ਸੰਨ
੨੫੯੯ ਸੀ।
ਥਾਂ ਨਵੇਂ ਪੰਜਾਬ ਦਾ ਸ਼ਹਿਰ ਰਣਜੀਤਪੁਰ ਸੀ।
ਰਣਜੀਤਪੁਰ ਨਵੀਨ ਨਗਰ ਸੀ। ਰਣਜੀਤਪੁਰ ਵਿੱਚ ਉੱਚੇ ਉੱਚੇ ਕੱਚ ਦੇ ਕਿਲੇ
ਸਨ। ਭੀੜ ਵੀ ਸੀ। ਨਿਵਾਸੀ ਕੀੜੀਆਂ ਵਾਂਗ ਇਧਰ ਉਧਰ ਤੁਰਦੇ ਫਿਰਦੇ ਸਨ।
ਰਣਜੀਤਪੁਰ ਵਿੱਚ ਗੱਡੀਆਂ ਧਰਤੀ ਉੱਤੇ ਨਹੀਂ ਚੱਲਦੀਆਂ, ਪਰ ਅੰਬਰ ਵਿੱਚ
ਤਰਦੀਆਂ ਸਨ।
ਸ਼ਹਿਰ ਵਿੱਚ ਹਰ ਦੋ ਬੰਦਿਆਂ ਲਈ ਇੱਕ ਕਲਦਾਰ ਸੀ। ਪੁਲਸ ਵਿੱਚ ਹਰੇਕ
ਸਿਪਾਹੀ ਲਈ ਤਿੰਨ ਕਲਦਾਰੀ ਸਿਪਾਹੀ ਸਨ। ਸਾਰੇ ਕਲਦਾਰ ਇਨ੍ਹਾਂ ਜਿਹੇ ਨਹੀਂ
ਸਨ। ਮੈਂ ਵੀ ਕਲਦਾਰ ਹਾਂ। ਪਰ ਇਨ੍ਹਾਂ ਤੋਂ ਅਲੱਗ ਹਾਂ।
ਗਾਹਕ ਮੈਨੂੰ ਪੈਸੇ ਦੇਂਦੇ ਸਨ ਕਿਉਂਕਿ ਕੋਈ ਗੱਲਤੀਆਂ ਨਹੀਂ ਸੀ
ਚਾਹੁੰਦੇ। ਮੇਰੇ ਕੀਤੇ ਹੋਏ ਕੰਮ ਵਿੱਚ ਕਦੀ ਗਲਤੀ ਨਹੀਂ ਹੁੰਦੀ ਸੀ। ਮੇਰੀ
ਆਦਤ ਇੱਦਾਂ ਦੀ ਸੀ ਕਿ ਮੈ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਦਾ ਸਾਂ। ਮੈਂ
ਸੁਭਾਉ ਵਿੱਚ ਸੂਝਵਾਨ ਹਾਂ। ਬੇਫਜੂਲ ਮੂੰਹ ਨਹੀਂ ਚਲਾਉਂਦਾ। ਗੱਲ ਦਾ
ਨਤੀਜਾ ਹੈ ਕਿ ਮੇਰੇ ਵਿੱਚ ਕੁਝ ਗੁਣ ਸਿਫਤਾਂ ਹੋਣ ਕਰਕੇ ਗਾਹਕ ਮੇਰੇ
ਕੋਲ੍ਹ ਆਉਂਦੇ ਨੇ।
ਇੱਕ ਆਦਮੀ ਬੈਠਕ ਦੀ ਫ਼ਰਸ਼ ਉੱਤੇ ਲੰਮਾ ਪਿਆ ਸੀ। ਉਹ ਆਪਣੀ ਪਿੱਠ ਉੱਤੇ
ਟਿਕਿਆ ਸੀ। ਸਿਰ ਉਸਦਾ ਸੋਫ਼ੇ ਨਾਲ ਸੀ। ਸੋਫ਼ੇ ਦੇ ਸਾਹਮਣੇ ਟੀਵੀ ਹਾਲੇ ਵੀ
ਬੁੜਬੁੜ ਕਰਦਾ ਸੀ। ਮਹਿੰਗਾ ਟੀਵੀ ਸੀ। ਇੱਦਾਂ ਦੇ ਲੋਕਾਂ ਨੂੰ ਘਰ ਵਿੱਚ
ਸ਼ਰਨ ਮਿਲਦੀ ਸੀ ਕਿਉਂਕਿ ਇੱਥੇ ਸਹੀ ਸਲਾਮਤ ਬਚ ਕੇ ਰਹਿ ਸਕਦੇ ਸਨ। ਇੱਦਾਂ
ਦੇ ਲੋਕ ਹਰ ਰਾਤ ਟੀਵੀ ਦੇਖਦੇ ਸਨ। ਕਿਸਮਤ ਦਾ ਗੇੜ ਸੀ ਕਿ ਮਕਾਨ ਅੰਦਰ
ਕੈਦ ਹੋ ਜਾਂਦੇ ਸਨ।
ਆਦਮੀ ਹਾਲੇ ਜਿਉਂਦਾ ਸੀ। ਸਾਹ ਮਸਾਂ ਆਉਂਦਾ ਸੀ। ਹੱਥ ਆਪਣੇ ਗਿੱਲੇ
ਝੱਗੇ ਉੱਤੇ ਫੇਰਦਾ ਸੀ ਕਿਉਂਕਿ ਕੱਪੜੇ ਉੱਪਰ ਲਾਲ ਲਾਲ ਖੂਨ ਦਾ ਦਾਗ਼ ਸੀ।
ਉਹਦੇ ਵਾਲ ਧੌਲਿਆਂ ਨਾਲ ਸੁਆਹ ਰੰਗੇ ਸਨ। ਢਿੱਡ ਅੱਗੇ ਨਾਲੋਂ ਮੋਟਾ ਹੋਇਆ
ਸੀ। ਅੱਖਾਂ ਦੇ ਹੇਠਾਂ ਕਾਲੀਆਂ ਕਾਲੀਆਂ ਸ਼ਾਹੀਆਂ ਸਨ, ਕਿਉਂਕਿ ਕਈ ਰਾਤਾਂ
ਕਲੱਬਾਂ ਵਿੱਚ ਬੀਤੀਆਂ ਸਨ।
ਘੁਸਰ ਮੁਸਰ ਆਵਾਜ਼ ਨਾਲ ਮੈਂਥੋਂ ਖੈਰ ਮੰਗੀ, -ਮਿਹਰ ਕਰ-। ਪਰ ਮੈਂ
ਮਿਹਰਬਾਨ ਨਹੀਂ ਸਾਂ। ਮੈਂ ਆਪਣੇ ਕੰਮ ਵਿੱਚ ਮਗਨ ਸਾਂ। ਮੈਨੂੰ ਬੇਚੈਨੀ ਦੀ
ਲੋੜ ਨਹੀਂ ਸੀ। ਇਸ ਲਈ ਮੈਂ ਉਸਨੂੰ ਫਿਰ ਘਾਇਲ ਕਰ ਦਿੱਤਾ। ਛਾਤੀ ਫੇਰ ਚੋਭ
ਦਿੱਤੀ। ਦੋ ਹੋਰ ਖੋਭੇ ਮਾਰਕੇ ਉਸਨੂੰ ਸਮਝ ਪੈ ਗਈ ਕਿ ਚੁਪ ਰਵਾਂ। ਠੋਡੀ
ਉਸਦੀ ਛਾਤੀ ਉੱਤੇ ਲਮਕ ਗਈ। ਸਿਰ ਫਰਸ਼ ਵੱਲ ਢਹਿ ਗਿਆ। ਮੂੰਹ ਵਿੱਚੋਂ
ਨਿੱਕੀਆਂ ਨਿੱਕੀਆਂ ਹੂੰਗਾਂ ਨਿਕਲੀਆਂ।
ਗਾਹਕ ਦਾ ਹੁਕਮ ਸੀ ਕਿ ਮੌਤ ਬੇਤਰਸ ਅਤੇ ਦੁਖ ਨਾਲ ਹੋਵੇ। ਇਹ ਸਾਡਾ
ਸੌਦਾ ਸੀ। ਮੌਤ ਦਾ ਤਰੀਕਾ ਹੋਰਾਂ ਲਈ ਚੇਤਾਵਨੀ ਸੀ ਅਤੇ ਗਾਹਕ ਲਈ ਬਦਲਾ
ਪੂਰਾ ਕਰਦਾ ਸੀ। ਇੱਦਾਂ ਦੇ ਕੰਮ ਵਿੱਚ ਮੈਂ ਸਭ ਤੋਂ ਬਿਹਤਰ ਸਾਂ। ਇਨਸਾਨ
ਨੂੰ ਕਿਉਂ ਇੱਦਾਂ ਦਾ ਕੰਮ ਦੇਣਾ ਜਦ ਕਿ ਕਲਦਾਰ ਲਾਇਕ ਸੀ ਨਾਲੇ ਕਠੋਰ ਵੀ?
