ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਟੈਲੀ ਪਰਿਵਾਰਕ ਨਾਟਕ – ਮਨੋਰੰਜਨ ਜਾਂ ਮਨੋਖਰੰਜਨ?
ਹਰਦੀਪ ਸਿੰਘ ਮਾਨ, ਅਸਟਰੀਆ

ਆਮ ਕਹਾਵਤ ਹੈ ਕਿ ‘ਜੈਸੀ ਸੰਗਤ, ਵੈਸੀ ਰੰਗਤ’। ਅਸੀਂ ਜਿਸ ਤਰ੍ਹਾਂ ਦਾ ਦੇਖਦੇ ਤੇ ਵਿਚਰਦੇ ਹਾਂ ਜਾਂ ਜਿਸ ਤਰ੍ਹਾਂ ਦਾ ਸਾਡਾ ਆਲਾ-ਦੁਆਲਾ ਹੁੰਦਾ ਹੈ, ਉਸ ਦਾ ਸਾਡੇ ਦਿਮਾਗ ਤੇ ਚੰਗਾ-ਮਾੜਾ ਅਸਰ ਜ਼ਰੂਰ ਪੈਂਦਾ ਹੈ। ਜੇਕਰ ਸੰਗਤ ਧਾਰਮਿਕ ਹੈ ਤਾਂ ਵਿਚਾਰ ਧਾਰਮਿਕ ਹੋਣਗੇ। ਜੇਕਰ ਘਰ ਦੇ ਹਾਲਾਤ ਖ਼ਸਤਾ ਹਨ ਤਾਂ ਹਰ ਸਮੇਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਪੈਸੇ ਘਰ ਲਿਆਉਣ ਦੀ ਸੋਚ ਘੇਰਦੀ ਰਹੇਗੀ। ਜੇਕਰ ਤੁਸੀਂ ਰੋਜ਼ਾਨਾ ਘੰਟਾ ਜਾਂ ਡੇਢ ਘੰਟਾ ਘਰੇਲੂ ਹਿੰਸਾ ਭਰਪੂਰ ਨਾਟਕ ਦੇਖਦੇ ਹੋ ਤਾਂ ਸ਼ਰਤੀਆ ਤੁਹਾਡੇ ਤੇ ਇਸਦਾ ਜ਼ਰੂਰ ਮਾੜਾ ਅਸਰ ਹੋਵੇਗਾ।

ਇਹ ਲੜ੍ਹੀਵਾਰ ਨਾਟਕ ਕੀ ਪੇਸ਼ ਕਰਦੇ ਹਨ?

ਹਰਦੀਪ ਸਿੰਘ ਮਾਨ

ਲਗਭਗ ਸਾਰੇ ਹੀ ਨਾਟਕਾਂ ਵਿਚ ਔਰਤ ਹੀ ਔਰਤ ਦੀ ਦੁਸ਼ਮਣ ਦਿਖਾਈ ਜਾਂਦੀ ਹੈ। ਮਰਦ ਕਿਰਦਾਰ ਕਲੇਸ਼ ਪਾਉਣ ਵਿਚ ਔਰਤ ਦਾ ਸਿਰਫ਼ ਸਹਿਯੋਗ ਦਿੰਦੇ ਦਿਖਾਏ ਜਾਂਦੇ ਹਨ। ਮੁੱਕਦੀ ਗੱਲ ਕਿ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਔਰਤ ਚਾਹੇ ਤਾਂ ਘਰ ਵਸਾ ਸਕਦੀ ਹੈ, ਚਾਹੇ ਤਾਂ ਉਜਾੜ ਸਕਦੀ ਹੈ। ਜ਼ਿਆਦਾਤਰ ਨਾਟਕਾਂ ਵਿਚ ਦਿਖਾਇਆ ਜਾਂਦਾ ਹੈ ਕਿ ਕਿਵੇਂ ਨੂੰਹ-ਰਾਣੀ ਨੂੰ ਘਰ ਦੇ ਸਾਰੇ ਮੈਂਬਰ ਰਲ-ਮਿਲ ਕੇ ਦੁੱਖੀ ਕਰਦੇ ਹਨ। ਪਵਿੱਤਰ ਰਿਸ਼ਤਿਆਂ ਦੇ ਪਿਆਰ-ਸਤਿਕਾਰ ਨੂੰ ਛਿੱਕੇ ਤੇ ਟੰਗ ਕੇ ਨੂੰਹ-ਸੱਸ, ਨਣਦ-ਭਾਬੀ ਅਤੇ ਦਰਾਣੀ-ਜਿਠਾਣੀ ਨੂੰ ਇਕ ਦੂਜੇ ਵਿਰੁੱਧ ਸਾਜਿਸ਼ਾਂ ਰਚਦੇ ਦਿਖਾਇਆ ਜਾਂਦਾ ਹੈ। ਸੱਭਿਅਕ ਨਾਟਕ ਹੇਠ ਨੈਤਿਕਤਾ ਤੇ ਅਨੈਤਿਕਤਾ ਨੂੰ ਇਕੋ ਤੱਕੜੀ ’ਚ ਤੋਲਿਆ ਜਾਂਦਾ ਹੈ।

ਇਨ੍ਹਾਂ ਨਾਟਕਾਂ ਵਿਚ ਵਹਿਮਾਂ-ਭਰਮਾਂ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ। ਜਿਨ੍ਹਾਂ ਵਿਚ ‘ਕਾਲਾ-ਜਾਦੂ’ ਦਾ ਖ਼ਾਸ ਸਥਾਨ ਹੈ। ਲੜ੍ਹੀਵਾਰ ਨਾਟਕ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ‘ਕਹਾਨੀ ਘਰ-ਘਰ ਕੀ’, ‘ਕਸੌਟੀ’, ‘ਕੁਸਮ’, ‘ਕਹਾਨੀ ਹਮਾਰੇ ਮਹਾਭਾਰਤ ਕੀ’ ਅਤੇ ਫਿਲਮ ‘ਕਿਆ ਕੂਲ ਹੈ ਹਮ’ ਦੀ ਨਿਰਮਾਤਾ ਏਕਤਾ ਕਪੂਰ ਤਾਂ ਆਪਣੇ ਹਰ ਲੜ੍ਹੀਵਾਰ ਨਾਟਕ ਅਤੇ ਫ਼ਿਲਮ ਦੇ ਨਾਮ ਵਿਚ ‘ਕ’ ਸ਼ਬਦ ਦਾ ਪ੍ਰਯੋਗ ਕਰਦੀ ਹੈ। ਹੁਣ ਜਿਸ ਨਾਟਕ ਦੇ ਨਾਮ ਤੋਂ ਹੀ ਅੰਧ-ਵਿਸ਼ਵਾਸ਼ ਝਲਕਦਾ ਹੋਵੇ, ਉਹ ਨਾਟਕ ਪ੍ਰੇਰਨਾਦਾਇਕ ਨਹੀਂ ਹੋ ਸਕਦੇ, ਸਿਰਫ਼ ਘਰ-ਤੋੜੂ ਮਾਨਸਿਕਤਾ ਤੋਂ ਪ੍ਰੇਰਿਤ ਹੁੰਦੇ ਹਨ।

