ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਪ੍ਰਗਟ ਭਏ ਗੁਰੁ ਤੇਗ਼ ਬਹਾਦਰ।  ਸਗਲ ਸ੍ਰਿਸਟਿ ਪੈ ਢਾਪੀ ਚਾਦਰ॥
ਮਨਜੀਤ ਸਿੰਘ ਕਲਕੱਤਾ *

ਵਿਸ਼ਵ ਦੇ ਇਤਿਹਾਸ ਵਿੱਚ ਉਨ੍ਹਾਂ ਮਹਾਨ ਵਿਅੱਕਤੀਆਂ ਦਾ ਜਿਕਰ ਮਨੁੱਖੀ ਸਮਾਜ ਨੂੰ ਹਮੇਸ਼ਾ ਪ੍ਰਭਾਵਤ ਕਰਦਾ ਪ੍ਰੇਰਨਾ ਦਾ ਸਰੋਤ ਰਿਹਾ ਹੈ ਜਿਹੜੇ ਆਪਣੇ ਵਿਸ਼ਵਾਸ, ਅਕੀਦੇ, ਇਬਾਦਤ ਅਤੇ ਆਸਥਾ ਲਈ ਸ਼ਹਾਦਤ ਪ੍ਰਾਪਤ ਕਰ ਗਏ। ਇਤਿਹਾਸ ਦੀਆਂ ਇਨ੍ਹਾਂ ਮਹਾਨ ਸ਼ਹਾਦਤਾਂ ਦੇ ਅਮਲ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ, ਅਦੁਤੀ ਅਤੇ ਲਾ-ਮਿਸਾਲ ਹੈ। ਇਸ ਸ਼ਹੀਦੀ ਸਾਕੇ ਦਾ ਸਰੂਪ, ਸਿਧਾਂਤ, ਰੂਪ, ਰੱਸ ਤੇ ਰੰਗ ਅਲੌਕਿਕ ਅਤੇ ਬੇਮਿਸਾਲ ਹੈ।

ਸ਼ਹਾਦਤ ਤਾਂ ਨੌਵੇਂ ਪਾਤਸ਼ਾਹ ਦੇ ਜੀਵਨ ਨਾਟਕ ਦਾ ਅੰਤਿਮ ਸੀਨ ਹੈ ਪਰ ਉਨ੍ਹਾਂ ਦਾ ਸਮੁੱਚਾ ਜੀਵਨ ਤਪ, ਤਿਆਗ, ਸੇਵਾ ਤੇ ਕੁਰਬਾਨੀ ਨਾਲ ਸਰਸ਼ਾਰ ਹੈ। ਗੁਰੂ ਪਾਤਸ਼ਾਹ ਵਲੋਂ ਉਚਾਰੀ ਰੱਬੀ ਬਾਣੀ (59 ਸ਼ਬਦ ਤੇ 57 ਸਲੋਕ) ਮਨੁੱਖੀ-ਜੀਵਨ ਪ੍ਰਤੀ ਉਨ੍ਹਾਂ ਦੇ ਸਿਧਾਂਤ ਤੇ ਆਦਰਸ਼ ਨੂੰ ਰੂਪਮਾਨ ਕਰਦੇ ਹਨ। ਨੌਵੇਂ ਸਤਿਗੁਰ ਦੀ ਬਾਣੀ ਅਤੇ ਤੱਪ ਤਿਆਗ ਦੀ ਪੁੰਜ ਉਨ੍ਹਾਂ ਦੀ ਸਖ਼ਸ਼ੀਅਤ ਵਿੱਚ ਵੈਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵੈਰਾਗ ਇਤਿਹਾਸ ਵਿੱਚ ਵਖਿਆਤ ਵੈਰਾਗ ਦੀਆਂ ਹੋਰ ਮਿਸਾਲਾਂ ਤੋਂ ਮੂਲੋਂ ਹੀ ਵੱਖਰਾ ਹੈ ਜੋ ਬੁਢਾਪੇ, ਬਿਮਾਰੀ ਤੇ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਜ਼ਦੀਕੀ ਸਨਬੰਧੀ, ਰਿਸ਼ਤੇਦਾਰ ਜਾਂ ਮਿੱਤਰ ਦੀ ਬੇਵਫਾਈ ਤੋਂ ਪੈਦਾ ਹੋਈ ਕਿਸੇ ਨਿਰਾਸ਼ਤਾ ਤੋਂ ਉਤਪੰਨ ਹੋਇਆ ਵੈਰਾਗ ਨਹੀਂ। ਗੁਰੂ ਪਾਤਸ਼ਾਹ ਨੇ ਤਾਂ ਆਪਣੇ ਸ਼ਬਦਾਂ ਤੇ ਸਲੋਕਾਂ ਦੁਆਰਾ ‘ਬਾਲ ਜੁਆਨੀ ਅਰੁ ਬਿਰਧਿ ਫੁਨਿ’ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਦੇ ਥਿਰ ਨਾ ਰਹਿਣ ਦਾ, ‘ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ’ ਦਾ ‘ਜਗਤ ਮੈ ਝੂਠੀ ਦੇਖੀ ਪ੍ਰੀਤਿ’ ਦਾ ਪਦਾਰਥਾਂ ਦੀ ਵਿਅਰਥਤਾ ਅਤੇ ਸੰਸਾਰ ਦੀ ਛਿਨ ਭੰਗਰਤਾ, ਨਾਸ਼ਮਾਨਤਾ ਦਾ ਦ੍ਰਿੜ੍ਹ ਨਿਸ਼ਚਾ ਕਰਵਾ ਮਨੁੱਖੀ ਮੰਨ ਤੋਂ ਮੌਤ ਦਾ ਡਰ ਦੂਰ ਕਰ ਇਨਸਾਨ ਨੂੰ ਨਿਰਭਉ, ਨਿਡਰ ਹੋ ਜਾਣ ਦੀ ਜੀਵਨ-ਜਾਚ ਦੱਸੀ ਹੈ। ਸੰਸਾਰ, ਪਦਾਰਥ ਤੇ ਮਨੁੱਖ ਦੀ ਅਟੱਲ ਹੋਣੀ ਦੀ ਇਸ ਵਿਆਖਿਆ ਵਿੱਚ ਨਿਰਾਸ਼ਾ ਦਾ ਸੁਰ ਨਹੀਂ ਬਲਕਿ ਆਪ ਨੇ ਆਸ਼ਾ, ਵਿਸ਼ਵਾਸ ਤੇ ਸ਼ਕਤੀ ਦਾ ਸੰਚਾਰ ਕੀਤਾ। ਸਤਿਗੁਰ ਦਾ ਵੈਰਾਗ ਮਾਇਆ, ਮਮਤਾ ਮੋਹਣੀ ਦੀ ਪਕੜ ਢਿੱਲੀ ਕਰਨ ਵਾਲਾ ਹੈ, ਜੀਵਨ ਤੇ ਸਮਾਜ ਪ੍ਰਤੀ ਉਦਾਸੀਨਤਾ ਅਤੇ ਬੇਰੁਖੀ ਦਾ ਨਹੀਂ।