ਪਰ ਕਲਦਾਰ ਲਈ ਤਿੰਨ ਨਿਯਮ ਸਨ।
- ਇਨਸਾਨ ਦੀ ਮਦਤ ਕਰਨਾ-
- ਇਨਸਾਨ ਦੀ ਰਾਖੀ ਕਰਨਾ-
- ਇਨਸਾਨ ਨੂੰ ਕਦੇ ਮਾਰਨਾ ਨਹੀਂ-।
ਮੈਨੂੰ ਇਸ ਤਰ੍ਹਾਂ ‘ਪ੍ਰੋਗਰਾਮ’ ਨਹੀਂ ਸੀ ਕੀਤਾ ਗਿਆ। ਮੇਰਾ ਪਹਿਲਾ
ਕੰਮ ਜੱਲਾਦ ਹੋਣ ਦਾ ਸੀ। ਇਨਸਾਨ ਇਨਸਾਨ ਨੂੰ ਸਜ਼ਾ ਦੇ ਸਕਦਾ ਸੀ। ਪਰ
ਤਾਮੀਲ ਬੇਚੈਨੀ ਤੋਂ ਬਗੈਰ ਨਹੀਂ ਕਰ ਸਕਦੇ ਸਨ। ¿ਮੇਰੇ ਕੋਲ ਦਿਲ ਕਿੱਥੇ
ਸੀ? ਮੈਂ ਕੰਮ ਮਾਣ ਨਾਲ ਕਰਦਾ ਸਾਂ। ਲੋਕਾਂ ਨੂੰ ਮਾਰਕੇ ਮਜ਼ਾ ਲੈਂਦਾ ਸਾਂ।
¡ਉਫ! ¿ਮੈਂ ਤਾਂ ਹੋਰ ਹੀ ਪਾਸੇ ਤੁਰ ਪਿਆ। ਕਿੱਥੇ ਸੀ? ਮੇਰਾ ਬਦਨ
ਲੋਹੇ ਦਾ ਬਣਾਇਆ ਕਰਕੇ ਦਸਤਾਨਿਆਂ ਜੁੱਤੀਆਂ ਪਾਉਣ ਦੀ ਕੋਈ ਲੋੜ ਨਹੀਂ ਸੀ।
¿ਪੁਲਸ ਨੂੰ ਕੀ ਪਤਾ ਲਗਣਾ ਸੀ ਕਿ ਕੀਹਨੇ ਕੀਤਾ? ਮੈਂ ਦਰੀ ਉੱਤੇ ਡੁੱਲ੍ਹੇ
ਖੂਨ ਵਿੱਚ ਨਿਸ਼ਾਨ ਛੱਡਣ ਤੋਂ ਬਗੈਰ ਤੁਰ ਸੱਕਦਾ ਸੀ। ਉਸਨੂੰ ਮਾਰਨ ਤੋਂ
ਪਹਿਲਾਂ ਮੈਂ ਉਹਦੇ ਗ਼ੁਸਲਖਾਨੇ ਵਿੱਚ ਲੁਕਿਆ ਸੀ। ਜਦ ਇਸ਼ਨਾਨ ਕਰਨ ਅੰਦਰ
ਆਇਆ ਮੈਨੂੰ ਵੇਖਕੇ ਬਹੁਤ ਹੈਰਾਨ ਹੋਗਿਆ ਸੀ। ਜਦ ਉਹਨੂੰ ਹੋਸ਼ ਆਈ ਮੈਂ
ਉਹਦੇ ਸਰੀਰ ਨੂੰ ਦੋ ਤਿੰਨ ਵਾਰੀ ਚੋਭੜ ਦਿੱਤਾ। ਇਨਸਾਨ ਦਾ ਗਲਤ ਵਹਿਮ ਹੈ
ਕਿ ਜੋ ਪਿੱਠ ਪਿੱਛੇ ਹੁੰਦਾ ਉਹਦੇ ਤੋਂ ਡਰਨਾ ਚਾਹੀਦਾ। ਪਰ ਸੱਚ ਇਹ ਹੈ ਕਿ
ਜੋ ਅੱਖਾਂ ਦੇ ਸਾਹਮਣੇ ਹੁੰਦਾ ਉਸਤੋਂ ਡਰਨਾ ਚਾਹੀਦਾ ਹੈ। ਮੇਰੀ ਸਲਾਹ ਹੈ
ਕਿ ਜਿਹਨਾਂ ਨਾਲ ਲੋਕ ਗੱਲ ਬਾਤ ਕਰਦੇ, ਜਿਹਨਾਂ ਨਾਲ ਹੱਥ ਮਿਲਾਉਂਦੇ,
ਉਨ੍ਹਾਂ ਤੋਂ ਡਰਨਾ ਚਾਹੀਦਾ। ਦੈਂਤ ਝਾੜੀ ਪਿੱਛੇ ਨਹੀਂ ਲੁਕਦੇ। ਮੁਸਕਾਨ
ਪਿੱਛੇ ਲੁੱਕਦੇ ਹਨ। ਵੈਰੀ ਅੱਗੋਂ ਹੀ ਮਾਰਨ ਆਉਂਦੇ ਨੇ।
ਮੈਂ ਤੇਜੀ ਨਾਲ ਕੰਮ ਕਰਦਾ ਸਾਂ। ਪਹਿਲਾਂ ਮੈਂ ਆਪਣੀਆਂ ਉਂਗਲੀਆਂ ਲੀਰ
ਨਾਲ ਪੂੰਝੀਆਂ। ਇਹਨਾਂ ਦੀਆਂ ਨੋਕਾਂ ਪਿੱਛੇ ਚਾਕੂ ਲੁਕੇ ਸਨ। ਮੈਂ ਉਸਦੇ
ਵੱਲ ਤੱਕਿਆ। ਹਾਲੇ ਮਰਿਆ ਨਹੀਂ ਸੀ। ਬੁਲ੍ਹ ਮੱਛੀਆਂ ਦੇ ਹੋਠਾਂ ਵਾਂਗ ਸਾਹ
ਲੈਣ ਦੀ ਕੋਸ਼ਿਸ਼ ਕਰਦੇ ਸਨ। ਇਂਜ ਲੱਗੇ ਜਿੱਦਾਂ ਕਿਸੇ ਮੱਛੀ ਨੂੰ ਪਾਣੀ
ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ। ਪਿੰਡਾ ਤੜਫਦਾ ਸੀ। ਮੈਂ