ਅਕਸਰ ਇਨ੍ਹਾਂ ਨਿਰਮਾਤਾਵਾਂ ਵਲੋਂ ਕਿਹਾ ਜਾਦਾ ਹੈ ਕਿ ਜੋ ਜਨਤਾ ਵੇਖਣਾ ਚਾਹੁੰਦੀ ਹੈ, ਅਸੀਂ ਤਾਂ ਉਹੀ ਵਿਖਾਉਂਦੇ ਹਾਂ। ਦੂਜੇ ਸ਼ਬਦਾਂ ਵਿਚ ‘ਦੁੱਖ ਵਿਕਦਾ ਹੈ’। ਹਾਂ ਜੀ, ਤੁਸੀਂ ਠੀਕ ਪੜ੍ਹਿਆ ‘ਦੁੱਖ ਵਿਕਦਾ ਹੈ’। ਇਕ ਤੋਂ ਬਾਅਦ ਇਕ ਦੁੱਖ ਇਨ੍ਹਾਂ ਨਾਇਕਾਵਾਂ ਤੇ ਲਿਆ ਕੇ ਇਹ ਦੁੱਖ ਵੇਚਦੇ ਜਾਂਦੇ ਹਨ ਅਤੇ ਅਸੀਂ ਆਪਣੀ ਘਰੇਲੂ ਜ਼ਿੰਦਗੀ ਦੇ ਝਮੇਲਿਆਂ ਤੋਂ ਇਲਾਵਾ ਇਨ੍ਹਾਂ ਨਾਇਕਾਵਾਂ ਦੇ ਦੁੱਖ ਵੀ ਲੈ ਲੈਂਦੇ ਹਾਂ। ਆਮ ਇਨਸਾਨ ਨੂੰ ਘਰ ਬੈਠਿਆਂ ਰੋਵਾਉਣ ਅਤੇ ਖ਼ਾਹ-ਮਖ਼ਾਹ ਦੀ ਟੈਂਸ਼ਨ ਦੇਣ ਦਾ ਠੇਕਾ ਇਨ੍ਹਾਂ ਟੀਵੀ ਚੈਨਲਾਂ ਵਾਲਿਆਂ ਨੇ ਲਿਆ ਹੈ। ਇਨ੍ਹਾਂ ਨਾਟਕਾਂ ਦੇ ਰੋਣ-ਪਿੱਟਣ ਅਤੇ ਚੀਕ-ਚਿਹਾੜੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪਿਛਲ-ਸੰਗੀਤ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਆਮ ਇਨਸਾਨ ਦੀ ਮਾਨਸਿਕਤਾ ਮਾੜੇ ਪ੍ਰਭਾਵ ਤੋਂ ਬਚਣੋਂ ਨਹੀਂ ਰਹਿੰਦੀ।

ਰੋਜ਼ਾਨਾ ਲਗਦੀ ਹੈ ‘ਇਸ਼ਕ ਦੀ ਕਲਾਸ’

ਪਰਿਵਾਰਕ ਮੈਂਬਰਾਂ ਦੀ ਆਪਸੀ ਲੜਾਈ ਤੋਂ ਇਲਾਵਾ ਜੋ ਦੂਸਰਾ ਵਿਸ਼ਾ ਹੈ ਜਿਸ ’ਤੇ ਵਧੇਰੇ ਨਾਟਕ ਬਣਾਏ ਜਾਂਦੇ ਹਨ, ਉਹ ਹੈ ‘ਤਿਕੋਣਾ ਪਿਆਰ’। ਇਨ੍ਹਾਂ ਨਾਟਕਾਂ ਵਿਚ ਖੂਨੀ ਰਿਸ਼ਤਿਆਂ ਨਾਲੋਂ ਇਸ਼ਕ ਦੇ ਰਿਸ਼ਤੇ ਨੂੰ ਸਭ ਤੋਂ ਉੱਚਾ ਰਿਸ਼ਤਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟੈਲੀਵੀਜ਼ਨ, ਜੋ ਇਕ ਬੇਜਾਨ ਪਰਿਵਾਰਕ ਮੈਂਬਰ ਹੈ, ਰੋਜ਼ਾਨਾ ਇਸ਼ਕ ਦੀ ਕਲਾਸ ਲਾ ਕੇ ਇਸ਼ਕ-ਗਿਆਨ ਵਧਾਉਂਦਾ ਹੈ।

ਇਕ ਇਸ਼ਕ ਨਾਟਕ ਦੇ ਪ੍ਰਸੰਸਕ ਨੇ ਇਨ੍ਹਾਂ ਨਾਟਕਾਂ ਤੋਂ ਜੋ ਇਸ਼ਕ-ਗਿਆਨ ਇੱਕਠਾ ਕੀਤਾ, ਉਹ ਕੁਝ ਇਸ ਤਰ੍ਹਾਂ ਹੈ। ‘ਜੇਕਰ ਤੁਹਾਡਾ ਪ੍ਰੇਮੀ ਤੁਹਾਡੇ ਨਾਲ ਪਿਆਰ ਨਹੀਂ ਕਰਦਾ, ਕੋਈ ਗੱਲ ਨਹੀਂ, ਤੁਸੀਂ ਇਸ ਆਨੰਦ ਵਿਚ ਰਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਪਿਆਰ ਦਿੰਦਾ ਹੈ, ਲੈਂਦਾ ਨਹੀਂ, ਲੈਣ ਦੈਣ ਤਾਂ ਸੌਦੇਬਾਜ਼ੀ ਹੁੰਦੀ ਹੈ, ਪਿਆਰ ਸੌਦੇਬਾਜ਼ੀ ਨਹੀਂ। ਪਿਆਰ ਵਿਚ ਇਨਸਾਨ ਪਿਆਰ ਦਿੰਦਾ ਹੈ, ਖੋਂਹਦਾ ਨਹੀਂ। ਜੇਕਰ ਤੁਹਾਡੇ ਪ੍ਰੇਮੀ ਜਾਂ ਪ੍ਰੇਮਿਕਾ ਦਾ ਕਿਸੇ ਹੋਰ ਨਾਲ ਵਿਆਹ ਹੋ ਜਾਂਦਾ ਹੈ, ਤਦ ਵੀ ਤੁਸੀਂ ਆਸ ਨਾ ਛੱਡੋ। ਜੇਕਰ ਤੁਹਾਡਾ ਪਿਆਰ ਸੱਚਾ ਹੈ ਤਾਂ ਉਹ ਤੁਹਾਡੇ ਕੋਲ ਇਕ ਦਿਨ ਜ਼ਰੂਰ ਆਵੇਗਾ। ਉਡੀਕ ਕਰੋ’।