ਬਾਬਾ ਬਕਾਲਾ ਨਿਵਾਸ ਦੇ ਤਕਰੀਬਨ 26 ਵਰ੍ਹੇ ਗੁਰੂ ਪਾਤਸ਼ਾਹ ਨੇ ਅੰਤਰਮੁਖੀ ਵਿਚਾਰ, ਸ਼ਬਦ ਸੁਰਤ ਸਾਧਨਾ, ਸਿਮਰਨ, ਨਾਮ ਅਭਿਆਸ ਦੀ ਕਮਾਈ ਵਿੱਚ ਗੁਜ਼ਾਰੇ। ਇਸ ਸਮੇਂ ਦੌਰਾਨ ਪਰਵਾਰ ਉਨ੍ਹਾਂ ਦੇ ਨਾਲ ਰਿਹਾ। ਆਪ ਨੇ ਸੰਸਾਰ ਨਹੀਂ ਤਜਿਆ, ਮਾਇਆ ਮੋਹ ਤਿਆਗੀ। ਗ੍ਰਿਹਸਥ ਦੀਆਂ ਜਿੰਮੇਵਾਰੀਆਂ ਨਿਭਾਈਆਂ। ਰਾਖ ਦੀ ਵਿਭੂਤ ਨਹੀ, ਨਾਮ ਦੀ ਵਿਭੂਤ ਲਗਾਈ। ਉਨ੍ਹਾਂ ਨਾਮ ਸਿਮਰਨ ਦੀ ਅਟੰਕ ਸਮਾਧੀ ਲਗਾਈ। ਗੁਰਿਆਈ ਦੀ ਗੱਦੀ ‘ਵਡ ਜੋਧਾ ਬਹੁ ਪਰਉਪਕਾਰੀ’ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ (ਗੁਰੂ) ਹਰਿ ਰਾਇ ਜੀ ਨੂੰ ਬਖਸ਼ੀ। ਉਪ੍ਰੰਤ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਤਾ ਦੀ ਜਿੰਮੇਂਵਾਰੀ ਨਿਭਾਈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕਦੇ ਰੋਸ ਨਹੀਂ ਜਤਾਇਆ, ਕਦੀ ਗੁਰਤਾ ਗਦੀ ਦੀ ਲਾਲਸਾ ਨਹੀਂ ਦਿਖਾਈ। ਪਿਤਾ ਗੁਰੂ ਦੇ ਹੁਕਮ ਵਿੱਚ ਨਾਨਕੇ ਪਿੰਡ ਬਾਬਾ ਬਕਾਲਾ ਨਿਵਾਸ ਕੀਤਾ ਅਤੇ ਇਹ ਸਮਾਂ, ਆਉਣ ਵਾਲੇ ਬਿਖਮ ਹਾਲਾਤ ਦਾ ਮੁਕਾਬਲਾ ਕਰਨ ਲਈ, ਆਤਮਿਕ ਸ਼ਕਤੀ ਗ੍ਰਹਿਣ ਕਰਨ ਵਿੱਚ ਲਾਇਆ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਨਿਵਾਸ (ਜਿਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਹੈ) ਦੌਰਾਨ ਬਾਦਸ਼ਾਹ ਔਰੰਗਜੇਬ ਨਾਲ ਨਾ-ਮਿਵਰਤਨ ਕਰਦਿਆਂ ਹੋਇਆਂ ਦਰਸ਼ਨ ਦੇਣ ਅਤੇ ਕਰਨ ਤੋਂ ਇਨਕਾਰ ਕਰਕੇ ਪ੍ਰਾਣ ਤਿਆਗਣ ਤੋਂ ਪਹਿਲਾਂ ‘ਹੋਰਿਂਓ ਗੰਗ’ ਵਹਾਉਂਦਿਆਂ ਹੋਇਆ ਸੰਸਾਰਿਕ ਰੀਤ ਤੋਂ ਉਲਟ ਗੁਰ-ਗੱਦੀ ਰਿਸ਼ਤੇ ਅਨੁਸਾਰ ਆਪਣੇ ਦਾਦਾ ਜੀ ਨੂੰ ਬਖਸ਼ੀ ਅਤੇ ਗੁਰਤਾ ਦੇ ਨਿਸ਼ਾਨ ਲੈ ਕੇ ਦੀਵਾਨ ਦਰਗਹ ਮੱਲ ਦਿੱਲੀ ਤੋਂ ਪੁੱਜਿਆ ਤਾਂ ਇਸ ਐਲਾਨ ਦੀ ਭਿਣਕ ਪਹਿਲਾਂ ਹੀ ਮਿਲਣ ’ਤੇ ਦੂਰ ਨੇੜੇ ਦੇ ਰਿਸ਼ਤੇਦਾਰ ਸੋਢੀ 22 ਮੰਜੀਆਂ ਡਾਹ ਕੇ ਗੁਰਤਾ ਦੇ ਨਕਲੀ ਦਾਅਵੇਦਾਰ ਬਣ ਬੈਠੇ ਸੀ ਪਰ ਤਿਆਗ ਦੀ ਮੂਰਤ ਗੁਰੂ ਤੇਗ਼ ਬਹਾਦਰ ਜੀ ਨੇ ਗੁਰਤਾ ਦਾ ਦਾਅਵਾ ਪ੍ਰਗਟ ਕਰਨ ਤੋਂ ਸਪਸ਼ਟ ਇਨਕਾਰ ਕਰ, ਕਿਸੇ ਕਿਸਮ ਦੇ ਲਾਲਚ, ਲਾਲਸਾ ਅਤੇ ਪਕੜ ਤੋਂ ਉਚੇਰਾ ਆਚਰਨ ਪ੍ਰਗਟਾਇਆ। ਜਦ ਭਾਈ ਮੱਖਣ ਸ਼ਾਹ ਵਣਜਾਰਾ ਨੇ ਸਾਰੇ ਨਕਲੀ ਦਾਅਵੇਦਾਰਾਂ ਨੂੰ ਦੋ-ਦੋ ਮੁਹਰਾਂ ਦੇ ਲਾਲਚ ਵਿੱਚ ਫਸੇ, ਦੂਸਰਿਆਂ ਦੀ ਨਿੰਦ-ਬਖ਼ੀਲੀ ਕਰਦਿਆਂ ਤੱਕਿਆਂ ਅਤੇ ਗੁਰੂ ਤੇਗ ਬਹਾਦਰ ਜੀ ਦੀ ਅੰਤਰਯਾਤਮਾ ਤੋਂ ਗੁਰਤਾ ਪ੍ਰਤੱਖ ਦਿਸ ਆਈ ਤਾਂ ‘ਗੁਰੂ ਲਾਧੋ ਰੇ’ ਦਾ ਨਾਅਰਾ ਬੁਲੰਦ ਕਰ ਗੁਰਤਾ ਦਾ ਸੱਚ ਪ੍ਰਗਟ ਕਰ ਦਿੱਤਾ। ਗੁੱਸੇ ਵਿੱਚ ਆਏ ਧੀਰਮੱਲ ਦੀ ਸਾਜ਼ਿਸ਼ ਅਨੁਸਾਰ ਸ਼ੀਹੇਂ ਮਸੰਦ ਨੇ ਹਮਲਾ ਕਰ ਜਦ ਗੋਲੀ ਚਲਈ, ਜਦੋਂ ਧੀਰਮੱਲ ਨੇ ਲੁਟਮਾਰ ਕੀਤੀ ਤਾਂ ਵੀ ਗੁਰੂ ਪਾਤਸ਼ਾਹ ਦੀ ਅਡੋਲਤਾ, ਉਨ੍ਹਾਂ ਦੀ ਸੂਚਕ ਸੀ। ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਆਇਆਂ ਤੋਂ ਮਸੰਦਾ ਨੇ ਜਦ ਦਰਵਾਜ਼ੇ ਬੰਦ ਕਰ ਦਿਤੇ ਤਾਂ ਵੀ ਬਾਹਰ ‘ਕੋਠਾ ਸਾਹਿਬ’ ਬੈਠ ਕੇ ਬਿਨਾਂ ਕਬਜ਼ਾ ਜਾਂ ਪਕੜ ਦਿਖਾਏ ਵਾਪਸ ਆ ਗਏ। ‘ਧਨੁ ਦਾਰਾ ਸੰਪਤਿ ਸਗਲ’ ਪ੍ਰਤੀ ਉਨ੍ਹਾਂ ਦੀ ਉਦਾਸੀਨਤਾ ਅਤੇ ਤਿਆਗ ਸਪਸ਼ਟ ਦਿਸ ਆਉਂਦਾ ਹੈ ਪਰ ਉਨ੍ਹਾਂ ਦੇ ਤਿਆਗ ਅਤੇ ਵੈਰਾਗ ਦੀ ਵਿਲੱਖਣਤਾ ਸਿਖਰ ਤੇ ਉਦੋਂ ਪ੍ਰਗਟ ਹੁੰਦੀ ਹੈ ਜਦ ਉਹ ਸੱਚ ਦੇ ਪ੍ਰਕਾਸ਼ ਲਈ, ਜੁਲਮ ਦੀ ਚੱਕੀ ਵਿੱਚ ਪਿਸ ਰਹੀ ਪਰਜਾ ਵਿੱਚ ਆਤਮਕ ਬਲ, ਸਵੈ ਵਿਸ਼ਵਾਸ ਦਾ ਸੰਚਾਰ ਕਰਨ ਲਈ ਅਤੇ ਦੇਸ਼ ਵਿੱਚ ਦੂਰ-ਦੂਰ ਤਕ ਫੈਲੀਆਂ ਗੁਰਸਿੱਖ ਸੰਗਤਾਂ ਦੀ ਮੁੜ ਸੰਭਾਲ ਕਰਦਿਆਂ ਹੋਇਆਂ ਨਾਮ ਬਾਣੀ ਦੀ ਦੌਲਤ ਵੰਡਦਿਆਂ, ਆਉਣ ਵਾਲੇ ਬਿਖਮ ਸਮਿਆਂ ਦੇ ਚੈਲੰਜ ਲਈ ਸੰਗਤਾਂ ਦੀ ਜਥੇਬੰਦਕ ਸ਼ਕਤੀ ਮਜ਼ਬੂਤ ਕਰਨ ਦੇ ਮਨੋਰਥ ਨਾਲ ਪ੍ਰਚਾਰ ਦੌਰੇ ਤੇ ਨਿਕਲੇ। ਬਾਬੇ ਬਕਾਲੇ ਦੀ ਇਕਾਂਤ ਸਮਾਧੀ ਵਿਚੋਂ ਨਿਕਲ ਸ਼ਬਦ ਉਚਾਰਿਆ:

ਅਬ ਮੈ ਕਉਨ ਉਪਾਉ ਕਰਉ॥
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥(685)

ਗੁਰਮਤਿ ਸਿਧਾਂਤ ਸਪਸ਼ਟ ਹੋ ਗਿਆ ਕਿ ਆਤਮਕ ਬਲ ਲਈ ਨਾਮ ਸਿਮਰਨ ਆਵਸ਼ਕ ਹੈ ਪਰ ਆਤਮਕ ਸ਼ਕਤੀ ਦਾ ਪ੍ਰਯੋਗ ਆਪਣੀ ਹਉਮੈ ਦੇ ਪ੍ਰਗਟਾਵੇ ਲਈ, ਰਿੱਧਾਂ ਸਿੱਧਾਂ ਦੀ ਤਾਕਤ ਦਿਖਾਉਣ ਲਈ ਨਹੀਂ ਬਲਕਿ ਮਨੁੱਖੀ ਸਮਾਜ ਦੀ ਸੇਵ ਕਮਾਈ ਲਈ ਹੈ। ਲੋਕਾਂ ਵਿਚ ਆਤਮਕ ਬਲ ਦੇ ਸੰਚਾਰ ਲਈ ਗੁਰੂ ਪਾਤਸ਼ਾਹ ਨੇ ਇਲਾਹੀ ਸ਼ਬਦ, ਬਾਣੀ ਦੀ ਸ਼ਕਤੀ ਦਾ ਵਿਸ਼ੇਸ਼ ਕਰ ਚਾਰ-ਮੰਤਕੀ ਸਲੋਕਾਂ ਦਾ ਪ੍ਰਯੋਗ ਕੀਤਾ। ਪਰਮਾਤਮਾ ਦੀ ਭਗਤੀ ਨੇ ਗਿਆਨ ਪ੍ਰਕਾਸ਼ ਕਰਨਾ ਹੈ। ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ‘ਗ੍ਹਾਨ ਕੀ ਆਈ ਆਂਧੀ’ ਨੇ ਭਰਮ ਉਡਾ ਦੇਣਾ ਹੈ ਅਤੇ ਮਾਇਆ ਦੇ ਬੰਧਨ ਤੋਂ ਸੁਤੰਤਰ ਕਰ ਦੇਣਾ ਹੈ। ਪੰਚਮ ਪਾਤਸ਼ਾਹ ਦੇ ਸ਼ਬਦਾਂ ਵਿਚ ਗੁਰੂ-ਬਖ਼ਸ਼ੇ ਗਿਆਨ ਨੇ ਭਰਮ ਦਾ ਆਂਡਾ ਤੋੜ ਮੰਨ ਵਿੱਚ ਸਤਿ ਧਰਮ ਦਾ ਪ੍ਰਕਾਸ਼ ਕਰ ਤੇ ਮੋਹ ਮਾਇਆ ਦੀ ਬੇੜੀ ਤੋੜ ਬੰਧਨਾਂ ਤੋਂ ਆਜ਼ਾਦ ਕਰ ਦੇਣਾ ਹੈ:

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥(ਮਾਰੂ ਮ: 5, 1002)