ਉਪੇਖਿਆ ਕੀਤੀ। ਬੈਠਕ ਵਿੱਚ ਇਧਰ ਉਧਰ ਤੁਰਦਾ ਫਿਰਦਾ ਸਾਂ ਕਿਉਂਕਿ ਮੈਂ
ਚਾਹੁੰਦਾ ਸਾਂ ਕਿ ਸਾਰਾ ਕੁਝ ਇੱਦਾਂ ਲੱਗੇ ਜਿੱਦਾਂ ਕੋਈ ਪਰੇਸ਼ਾਨੀ ਹੋਈ
ਹੋਵੇ। ਇੱਕ ਮੇਜ਼ ਉੱਤੇ ਕੁਝ ਬੋਤਲਾਂ ਪਈਆਂ ਸਨ। ਮੇਰਾ ਇੱਥੇ ਆਏ ਦਾ ਕੋਈ
ਸਬੂਤ ਨਹੀਂ ਰਹਿਣਾ ਚਾਹੀਦਾ ਸੀ। ਕੋਈ ਸਬੂਤ ਨਹੀਂ ਸੀ ਕਿ ਇੱਥੇ ਆਂਢੀ
ਗੁਆਂਢੀ ਵੀ ਆਇਆ ਹੋਵੇ। ਸਫ਼ਾਈ ਕਰਨ ਦਾ ਮਜ਼ਾ ਸੰਗੀਤ ਨਾਲ ਹੀ ਆਉਂਦਾ ਸੀ।
ਮੈਂ ਉਸਨੂੰ ਘੁੰਮਕੇ ਆਖਿਆ – ¿ਕੀ ਸੁਣਨਾ ਚਾਹੁੰਦਾ ਏ? -। ਉਹਦੇ ਕੋਲ
ਸਸਤਾ ਸਟੀਰੀਓ ਸੀ ਅਤੇ ਦਸ ਕੁ ਸੰਗੀਤ ਨਾਲ ਭਰੀਆਂ ਹੋਈਆਂ ਮੈੱਮਰੀ
ਕਾਰਡ-ਡੰਡੀਆਂ। ਮੈਂ ਸਟੀਰੀਓ ਵਿੱਚ ਇੱਕ ਡੰਡੀ ਪਾਕੇ ਚਲਾ ਦਿੱਤੀ। ਕੋਈ
ਲੋੜ ਨਹੀਂ ਸੀ ਕਹਿਣ ਦੀ ਪਰ ਮੈਂ ਆਖਿਆ – ¡ ਗੁਰਦਾਸ ਮਾਨ!- । ਮੈਂ ਅਵਾਜ਼
ਉਚੀ ਕਰ ਦਿੱਤੀ। ਗਾਣੇ ਦਾ ਨਾਂ “ਪਿਆਰ ਕਰ ਲੈਂ ਸੀ''। ਫਿਰ ਮੈਂ ਕਮਰੇ ਦੇ
ਮੇਜ਼ ਕੁਰਸੀਆਂ, ਸੋਫ਼ੇ ਤੋਂ ਗੱਦੀਆਂ ਆਲੇ ਦੁਆਲੇ ਚੁੱਕ ਕੇ ਮਾਰੀਆਂ। ਪੁਲਸ
ਦੇ ਦਿਮਾਗ ਵਿੱਚ ਲੱਗਣਾ ਚਾਹੀਦਾ ਸੀ ਕਿ ਕਿਸੇ ਚੋਰ ਨੇ ਡਾਕਾ ਮਾਰਨ ਦੀ
ਕੋਸ਼ਿਸ਼ ਵਿੱਚ ਉਹਨੂੰ ਮਾਰ ਦਿੱਤਾ।
ਉਹ ਦੇਖ ਨਹੀਂ ਸੱਕਿਆ ਕਿ ਮੈਂ ਉਹਦੇ ਕਮਰੇ ਦਾ ਕੀ ਹਾਲ ਬਣਾਉਂਦਾ ਸੀ।
ਪਰ ਕੰਨਾਂ ਵਿੱਚ ਰਾਗ ਦੀ ਸੂਰ ਜਾਂਦੀ ਸੀ। ਕਹਿਣ ਦਾ ਮਤਲਬ ਜਦ ਮੈਂ
ਖਿਲਾਰਾ ਪਾਉਂਦਾ ਸੀ ਊਹਨੂੰ ਖੜਕਾ ਸੁਣਦਾ ਸੀ। ਉਹਦੀਆਂ ਅੱਖਾਂ ਦਰੀ ਵੱਲ
ਤੱਕ ਦੀਆਂ ਸਨ। ਦਰੀ ਦਾ ਰੰਗ ਖੂਨ ਨਾਲ ਲਾਲ ਨਹੀਂ ਸੀ, ਪਰ ਇੱਦਾਂ ਲੱਗਦਾ
ਸੀ ਜਿੱਦਾਂ ਦੁੱਧ ਜਾਂ ਚਾਹ ਕਿਸੇ ਨੇ ਡੋਲ ਦਿੱਤੀ ਹੋਵੇ। ਫਿਲਮਾਂ ਵਿੱਚ
ਹਮੇਸ਼ਾ ਲਹੂ ਲਾਲ ਹੁੰਦਾ ਹੈ। ਪਰ ਅਸਲ ਵਿੱਚ ਦਾਗ਼ ਇੱਦਾਂ ਦੇ ਹੁੰਦੇ ਹਨ।
ਦੁੱਧ? ਇਸ ਸੋਚ ਨੇ ਮੈਨੂੰ ਫਰਿੱਜ ਵੱਲ ਤੋਰ ਦਿੱਤਾ। ਮੈਂ ਖੋਲ੍ਹਕੇ ਸਾਰਾ
ਸਮਾਨ ਰਸੋਈ ਦੀਆਂ ਕੰਧਾਂ ਅਤੇ ਸਿੰਕ ਵੱਲ ਸਿੱਟ ਦਿੱਤੇ। ਫਰਸ਼ ਉੱਤੇ ਆਂਡੇ,
ਦੁੱਧ, ਸ਼ਰਾਬ ਅਤੇ ਟਮਾਟਰ ਮੱਖਣ ਤਰਾਂ ਖੀਰਿਆਂ ਦੀ ਮਿਲਾਵਟ ਹੋ ਗਈ। ਇੱਦਾਂ
ਲੱਗੇ ਜਿੱਦਾਂ ਫਰਸ਼ ਤੇ ਖਿਚੜੀ ਡੁਲਹੀ ਸੀ।
ਸਬਰ ਨਾਲ ਫਿਰ ਮੈਂ ਬਾਕੀ ਕਮਰਿਆਂ ਦੀ ਤਬਾਹੀ ਕਰ ਦਿੱਤੀ। ਫਿਰ ਮੈਂ