‘ਸੱਚੇ-ਪਿਆਰ’ ਦੇ ਨਾਂਅ ਹੇਠ ਅਜਿਹਾ ਝੂਠਾ ਮਾਹੌਲ ਦਿਖਾਇਆ ਜਾਂਦਾ ਹੈ, ਜਿਸ ਨੂੰ ਦੇਸੀ ਕਲਚਰ ਕਹਿਣ ਦੀ ਬਜਾਏ ਵਿਦੇਸ਼ੀ ਕਲੱਚਰ ਕਹਿਣਾਂ ਜ਼ਿਆਦਾ ਜਾਇਜ਼ ਹੋਵੇਗਾ, ਭਾਵ ਮਿੱਤਰ-ਮੁੰਡਾ ਜਾਂ ਮਿੱਤਰ-ਕੁੜੀ ਬਣਾਉਣਾ ਜਵਾਨੀ ਦਾ ਇਕ ਅਟੁੱਟ ਅੰਗ ਹੈ। ਵਿਆਹੁਤਾ ਹੋਣ ਦੇ ਬਾਵਜੂਦ ਦੂਸਰੀ ਔਰਤ ਜਾਂ ਮਰਦ ਨਾਲ ‘ਸੱਚੇ-ਪਿਆਰ’ ਹੇਠ ਨਾਜਾਇਜ਼ ਸੰਬਧ ਦਿਖਾਏ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਪਿਆਰ ਵਿਆਹ ਕਰਨ ਵਿਚ ਸਫ਼ਲ ਹੁੰਦੇ ਹੋ ਤਾਂ ਤੁਸੀਂ ਦੁਨੀਆਂ ਦੇ ਸਭ ਤੋਂ ਖੁਸ਼ਕਿਸਮਤ ਇਨਸਾਨ ਹੋ। ਭਾਵ ਜਿਸ ਨੇ ‘ਸੱਚਾ-ਪਿਆਰ’ ਪਾ ਲਿਆ, ਉਸ ਨੇ ਰੱਬ ਪਾ ਲਿਆ।

ਇਸ ਸਭ ਦਾ ਕੱਚੀ ਉਮਰ ਦੀਆਂ ਕੁੜੀਆਂ ਤੇ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ। ਨਾਟਕਾਂ ਵਿਚ ਪਤੀ ਪਤਨੀ ਦਾ ਨਾਟਕੀ ਵਰਤਾਓ ਦੇਖ ਕੇ ਉਹ ਅਕਸਰ ਆਪਣੇ ਭਵਿੱਖ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਤਾਣੇ-ਬਾਣੇ ਬੁਣਨ ਲੱਗ ਪੈਂਦੀਆਂ ਹਨ, ਪਰ ਵਿਆਹ ਮਗਰੋਂ ਜਦੋਂ ਅਸਲੀਅਤ ਕਲਪਨਾ ਅਨੁਸਾਰ ਨਹੀਂ ਨਿਕਲਦੀ ਤਾਂ ਕੁਆਰੇਪਨ ਵਿਚ ਦੇਖੇ ਸੁਪਨੇ ਤਾਰ-ਤਾਰ ਹੋ ਜਾਂਦੇ ਹਨ। ਜ਼ਿੰਦਗੀ ਦਾ ਜੋ ਸਮਾਂ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰ ਕੇ ਆਪਣਾ ਭਵਿੱਖ ਬਣਾਉਣ ਦਾ ਹੁੰਦਾ ਹੈ, ਉਸ ਸਮੇਂ ਨਾਟਕੀ ਪ੍ਰੇਮੀ-ਪ੍ਰੇਮਿਕਾ ਦੇ ਚੋਚਲੇ ਦੇਖ ਕੇ ਆਚਰਣ ਡਾਂਵਾਂਡੋਲ ਹੋਣ ਲੱਗ ਪੈਂਦਾ ਹੈ। ਇਸ ਥੋੜ੍ਹ-ਚਿਰੀ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਚੱਕਰ ਵਿਚ ਮਨ ਦੀ ਇਕਾਗਰਤਾ ਤਾਂ ਪੂਰੀ ਤਰ੍ਹਾਂ ਭੰਗ ਹੁੰਦੀ ਹੀ ਹੈ, ਨਾਲ ਹੀ ਅਨੈਤਿਕ ਅਤੇ ਗ਼ੈਰ-ਸਮਾਜਿਕ ਕਾਰਵਾਈਆਂ ਵੱਲ ਵੀ ਮਨ ਪ੍ਰੇਰਿਤ ਹੁੰਦਾ ਹੈ, ਕਿਉਂਕਿ ਜਿੱਥੇ ਡਰ ਦੀ ਤਲਵਾਰ ਸਿਰ ਤੇ ਨਾ ਹੋਵੇ, ਉੱਥੇ ਇਸ ‘ਸ਼ਬਦੀ ਇਸ਼ਕ ਗਿਆਨ’ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਦੇਰ ਨਹੀਂ ਲੱਗਦੀ। ਬਾਕੀ ਬਚਿਆ ਕੰਮ ਮੋਬਾਇਲ ਫੋਨ ਪੂਰਾ ਕਰ ਦਿੰਦਾ ਹੈ। ਕਈ ਵਾਰ ‘ਸੱਚੇ-ਪਿਆਰ’ ਦੀ ਤਲਾਸ਼ ਵਿੱਚ ਧੋਖਾ ਮਿਲਣ ਤੇ ਜਾਂ ਅਸਫ਼ਲ ਪਿਆਰ ਦਾ ਹੱਲ ਖ਼ੁਦਕੁਸ਼ੀ ਲੱਗਣ ਲੱਗ ਪੈਂਦੀ ਹੈ।

ਲੜ੍ਹੀਵਾਰ ਨਾਟਕ ਦੀ ਮੂਲ ਕਹਾਣੀ ਖ਼ਤਮ ਹੋਣ ਤੇ ਨਾਟਕ ਨੂੰ ਅੱਗੇ ਕਿਵੇਂ ਵਧਾਇਆ ਜਾਂਦਾ ਹੈ?

ਜਦੋਂ ਕੋਈ ਲੜ੍ਹੀਵਾਰ ਨਾਟਕ ਸੁਪ੍ਰਸਿੱਧ ਹੋ ਜਾਂਦਾ ਹੈ, ਪਰ ਉਸ ਦੀ ਮੂਲ ਕਹਾਣੀ ਖ਼ਤਮ ਹੋ ਜਾਂਦੀ ਹੈ ਤਾਂ ਨਿਰਮਾਤਾ, ਨਿਰਦੇਸ਼ਕ ਅਤੇ ਟੀਵੀ ਚੈਨਲ ਵਾਲੇ ਨਾਟਕ ਨੂੰ ਜਾਰੀ ਰੱਖਣ ਲਈ ਨਵੇਂ-ਨਵੇਂ ਜੁਗਾੜ ਘੜਦੇ ਹਨ, ਕਿਉਂਕਿ ਇਕ ਨਵਾਂ ਇੰਜਣ ਬਣਾ ਕੇ ਡੱਬੇ ਮਗਰ ਲਾ ਕੇ ਉਸ ਨੂੰ ਪਟੜੀ ਤੇ ਉਤਾਰਨ ਨਾਲੋਂ ਇਕ ਚਲਦੀ ਰੇਲ-ਗੱਡੀ ਮਗਰ ਡੱਬਾ ਲਾਉਣਾ ਸੋਖਾ ਹੁੰਦਾ ਹੈ, ਭਾਵ ਨਾਟਕ ਵਿਚ ਨਵਾਂ ਪਾਤਰ ਪਾ ਕੇ ਉਸ ਨੂੰ ਬੇਲੋੜਾ ਅੱਗੇ ਵਧਾਇਆ ਜਾਂਦਾ ਹੈ। ਇਹ ਨਵਾਂ ਪਾਤਰ ਰੂਪੀ ਡੱਬਾ ਨਾਟਕ ਵਿਚ ਅਜਿਹੇ ਪੰਗੇ ਪਾਉਣੇ ਸ਼ੁਰੂ ਕਰਦਾ ਹੈ ਕਿ ਰੁਕੀ ਹੋਈ ਨਾਟਕ ਰੂਪੀ ਰੇਲ ਗੱਡੀ ਫਿਰ ਦੌੜਨ ਲੱਗ ਪੈਂਦੀ ਹੈ। ਕੁਝ ਹੋਰ ਢੰਗ-ਤਰੀਕੇ ਹੇਠ ਲਿਖੇ ਹਨ:-

• ਕਈ ਨਾਟਕਾਂ ਵਿਚ ਕਿਰਦਾਰ ਬਦਲਣ ਲਈ ਪਲਾਸਟਿਕ ਸਰਜਰੀ ਦਾ ਤਰੀਕਾ ਅਕਸਰ ਅਪਣਾਇਆ ਜਾਂਦਾ ਹੈ। ਪਰ ਕਮਾਲ ਦੇ ਹਨ ਇਨ੍ਹਾਂ ਨਾਟਕਾਂ ਦੇ ਸਰਜਰੀ ਮਾਹਿਰ, ਲੋੜ ਤਾਂ ਹੁੰਦੀ ਹੈ ਸਿਰਫ਼ ਸ਼ਕਲ ਬਦਲਣ ਦੀ, ਪਰ ਉਹ ਆਵਾਜ਼ ਤੇ ਕੱਦ-ਕਾਠ ਬੋਨਸ ਵਿਚ ਬਦਲ ਦਿੰਦੇ ਹਨ।

• ਨਾਟਕ ਵਿਚ ਦਿਲਚਸਪੀ ਵਧਾਉਣ ਲਈ ਕਈ ਵਾਰ ਹੈਰਾਨੀਜਨਕ ਦ੍ਰਿਸ਼ ਦਿਖਾਏ ਜਾਂਦੇ ਹਨ। ਬਾਅਦ ਵਿਚ ਪਤਾ ਲੱਗਦਾ ਹੈ, ਇਹ ਤਾਂ ਸੁਫ਼ਨਾ ਸੀ।

• ਮਰ ਮਰ ਕੇ ਜਿਉਂਦੇ ਹੋਣਾਂ ਕੋਈ ਇਨ੍ਹਾਂ ਨਾਇਕਾਵਾਂ ਤੋਂ ਸਿੱਖੇ। ਜੇਕਰ ਕਿਸੇ ਪਾਤਰ ਦੀ ਮੌਤ ਹੋ ਜਾਵੇ, ਪਰ ਲਾਸ਼ ਨਾ ਮਿਲੇ ਤਾਂ ਜ਼ਿਆਦਾਤਰ ਉਹ ਜਿਉਂਦਾ ਨਿਕਲਦਾ ਹੈ। ਪਰ ਦੋ-ਤਿੰਨ ਕਿਸ਼ਤਾਂ ਉਸ ਦੀ ਮੌਤ ਦੇ ਅਫਸੋਸ ਵਿਚ ਨਿਕਲ ਜਾਂਦੀਆਂ ਹਨ।

• ਕਿਸੇ ਕਿਰਦਾਰ ਦੀ ਯਾਦਦਾਸ਼ਤ ਚਲੇ ਜਾਣੀ, ਬਾਅਦ ਵਿਚ ਕਿਸੇ ਖ਼ਾਸ ਮੌਕੇ ਜਿਵੇਂ ਵਿਆਹ ਮੰਡਪ ਤੇ ਵਾਪਸ ਆ ਜਾਣੀ ਨਾਟਕ ਦੀ ਸੰਜੀਵਣੀ ਬੂਟੀ ਹੈ।

• ਨਾਟਕਾਂ ਵਿਚ ਪੰਗੇ-ਪਾਉਣੀ ਪਾਤਰ ਨੂੰ ਪਹਿਲਾਂ ਤਾਂ ਘਰੋਂ ਕੱਢ ਦਿੱਤਾ ਜਾਂਦਾ ਹੈ, ਪਰ ਨਾਟਕ ਅੱਗੇ ਵਧਾਉਣ ਲਈ ਉਸ ਨੂੰ ਘਰ ਵਾਪਸ ਲਿਆਇਆ ਜਾਂਦਾ ਹੈ ਤੇ ਫਿਰ ਉਹੀ ਕਲੇਸ਼ ਕਹਾਣੀ ਅੱਗੇ ਤੁਰ ਪੈਂਦੀ ਹੈ।

• ਜੇਕਰ ਮੁੱਖ ਨਾਇਕਾ ਦੇ ਪੇਕੇ-ਘਰ ਕਲੇਸ਼ ਖ਼ਤਮ ਹੁੰਦਾ ਹੈ ਤਾਂ ਫਿਰ ਉਸਦੇ ਸਹੁਰੇ-ਘਰ ਸ਼ੁਰੂ ਹੋ ਜਾਂਦਾ ਹੈ।