ਗੁਰੂ ਤੇਗ਼ ਬਹਾਦਰ ਜੀ ਦੀ ਵੈਰਾਗਮਈ ਬਾਣੀ ‘ਗਿਆਨੀ’ ਨੂੰ ਪਰਿਭਾਸ਼ਤ ਕਰਦੀ ਦਰਸਾਉਂਦੀ ਹੈ ਕਿ ਗਿਆਨੀ ਦਾ ਰੂਪ ਰੰਗ ਅਤੇ ਰਸ ਅਲੌਕਿਕ ਹੈ, ਇਸ ਵਿਚ ਵਿਦਰੋਹ ਤੇ ਬਗਾਵਤ ਹੈ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥(1427)

ਹੁਣ ਤੀਕ ਪੁਸਤਕਾਂ, ਗ੍ਰੰਥਾਂ, ਵੇਦ ਸਿਮਰਤੀਆਂ, ਸ਼ਾਸਤਰਾਂ ਦਾ ਗਿਆਨ ਅਰਜਿਤ ਕਰ ਸ਼ਾਸਤ੍ਰਾਰਥ ਕਰ ਬਹਿਸ–ਮੁਹਾਬਿਸੇ ਕਰਨ ਵਾਲਾ ਗਿਆਨਵਾਨ ਸੀ। ਕਿਸੇ ਦਾ ਡਰ ਭੈ ਨਾ ਮੰਨਣ ਵਾਲਾ ਹੀ ਅਸਲ ਗਿਆਨੀ ਹੈ। ਇਸ ਨੇ ਧੁਰ ਅੰਦਰੋਂ ਅਰਥ ਹੀ ਬਦਲ ਦਿੱਤੇ ਅਤੇ ਗਿਆਨ ਅਤੇ ਗਿਆਨੀ ਦੇ ਨਵੇਂ-ਨਰੋਏ ਅਰਥ ਕਰ ਭੈ ਮੁਕਤ ਮਨੁੱਖੀ-ਸਮਾਜ ਦੀ ਨੀਂਹ ਰੱਖ ਦਿੱਤੀ। ਗੁਰਮਤਿ ਵਿਚ ਚੁੰਝ-ਗਿਆਨੀ ਜਾਂ ਕੇਵਲ ਮੁਹੋਂ ਗਿਆਨ ਉਚਾਰਨ ਵਾਲੇ ‘ਮੁਖਿ ਙਿਆਨੀ ਧਨਵੰਤ’ ਲਈ ਕੋਈ ਸਥਾਨ ਨਹੀ ਬਲਕਿ ਉਨ੍ਹਾਂ ਦੀ ਹੀ ਵਡਿਆਈ ਹੈ ਜਿਹੜੇ ਗਿਆਨੀ ਗਿਆਨ ਦੀ ਖੜਗ ਲੈ ਕਾਇਰਤਾ, ਬੁਜਦਿਲੀ ਨੂੰ ਕੱਟ, ਨਿਰਭੈਤਾ ਦੇ ਮਾਰਗ ’ਤੇ ਚਲਣ ਦਾ ਪ੍ਰਣ ਲੈਂਦੇ ਹਨ। ਪਰ ਇਹ ਨਿਡਰਤਾ ਉਪਜਦੀ ਹੈ ਇਸ ਗਿਆਨ ਤੋਂ ਕਿ ਸੰਸਾਰ ਤੇ ਉਸ ਦੇ ਪਦਾਰਥ, ਪਦ-ਪਦਵੀ ਮਾਨ-ਅਪਮਾਨ ਸਦਾ ਨਹੀ ਰਹਿਣੇ। ਇਨ੍ਹਾਂ ਦਾ ਜਾਣਾ ਮਨੁੱਖ ਦੀ ਹੋਣੀ ਅਤੇ ਇਲਾਹੀ ਸਚ ਹੈ, ਜਿਸ ਨੂੰ ਪ੍ਰਵਾਨ ਕਰ ਲੈਣ ਨਾਲ ਮਨੁਖ ਚਿੰਤਾ ਮੁਕਤ ਹੋ ਜਾਂਦਾ ਹੈ :

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥(1429)

ਗਿਆਨਵਾਨ ਨਿਰਭੈ ਮਨੁੱਖ ਜਦੋਂ ਧਰਤੀ ਨੂੰ ਪਾਪ-ਗ੍ਰਸੀ, ਪਰਜਾ ਗਿਆਨ ਵਿਹੂਣੀ, ਮਜ਼੍ਹਬੀ ਪਾਖੰਡ ਦੇ ਮੱਕੜ-ਜਾਲ ਵਿਚ ਫਸੀ, ਸਮਾਜਿਕ ਅਸਮਾਨਤਾ ਦੇ ਵਖਰੇਵਿਆਂ ਉਲਝੀ ਅਤੇ ਰਾਜਸੀ ਜੁਲਮ ਦੀ ਪਰਾਧੀਨਤਾ ਦੀ ਚੌਂਕੀ ਵਿਚ ਪਿਸਦੀ ਹੋਈ ਦੇਖਦਾ ਹੈ ਤਾਂ ਉਹ ਆਪਣੀ ਸ਼ਖਸ਼ੀ ਤਾਕਤ ਨੂੰ ਜ਼ੁਲਮ ਪਾਖੰਡ, ਅਧਰਮ ਤੇ ਪਾਪ ਦੀਆਂ ਤਾਕਤਾਂ ਦੇ ਬਰਾਬਰ ਦਾ ਨਹੀਂ ਸਮਝਦਾ ਤਾਂ ਨਿਰਾਸ਼ ਹੋ ਕੇ ਬਹਿ ਜਾਂਦਾ ਬਲਕਿ ਉਸ ‘ਸਰਬ ਸ਼ਕਤੀਮਾਨ ਅੱਗੇ ਸ਼ਕਤੀ ਬਖਸ਼ਣ ਲਈ ਅਰਦਾਸ-ਬੇਨਤੀ ਕਰਦਾ ਹੈ:

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ॥(1429)

ਅਰਦਾਸ ਵਿਪਰੀਤ ਹਵਾਵਾਂ ਦੇ ਉਲਟ ਖੜ੍ਹਨ ਦੀ ਦਰਿਆਵਾਂ ਦਾ ਵਹਾਉ ਮੋੜਨ ਦੀ ਹਿੰਮਤ ਬਖਸ਼ਦੀ ਹੈ। ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਲਈ ਤਤਪਰ ਕਰਦੀ ‘ਪਹਿਲਾ ਮਰਣੁ ਕਬੂਲਿ’ ਦਾ ਸੱਚ ਗ੍ਰਹਿਣ ਕਰਾਉਂਦੀ ‘ਸੰਤਾ ਮਾਨਉ ਦੂਤਾ ਡਾਨਉ’ ਦੇ ਰੱਬੀ-ਇਨਸਾਫ ਦੀ ਪ੍ਰਾਪਤੀ ਲਈ ਸੀਸ ਭੇਟ ਮਾਰਗ ’ਤੇ ਚੱਲਣ ਅਤੇ ਧਰਮ ਹੇਤ ਹੱਸ-ਹੱਸ ਸ਼ਹੀਦੀਆਂ ਪ੍ਰਾਪਤ ਕਰਨ ਦਾ ਮਾਰਗ ਰੁਸ਼ਨਾਉਣ ਲਈ ਆਤਮਿਕ ਬਲ ਦਾ ਸੰਚਾਰ ਕਰਦੀ ਹੈ, ਤਾਂ ਜੋ ਮਨੁੱਖ ‘ਨਿਸ਼ਚੈ ਕਰਿ ਅਪੁਨੀ ਜੀਤ ਕਰੋਂ’ ਦੇ ਦ੍ਰਿੜ ਵਿਸ਼ਵਾਸ ਨਾਲ ‘ਪੁਰਜਾ ਪੁਰਜਾ ਕਟਿ ਮਰੈ’ ਦੀ ਸੂਰਬੀਰਤਾ ਨਾਲ ‘ਅਤਿ ਹੀ ਰਨ ਮੈ ਤਬ ਜੂਝ ਮਰੋਂ’ ਦਾ ਸੱਚ ਦ੍ਰਿਸ਼ਟਮਾਨ ਕਰ ਸਕੇ:

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥
ਨਾਨਕ ਸਭ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥(1429)

ਇਉਂ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਆਲਮਗੀਰ ਦੇ ਮਜ੍ਹਬੀ ਤੁਅੱਸਬ ਤੇ ਅਤਿਆਚਾਰ ਦੀ ਸਿਖਰ ’ਤੇ ਪਹੁੰਚ ਰਹੀ ਅੱਗ ਦਾ ਮੁਕਾਬਲਾ ਕਰਨ ਲਈ ਨਿਰਭੈ ਹੋਣ, ਚਿੰਤਾ ਛੱਡਣ, ਨਾਮ ਬਾਣੀ ਦੇ ਸਿਮਰਨ ਇਸ ਦੀ ਸਾਧਨਾ ਰਾਹੀਂ ਜੀਵਨ ਦਾ ਸੱਚ ਪਛਾਣਨ ਦੀ ਜੁਗਤ ਦਰਸਾਉਂਦਿਆਂ ਹੋਇਆ ਦੁਨਿਆਵੀ ਤੇ ਸ਼ਖਸੀ ਬੰਧਨ ਕੱਟਣ ਲਈ ਅਰਦਾਸ ਰਾਹੀਂ ਆਤਮਿਕ ਸ਼ਕਤੀ ਪ੍ਰਾਪਤ ਕਰਨ ਦਾ ਬਲ ਦੂਰ-ਨੇੜੇ ਦੀਆਂ ਸੰਗਤਾਂ ਨੂੰ ਦੱਸ ਰਾਜ ਦੀ ਤਾਕਤ ਦੇ ਮੁਕਾਬਲੇ ਧਰਮ ਦੀ ਸੰਗਤੀ ਸ਼ਕਤੀ ਨੂੰ ਜਥੇਬੰਦ ਕੀਤਾ।

ਇਉਂ ਉਪਦੇਸ਼ ਕਰ ਸੰਗਤਾਂ ਵਿੱਚ ਸ਼ਕਤੀ ਦਾ ਸੰਚਾਰ ਕਰਦਿਆਂ ਹੋਇਆਂ ਗੁਰੂ ਸਾਹਿਬ ਕਰਮਭੂਮੀ ਪੰਜਾਬ ਆ ਪਹੁੰਚੇ ਸਿੱਖੀ ਕਹਿਣੀ ਨਹੀਂ, ਕਰਮ ਪ੍ਰਧਾਨ ਹੈ। ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਫਿਰਕਾਪ੍ਰਸਤੀ ਦੇ ਅਤੰਕੀ ਜ਼ੁਲਮ ਤੋਂ ਸਾਰੇ ਦੇਸ਼ ਵਿੱਚ ਡਰ-ਭੈ ਪਸਰ ਰਿਹਾ ਸੀ। ਹਿੰਦੂ ਮੰਦਰ, ਪਾਠਸ਼ਾਲਾਵਾਂ ਢਾਹੁਣ ਦਾ ਅਤੇ ਜਬਰੀ ਮਜ਼੍ਹਬ ਤਬਦੀਲੀ ਦਾ ਬਾਦਸ਼ਾਹੀ ਹੁਕਮ ਸੀ। ਜਬਰੀ ਮਜ਼੍ਹਬ ਤਬਦੀਲੀ ਦੀ ਤਾਨਾਸ਼ਾਹੀ ਹੁਕਮ ਦੀ ਗਾਜ਼ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ’ਤੇ ਪਈ। ਆਪਣੇ ਬਚਾਅ ਲਈ ਹਰ ਪ੍ਰਕਾਰ ਦੀ ਪੂਜਾ ਅਰਚਾ, ਬੰਦਨਾਂ, ਯੱਗ ਤੇ ਹਵਨ ਆਦਿ ਕਰ ਨਿਰਾਸ਼ ਹੋਏ ਧਾਰਮਿਕ ਆਗੂਆਂ ਦੇ ਦਰਾਂ ’ਤੇ ਭਟਕਣ ਉਪ੍ਰੰਤ ਚੱਕ ਨਾਨਕੀ (ਜੋ ਹੁਣ ਵਿਸਤ੍ਰਿਤ ਰੂਪ ’ਚ ਸ੍ਰੀ ਅਨੰਦਪੁਰ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੈ) ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰੂ ਨਾਨਕ ਦੀ ਨੌਂਵੀਂ ਜੋਤ ਦੇ ਸਰੂਪ ਸਮਝ ਗੁਰੂ ਦਰ ’ਤੇ ਹਾਜ਼ਰ ਹੋ, ਧਰਮ ਬਚਾਉਣ ਦੀ ਪੁਕਾਰ ਕੀਤੀ, ‘ਬਾਂਹਿ ਅਸਾਡੀ ਪਕੜੀਐ, ਗੁਰੂ ਹਰਿਗੋਬਿੰਦ ਕੇ ਚੰਦ’ ‘ਸਾਡਾ ਬਲ ਛੁਟਕ ਗਿਆ ਹੈ, ਸਾਡੇ ਧਰਮ ਦੀ ਰਾਖੀ ਕਰੋ। ਇਹ ਸਭ ਵਿਥਿਆ ਸੁਣ ਕੇ ਗੁਰੂ ਜੀ ਨੇ ਜੋ ਉਚਾਰਨ ਕੀਤਾ ਉਸਨੂੰ ਭਾਟ ਚਾਂਦ ਜੀ ਨੇ ‘ਬੋਲਣਾ ਗੁਰੂ ਤੇਗ਼ ਬਹਾਦਰ ਜੀ ਜੁਬਾਨੀ ਭਟ’ ਕਰਕੇ ਇਉਂ ਲਿਖਿਆ ਹੈ:

“ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ।
ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨ ਛੋੜੀਐ।”