ਬਾਹਰ ਜਾਕੇ ਆਪਣੇ ਪਿੱਛੇ ਬੂਹਾ ਬੰਦ ਕਰ ਦਿੱਤਾ। ਆਲੇ ਦੁਆਲੇ ਦੇਖਿਆ। ਕੋਈ
ਨਹੀਂ ਸੀ। ਮੈਂ ਚੋਰ-ਜਿੰਦਾ ਭੰਨ ਦਿੱਤਾ। ਫਿਰ ਸਾਰੇ ਦਰਵਾਜ਼ਿਆਂ ਦਾ ਨਾਸ
ਕਰ ਦਿੱਤਾ। ਫਿਰ ਬੰਦ ਕਰਕੇ (ਬੂਹੇ ਦੀ ਹਾਲਤ ਬੁਹਤ ਖ਼ਰਾਬ ਸੀ। ਲੰਘਣਾ
ਮੁਸ਼ਕਿਲ ਸੀ।) ਖੜਕਾ ਕਰਨ ਤੋਂ ਬਗੈਰ ਘਰ ਦੀ ਗਲੀ ਵਿੱਚ ਜਾਕੇ ਟੈਲੀਫੋਨ
ਭੂੰਝੇ ਸਿੱਟ ਦਿੱਤਾ। ਬੈਠਕ ਵਿੱਚ ਵਾਪਸ ਜਾਕੇ ਉਸਦਾ ਸਿਰ ਧਰਤੀ ਉੱਤੇ ਰੱਖ
ਦਿੱਤਾ। ਮੁੱਖ ਚਿੱਟਾ ਚਿੱਟਾ ਹੋਇਆ ਸੀ। ਮੈਂ ਕਈ ਲਾਸ਼ਾਂ ਵੇਖੀਆਂ ਹਨ ਪਰ
ਇਹਦਾ ਹਾਲ ਉਨ੍ਹਾਂ ਸਾਰੀਆਂ ਤੋਂ ਬੁਰਾ ਸੀ।
- ਫਿਕਰ ਨਾ ਕਰ ਯਾਰ। ਤਕਰੀਵਨ ਮੇਰਾ ਕੰਮ ਮੁਕ ਗਿਆ-। ਮੈਂ ਉਪਰ ਗਿਆ।
ਉਸਦੇ ਸੌਣ ਵਾਲੇ ਕਮਰੇ ਦਾ ਵੀ ਓਹੀ ਹਾਲ ਕਰ ਦਿੱਤਾ। ਜਦ ਅਲਮਾਰੀ ਖੋਲ੍ਹੀ,
ਫੋਲਾ ਫਾਲੀ ਕੀਤੀ ਮੈਨੂੰ ਨੋਟਾਂ ਦਾ ਪੁਲੰਦਾ ਲਭ ਗਿਆ। ਮੈਂ ਰੱਖ ਲਿਆ।
ਗਾਹਕ ਨੇ ਮੈਨੂੰ ਪੈਸੇ ਇਸ ਕੰਮ ਲਈ ਦਿੱਤੇ ਸੀ ਪਰ ਮੈਨੂੰ ਪਤਾ ਸੀ ਕਿ ਸਭ
ਤੋਂ ਪਹਿਲਾਂ ਪੁਲਸ ਨੇ ਜੇਬ ਵਿੱਚ ਪਾ ਲੈਣੇ ਸੀ। ਉਸ ਕਰਕੇ ਮੈਂ ਆਪਣੀ ਟਿਪ
ਸਮਝ ਕਿ ਖੁਦ ਰੱਖ ਲਏ।
ਮੈਂ ਕਮਰੇ ਵੱਲ ਤੱਕਿਆ। ਬਹੁਤ ਨੀਵਾਂ ਆਦਮੀ ਸੀ। ਫ਼ਰਸ਼ ਉੱਤੇ ਅਸ਼ਲੀਲ
ਤਸਵੀਰਾਂ ਨਾਲ ਭਰੇ ਹੋਏ ਰਸਾਲੇ ਖਿਲਰੇ ਸਨ। ਬਿਸਤਰੈ ਦੇ ਆਲੇ ਦੁਆਲੇ
ਵਿਸਕੀ ਦੀਆਂ ਬੋਤਲਾਂ ਸਨ। ਮੈਲੇ ਕਪੜੇ ਸਾਰੇ ਪਾਸੇ ਪਏ ਸਨ। ਇੱਕ ਛੋਟੀ
ਅਲਮਾਰੀ ਉਪਰ ਰੇਡੀਓ ਟਿੱਕਿਆ ਸੀ। ਕੋਈ ਪਰਿਵਾਰ ਦੀ ਤਸਵੀਰ ਨਹੀਂ ਸੀ। ਕੋਈ
ਚਿੱਤ੍ਰਕਾਰੀ ਕੰਧ ਉੱਤੇ ਟੰਗੀ ਨਹੀਂ ਸੀ।
ਮੈਨੂੰ ਸਾਫ਼ ਦਿਸਦਾ ਸੀ ਕਿ ਉਹ ਦਵਾਈ ਦੀ ਵਰਤੋਂ’ਚ ਸੀ। ਰੇਡੀਓ ਨਾਲ
ਕੁਝ ਸ਼ੀਸ਼ੀਆਂ ਗੋਲੀਆਂ ਨਾਲ ਭਰੀਆਂ ਪਈਆਂ ਸਨ। ਮੇਰੇ ਖਿਆਲ ਵਿੱਚ ਘਬਰਾਹਟ
ਨੂੰ ਠੀਕ ਕਰਨ ਲਈ ਦੁਆਈਆਂ ਹੋਣਗੀਆਂ। ਮੁਖਬਰਾਂ ਨੂੰ ਨਸ਼ੇ ਉਪਰ ਪ੍ਰਭਾਵ
ਪਾਉਣ ਵਾਲੀਆਂ ਚੀਜ਼ਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ। ਹਮੇਸ਼ਾਂ ਫਿਕਰ ਹੁੰਦਾ
ਕਿ ਜਸੂਸੀ ਦਾ ਨਤੀਜਾ ਮੌਤ ਹੋ ਸਕਦਾ ਹੈ। ਕਿਉਂਕਿ ਜਦ ਗੁਨਾਹਗਾਰ ਦੇ
ਖਿਲਾਫ ਗਵਾਹੀ ਦੇ ਦਿੱਤੀ ਦੋਸ਼ੀ ਦੇ ਬਦਲੇ ਤੋਂ ਲੁਕਣ ਦੀ ਕੋਸ਼ਿਸ਼ ਕਰਦੇ ਨੇ।