• ਜੇ ਹੋਰ ਕੁਝ ਨਵਾਂ ਨਾ ਲੱਭੇ ਤਾਂ ਨਜਾਇਜ਼ ਔਲਾਦ ਪੇਸ਼ ਕਰ ਦਿੱਤੀ ਜਾਂਦੀ ਹੈ ਜੋ ਆਪਣਾ ਹੱਕ ਮੰਗਣ ਲੱਗ ਪੈਂਦੀ ਹੈ ਜਾਂ ਪਹਿਲਾ ਪਿਆਰ ਦੁਬਾਰਾ ਹਾਜ਼ਰ ਹੋ ਜਾਂਦਾ ਹੈ।

• ਜੇ ਇਨ੍ਹਾਂ ਸਭ ਤੋਂ ਬਾਅਦ ਵੀ ਪਟਾਰੀ ਖ਼ਾਲੀ ਨਜ਼ਰ ਆਉਣ ਲੱਗ ਪਵੇ ਤਾਂ ਆਖ਼ਰੀ ਪੈਂਤੜਾ ਇਹ ਹੁੰਦਾ ਹੈ ਕਿ ਕੋਈ ਕਿਰਦਾਰ ਪੁਰਾਣੀਆ ਘਟਨਾਵਾਂ ਨੂੰ ਯਾਦ ਕਰਨ ਲੱਗ ਪੈਂਦਾ ਹੈ। ਪੁਰਾਣੀਆਂ ਘਟਨਾਵਾਂ ਨੂੰ ਦਿਖਾ ਕੇ ਚਾਰ-ਪੰਜ ਕਿਸ਼ਤਾਂ ਪੂਰੀਆਂ ਕਰ ਲਈਆਂ ਜਾਦੀਆਂ ਹਨ ਅਤੇ ਇਨ੍ਹਾਂ ਚਾਰ-ਪੰਜ ਕਿਸ਼ਤਾਂ ਦੌਰਾਨ ਕੋਈ ਨਵਾਂ ਜੁਗਾੜ ਘੜ ਲਿਆ ਜਾਂਦਾ ਹੈ।

ਇਨ੍ਹਾਂ ਸਭ ਗੱਲਾਂ ਤੋਂ ਤੰਗ ਆ ਕੇ ਦਰਸ਼ਕ ਵੀ ਚਿੱਠੀਆਂ ਪਾ-ਪਾ ਕੇ ਦੁਹਾਈ ਦਿੰਦੇ ਹਨ, ‘ਹੁਣ ਨਾਟਕ ਬੰਦ ਕਰੋ, ਬੱਸ ਕਰੋ’। ਚਿੱਠੀਆਂ ਚੈਨਲਾਂ ਤੇ ਪੜ੍ਹੀਆਂ ਵੀ ਜਾਂਦੀਆਂ ਹਨ। ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਵਗਦਾ ਰਹਿੰਦਾ ਹੈ। ਨਾਟਕ ਦੇ ਪਾਤਰ ਬਦਲ ਜਾਂਦੇ ਹਨ, ਪਰ ਨਾਟਕ ਦੀ ਪੇਸ਼ਕਾਰੀ ਗੀਤ ਵੀਡੀਓ ਵਿਚ ਕੋਈ ਤਬਦੀਲੀ ਨਹੀਂ ਆਉਂਦੀ। ਉਸ ਵਿਚ ਉਂਝ ਹੀ ਪੁਰਾਣਾ ਪਾਤਰ ਆਪਣੀ ਹਾਜ਼ਰੀ ਲਗਵਾਉਂਦਾ ਰਹਿੰਦਾ ਹੈ।

ਦਰਸ਼ਕ ’ਤੇ ਮਨੋਖਰੰਜਨ ਦੇ ਪ੍ਰਭਾਵ ਦੀਆਂ ਨਿਸ਼ਾਨੀਆਂ?

ਘਰੇਲੂ ਹਿੰਸਾ ਭਰਪੂਰ ਨਾਟਕਾਂ ਦਾ ਪ੍ਰਸੰਸਕ ਅਕਸਰ ਨਾਟਕ ਕਹਾਣੀ ਨੂੰ ਪਰਿਵਾਰਕ ਜ਼ਿੰਦਗੀ ਨਾਲ ਜੋੜ ਕੇ ਦੇਖਣਾਂ ਸ਼ੁਰੂ ਕਰ ਦਿੰਦਾ ਹੈ। ਉਸ ਲਈ ਇਹ ਲੜ੍ਹੀਵਾਰ ਨਾਟਕ ਜੀਵਨ ਸੇਧ ਬਣ ਜਾਂਦੇ ਹਨ। ਉਹ ਨਾਟਕ ਕਹਾਣੀ ਬਾਰੇ ਭਵਿੱਖਬਾਣੀਆਂ ਕਰਨਾ ਸ਼ੁਰੂ ਕਰ ਦਿੰਦਾ ਹੈ, ਜਦ ਉਸ ਦੀਆਂ ਭਵਿੱਖਬਾਣੀਆਂ ਸਹੀ ਨਿਕਲਦੀਆਂ ਹਨ ਤਾਂ ਉਸ ਨੂੰ ਬੇਅੰਤ ਖੁਸ਼ੀ ਮਿਲਦੀ ਹੈ। ਨਾਟਕ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਉਹ ਨਾਟਕ ਸੰਬਧੀ ਆਪਣੇ ਆਪ ਨੂੰ ਅਤੇ ਆਲੇ-ਦੁਆਲੇ ਬੈਠੇ ਹੋਰ ਦਰਸ਼ਕਾਂ ਨੂੰ ਸਵਾਲ ਕਰਦਾ ਹੈ।

