ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਮਨੋਵਿਗਿਆਨੀ
ਮਾਸਟਰ ਮਨਜੀਤ ਸਿੰਘ ਦਿਉਲ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੋਹ ਸਦੀ 7ਵੀਂ (23 ਪੋਹ) ਸੰਮਤ 1723 (22 ਦਸੰਬਰ 1666 ਈ:) ਨੂੰ ਪਟਨਾ ਸਾਹਿਬ (ਸੂਬਾ ਬਿਹਾਰ) ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਬੰਗਾਲ ਦੇਸ਼ ਵਿੱਚ ਸਨ। ਉਨ੍ਹਾਂ ਦੇ ਸ਼ੁਭ ਬਚਨਾਂ ਅਨੁਸਾਰ ਹੀ ਗੁਰੂ ਜੀ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। 30 ਮਾਰਚ 1699 ਈ: ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਬਣੇ। ਬਚਪਨ ਦੇ ਪਹਿਲੇ ਪੰਜ ਸਾਲ ਆਪ ਪਟਨੇ ਵਿੱਚ ਹੀ ਰਹੇ। ਗੁਰੂ ਜੀ ਦੇ ਬਚਪਨ ਦੇ ਸ਼ਾਰਧਾਲੂਆਂ ਵਿੱਚ ਪੰਡਤ ਸ਼ਿਵ ਦੱਤ, ਰਾਜਾ ਫਤਿਹ ਚੰਦ ਮੈਣੀ ਅਤੇ ਉਸ ਦੀ ਰਾਣੀ, ਸੱਯਦ ਪੀਰ ਸ਼ਾਹ ਭੀਖ, ਨਵਾਬ ਰਹੀਮ ਅਤੇ ਕਰੀਮ ਬਖਸ਼ ਦੇ ਨਾਂ ਵਰਨਣਯੋਗ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਜੀ ਦੇ ਜਨਮ ਤੋਂ ਚਾਰ ਸਾਲ ਬਾਦ ਪ੍ਰਵਾਰ ਨੂੰ ਪਹਿਲੀ ਵਾਰ ਮਿਲੇ। ਗੁਰੂ ਤੇਗ ਬਹਾਦਰ ਜੀ ਦੀ ਆਗਿਆ ਅਨੁਸਾਰ ਸਾਰਾ ਪ੍ਰਵਾਰ 1671 ਈ: ਨੂੰ ਪਟਨੇ ਤੋਂ ਪੰਜਾਬ ਵੱਲ ਨੂੰ ਵਿਦਾ ਹੋਇਆ। ਦਾਨਾਪੁਰ, ਬਕਸਰ, ਆਰਾ, ਛੋਟਾ ਮਿਰਜ਼ਾਪੁਰ, ਬਨਾਰਸ, ਪਰਾਗ, ਲਖਨਊ, ਮਥਰਾ, ਥਾਨੇਸਰ ਤੋਂ ਹੁੰਦੇ ਹੋਏ ਅੰਬਾਲੇ ਅਤੇ ਫਿਰ ਕੀਰਤਪੁਰ ਰਾਹੀ ਆਨੰਦਪੁਰ ਪਹੁੰਚੇ।

1675 ਈ: ਨੂੰ ਕਸ਼ਮੀਰੀ ਪੰਡਤਾਂ ਦੀ ਦਰਦਭਰੀ ਫਰਿਆਦ ਸੁਣਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਸੀਸ ਬਲੀਦਾਨ ਕਰਨਾ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 11 ਨੰਵਬਰ 1675 ਈ: ਨੂੰ ਗੁਰਗੱਦੀ ਉੱਤੇ ਬਿਰਾਜਮਾਨ ਹੋਏ। ਆਪ ਜੀ ਦੀਆਂ ਸੁਪਤਨੀਆਂ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਸਨ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਆਪ ਜੀ ਦੇ ਚਾਰ ਸਾਹਿਬਜ਼ਾਦੇ ਸਨ। ਯੁੱਧ ਦ੍ਰਿਸਟੀ ਤੋਂ ਆਪ ਜੀ ਨੇ ਕੇਸਗੜ੍ਹ, ਫਤਿਹਗੜ੍ਹ, ਹੋਲਗੜ੍ਹ, ਅਨੰਦਗੜ੍ਹ ਅਤੇ ਲੋਹਗੜ੍ਹ ਆਦਿ ਕਿਲ੍ਹੇ ਬਣਵਾਏ। ਪਾਉਂਟਾ ਸਾਹਿਬ ਆਪਦੀਆਂ ਸਾਹਿਤਕ ਯੋਜਨਾਵਾਂ ਦਾ ਢੁੱਕਵਾਂ ਅਸਥਾਨ ਸੀ। ਇਸ ਦੇ ਨਾਲ ਹੀ ਅਬਚਲ ਨਗਰ( ਸ੍ਰੀ ਹਜੂਰ ਸਾਹਿਬ) ਜਿੱਥੇ ਆਪ ਜੀ ਜੋਤੀ-ਜੋਤ ਸਮਾਏ ਆਪ ਜੀ ਦਾ ਬਣਵਾਇਆ ਪ੍ਰਸਿੱਧ ਅਸਥਾਨ ਹੈ। 30 ਮਾਰਚ 1699 ਈ: ਨੂੰ ਆਪ ਜੀ ਨੇ ਮਹਾਨ ਖਾਲਸਾ ਪੰਥ ਦੀ ਸਾਜਨਾ ਕੀਤੀ। ਆਪ ਜੀ ਨੇ ਧਰਮ ਦੀ ਸੁੰਤਤਰਤਾ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਆਪਣਾ ਸਾਰਾ ਪ੍ਰੀਵਾਰ ਮਾਤਾ-ਪਿਤਾ ਅਤੇ ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਆਪ 42 ਸਾਲ ਜ਼ੁਲਮ ਵਿਰੁੱਧ ਡੱਟ ਕੇ ਟਾਕਰਾ ਕਰਦੇ ਹੋਏ ਅਕਤੂਬਰ 1708 ਈ: ਨੂੰ ਜੋਤੀ-ਜੋਤ ਸਮਾਂ ਗਏ। ਇਹ ਗੁਰੂ ਜੀ ਦੇ ਮੁੱਢਲੇ ਜੀਵਨ ਦੀ ਕੁੱਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਤੋਂ ਬਾਅਦ 'ਗੁਰੂ ਜੀ ਮਹਾਨ ਮਨੋਵਿਗਿਆਨੀ ਸਨ' - ਇਸ ਬਾਰੇ ਸੰਖੇਪ ਪੱਖ ਇਸ ਤਰ੍ਹਾ ਵਰਨਣ ਕੀਤਾ ਜਾ ਸਕਦਾ ਹੈ।

ਮਨੋਵਿਗਿਆਨੀ ਤੋਂ ਭਾਵ ਮੁੱਨਖੀ ਮਨ ਦੀ ਸਥਿਤੀ- ਦਿਸ਼ਾ ਤੇ ਡੂੰਘਾਈ ਤੱਕ ਜਾਣਕਾਰੀ ਰੱਖਣ ਵਾਲੇ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਕ ਮਨੋਵਿਗਿਆਨੀ ਡਾਕਟਰ ਆਮ ਡਾਕਟਰਾਂ ਨਾਲੋ ਬਿਮਾਰੀ ਦੀ ਜੜ੍ਹ ਨੂੰ ਵਧੇਰੇ ਸਫਲਤਾ ਨਾਲ ਲੱਭਦਾ ਹੈ ਅਤੇ ਉਸ ਦਾ ਕੀਤਾ ਇਲਾਜ ਵੀ ਆਮ ਡਾਕਟਰਾਂ ਨਾਲੋ ਵਧੇਰੇ ਗੁਣਕਾਰੀ ਅਤੇ ਚਿਰ ਸਥਾਈ ਹੁੰਦਾ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਮਨੋਵਿਗਿਆਨੀ ਡਾਕਟਰ ਸਨ। ਉਨ੍ਹਾ ਨੇ ਸਮਾਜ ਦੀ ਬਿਮਾਰੀ ਨੂੰ ਵਧੇਰੇ ਡੂੰਘੀ ਰੀਝ ਨਾਲ ਤੱਕਿਆ। ਇਸ ਬਿਮਾਰੀ ਦੇ ਅਭਿਆਸ ਨੂੰ ਪਰਖ ਕੇ ਅਜਿਹਾ ਇਲਾਜ ਕੀਤਾ ਜਿਹੜਾ ਸਿਰਫ ਸਰੀਰ ਨੂੰ ਅਰੋਗਤਾ ਤੇ ਮਜ਼ਬੂਤ ਹੀ ਨਹੀ ਕਰ ਸਕਿਆ ਸਗੋਂ ਆਤਮਾ ਨੂੰ ਵੀ ਰੋਗ- ਰਹਿਤ, ਸੱਵਛ ਅਤੇ ਸਦਾ ਲਈ ਬਲਵਾਨ ਬਣਾ ਗਿਆ। ਇਸ ਦੀ ਪਰਤੱਖ ਕਰਾਮਾਤ ਜੀਉਂਦੀ ਜਾਗਦੀ ਖਾਲਸਾ ਫੌਜ ਹੈ। ਗੁਰੂ ਜੀ ਨੇ ਆਪਣੇ ਪਿਤਾ ਜੀ ਦੇ ਸਮਕਾਲੀ ਸਮੇਂ ਅਤੇ ਉਸ ਤੋਂ ਪਹਿਲੇ ਸਮੇਂ ਦਾ ਚੰਗੀ ਤਰ੍ਹਾ ਅਧਿਐਨ ਕੀਤਾ। ਆਪ ਨੇ ਉਸ ਵੇਲੇ ਦੇ ਹੁਕਮਰਾਨਾ ਦੀ ਨੀਤੀ ਅਤੇ ਸਿੱਖਾਂ ਦੀ ਦਿਸ਼ਾ ਨੂੰ ਚੰਗੀ ਤਰ੍ਹਾਂ ਘੋਖਿਆ। ਮਨੁੱਖਤਾ ਵਿੱਚ ਕਾਇਰਤਾ, ਡਰਪੋਕਤਾ ਅਤੇ ਖਤਮ ਹੋ ਰਹੀ ਮਾਨਵਵਾਦੀ ਸੋਚ ਨੂੰ ਸੁਰਜੀਤ ਕਰਕੇ ਜੁਲਮ ਦਾ ਟਾਕਰਾ ਕਰਨ ਦੀ ਸ਼ਕਤੀ ਪੈਦਾ ਕਰਨ ਲਈ ਗੁਰੂ ਜੀ ਨੇ ਬਚਪਨ ਵਿੱਚ ਛੋਟੇ ਸਾਥੀਆਂ ਨਾਲ ਟੋਲੇ ਬਣਾ ਕੇ ਲੜਾਈਆਂ ਕਰਨ ਦਾ ਚਾਅ ਪੈਦਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਮੇਂ ਦੇ ਲੰਘਦੇ ਹੁਕਮਰਾਨਾਂ ਨੂੰ ਸਧਾਰਨ ਢੰਗ ਨਾਲ ਦੰਦੀਆਂ ਚਿੜਾ ਕੇ ਹੱਸਣਾ, ਆਉਣ ਵਾਲੇ ਸਮੇਂ ਦੀ ਬੀਰਤਾ ਭਰੀ ਸੋਚ ਦਾ ਪ੍ਰਤੀਕ ਸੀ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖਿੜੇ ਮੱਥੇ ਸ਼ਹੀਦੀ ਦੇਣ ਲਈ ਕਹਿਣਾ ਉਹਨਾ ਦੇ ਸਿੱਖਾਂ ਲਈ ਇੱਕ ਬਹੁਤ ਵੱਡਾ ਅਹਿਸਾਸ ਸੀ। ਇਸ ਸ਼ਹੀਦੀ ਦਾ ਪ੍ਰਭਾਵ ਏਨਾ ਹੋਇਆ ਕਿ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਾਵਾਂ-ਬੱਚਿਆਂ ਤੇ ਪਿਤਾ ਦੀਆਂ ਮਿਲਦੀਆਂ ਹਨ ਜਿੰਨਾ ਨੇ ਹੱਸ ਕੇ ਮੌਤ ਨੂੰ ਕਬੂਲਿਆ। ਇਸ ਦੇ ਨਾਲ ਹੀ ਸਿੰਘਾਂ ਦਾ ਅਜੋਕਾ ਬਾਣਾ ਵੀ ਇੱਕ ਮਹਾਨ ਮਨੋਵਿਗਿਆਨੀ ਦੀ ਰੱਬੀ ਆਤਮਾ ਦਾ ਹੀ ਕਰਿਸ਼ਮਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਤੇ ਔਰੰਗਜੇਬ ਦੇ ਤਾਨਾਸ਼ਾਹੀ ਕੱਟੜਪੁਣੇ ਦਾ ਟਾਕਰਾ ਕਰਨ ਲਈ ਗੁਰੂ ਜੀ ਨੇ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਕਿ ਹੁਣ ਸਿੱਖਾਂ ਨੂੰ ਖਾਸ ਕਿਸਮ ਦੀ ਵਰਦੀ ਪਹਿਨਾ ਕੇ ਸਿੰਘ ਸਿਪਾਹੀਆਂ ਦੀ ਫੌਜ ਤਿਆਰ ਕੀਤੇ ਬਿਨ੍ਹਾਂ ਗੁਜਾਰਾ ਨਹੀ ਹੋ ਸਕਦਾ। ਇਸ ਮਨੋਰਥ ਨੂੰ ਲੈ ਕੇ ਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਸਰਬਲੋਹ ਦੇ ਬਾਟੇ ਵਿੱਚ ਤਾਜਾ ਸੱਵਛ ਜਲ ਪਾ ਕੇ ਲੋਹੇ ਦਾ ਖੰਡਾ ਫੇਰਿਆ ਗਿਆ। ਇਸ ਦੇ ਨਾਲ ਹੀ ਉਚੇਚੀ ਤੇ ਸੱਵਛ ਸੁਰਤੀ ਰੱਖਣ ਲਈ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ। ਇਹਨਾਂ ਬਾਣੀਆਂ ਦਾ ਮਨੋਵਿਗਿਆਨਕ ਮਨੋਰਥ ਹੈ। ਜੁਪਜੀ ਗੁਰਮਤ ਦੇ ਸਿਧਾਂਤ ਤੇ ਜੀਵਨ ਨੂੰ ਸਫਲਤਾ ਸਹਿਤ ਗੁਜਾਰਨ ਦਾ ਮਾਰਗ ਦੱਸਦੀ ਹੈ। ਜਾਪੁ ਸਾਹਿਬ ਗੁਰਸਿੱਖੀ ਨੂੰ ਨਿਰੰਕਾਰ ਦੇ ਲੱਛਣਾ ਦੇ ਬਾਰ ਬਾਰ ਦੁਹਰਾਉ ਨਾਲ ਉਚੇਚੇ ਗੁਣਾਂ ਨੂੰ ਆਪਣੇ ਵਿੱਚ ਪਰਵੇਸ਼ ਕਰਨ ਲਈ ਜਾਗਰਤ ਕਰਦਾ ਹੈ। ਸਵੱਯੇ ਭੇਖਾਂ ਭਰਮਾਂ ਤੋਂ ਦੂਰ ਹੋ ਕੇ ਹੰਕਾਰ ਆਦਿ ਰੋਗਾਂ ਤੋਂ ਰਹਿਤ ਹੋ ਕੇ ਪਰਮਾਤਮਾ ਨਾਲ ਇਕਮਿੱਕ ਹੋਣ ਦੀ ਪਰੇਰਨਾ ਕਰਦੇ ਹਨ। ਚੌਪਈ ਬਾਣੀ ਵਿੱਚ ਨਿਰੰਕਾਰ ਨੂੰ ‘ਖੜਕ’ ਰੂਪ ਵਿੱਚ ਵੇਖਕੇ ਉਸ ਤੋਂ ਆਪਣੇ ਧਰਮ ਅਰਥਾਤ ਫ਼ਰਜ਼ ਨੂੰ ਨਿਭਾਉਣ ਦੀ ਯਾਚਨਾ ਕੀਤੀ ਗਈ ਹੈ ਅਤੇ ਫਿਰ ਇਸ ਮਾਨਸਿਕ ਸ਼ਕਤੀ ਨਾਲ ਚਿਤ ‘ਅਨੰਦ’ ਪੈਦਾ ਹੋ ਜਾਂਦਾ ਹੈ। ਰੋਜ਼ਾਨਾ ਗੁਰਸਿੱਖ ਇਹਨਾਂ ਬਾਣੀਆਂ ਦਾ ਅਧਿਅਨ ਕਰਕੇ ਸੰਤ ਸਿਪਾਹੀ ਦੇ ਫਰਜ਼ ਨੂੰ ਯਾਦ ਕਰਦਾ ਹੈ। ਇਹਨਾ ਬਾਣੀਆਂ ਦੇ ਜਾਪ ਕਰਨ ਨਾਲ ਹੀ ਗੁਰਸਿੱਖ ਧਰਮ-ਯੁੱਧ ਲਈ ਦ੍ਰਿੜ ਹੋ ਕੇ ਜੁੱਟਦਾ ਹੈ। ਇਸ ਤਰ੍ਹਾਂ ਗੁਰੂ ਜੀ ਦੇ ਤਿਆਰ ਕੀਤੇ ਅੰਮ੍ਰਿਤ ਵਿੱਚ ਮਾਤਾ ਸਾਹਿਬ ਕੌਰ ਵੱਲੋਂ ਪਾਏ ਪਤਾਸੇ ਸਿੱਖਾਂ ਦੀ ਆਤਮਾ ਵਿੱਚ ਮਿਠਾਸ ਦੇ ਗੁਣਾਂ ਦੇ ਸੂਚਕ ਹਨ। ਗੁਰੂ ਜੀ ਨੇ ਪੰਜ ਵੱਖੋ-ਵੱਖਰੇ ਪ੍ਰਾਂਤਾਂ ਦੇ ਰਹਿਣ ਵਾਲੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕਾ ਕੇ ਜਾਤ-ਪਾਤ ਦੇ ਭੇਦ ਵੀ ਦੂਰ ਕਰ ਦਿੱਤੇ। ਦਇਆ ਰਾਮ ਖੱਤਰੀ, ਧਰਮਦਾਸ ਜੱਟ, ਹਿੰਮਤ ਰਾਏ ਰਸੌਈਆ, ਮੁਹਕਮ ਚੰਦ ਛੀਬਾਂ ਅਤੇ ਸਾਹਿਬ ਚੰਦ ਨਾਈ ਸੀ। ਪੰਜਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛੱਕਾ ਕੇ ਗੁਰ ਸਿੱਖ ਭਾਈ ਭਾਈ ਬਣਾ ਦਿੱਤੇ। ਖਾਣ-ਪੀਣ ਪਹਿਨਣ ਅਤੇ ਵਰਤਨ ਵਿੱਚ ਸਾਂਝ ਪੈਦਾ ਕਰਕੇ ਪੰਜਾਂ ਨੂੰ ਸਿੰਘ (ਸ਼ੇਰ) ਬਣਾ ਦਿੱਤਾ। "ਏਕ ਪਿਤਾ ਏਕਸ ਕੇ ਹਮ ਬਾਰਿਕ" ਦੀ ਅਮਰ ਮਿਸ਼ਾਲ ਪੈਦਾ ਕਰਕੇ ਗੁਰੂ ਅਤੇ ਚੇਲੇ ਦਾ ਫਰਕ ਮਿਟਾ ਕੇ ਪੰਚ-ਪਰਵਾਨ (ਪੰਚਾਇਤ) ਨੂੰ ਮਹਾਨਤਾ ਦਿੱਤੀ। ਇਸ ਦੇ ਨਾਲ ਹੀ ਮਹਾਨ ਮਨੋਵਿਗਿਆਨੀ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਨਾਵਾਂ ਦੀ ਤਰਤੀਬ ਦੀ ਵੀ ਮਹਾਨ ਵਿਸ਼ੇਸ਼ਤਾ ਵੀ ਮਨੋਵਿਗਿਆਨਕ ਪੱਖ ਦੀ ਸੂਚਕ ਹੈ। ਇਹ ਪੰਜ ਨਾਵ ਪੰਜ ਗੁਣਾ ਦੇ ਸੂਚਕ ਹਨ। ਇਸ ਤੋਂ ਬਿਨ੍ਹਾ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ "ਸਿੰਘ" ਅਤੇ "ਕੌਰ" ਦੇ ਮਹਾਨ ਫਲਸਫੇ ਦੇ ਨਾਲ ਹਰੇਕ ਸਿੱਖ ਨੂੰ ਆਪਣੇ ਨਾਲ ‘ਸਰਦਾਰ’ ਸ਼ਬਦ ਦੀ ਸ਼ੁਰੂਆਤ ਕੀਤੀ। ਇਹ ਬੱਚੇ ਨੂੰ ਜਨਮ ਤੋਂ ਹੀ ਪਦਵੀ ਪ੍ਰਾਪਤ ਹੈ। ਮਨੋਵਿਗਿਆਨੀ ਗੁਰੂ ਜੀ ਨੇ ਆਪਣੇ ਸਿੱਖਾਂ ਅੰਦਰ ਆਗੂ ਜਾਂ ਜੱਥੇਦਾਰ ਬਣਕੇ ਹੰਕਾਰ ਤੋਂ ਰਹਿਤ ਰਹਿਣ ਲਈ ਆਪ ਪੰਜਾਂ ਤੋਂ ਅੰਮ੍ਰਿਤ ਛੱਕਕੇ ਆਪਣੇ ਸਿੱਖਾਂ ਨੂੰ ਮਹਾਨਤਾ ਦੇਂਦਿਆਂ ਆਖਿਆ:

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ॥
ਨਾ ਹੀ ਮੋਸੋ ਗਰੀਬ ਕਰੋਰ ਪਰੇ ਹੈਂ॥