ਭਾਵੇਂ ਸਰਕਾਰ ਸ਼ਰਨ ਕੋਈ ਗੁਪਤ ਥਾਂ ਵਿੱਚ ਦੇ ਦੇਂਦੀ ਪਰ ਗੁਨਾਹਗਾਰ ਦੇ
ਮਿੱਤਰਾਂ ਦੀ ਪਹੁੰਚ ਬਹੁਤ ਲੰਬੀ ਹੁੰਦੀ ਹੈ। ਮੁਖਬਰ ਭਾਵੇਂ ਆਪਣਾ ਨਾਂ
ਬਦਲ ਲਵੇ, ਮੁਖ ਬਦਲ ਲਵੇ, ਪਰ ਆਪਣੇ ਪਿਆਰੇ ਪਰਿਵਾਰ ਤੋਂ ਬਗੈਰ ਕਿਵੇਂ
ਜੀਵੇ? ਆਪਣੇ ਖਾਸ ਦੋਸਤਾਂ ਨਾਲ ਫਿਰ ਕਦੇ ਮੁਲਾਕਾਤ ਨਹੀਂ ਕਰ ਸਕਦੇ ਸਨ।
ਨਿਆਣਿਆਂ ਨੂੰ ਛੋਹ ਨਹੀਂ ਸਕਦੇ। ਸਿਰਫ਼ ਜੇਲ ਤੋਂ ਬੱਚਦੇ ਅਤੇ ਥੋੜ੍ਹਾ ਚਿਰ
ਮੇਰੇ ਵਰਗੇ ਕਾਤਲ ਤੋਂ। ਆਦਮੀ ਨੇ ਤਾਂ ਮੈਨੂੰ ਮਦਤ ਕਰਨ ਵਾਲਾ ਕਲਦਾਰ
ਬਣਾਇਆ ਸੀ। ਹੁਣ ਮੈਂ ਕਲਦਾਰ ਰਿਹਾ ਹਾਂ ਕਿ ਕਾਤਲ? ਬੈਠਕ ਵਿੱਚ ਕਾਲੇ ਦੀ
ਲਾਸ਼ ਪਈ ਸੀ। ਹਾਂ ਉਹਦਾ ਨਾਂ ਕਾਲਾ ਸੀ। ਹੈ ਵੀ ਕਾਲਾ ਸੀ। ਉਸਦੀ ਪਤਨੀ ਨੇ
ਉਹਨੂੰ ਛੱਡ ਦਿੱਤਾ ਸੀ। ¿ਕਿਉਂਕਿ ਕੌਣ ਇਸ ਹਾਲ ਵਿੱਚ ਰਹਿ ਸਕਦਾ ਸੀ?
ਇੱਦਾਂ ਹੀ ਮੈਨੂੰ ਦਸ ਪਈ। ਭਾਵੇਂ ਮੁਖਬਰ ਦਾ ਪਰਿਵਾਰ ਹੁਣ ਟੁੱਟ ਗਿਆ,
ਕੋਈ ਨਾ ਕੋਈ ਨਿਸ਼ਾਨ ਰਿਹਾ ਜਾਂਦਾ ਜਿਸ ਨਾਲ ਸੂਚਕ ਲੱਭ ਜਾਂਦਾ।
ਪੁਲਸ ਨੂੰ ਪਤਾ ਲੱਗ ਜਾਂਦਾ ਕੌਣ ਕਮਜ਼ੋਰ ਹੈ। ਉਸਨੂੰ ਬਚਨ ਨਾਲ ਫਸਾ
ਦੇਂਦੇ ਨੇ। ਜਸੂਸ ਬਣਾ ਦੇਂਦੇ ਨੇ। ਝੂਠ ਬੋਲ ਕਿ ਕਹਿੰਦੇ ਨੇ – ਸਾਡੀ ਮਦਤ
ਕਰੋ, ਤੁਹਾਡੇ ਲਈ ਨਰਮ ਹੋ ਜਾਵਾਂਗੇ। ਦੰਡ ਘੱਟ ਜਾਊਗਾ। ਤੁਹਾਡੇ ਪਰਿਵਾਰ
ਦੀ ਰਾਖੀ ਕਰਾਂਗੇ-। ਪਰ ਜਿਊਰੀ ਨੇ ਤਾਂ ਸੋਚਣਾ – ਇਹ ਵੀ ਦੋਸ਼ੀ ਹੈ। ਇਸ
ਦੇ ਬਿਆਨ ਤੇ ਕੀ ਭਰੋਸਾ ਏ? ਉਹਨਾਂ ਲਈ ਗੁਨਾਹਗਾਰ ਤਾਂ ਛੁਟ ਜਾਂਦਾ ਹੈ।
ਕਈ ਵਾਰੀ ਮੁਖਬਰ ਲਈ ਪੈਸੇ ਕੰਮਾਉਣ ਦਾ ਤਰੀਕਾ ਬਣ ਜਾਂਦਾ ਹੈ। ਕਈ ਵਾਰੀ
ਨਹੀਂ। ਕਾਲੇ ਲਈ ਨਹੀਂ ਬਣਿਆ। ਮੈਂ ਥੱਲੇ ਚਲਾ ਗਿਆਂ। ਲਾਸ਼ ਉਪਰ ਝੁਕ ਕੇ
ਘੋਖਿਆ। ਪੰਦਰਾਂ ਮਿੰਟਾਂ ਤਕ ਜਿਸਮ ਠੰਡਾ ਹੋ ਜਾਣਾ ਸੀ। ਮੈਨੂੰ ਖਿਆਲ ਆਇਆ
ਕਿ ਮੈਂ ਗਲਤੀ ਕੀਤੀ ਏ। ਦਰਵਾਜ਼ਾ ਬਹੁਤ ਛੇਤੀ ਭੰਨ ਦਿੱਤਾ। ਕੋਈ ਇਸ ਨੂੰ
ਪੰਦਰਾਂ ਮਿੰਟਾਂ ਵਿੱਚ ਲਭ ਸੱਕਦਾ ਹੈ। ਹੁਣ ਹੱਥ ਮਲਣ ਦੀ ਕੋਈ ਲੋੜ ਨਹੀਂ
ਸੀ। ਜੋ ਹੋਗਿਆ ਸੋ ਹੋਗਿਆ।
ਮੈਂ ਬਾਰੀ ਕੋਲ ਖੜ੍ਹ ਗਿਆ। ਜਾਲੀਆਂ ਵਿੱਚੋਂ ਮੈਂ ਬਾਹਰ ਨਜ਼ਰ ਮਾਰੀ।
ਬੱਦਲਾਂ ਪਿੱਛੋਂ ਧੁੱਪ ਨੇ ਮੇਰੇ ਵੱਲ ਨਿਘੀਆਂ ਨਿਘੀਆਂ ਕਿਰਨਾਂ ਸੁੱਟੀਆਂ।