ਰੋਜ਼ਾਨਾ ਕਲੇਸ਼ ਅਤੇ ਬਦਲਾ-ਭਾਵਨਾ ਭਰਪੂਰ ਨਾਟਕ ਦੇਖ ਕੇ ਸੁਭਾਅ ਵਿਚ ਚਿੜਚਿੜਾਪਨ ਆ ਜਾਂਦਾ ਹੈ। ਸੁਖਾਵੇਂ ਅਤੇ ਹਾਂ-ਪੱਖੀ ਸੋਚ ਵਿਚਾਰ ਸਾਂਝੇ ਕਰਨੇ ਉਸ ਲਈ ਮੁਸ਼ਕਿਲ ਹੋ ਜਾਂਦੇ ਹਨ। ਹਾਸਰਸ ਫ਼ਿਲਮ ਜਾਂ ਨਾਟਕ ਉਸਨੂੰ ਬੇਕਾਰ ਲੱਗਣ ਲੱਗ ਪੈਂਦੇ ਹਨ। ਸਿਵਾਏ ਨਾਟਕਾਂ ਦੀਆਂ ਗੱਲਾਂ ਤੋਂ ਬਿਨਾਂ ਉਸ ਨੂੰ ਕਿਸੇ ਹੋਰ ਗੱਲ ਵਿਚ ਦਿਲਚਸਪੀ ਨਹੀਂ ਰਹਿੰਦੀ। ਪਰਿਵਾਰਕ ਮੈਂਬਰਾਂ ਦੇ ਚੰਗੇਰੇ ਭਵਿੱਖ ਬਾਰੇ ਸੋਚਣ ਦੀ ਬਜਾਏ, ਉਸ ਨੂੰ ਨਾਟਕ ਦੀ ਨਾਇਕਾ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪੈਂਦੀ ਹੈ। ਪਹਿਲਾਂ ਕਲੇਸ਼ ਨਾਟਕ ਦੇਖ ਲੈਣਾ, ਫਿਰ ਆਪ ਪਾਤਰ ਬਣ ਘਰ ਵਿਚ ਕਲੇਸ਼ ਕਰ ਲੈਣਾ ਹੀ ਇਸ ਸਭ ਦਾ ਅੰਤ ਹੁੰਦਾ ਹੈ।

ਨਾਚ-ਗਾਇਕੀ ਮੁਕਾਬਲੇਬਾਜ਼ੀ ਅਤੇ ਰੀਐਲਟੀ ਸ਼ੋਅ

ਜਿਨ੍ਹਾਂ ਨੂੰ ਮਨੋਰੰਜਨ ਅਤੇ ਮਨੋਖਰੰਜਨ ਦਾ ਫ਼ਰਕ ਪਤਾ ਲੱਗ ਗਿਆ ਹੈ ਉਨ੍ਹਾਂ ਦਾ ਝੁਕਾਵ ‘ਨਾਚ-ਗਾਇਕੀ ਮੁਕਾਬਲੇਬਾਜ਼ੀ’ ਅਤੇ ਰੀਐਲਟੀ ਸ਼ੋਅ ਵੱਲ ਹੋ ਗਿਆ। ਪਰ ਅਫਸੋਸ ਦੀ ਗੱਲ ਹੈ ਕਿ ‘ਕਲੇਸ਼ ਕਾਨਸੈਪਟ’ ਨੇ ਇਨ੍ਹਾਂ ਸ਼ੋਆਂ ਨੂੰ ਵੀ ਆਪਣੇ ਘੇਰੇ ਵਿਚ ਲੈ ਲਿਆ ਹੈ। ਸ਼ੋਅ ਨੂੰ ਦਿਲਚਸਪ ਅਤੇ ਜ਼ਜਬਾਤੀ ਬਣਾਉਣ ਲਈ ਜੱਜ (ਹੁਨਰ ਜਾਂਚ ਕਮੇਟੀ) ਇਕ ਦੂਜੇ ਤੇ ਇਲਜ਼ਾਮ ਲਗਾਉਂਦੇ ਅਤੇ ਗੁੱਸੇ ਵਿਚ ਅਵਾ-ਤਵਾ ਬੋਲਦੇ ਦਿਖਾਏ ਜਾਂਦੇ ਹਨ। ਇਸ ਦੌੜ ਵਿਚ ਪ੍ਰਤੀਯੋਗੀ ਵੀ ਪਿੱਛੇ ਨਹੀਂ ਰਹੇ। ਜੇਤੂ ਬਣਨ ਦੀ ਦੌੜ ਵਿਚ ਇਕ ਦੂਜੇ ਨੂੰ ਨੀਵਾਂ ਦਿਖਾਉਣਾਂ, ਗਾਲਾਂ ਕੱਢਣੀਆਂ, ਇਕ-ਦੂਜੇ ਦੇ ਥੱਪੜ ਮਾਰਨੇ ਅਤੇ ਕੁੱਟ-ਮਾਰ ਕਰਨੀ ਰੀਐਲਟੀ ਸ਼ੋਅ ‘ਦਾਦਾਗਰੀ’ ਦੀ ਪੇਸ਼ਕਾਰੀ ਸੀ।

ਹੋਰ ਤਾਂ ਹੋਰ ਹੁਣ ਤਾਂ ਇਨ੍ਹਾਂ ਰੀਐਲਟੀ ਸ਼ੋਆਂ ਵਿਚ ਵੀ ਭੂਤ-ਪ੍ਰੇਤ ਅਤੇ ਪਰਛਾਈਆਂ ਘੁੰਮਦੀਆਂ ਦਿਖਾਈਆਂ ਜਾਣ ਲੱਗ ਪਈਆਂ ਹਨ, ਜੋ ਕਿ ਇਮਰਾਨ ਹਾਸ਼ਮੀ ਦੀ ਫਿਲਮ ‘ਰਾਜ਼ 2’ ਨੂੰ ਸਾਰੇਗਾਮਾਪਾ ਚੈਲਜ਼ 2009 ਵਿਚ ਪੇਸ਼ ਕਰਨ ਲਈ ਕੀਤਾ ਗਿਆ ਸੀ। ਇਸ ਸਭ ਦੇ ਬਾਅਦ ਹੁਣ ਰੀਐਲਟੀ ਸ਼ੌਅ ਦੀ ਰੀਐਲਟੀ ਤੇ ਸਵਾਲੀਆ ਚਿੰਨ ਲੱਗਣਾਂ ਸੁਭਾਵਿਕ ਹੈ।

ਮਨੋਰੰਜਨ ਕਿਵੇਂ ਕਰੀਏ?

