆਰੀ ਅੱਖਰਮਾਲਾ ਤੇ ਹੀ ਨਿਰਭਰ ਸੀ। ਦਰਅਸਲ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਇਸਤੇਮਾਲ ਕਰਨ ਲਈ ਸਾਫਟਵੇਅਰ ਵੀ ਉਹ ਚਾਹੀਦਾ ਹੈ ਜੋ ਯੂਨੀਕੋਡ ਮਿਆਰ ਦੀ ਵਰਤੋਂ ਕਰ ਸਕੇ। ਜਿਵੇਂ ਕਿ ਮਾਈਕਰੋਸਾਫਟ ਵਰਡ 2003 ਹੀ ਚੰਗੀ ਤਰ੍ਹਾਂ ਇਸ ਮਿਆਰ ਦੀ ਵਰਤੋਂ ਕਰ ਸਕਦਾ ਹੈ। ਸੋ ਅਜੇ ਤਕ ਯੂਨੀਕੋਡ ਗੁਰਮੁਖੀ ਫਾਂਟ ਦੀ ਵਰਤੋਂ ਆਮ ਨਹੀਂ ਹੋਈ।

ਇਕ ਇਹ ਵੀ ਸਮੱਸਿਆ ਸੀ ਕਿ ਪਹਿਲਾਂ ਇਕੱਲੀ ਮਾਈਕਰੋਸਾਫਟ ਦੀਆਂ ਹੀ ਯੂਨੀਕੋਡ ਗੁਰਮੁਖੀ ਦੋ ਕੁ ਫਾਂਟਾਂ ਮਿਲਦੀਆਂ ਸਨ ਤੇ ਇਸ ਤਰਾਂ ਫਾਂਟਾਂ ਦੀ ਕੋਈ ਬਹੁਤੀ ਵਿਰਾਇਟੀ ਨਹੀਂ ਸੀ। ਹੁਣ ਇਹ ਸਮਿਸਆ ਹਲ ਹੋ ਗਈ ਹੈ ਕਿਉਂ ਕਿ ਡਾ. ਥਿੰਦ ਨੇ ਅਨਮੋਲ ਫਾਂਟਾਂ ਦੇ ਆਖਰਾਂ ਤੋਂ ਅਨਮੋਲ-ਯੂਨੀਕੋਡ ਫਾਂਟਾਂ ਤਿਆਰ ਕਰ ਦਿਤੀਆਂ ਹਨ। ਇਸ ਤੋਂ ਪਿਹਲੋਂ ਸੁਖਜਿੰਦਰ ਸਿੰਘ ਸਿੱਧੂ ਤੇ ਭੁਪਿੰਦਰ ਸਿੰਘ ਨੇ 'ਸਾਬ' ਫਾਂਟ ਬਣਾਈ ਸੀ। ਆਉਣ ਵਾਲੇ ਸਮੇ ਵਿਚ ਡਾ. ਥਿੰਦ ਹੋਰ ਯੁਨੀਕੋਡ ਫਾਂਟਾਂ ਵੀ ਤਿਆਰ ਕਰਨਗੇ।

ਇਨਟਰਨੈਸ਼ਨਲ ਸਟੈਂਡਰਡ ਦਾ ਹੋਣਾ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾ ਵਿਕਾਸ ਕਰਨਾ ਔਖਾ ਹੈ। ਤਾਂ ਇਹ ਜ਼ਰੂਰੀ ਹੈ ਕਿ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਇਸਤੇਮਾਲ ਕੀਤਾ ਜਾਵੇ। ਜੇ ਵਰਤੋਂ ਹੋਵੇਗੀ ਤਾਂ ਯੂਨੀਕੋਡ ਗੁਰਮੁਖੀ ਅੱਖਰਮਾਲਾ ਵੀ ਹੋਰ ਬਨਣਗੀਆਂ। ਜੋ ਸਜਣ ਪੰਜਾਬੀ ਦਾ ਵਿਕਾਸ ਚਾਹੁੰਦੇ ਹਨ, ਉਹਨਾਂ ਲਈ ਇਹ ਜ਼ਰੂਰੀ ਹੈ ਕਿ ਇਸ ਮਸਲੇ ਨੂੰ ਪੂਰੀ ਤਰ੍ਹਾਂ ਸਮਝਣ ਤੇ ਇਸ ਦਿਸ਼ਾ ਵਲ ਜਾਣ ਲਈ ਉਪਰਾਲੇ ਕਰਨ। ਖਾਸ ਕਰਕੇ ਪੰਜਾਬੀ ਦੇ ਲੇਖਕਾਂ ਨੂੰ ਇਸ ਮਸਲੇ ਤੇ ਬਹੁਤ ਧਿਆਨ ਦੇਣਾ ਚਾਹੀਦਾ ਹੈ।

ਯੂਨੀਕੋਡ ਅੱਖਰਮਾਲਾ ਦੇ ਕਈ ਲਾਭ ਹਨ। ਇਹ ਅੰਤਰਰਾਸ਼ਟਰ ਮਿਆਰ ਵਿਚ ਭਵਿੱਖ ਨੂੰ ਕੁਝ ਤਬਦੀਲੀਆਂ ਤਾਂ ਆ ਸਕਦੀਆਂ ਪਰ ਜੋ ਹੁਣ ਹੈ ਉਹ ਇੰਜ ਹੀ ਰਹੇਗਾ। ਇਕ ਬੋਲੀ ਦੀਆਂ ਵੱਖ ਵੱਖ ਯੂਨੀਕੋਡ ਦੀਆਂ ਅੱਖਰਮਾਲਾ ਨੂੰ ਵਰਤਣਾ ਬਹੁਤ ਹੀ ਸੌਖਾ ਹੋਵੇਗਾ। ਇਕ ਬੋਲੀ ਨੂੰ ਦੁਜੀ ਵਿੱਚ ਬਦਲਨਾ ਆਸਾਨ ਹੋ ਜਾਂਦਾ ਹੈ ਤੇ ਭਵਿੱਖ ਵਿੱਚ ਹੋਰ ਵੀ ਸੌਖਾ ਹੋ ਜਾਵੇਗਾ। ਜੇ ਕੋਈ ਡਾਕੂਮੈਂਟ ਦੀ ਅੱਖਰਮਾਲਾ ਸਿਸਟਮ ਵਿੱਚ ਨਾ ਹੋਵੇ ਤਾਂ ਵੀ ਡਾਕੂਮੈਂਟ ਪੜ੍ਹਿਆ ਜਾ ਸਕੇਗਾ। ਫਾਈਲਾਂ ਦੇ ਨਾ ਪੰਜਾਬੀ ਵਿੱਚ ਦਿੱਤੇ ਜਾ ਸਕਦੇ ਹਨ। ਯੂਨੀਕੋਡ ਵਾਲੇ ਡਾਕੂਮੈਂਟ ਨੂੰ ਤਰਤੀਵ ਕਰਨਾ ਬਹੁਤ ਸੌਖਾ ਹੈ, ਤੇ ਇਸ ਨਾਲ ਤਿਆਰ ਕੀਤੇ ਟੈਕਸਟ ਦੇ ਡਾਟਾਬੇਸ ਵਰਤਣੇ ਆਸਾਨ ਹਨ। ਯੂਨਿਕੋਡ ਵਿੱਚ ਹੁਣ ਪੰਜਾਬੀ ਸਪੈਲ-ਚੈਕਰ ਵੀ ਤਿਆਰ ਹੈ। ਜੇ ਵੈਬ ਪੇਜ਼ ਯੂਨੀਕੋਡ ਗੁਰਮੁਖੀ ਵਿੱਚ ਤਿਆਰ ਕੀਤਾ ਜਾਵੇ ਤਾਂ ਲਗ-ਭਗ ਬਹੁਤੇ ਕੰਪਿਉਟਰਾਂ ਉਤੇ ਪੰਜਾਬੀ ਵਿੱਚ ਹੀ ਪੜ੍ਹਿਆ ਜਾਵੇਗਾ ਭਾਵੇਂ ਅੱਖਰਮਾਲਾ ਕੰਪਿਉਟਰ ਵਿੱਚ ਨਾ ਵੀ ਹੋਵੇ। ਯੂਨੀਕੋਡ ਅੱਖਰਮਾਲਾ ਦੇ ਕਈ ਹੋਰ ਵੀ ਫਾਇਦੇ ਹਨ।

ਡਾ. ਥਿੰਦ ਦੀਆਂ ਯੂਨੀਕੋਡ ਅੱਖਰਮਾਲਾ ਇਨਟ੍ਰਨੈਟ ਤੋਂ ਡਾਉਣਲੋਡ ਕੀਤੀਆਂ ਜਾ ਸਕਦੀਆਂ ਹਨ:

http://www.gurbanifiles.org

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com