ਹਾਂ ਮੈਨੂੰ ਇਹ ਕੰਮ ਬਹੁਤ ਪਸੰਦ ਸੀ। ¿ਮੇਰੀ ਕੀ ਗਲਤੀ? ਇਨਸਾਨ ਨੇ ਮੈਨੂੰ
ਇੱਦਾਂ ਦਾ ਬਣਾਇਆ। ਇਨਸਾਨ ਮੈਨੂੰ ਇਸ ਤਰ੍ਹਾਂ ਦੇ ਕਾਰਜਾਂ ਤੇ ਭੇਜਦੇ ਸਨ।
ਆਮ ਕਲਦਾਰ ਇਨਸਾਨ ਦੀ ਰੱਖਸ਼ਾ ਕਰਦਾ। ਪਰ ਮੈਂ ਅਲੱਗ ਸਾਂ। ਆਪਣੇ ਆਪ ਜਿਹੜਾ
ਸੋਚਣ ਲੱਗ ਪਿਆ ਸਾਂ। ਖੂਨ ਡੋਲ੍ਹ ਕੇ ਮਜ਼ਾ ਆਉਂਦਾ ਸੀ। ¿ਕਦੇ ਸੋਚਿਆ ਲਹੂ
ਦੀ ਮੁਸ਼ਕ ਕਿੱਦਾਂ ਦੀ ਹੈ? ਮੈਂ ਕਈ ਲੋਕਾਂ ਅਤੇ ਕਲਦਾਰਾਂ ਨੂੰ ਮਾਰਿਆ। ਪਰ
ਇਨਸਾਨ ਨੇ ਮੈਨੂੰ ਮਹਿਕ ਸੁੰਘਣ ਦੀ ਯੋਗਤਾ ਨਹੀਂ ਦਿੱਤੀ। ਮੈਂ ਚਾਰ
ਚੁਫੇਰੇ ਸਭ ਕੁਝ ਫਿਰ ਚੈਕ ਕੀਤਾ। ਅਦਾਲਤੀ ਸਾਇੰਸਦਾਨਾਂ ਲਈ ਕੋਈ ਉੱਘ
ਸੁੱਘ ਨਹੀਂ ਹੋਣੀ ਚਾਹੀਦੀ। ਸਾਡੇ ਵਰਗੇ ਕਦੇ ਨਹੀਂ ਥਹੁ ਛੱਡਦੇ। ਕਿਸੇ ਨੇ
ਇਸ ਕੇਸ ਉਪਰ ਜਬਰਦਸਤੀ ਨਾਲ ਕੰਮ ਨਹੀਂ ਕਰਨਾ। ਘਰ ਦਾ ਇੱਦਾਂ ਦਾ ਹਾਲ ਕਰ
ਦਿੱਤਾ ਦੇਖਣ ਵਾਲਿਆਂ ਨੂੰ ਲੁਟ ਮਾਰ ਦਾ ਕੇਸ ਲੱਗਣਾ। ਸਾਡੇ ਵਰਗੇ ਕਾਤਲ
ਬਹੁਤ ਘੱਟ ਫੜ੍ਹ ਹੁੰਦੇ ਨੇ। ਕਿਉਂਕਿ ਅਸੀਂ ਵੇਖਣ ਵਿੱਚ ਆਮ ਬੰਦੇ ਲੱਗਦੇ
ਹਾਂ। ਆਮ ਕਲਦਾਰ ਲੱਗਦੇ ਹਾਂ। ¿ਨਾਲੇ ਕਦੇ ਕੋਈ ਕਲਦਾਰ ਨੂੰ ਮਾਰਨ ਲਈ
ਪ੍ਰੋਗਰਾਮ ਕੀਤਾ ਹੈ? ਮੇਰੇ ਵਿੱਚ ਤਾਂ ਵਿਲੱਖਣਤਾ ਹੈ। ਅਸਲੀ ਕਾਤਲ ਫਿਲਮੀ
ਕਾਤਲ ਵਰਗੇ ਨਹੀਂ ਹੁੰਦੇ। ਜੇ ਹੁੰਦੇ ਤਾਂ ਸਾਫ਼ ਦਿੱਸ ਜਾਂਦੇ। ¿ਫਿਰ
ਕਿਵੇਂ ਕੰਮ ਪੂਰਾ ਕਰ ਸਕਦੇ? ਅਸੀਂ ਆਪਣੇ ਆਲੇ ਦੁਆਲੇ ਦਿਆਂ ਲੋਕਾਂ ਵਿੱਚ
ਢੱਕ ਹੋ ਜਾਂਦੇ ਹਾਂ।
¡ਉਫ਼! ਮੈਂ ਫਿਰ ਹੋਰ ਪਾਸੇ ਤੁਰ ਪਿਆ! ਮੈਂ ਆਪਣੇ ਆਪ ਨੂੰ ਸਾਫ਼ ਕਰਕੇ
ਸੁਧਾਰਿਆ। ਬੈਠਕ ਦੇ ਬੂਹੇ ਵੱਲ ਤੁਰ ਪਿਆਂ। ਫਿਰ ਰੁਕ ਕੇ ਕਿਹਾ – ਅੱਛਾ
ਕਾਲਿਆ ਮੈਂ ਹੁਣ ਜਾਂਦਾ ਹਾਂ। ਦੇਰ ਹੋ ਗਈ-। ਫਿਰ ਆਰਾਮ ਨਾਲ ਘਰੋਂ ਬਾਹਰ
ਤੁਰ ਪਿਆਂ।
ਅਪਰਾਧ ਤੋਂ ਬਾਅਦ ਸਭ ਤੋਂ ਖਤਰਨਾਕ ਵਕਤ ਮੇਰੇ ਲਈ ਇਹ ਹੁੰਦਾ ਐ।
ਗੁਨਾਹ-ਦ੍ਰਿਸ਼ ਤੋਂ ਤੁਰਦਾ ਬੰਦਾ ਪਛਾਣ ਹੋ ਸਕਦਾ, ਕਲਦਾਰ ਵੀ ਪਛਾਣ ਹੋ
ਸਕਦਾ ਹੈ।
ਮੈਂ ਵਿਹੜੇ ਦੀ ਵਾੜ ਪਿੱਛੇ ਚੰਗੀ ਤਰ੍ਹਾਂ ਲੁਕਿਆ ਸਾਂ। ਉਹ ਵਾੜ
ਜਿਸਨੂੰ ਕਾਲੇ ਨੇ ਦੁਨੀਆ ਤੋਂ ਪਰਦਾ ਸਮਝਿਆ। ਉਹ ਵਾੜ ਜਿਹੜੀ ਕਾਲੇ ਲਈ
ਸੁਖ ਸੀ ਕਿਉਂਕਿ ਅਣਚਾਹੀਆਂ ਅੱਖਾਂ ਤੋਂ ਓਹਲੇ ਰੱਖਦੀ ਸੀ। ਸੜਕ ਦੀ ਪਟੜੀ
ਉੱਤੇ ਮੈਂ ਠਹਿਰਿਆ ਨਹੀਂ। ਆਲੇ ਦੁਆਲੇ ਕੋਈ ਨਹੀਂ ਸੀ। ਜਦ ਮੋੜ ਲੰਘਿਆਂ
ਇੱਕ ਦਮ ਆਪਣੀ ਉਡਣ ਵਾਲੀ ਗੱਡੀ ਵਿੱਚ ਬਹਿਕੇ ਇੰਜਣ ਚਾਲੂ ਕਰਕੇ ਉਡਾਰੀ
ਮਾਰੀ।
* * * * * * * *
ਆਥਣ ਵੇਲੇ ਮੈਂ ਉਸ ਹੀ ਥਾਂ ਤੇ ਵਾਪਸ ਗਿਆਂ। ਥਾਂ ਸੁੰਨੀ ਸੀ। ਇਸ
ਵਾਰੀ ਮੈਂ ਮਕਾਨ ਦੇ ਸਾਹਮਣੇ ਆਪਣੀ ਉਡਣ ਵਾਲੀ ਗੱਡੀ ਪਾਰਕ ਕਰ ਦਿੱਤੀ।
ਆਂਢੀਆਂ ਗੁਆਂਢੀਆਂ ਦੇ ਘਰ ਖਮੋਸ਼ ਸਨ। ਜਿਵੇਂ ਸਾਰੇ ਬਾਹਰ ਗਏ ਹੋਣ, ਵੈਸੇ
ਵੀ ਐਸੇ ਗੁਆਂਢੀ ਹੋਰ ਲੋਕਾਂ ਦੀਆਂ ਗੱਲਾਂ ਵਿੱਚ ਸ਼ਾਮਲ ਨਹੀਂ ਹੁੰਦੇ ਸਨ।
ਐਤਕੀਂ ਮੈਂ ਰੇਸ ਇੰਨੇ ਜ਼ੋਰ ਨਾਲ ਦਿੱਤੀ ਕਿ ਇੰਜਣ ਚਿੰਘਾੜ ਪਿਆ। ਗੱਡੀ ਦਾ
ਬੂਹਾ ਵੀ ਜ਼ੋਰ ਦੇਣੀ ਬੰਦ ਕੀਤਾ। ਹੁਣ ਮੈਂ ਬਦਨ ਉੱਤੇ ਵਰਦੀ ਪਾਈ ਸੀ।
ਲੋਹੇ ਦੀਆਂ ਲੱਤਾਂ ਉਪਰ ਪਤਲੂਨ। ਹਾਂ ਕਲਦਾਰ ਨੂੰ ਕਪੜਿਆਂ ਦੀ ਲੋੜ ਨਹੀਂ
ਸੀ, ਅਸੀਂ ਕਪਿੜਆਂ ਵਿੱਚ ਬੇਤੁਕੇ ਲੱਗਦੇ ਸਾਂ। ਪਰ ਸੰਸਾਰ ਦੀ ਨਿਯਮਾਵਲੀ
ਦੇ ਮੁਤਾਬਕ ਚੱਲਣਾ ਪੈਂਦਾ ਸੀ। ¿ਨਾਲੇ ਜੇ ਕਿਸੇ ਨੇ ਵੀ ਮੈਨੂੰ ਦੇਖਿਆ ਵੀ
ਹੋਵੇ ਹੁਣ ਕਿਵੇਂ ਪਛਾਣਦਾ? ਗਵਾਹ ਨੂੰ ਤਕਰੀਵਨ ਕਪੜਿਆਂ ਦੀ ਯਾਦ ਹੁੰਦੀ
ਹੈ। ਮੁਜਰਮ ਦੀ ਸ਼ਕਲ ਘਟ। ਸਵੇਰੇ ਸਵੇਰੇ ਮੈਂ ਨੰਗਾ ਮਸ਼ੀਨੀ ਮਾਨਵ ਸਾਂ।
ਹੁਣ ਕਪੜਿਆਂ ਨਾਲ ਮੇਰਾ ਰੂਪ ਬਦਲ ਗਿਆ ਸੀ। ਸਭ ਤੋਂ ਹੁਸ਼ਿਆਰ ਹੱਤਿਆਰੇ
ਨਕਲੀ ਮੁੱਛਾਂ ਅਤੇ ਰੰਗੇ ਵਾਲ ਨਹੀਂ ਵਰਤਦੇ। ਆਮ ਕਪੜੇ ਹੀ ਪਾਉਂਦੇ ਹਨ।
ਮੈਂ ਹੌਲੀ ਹੌਲੀ ਪਾਥ ਉੱਤੇ ਤੁਰਕੇ ਗਿਆਂ। ਮੇਰੀ ਨਜ਼ਰ ਚਾਰ ਚੁਫੇਰੇ
ਗਈ। ਹਰ ਚੀਜ਼ ਦੀ ਪੜਤਾਲ ਕੀਤੀ। ਕਿਉਂਕਿ ਇੱਦਾਂ ਲੋਕਾਂ ਨੂੰ ਲੱਗਣਾ
ਚਾਹੀਦਾ ਕਿ ਮੇਰਾ ਕੰਮ ਜ਼ਮੀਨ ਦੀ ਪੜਤਾਲ ਕਰਨਾ ਹੈ। ਟੁੱਟੇ ਫੁੱਟੇ ਬੂਹੇ
ਦੀ ਵੀ ਜਾਂਚ ਕੀਤੀ। ਦਰਵਾਜ਼ਾ ਬੰਦ ਸੀ। ਜਦ ਮੈਂ ਉਸਦੇ ਅੱਗੇ ਖਲੋਇਆ ਕਿਸੇ
ਨੇ ਅੰਦਰੋਂ ਖੋਲ੍ਹ ਦਿੱਤਾ। ਦੋ ਆਦਮੀ ਮੇਰੇ ਵੱਲ ਆਏ। ਇੱਕ ਬੰਦਾ ਵਰਦੀ
ਵਿੱਚ ਸੀ। ਇੱਕ ਕਲਦਾਰ ਵੀ ਇੱਦਾਂ ਹੀ ਸਜਾਇਆ ਸੀ। ਮੈਂ ਇੱਕ ਪਾਸੇ ਹੋਕੇ
ਉਨ੍ਹਾਂ ਨੂੰ ਰਾਹ ਦੇ ਦਿੱਤਾ। ਮੈਂ ਫਿਰ ਘਰ ਵਿੱਚ ਵੜ ਗਿਆਂ। ਟੈਲੀਫੋਨ