ਹੱਸਣ ਦੇ ਜਿੱਥੇ ਬਹੁਤ ਸਾਰੇ ਫ਼ਾਇਦੇ ਹਨ, ਉੱਥੇ ਹੱਸਣਾ ਤੰਦਰੁਸਤੀ ਦੀ ਵੀ ਨਿਸ਼ਾਨੀ ਹੈ। ਇਸ ਕਰਕੇ ਹਾਸਰਸ ਨਾਟਕ, ਸ਼ੋਅ ਅਤੇ ਫ਼ਿਲਮਾਂ ਜ਼ਿਆਦਾ ਤੋਂ ਜ਼ਿਆਦਾ ਦੇਖਣੀਆਂ ਚਾਹੀਦੀਆਂ ਹਨ। ਅਜੋਕੇ ਟੈਲੀਵੀਜ਼ਨ ਦੌਰ ਵਿਚ ਤਾਂ ਸਗੋਂ ਨਿੱਤ ਨਵੇਂ ਹਾਸਰਸ ਸ਼ੋਅ ਸ਼ੁਰੂ ਹੋ ਰਹੇ ਹਨ। ਸੋ, ਨੁਕਸ ਮਨੋਰੰਜਨ ਭੰਡਾਰ ਵਿਚ ਨਹੀਂ, ਸਗੋਂ ਸਹੀ ਮਨੋਰੰਜਨ ਚੋਣ ਕਰਨ ਦੀ ਹੈ।

ਇਸ ਤੋਂ ਇਲਾਵਾ ਜੇਕਰ ਮਕਸਦ ਸਿਰਫ਼ ਸਮਾਂ ਬਿਤਾਉਣਾ ਹੈ ਤਾਂ ਮਿਥਿਹਾਸ ਤੇ ਅਧਾਰਿਤ ਫੰਤਾਸੀ ਨਾਟਕ ਜਿਵੇਂ ‘ਧਰਮਵੀਰ’ ਅਤੇ ‘ਅਲਾਦੀਨ’ ਵਰਗੇ ਨਾਟਕ ਦੇਖ ਲੈਣੇ ਚਾਹੀਦੇ ਹਨ, ਜਿਨ੍ਹਾਂ ਦਾ ਨਾ ਹੀ ਕੋਈ ਫ਼ਾਇਦਾ ਅਤੇ ਨਾ ਹੀ ਕੋਈ ਮਾਨਸਿਕ ਨੁਕਸਾਨ ਹੁੰਦਾ ਹੈ।

ਪਰਿਵਾਰਕ ਅਤੇ ਸਭਿਆਚਾਰਕ ਨਾਟਕ ਕਿਸ ਤਰ੍ਹਾਂ ਦਾ ਹੁੰਦਾ ਹੈ?

ਯੌਰਪ ਵਿਚ ਰਹਿੰਦਿਆਂ ਟੀਵੀ ਚੈਨਲ ਸੀਮਤ ਹੋਣ ਕਰਕੇ ਸਾਡੀ ਨਜ਼ਰ ਵਿਚ ਇਕ ਹੀ ਨਾਟਕ ਆਇਆ ਹੈ ਜਿਸ ਨੂੰ ਅਸੀਂ ਪਰਿਵਾਰਕ ਅਤੇ ਸਭਿਆਚਾਰਕ ਨਾਟਕ ਕਹਾਂਗੇ। ਉਹ ਹੈ ‘ਜਸੂਬੈਨ ਜਯੰਤੀਲਾਲ ਜੋਸ਼ੀ ਕੀ ਜੋਆਇੰਟ ਫੈਮਲੀ’। ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਸੁੰਯਕਤ ਪਰਿਵਾਰ ਵਿਚ ਖੁਸ਼ਹਾਲ ਇੱਕਠਿਆਂ ਰਹਿਣਾ ਜਿੱਥੇ ਇਕ ਸੁਫ਼ਨਾ ਬਣ ਕੇ ਰਹਿ ਗਿਆ ਹੈ, ਉੱਥੇ ਇਹ ਨਾਟਕ ਸੁੰਯਕਤ ਪਰਿਵਾਰ ਦਾ ਜੀਵਨ ਪੇਸ਼ ਕਰਦਾ ਹੈ ਅਤੇ ਸਿੱਧ ਕਰਦਾ ਹੈ ਕਿ ਜੇਕਰ ਘਰ ਦਾ ਪ੍ਰਧਾਨ ਤਜ਼ਰਬੇਕਾਰ ਅਤੇ ਸਮਝਦਾਰ ਹੋਵੇ ਤਾਂ ਸੰਯੁਕਤ ਪਰਿਵਾਰ ਵਿਚ ਰਹਿਣਾ ਕੋਈ ਔਖੀ ਗੱਲ ਨਹੀਂ। ਇਸ ਨਾਟਕ ਵਿਚ ਕੀ ਖ਼ਾਸੀਅਤ ਹੈ? ਇਸ ਬਾਰੇ ਅਸੀਂ ਖੁੱਲ੍ਹ ਕੇ ਗੱਲ ਕਰਨਾ ਚਾਹਾਂਗੇ।

ਨਾਟਕ ਦੀ ਮੁੱਖ ਅਦਾਕਾਰਾ ‘ਜਸੂਬੈਨ’ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਨਾਲ ਬਾਕੀ ਪਰਿਵਾਰਕ ਮੈਂਬਰਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦਿੰਦੀ ਹੈ। ਉਹ ਆਪਣੀ ਸੂਝ-ਬੂਝ ਅਤੇ ਮਜ਼ਾਕੀਆ ਸੁਭਾਅ ਨਾਲ ਸਾਰਿਆਂ ਨੂੰ ਸਹੀ-ਗ਼ਲਤ ਦੀ ਪਹਿਚਾਣ ਕਰਵਾਉਂਦੀ ਹੈ। ਉਨ੍ਹਾਂ ਨੂੰ ਸ਼ਬਦਾਂ ਦੀ ਸਹੀ ਵਰਤੋਂ ਅਤੇ ਸਹੀ ਅਰਥ, ਪਵਿੱਤਰ ਰਿਸ਼ਤਿਆਂ ਦੀ ਪਰਿਭਾਸ਼ਾ ਅਤੇ ਜ਼ਿੰਮੇਵਾਰੀਆਂ ਸਮਝਾਉਂਦੀ ਹੈ। ਰੋਜ਼ਾਨਾ ਪਰਿਵਾਰਕ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ, ਨਾ ਕਿ ਪਰਿਵਾਰ ਪ੍ਰਤੀ ਸਗੋਂ ਸਮਾਜ ਪ੍ਰਤੀ ਵੀ ਚੇਤੰਨ ਰਹਿਣ ਲਈ ਸਾਵਧਾਨ ਕਰਦੀ ਹੈ। ਧਰਮ ਪ੍ਰਚਾਰ ਹੇਠ ਔਖੀ ਘੜੀ ਵਿਚ ਹਿੰਮਤ ਲਈ ਰੱਬ ਕੋਲੋਂ ਅਰਦਾਸ ਕਰਨੀ ਅਤੇ ਚੰਗਿਆਈ ਦੀ ਆਸ ਰੱਖਣ ਲਈ ਕਹਿੰਦੀ ਹੈ। ਮੁਕਦੀ ਗੱਲ ਇਹ ਹੈ ਕਿ ਇਸ ਨਾਟਕ ਨੂੰ ਅਸੀਂ ਪਰਿਵਾਰਕ, ਸਭਿਆਚਾਰਕ, ਧਾਰਮਿਕ ਅਤੇ ਹਾਸਰਸ ਭਰਪੂਰ ਕਹੀਏ ਤਾਂ ਅਤਿਕਥਨੀ ਨਹੀਂ ਹੋਵੇਗੀ। ਸਿੱਖਿਆਵਾਂ ਨਾਲ ਭਰਪੂਰ ਇਹ ਨਾਟਕ ਪੂਰੇ ਪਰਿਵਾਰ ਨਾਲ ਬੈਠ ਕੇ ਦੇਖਣਯੋਗ ਹੈ।

ਅੰਤ

ਕਿਸੇ ਸਮੇਂ ਟੀਵੀ ਅਤੇ ਸਿਨੇਮਾ ਸਮਾਜ ਦੀ ਝਲਕ ਪੇਸ਼ ਕਰਦੇ ਸਨ। ਦੂਜੇ ਸ਼ਬਦਾਂ ਵਿਚ ਟੀਵੀ ਸਕਰੀਨ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਸੀ। ਪਰ ਅੱਜ ਮੁਕਾਬਲੇਬਾਜ਼ੀ ਦੇ ਦੌਰ ਵਿਚ ਨਿਜੀ ਚੈਨਲ ਨੈਤਿਕਤਾ ਨੂੰ ਪਾਸੇ ਅਤੇ ਪੈਸੇ ਨੂੰ ਅੱਗੇ ਰੱਖ ਕੇ ਪ੍ਰੋਗਰਾਮ ਕਾਨਸੈਪਟ ਤਿਆਰ ਕਰਦੇ ਹਨ ਅਤੇ ਅਸੀਂ ਬਹੁਤਾ ਸਮਾਂ ਥੋਕ ਵਿੱਚ ਬਣੇ ਸਭਿਆਚਾਰ ਤੋਂ ਸੱਖਣੇ ਪ੍ਰੋਗਰਾਮ ਵੇਖ ਕੇ ਐਂਵੇ ਟੈਂਸ਼ਨ ਲੈ ਲੈਂਦੇ ਹਾਂ।

ਕਈ ਵਾਰ ਇਨ੍ਹਾਂ ਨਾਟਕਾਂ ਦੀ ਟੈਂਸ਼ਨ ਖ਼ੁਦ ਨਿਜੀ ਚੈਨਲ ਵਾਲਿਆਂ ਨੂੰ ਪੈ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਦਲਤਾਂ ਵਿਚ ਕੇਸ ਚਲਾ ਕੇ ਨਾਟਕ ਬੰਦ ਕਰਵਾਉਣੇ ਪੈਂਦੇ ਹਨ ਜਿਵੇਂ ਕਿ ਲੜ੍ਹੀਵਾਰ ਨਾਟਕ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਨਾਲ ਹੋਇਆ ਸੀ। ਇਕ ਵਾਰ ਤਾਂ ਸੰਸਦ ਵਿਚ ਵੀ ਭਾਜਪਾ ਦੀ ਸ਼੍ਰੀਮਤੀ ਕਰੁਣਾ ਸ਼ੁਕਲਾ ਨੇ ਇਨ੍ਹਾਂ ਨਾਟਕਾਂ ਦੇ ਪ੍ਰਸਾਰਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਅਣਖ਼ੀ ਅਤੇ ਇੱਜ਼ਤਦਾਰ ਪਰਿਵਾਰਾਂ ਨੂੰ ਵੀ ਇਨ੍ਹਾਂ ਇਸ਼ਕ ਗਿਆਨ ਵਧਾਊ ਅਤੇ ਘਰੇਲੂ ਹਿੰਸਾ ਭਰਪੂਰ ਨਾਟਕਾਂ ਤੇ ਘਰ ਵਿਚ ਪਾਬੰਦੀ ਲਾਉਣੀ ਚਾਹੀਦੀ ਹੈ ਤਾਂ ਜੋ ਪਰਿਵਾਰਕ ਮੈਂਬਰ ਕਾਲਪਨਿਕ ਦੁਨਿਆਂ ਵਿਚੋਂ ਨਿਕਲ ਕੇ, ਦੁਨਿਆਂ ਨੂੰ ਆਪਣੀ ਨਜ਼ਰ ਨਾਲ ਦੇਖਣ ਵਿਚ ਸਮਰੱਥ ਹੋ ਸਕਣ।

ਆਮ ਦਰਸ਼ਕ ਵੱਡੇ ਵੱਡੇ ਸੈੱਟ ਅਤੇ ਮਹਿੰਗੀਆਂ ਮਹਿੰਗੀਆਂ ਸਾੜੀਆਂ ਵਿਚ ਅੱਧ ਨੰਗੇ ਹੁਸਨ ਦਾ ਵਿਖਾਵਾ ਨਹੀਂ ਚਾਹੁੰਦੇ, ਉਹ ਅਜਿਹੇ ਕਿਰਦਾਰ ਦੇਖਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਘੁੰਮਦੇ ਨਜ਼ਰ ਆਉਣ ਅਤੇ ਚੰਗੀ ਸੋਚਣ ਸ਼ਕਤੀ ਦੇਣ। ਉਹ ਅਜਿਹੇ ਨਾਟਕ ਦੇਖਣਾ ਚਾਹੁੰਦੇ ਹਨ, ਜੋ ਸਿਖਿਆਦਾਇਕ ਹੋਣ ਅਤੇ ਸਾਡੇ ਸਮਾਜ ਨੂੰ ਪਿਆਰ ਅਤੇ ਨੈਤਿਕਤਾ ਦਾ ਰਾਹ ਦਿਖਾਉਣ ਨਾ ਕਿ ਅਜਿਹੀ ਉਤਸੁਕਤਾ ਕਿ ਸੱਸ ਹੁਣ ਕੀ ਕਰੇਗੀ ਅਤੇ ਨੂੰਹ ਦਾ ਪਲਟਵਾਰ ਕੀ ਹੋਵੇਗਾ?

ਹੱਸਣ ਨਾਲ ਉਮਰ ਵਧਦੀ ਹੈ ਤੇ ਚਿੰਤਾ ਚਿਤਾ ਬਰਾਬਰ ਹੈ, ਹੁਣ ਜੇ ਚਿੰਤਾ ਲੜ੍ਹੀਵਾਰ ਨਾਟਕ ਦੀ ਨਾਇਕਾ ਦੇ ਭਵਿੱਖ ਬਾਰੇ ਹੈ ਤਾਂ ਸੋਚਣਾ ਬਣਦਾ ਹੈ, ਕੀ ਇਹ ਮਨੋਰੰਜਨ ਹੈ ਜਾਂ ਮਨੋਖਰੰਜਨ?

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)