ਇਹ ਅਧਰਮ, ਪਾਪ ਅਤੇ ਅਤਿਆਚਾਰ ਕਿਸੇ ਸੱਚੇ-ਸੁੱਚੇ ਮਹਾਂਪੁਰਸ਼ ਦੇ ਪਵਿੱਤਰ ਖ਼ੂਨ ਦੇ ਬਲੀਦਾਨ ਨਾਲ ਹੀ ਬਚਾਇਆ ਜਾ ਸਕਦਾ ਹੈ… ਐਸਾ ਗੁਰੂ ਤੇਗ ਬਹਾਦੁਰ ਨੇ ਅਨੁਭਵ ਕੀਤਾ। ਬਾਲ ਗੋਬਿੰਦ ਰਾਇ ਨੇ ਇਸ ਇਤਿਹਾਸਕ ਕਥਨ ਕਿ ‘ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੈ’ ਅਤੇ ਪਵਿੱਤਰ ਖੂਨ ਹੋਰ ਕਿਸਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਆਗੂ ਕਿਰਪਾ ਰਾਮ ਨੂੰ ਇਹ ਕਹਿ ਕੇ ਨਿਚਿੰਤ ਕਰ ਦਿੱਤਾ ਕਿ ਤੁਸੀਂ ਬਾਦਸ਼ਾਹ ਨੂੰ ਮੋੜਵਾਂ ਉੱਤਰ ਭੇਜ ਦਿਓ ਕਿ ਸਾਡਾ ਧਾਰਮਿਕ ਰਹਿਬਰ ਗੁਰੂ ਤੇਗ਼ ਬਹਾਦਰ ਹੈ ਅਤੇ ਜੇ ਉਹ ਧਰਮ ਤਬਦੀਲ ਕਰਨ ਲਈ ਰਜ਼ਾਮੰਦ ਹੋ ਜਾਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਬਾਦਸ਼ਾਹ ਨੂੰ ਇਹ ਉੱਤਰ ਭੇਜ ਗੁਰੂ ਪਾਤਸ਼ਾਹ ਆਪ ਹੀ ਬਾਦਸ਼ਾਹ ਦਾ ਕਹਿਰ ਝੱਲਣ ਲਈ ਤੁਰ ਪਏ। ਦੁਨੀਆਂ ਨੇ ਪਹਿਲੀ ਵਾਰ ਦੇਖਿਆ ਕਿ ਕੋਈ ਮਕਤੂਲ ਕਾਤਲ ਵੱਲ ਆਪ ਜਾਂਦਾ ਹੈ। ਰਾਹ ਵਿੱਚ ਹੀ ਸਿੱਖ ਇਤਿਹਾਸਕ ਰਵਾਇਤ ਅਨੁਸਾਰ ਆਗਰੇ ਗ੍ਰਿਫਤਾਰ ਕਰ ਵੱਡੀ ਫੌਜ ਦੀ ਨਿਗਰਾਨੀ ਹੇਠਾਂ ਦਿੱਲੀ ਲਿਆਂਦੇ ਗਏ ਅਤੇ ਦਿੱਲੀ ਦੇ ਨਜ਼ਾਮ ਸਫੀ ਖਾਂ ਤੇ ਕਿਲ੍ਹੇਦਾਰ ਮੁਲਤਫੈਤ ਖਾਂ ਦੇ ਹਵਾਲੇ ਕੀਤੇ ਗਏ। ਭਾਈ ਦਿਆਲਾ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਵੀ ਗ੍ਰਿਫਤਾਰ ਕਰਕੇ ਦਿੱਲੀ ਲਿਆਂਦੇ ਗਏ। ਪਹਿਲਾਂ ਪੁਰਾਣੀ, ਡਰਾਉਣੀ ਅਤੇ ਢੱਠੀ ਹੋਈ ਹਵੇਲੀ ਵਿੱਚ ਰੱਖਿਆ। ਉਪਰੰਤ ਆਪ ਜੀ ਨੂੰ ਚਾਂਦਨੀ ਚੌਂਕ ਕੋਤਵਾਲੀ ਵਿੱਚ ਪਿੰਜਰੇ ਵਿੱਚ ਪਾ ਕੇ ਰੱਖਿਆ ਗਿਆ। ਚਾਂਦਨੀ ਚੌਂਕ ਦੀ ਕੋਤਵਾਲੀ (ਜਿਥੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ) ਦੇ ਸਥਾਨ ’ਤੇ ਗੁਰੂ ਜੀ ਨੂੰ ਦੀਨ ਵਿੱਚ ਆਉਣ ਜਾਂ ਕਰਾਮਾਤ ਦਿਖਾਉਣ ਲਈ ਬਾਦਸ਼ਾਹ ਦਾ ਆਤਾਬੀ ਹੁਕਮ ਬਾਰ-ਬਾਰ ਸੁਣਾਇਆ ਗਿਆ। ਸਤਿਗੁਰੂ ਜੀ ਨੇ ਕਿਹਾ ਕਿ ਕਰਾਮਾਤ ਕਹਿਰ ਦਾ ਨਾਮ ਹੈ, ਫਕੀਰ ਅਤੇ ਦਰਵੇਸ਼ ਇਹ ਨਹੀਂ ਦਿਖਾਉਂਦੇ। ਮਜ਼ਹਬ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਹੈ ਪਰ ਰੱਬੀ ਰਜ਼ਾ ਇਸ ਨੂੰ ਦੋ ਤੋਂ ਤਿੰਨ ਕਰਨ ਵਿੱਚ ਹੈ। ਇਸ ਕੈਦ ਵਿੱਚ ਆਪ ਜੀ ਤੇ ਬੜੀਆਂ ਸਖਤੀਆਂ ਖੇਚਲਾਂ ਅਤੇ ਜੁਲਮ ਢਾਏ ਗਏ।

ਗੁਰੂ ਪਾਤਸ਼ਾਹ ਨੂੰ ਭੈਅ-ਭੀਤ ਕਰਨ ਲਈ ਭਾਈ ਮਤੀ ਦਾਸ ਜੋ ਗੁਰੂ ਜੀ ਦੇ ਦੀਵਾਨ ਸਨ ਤੇ ਸਤਿਗੁਰੂ ਉਸ ਨੂੰ ਆਪਣਾ ਪਿਆਰਾ ਮਿੱਤਰ ਤੇ ਸਖਾ ਕਹਿੰਦੇ ਸਨ ਉਨ੍ਹਾਂ ਨੂੰ ਆਰੇ ਨਾਲ ਚੀਰਨ ਦਾ ਹੁਕਮ ਸੁਣਾਇਆ ਗਿਆ। ਜਲਾਦਾਂ ਨੇ ਚਾਂਦਨੀ ਚੌਕ ਦੇ ਬਾਜ਼ਾਰ ਵਿੱਚ ਆਰੇ ਨਾਲ ਚੀਰਨ ਤੋਂ ਪਹਿਲਾਂ ਆਖਰੀ ਖੁਆਹਿਸ਼ ਦੱਸਣ ਲਈ ਕਿਹਾ ਤਾਂ ਭਾਈ ਜੀ ਦਾ ਜਵਾਬ ਸੀ ਜਦੋਂ ਉਨ੍ਹਾਂ ਨੂੰ ਆਰੇ ਨਾਲ ਚੀਰਿਆ ਜਾਵੇ ਤਾਂ ਉਨ੍ਹਾਂ ਦਾ ਮੂੰਹ ਸਤਿਗੁਰੂ ਵੱਲ ਸਨਮੁੱਖ ਹੋਵੇ, ‘ਆਰਾ ਪਿਆਰਾ ਲਗਤ ਹੈ’ ਹੀ ਕਹਿ ਸੁਣਾਇਆ। ਜਦ ਤਨ ਦੇ ਦੋ ਟੁੱਕੜੇ ਹੋ ਕੇ ਜ਼ਮੀਨ ’ਤੇ ਡਿੱਗੇ ਤਾਂ ਦੋਹਾਂ ਵਿੱਚੋਂ ਜਪੁਜੀ ਦੀ ਆਵਾਜ਼ ਆ ਰਹੀ ਸੀ ।