ਹਾਲੇ ਵੀ ਦਰੀ ਉੱਤੇ ਡਿਗਿਆ ਪਿਆ ਸੀ।
ਲਾਸ਼ ਉੱਥੇ ਹੀ ਸੀ ਜਿੱਥੇ ਮੈਂ ਛੱਡ ਕੇ ਆਇਆ ਸਾਂ। ਉਸ ਵੇਲੇ ਕਾਲੇ ਨੇ
ਮੇਰੇ ਲਈ ਦਰਵਾਜ਼ਾ ਖੋਲ੍ਹਿਆ ਸੀ। ਮੇਰੇ ਹੱਥ ਵਿੱਚ ਥੈਲਾ ਸੀ। ਮੈਂ ਉਹਨੂੰ
ਕਿਹਾ ਸੀ – ਤੁਹਾਡਾ ਮੀਟਰ ਚੇਕ ਕਰਨ ਆਇਆਂ-। ਮੈਂ ਓਦੋਂ ਵੀ ਵਰਦੀ ਪਾਈ
ਸੀ। ਪਰ ਮੀਟਰ ਵਾਲੇ ਦੀ। ਮੈਨੂੰ ਤੜਕੇ ਵੇਖਕੇ ਓਹ ਹੈਰਾਨ ਸੀ। ਪਰ ਉਨ੍ਹੇ
ਆਪਣੀ ਅਕਲ ਨਹੀਂ ਵਰਤੀ। ਆਮ ਸੂਝ, ਬੰਦੇ ਨੂੰ ਦਸਦੀ ਏ ਕਿ ਉਸ ਵੇਲੇ ਮੀਟਰ
ਵਾਲਾ ਦਰਵਾਜ਼ਾ ਨਹੀਂ ਖੜਕਾਊਗਾ। ਨਾਲੇ ਕਾਲਾ ਤਾਂ ਮੇਰੇ ਵਰਗਿਆਂ ਤੋਂ
ਲੁਕਿਆ ਸੀ! ੳਨ੍ਹੇ ਮੈਨੂੰ ਬੈਠਕ ਵਿੱਚ ਲਿਜਾਕੇ ਖੜ੍ਹਾ ਕਰ ਦਿੱਤਾ। ਫਿਰ
ਮੈਂ ਓਹਨੂੰ ਆਖਿਆ – ¿ਤੁਹਾਡਾ ਗ਼ੁਸਲਖਾਨਾ ਵਰਤ ਸਕਦਾਂ ? ਹੋਰ ਹੈਰਾਨ
ਹੋਗਿਆ। ਕਲਦਾਰ ਤਾਂ ਇਸ਼ਨਾਨ ਕਰ ਨਹੀਂ ਸਕਦਾ। ਸ਼ੱਕ ਉਸਨੂੰ ਪਈ ਨਹੀਂ।
ਮੈਨੁੰ ਜਾਣ ਦੇ ਦਿੱਤਾ। ਉੱਥੇ ਮੈਂ ਮੀਟਰ ਵਾਲੇ ਦੀ ਵਰਦੀ ਲਾਹ ਦਿੱਤੀ ਸੀ।
– ¿ਮੀਟਰ ਨਹੀਂ ਚੈਕ ਕਰਨਾ ?-। – ਆਹੋ । ਇੱਕ ਮਿੰਟ – ਮੈਂ ਬਾਥਰੂਮ
ਵਿੱਚੋਂ ਜਵਾਬ ਦਿੱਤਾ। ਪਤਾ ਨਹੀਂ ਕਿਉਂ ਉਨ੍ਹੇ ਸੋਚਿਆ ਨਹੀਂ ਬੈਗ ਵਿੱਚ
ਕੀ ਹੈ। ਕੀ ਪਤਾ ਸੋਚਿਆ ਵੀ ਹੋਵੇਗਾ। ਪਰ ਥੈਲੇ ਵਿੱਚ ਕੁਝ ਵੀ ਹੋ ਸੱਕਦਾ।
ਕੁਝ ਵੀ।
¡ਉਫ! ਫਿਰ ਹੋਰ ਪਾਸੇ ਤੁਰ ਪਿਆਂ। ਹੁਣ ਮੇਰੇ ਸਾਹਮਣੇ ਦੋ ਕਲਦਾਰ ਸਨ।
ਦੋਨੇ ਲਾਸ਼ ਉਪਰ ਝੁਕੇ ਹੋਏ ਸਨ। ਹੋਰ ਕਲਦਾਰ ਅਤੇ ਇਨਸਾਨ ਰਸੋਈ ਅਤੇ
ਪੌੜੀਆਂ ਉਪਰ ਹੇਠਾਂ ਤੁਰਦੇ ਫਿਰਦੇ ਸਨ। ਬਹੁਤਾ ਬੋਲਦੇ ਨਹੀਂ ਸਨ। ਤੁਸੀਂ
ਸਮਝ ਸਕਦੇ ਹੋ ਕਿ ਇੱਕ ਕਤਲ ਹੋਇਆ ਹੈ। ¿ਬੁੜਬੁੜ ਕਿਸਨੇ ਕਰਨੀ ਐ? ਕੁਬੇ
ਹੋਇਆਂ ਚੋਂ ਇੱਕ ਕਲਦਾਰ ਖੜ੍ਹ ਗਿਆ। ਮੇਰੇ ਵੱਲ ਦੇਖਦਾ ਸੀ। ਮੈਂ
ਗੁਨਾਹ-ਦ੍ਰਿਸ਼ ਦੀ ਜਾਂਚ ਕਰ ਰਿਹਾ ਸਾਂ। ਬੋਤਲਾਂ ਆਲੇ ਦੁਆਲੇ ਡੁਲੀਆਂ
ਖਿਲਰੀਆਂ ਸਨ। ਗੱਦੀਆਂ ਵੀ ਜਿੱਥੇ ਮੈਂ ਸਿੱਟੀਆਂ ਸਨ। ਦਰੀ ਲਹੂ ਨਾਲ
ਭਿੱਜੀ ਸੀ।
-¿ਇਥੇ ਕੀ ਹੋਇਆ ? – ਮੈਂ ਆਖਿਆ। ਬੇਫਜੂਲ ਸੁਆਲ ਸੀ।
-ਇਨਸਪੈਕਟਰ ਸਾਹਿਬ ਜੀ। ਲੱਗਦਾ ਕਿਸੇ ਨੇ ਕਾਲੇ ਦਾ ਬੈਂਡ ਵਜਾ ਦਿੱਤਾ-
ਮੈਨੂੰ ਪੁਲਸ ਗੁਪਤਚਰ ਨੇ ਜਵਾਬ ਦਿੱਤਾ।
ਖਤਮ |