ਅੰਮ੍ਰਿਤ ਪ੍ਰਚਾਰ ਦੇ ਨਾਲ ਮਹਾਨ ਮਨੋਵਿਗਿਆਨੀ ਗੁਰੂ ਜੀ ਨੇ ਪੰਜ ਕਕਾਰ ਰੱਖਣਾ ਜਰੁਰੀ ਕਰਾਰ ਦਿੱਤਾ। ਕੇਸ, ਕੜਾ, ਕੰਘਾ, ਕ੍ਰਿਪਾਨ ਤੇ ਕਛਹਿਰਾ ਪੰਜ ਕਕਾਰ ਹਨ। ਇਹ ਕਕਾਰ ਸਿੰਘ ਦੀ ਨਿਆਰਤਾ, ਸਰੇਸ਼ਟਤਾ ਅਤੇ ਸਵੈਮਾਨ ਨੂੰ ਕਾਇਮ ਰੱਖਦੇ ਹਨ।

ਜਬ ਲਗ ਖਾਲਸਾ ਰਹੇ ਨਿਆਰਾ ॥
ਤਬ ਲਗ ਤੇਜ ਦੀਉ ਮੈ ਸਾਰਾ ॥

"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”, "ਸਤਿ ਸ੍ਰੀ ਅਕਾਲ", "ਦੇਗ ਤੇਗ ਫਤਿਹ" ਅਤੇ "ਚੜ੍ਹਦੀ ਕਲਾ" ਆਦਿ ਬੋਲ ਵੀ ਉਚੇਰੇ ਜੀਵਨ ਅਤੇ ਦੈਵੀ ਆਚਰਨ ਦਾ ਅਹਿਸਾਸ ਕਰਾਉਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੂਲ ਰੂਪ ਵਿੱਚ ਸਰਬ ਸਾਂਝੇ ਮਨੁੱਖ ਭਾਈਚਾਰੇ ਦੇ ਸਜਿੰਦ ਸੰਕਲਪ ਦੇ ਅਲੰਬਦਾਰ ਸਨ। ਗੁਰੂ ਜੀ ਵਲੋਂ ਚਲਾਈ ਲਹਿਰ ਕਿਸੇ ਵਿਆਕਤੀ ਧਰਮ ਜਾਂ ਕਿਸੇ ਰਾਜ ਵਿਰੁੱਧ ਨਹੀਂ ਸੀ। ਇਹ ਲਹਿਰ ਸੱਚ, ਧਰਮ ,ਅਣਖ ਅਤੇ ਅਜ਼ਾਦੀ ਲਈ ਸਿਰਲੱਥ ਯੋਧਿਆਂ ਦੀ ਜੱਥੇਬੰਦ ਲਹਿਰ ਸੀ। ਇਸ ਲਹਿਰ ਵਿਚ ਸੱਚ ਦੇ ਹਾਮੀ ਹਿੰਦੂਆਂ ਅਤੇ ਹੱਕ ਪ੍ਰਸਤ ਮੁਸਲਮਾਨਾਂ ਨੇ ਆਪਣਾ ਯੋਗਦਾਨ ਪਾਇਆ।

ਅੰਤ ਵਿੱਚ ਸੁਮੱਚੇ ਪਾਠਕਾਂ ਅਤੇ ਸਮੂੰਹ ਸਿੱਖ ਜਗਤ ਨੂੰ ਨਵੇਂ ਸਾਲ ਅਤੇ ਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਾਨੂੰ ਗੁਰੂ ਜੀ ਦੇ ਪਾਏ ਪੂਰਨਿਆਂ ਅਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਗ੍ਰਹਿਨ ਕਰਨਾ ਚਾਹੀਦਾ, ਆਪਣੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨਾ ਚਾਹੀਦਾ ਹੈ।

“ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਆਗਿਆ ਪੰਚਾ ਕੀ ਤੇ ਭਲਾ ਸਰਬੱਤ ਕਾ”॥

ਸਾਰੇ ਪਾਠਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ।

ਮਾਸਟਰ ਮਨਜੀਤ ਸਿੰਘ ਦਿਉਲ ( ਪਿੰਡ ਡਾਂਗੋਂ )
ਵੇਨਕੁਵਰ-ਸਰੀ.ਬੀ.ਸੀ
ਐਮ:ਏ: ਬੀ:ਐਡ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)