ਦੋਨਹੁ ਤਨ ਤੇ ਜਪੁਜੀ ਪਢੈ। ਹੇਰਤਿ ਸਭਿ ਤੇ ਅਚਰਜ ਬਢੈ ॥46॥ (ਸੂਰਜ ਪ੍ਰਕਾਸ਼)

ਭਾਈ ਦਿਆਲਾ ਜੀ ਦੇਗ ਵਿੱਚ ਪਾ ਕੇ ਉਬਾਲ ਦਿੱਤੇ ਗਏ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਸ਼ਹੀਦ ਕਰ ਦਿੱਤਾ ਗਿਆ। ਜਦੋਂ ਯਸੂ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਦੇ 13 ਸ਼ਰਧਾਲੂ ਸਾਥੀ ਸਨ ਪਰ ਸੂਲੀ ਦੇ ਡਰ ਤੋਂ ਕੋਈ ਸਾਥ ਨਾ ਨਿਭਿਆ ਸਭ ਬੇਵਫਾਈ ਕਰ ਗਏ। ਇਸੇ ਲਈ ਇਸਾਈਆਂ ਵਿੱਚ 13 ਦਾ ਅੰਕੜਾਂ ਮਾੜਾ ਮੰਨਿਆਂ ਜਾਂਦਾ ਹੈ। ਸਾਰੇ ਯੂਰਪ, ਅਮਰੀਕਾ ਵਿੱਚ ਕੋਈ ਤੇਹਰਵੀਂ ਮੰਜਿਲ, ਤੇਹਰਵਾਂ ਫਲੈਟ, ਤੇਹਰਵੀਂ ਰੋਡ ਜਾਂ ਸਟਰੀਟ ਨਹੀਂ ਹੁੰਦੀ। ਇਸੇ ਦਾ ਹੀ ਇੱਕ ਰੂਪ ਚੰਡੀਗੜ੍ਹ ਹੈ ਜਿਥੇ ਇਸ ਸ਼ਹਿਰ ਦੀ ਯੋਜਨਾ ਫਰਾਂਸੀਸੀ ਇੰਜੀਨੀਅਰ ਵਲੋਂ ਬਣਾਏ ਜਾਣ ਕਾਰਨ ਇਥੇ ਤੇਹਰਵਾਂ ਸੈਕਟਰ ਨਹੀਂ ਹੈ ਪਰ ਧੰਨ ਸਿੱਖੀ, ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ, ਕਿ ਤਿੰਨੇ ਸਿੱਖ ਗੁਰੂ ਤੇਗ ਬਹਾਦੁਰ ਸਾਹਿਬ ਤੋਂ ਪਹਿਲਾਂ ਸ਼ਹਾਦਤ ਦੇ ਸਿੱਖੀ ਸਿਦਕ ਜਗਤ ਵਿੱਚ ਪ੍ਰਗਟ ਕਰ ਗਏ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸ਼ਹੀਦ ਕਰਨ ਦਾ ਆਲਮਗੀਰੀ ਹੁਕਮ ਨਾਦਰ ਕੀਤਾ ਗਿਆ। ਪਹਿਲਾਂ ਮੁਨਾਦੀ ਕਰਾਈ ਗਈ। ਕੋਤਵਾਲ ਜਿਹੜਾ ਗੁਰੂ ਸਾਹਿਬ ਦੇ ਤਪ, ਤਿਆਗ ਅਤੇ ਸਹਿਜ ਤੋਂ ਅਤਿ ਪ੍ਰਭਾਵਤ ਸੀ ਉਸਨੇ ਪੁਛਿਆ ਕਿ ਕੀ ਤੁਸੀਂ ਇਹ ਮੁਨਾਦੀ ਸੁਣੀ ਹੈ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਹਾਂ ਸੁਣੀ ਹੈ। ਜਦੋਂ ਗੁਰੂ ਪਾਤਸ਼ਾਹ ਦਾ ਉੱਤਰ ਪੁੱਛਿਆ ਤਾਂ ਗੁਰੂ ਜੀ ਨੇ ਇੱਕ ਕੋਇਲਾ ਲੈ ਕੇ ਧਰਤੀ ਦੇ ਉਪਰ ਆਪਣਾ ਜਵਾਬ ਲਿਖ ਦਿੱਤਾ ਕਿ ਇਹ ਠੀਕ ਹੈ ਕਿ ਕੱਲ੍ਹ ਦੁਪਹਰ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਰੀਰਕ ਰੂਪ ਵਿੱਚ ਨਹੀਂ ਰਹੇਗਾ, ਪਰ ਗੋਬਿੰਦ ਰੂਪੀ ਪਰਮਾਤਮਾ ਰਹੇਗਾ, ਧਰਮ ਦੀ ਸ਼ਕਤੀ ਨਾਮ ਰੂਪ ਵਿੱਚ ਰਹੇਗੀ ਤੇ ਧਰਮ ਮਾਰਗ ’ਤੇ ਚੱਲਣ ਵਾਲੇ ਧਰਮੀ ਜਿਊੜੇ ਰਹਿਣਗੇ। ਜੋ ਸ਼ਬਦ ਲਿਖਿਆ ਗਿਆ ਉਹ ਇਹ ਹੈ:

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗਰ ਮੰਤ॥ (1429)

ਲੋਕਾਂ ਨੂੰ ਭੈਅ-ਭੀਤ ਕਰਨ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਰੇਆਮ ਸ਼ਹੀਦ ਕਰਨ ਲਈ ਗੁਰੂ ਸਾਹਿਬ ਨੂੰ ਪਿੰਜਰੇ ‘ਚ ਲਿਆਂਦਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਜਬ ਤਮਾਸ਼ਾ ਵੇਖਣ ਲਈ ਇਕੱਠੇ ਹੋਏ ਸਨ। ਕਾਜ਼ੀ ਨੇ ਬਾਦਸ਼ਾਹ ਵੱਲੋਂ ਫੇਰ ਸ਼ਰਤਾਂ ਰੱਖੀਆਂ ਪਰ ਆਪ ਜੀ ਨੂੰ ਉਸੇ ਦ੍ਰਿੜ੍ਹਤਾ ਨਾਲ ‘ਰਾਖੇਂਗੇ ਨਿਜ ਧਰਮ ਨ ਹਾਰੇ’। ਜਲਾਦ ਜਲਾਲੁਦੀਨ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ। ਸੀਸ ਕੱਟਿਆ ਗਿਆ ਪਰ ਧਰਮ ਦੀ ਮੂਰਤ ਸਤਿਗੁਰੂ ਦਾ ਸੀਸ ਝੁਕਾਇਆ ਨਾ ਜਾ ਸਕਿਆ। ਦਿੱਲੀ ਰਾਜ ਦੇ ਸਿਰ ਧਰਮ ਦੇ ਨਾਇਕ ਨੇ ਆਪਣੇ ਸਰੀਰ ਦਾ ਠੀਕਰਾ ਭੰਨ ਦਿੱਤਾ ।

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥(ਬਚਿੱਤਰ ਨਾਟਕ)

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼ਹੀਦੀ ਹੁੰਦਿਆਂ ਸਾਰ ਕੁਦਰਤੀ ਕਹਿਰ ਦਾ ਐਸਾ ਗਰਦ ਭਰਿਆ ਤੂਫਾਨ ਉਠਿਆ ਕਿ ਲੋਕੀਂ ਭੱਜ ਉੱਠੇ ਭੇਸ ਵਟਾ ਕੇ ਉੱਥੇ ਫਿਰ ਰਹੇ ਭਾਈ ਜੈਤਾ ਜੀ ਨੇ ਗੁਰੂ ਦਾ ਸੀਸ ਚੁੱਕ ਲਿਆ ਤੇ ਭਾਈ ਲੱਖੀ ਸ਼ਾਹ ਨੇ ਸਤਿਗੁਰੂ ਜੀ ਦਾ ਧੜ। ਸੀਸ ਲੈ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਅਤੇ ਧੜ ਲੱਖੀ ਸ਼ਾਹ ਦਿੱਲੀ ਦੇ ਨਾਲ ਹੀ ਰਕਾਬ ਗੰਜ ਪਿੰਡ ਵਿੱਚ ਆਪਣੀ ਰਿਹਾਇਸ਼ ’ਤੇ ਲੈ ਆਇਆ। ਸਰਕਾਰੀ ਜਸੂਸ ਚਾਰੇ ਪਾਸੇ ਫਿਰ ਰਹੇ ਸਨ ਇਸ ਲਈ ਭਾਈ ਸਾਹਿਬ ਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਆਪਣਾ ਘਰ ਆਪਣੇ ਹੱਥੀਂ ਹੀ ਸਾੜ ਕੇ ਪਾਵਨ ਦੇਹ ਦਾ ਸਸਕਾਰ ਕੀਤਾ ਜਿੱਥੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਮਾਣਮੱਤਾ ਗੁਰਦੁਆਰਾ ਬੁਲੰਦ ਹੈ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਸਦੀਵੀ ਘਰ ਕ੍ਰਿਤਗ ਕੌਮ ਨੇ ਬਣਾ ਦਿੱਤਾ। ਭਾਈ ਜੈਤਾ ਜੀ ਸੀਸ ਲੈ ਕੇ ਗੁਰੂ ਗੋਬਿੰਦ ਰਾਇ ਜੀ ਪਾਸ ਆਨੰਦਪੁਰ ਸਾਹਿਬ ਪਹੁੰਚੇ ਤੇ ਸਮੁੱਚਾ ਸ਼ਹੀਦੀ ਸਾਕਾ ਸੁਣਾਇਆ। ਨੌਂ ਸਾਲ ਦੇ ਗੁਰੂ ਜੀ ਨੇ ਇਹ ਸੁਣ ਕੋਈ ਡਰ-ਭੈਅ ਨਿਕਟ ਨਾ ਆਉਣ ਦਿੱਤਾ ਬਲਕਿ ਆਪਣਾ ਦ੍ਰਿੜ੍ਹ ਇਰਾਦਾ ਇਉਂ ਪ੍ਰਗਟਾਇਆ:

ਸ਼੍ਰੀ ਗੋਬਿੰਦ ਸੁਨਿ ਕਰਿ ਐਸੇ। ਗਰਜਤਿ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬਿ ਪੰਥ ਬਨਾਵੌਂ। ਸਗਲ ਜਗਤ ਮਹਿਂ ਬਹੁ ਬਿਦਤਾਵੌਂ॥8॥
ਲਾਖਹੁਂ ਜਗ ਕੇ ਨਰ ਇਕ ਥਾਇਂ।ਤਿਨ ਮਹਿਂ ਮਿਲੇ ਏਕ ਸਿੱਖ ਜਾਇ॥
ਸਭਿ ਮਹਿ ਪ੍ਰਥਕ ਪਛਾਨ੍ਯੋ ਪਰੈ।ਰਲੈ ਨ ਕ੍ਯੋਂਹੂੰ ਕੈਸਿਹੁਂ ਕਰੈ ॥9॥

ਜ਼ਾਲਮ ਅੱਗੇ ਧਰਮ ਗੋਪਣ ਜਾਂ ਛੁਪਾਉਣ ਦੀ ਕਾਇਰਤਾ ਸਦੈਵ ਖਤਮ ਕਰ ਦਿੱਤੀ। ਧੜ ਅਤੇ ਸੀਸ ਦਾ ਅੱਡੋ ਅੱਡ ਸਸਕਾਰ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ।
ਔਰੰਗਜ਼ੇਬ ਨੇ ਭਾਵੇਂ ਲੋਕਾਂ ਨੂੰ ਭੈਅ-ਭੀਤ ਕਰਨ ਲਈ ਇਹ ਕਾਰਾ ਕੀਤਾ ਪਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਸ ਸ਼ਹਾਦਤ ਨੇ ਵਿਦਰੋਹ ਦੇ ਐਸੇ ਚੰਗਿਆੜੇ ਬਾਲ ਦਿੱਤੇ ਕਿ ਇੱਕ ਸਿੱਖ ਨੇ ਜਮਨਾ ਦਰਿਆ ਪਾਰ ਕਰਕੇ ਆ ਰਹੇ ਔਰੰਗਜ਼ੇਬ ਦੇ ਸਿਰ ਵਿੱਚ ਡੰਡਾ ਮਾਰਨ ਦੀ ਜੁਅਰਤ ਕੀਤੀ। ਇਸੇ ਸ਼ਹਾਦਤ ਦਾ ਹੀ ਅਸਰ ਸੀ ਕਿ ਕੁੱਲ ਆਲਮ ਵਿੱਚ ਫੈਲੀ ਮੁਗ਼ਲ ਬਾਦਸ਼ਾਹੀ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਅਤੇ ਖਾਤਮੇ ਵੱਲ ਤੁਰ ਪਈ। ਇਤਿਹਾਸਕਾਰਾਂ ਨੇ ਠੀਕ ਹੀ ਲਿਖਿਆ ਹੈ ਕਿ ‘ਤਬ ਤੇ ਘਟੀ ਪਾਤਸ਼ਾਹੀ ਦਿੱਲੀ। ਤਬ ਤੇ ਤੁਰਕ ਕਲਾ ਪਈ ਢਿੱਲੀ’ ਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਅਨੂਪਮ ਤੇ ਵਿਲੱਖਣ ਹੈ ਕਿਉਂਕਿ ਇਹ ਪਹਿਲੀ ਸ਼ਹਾਦਤ ਹੈ ਜੋ ਦੂਸਰੇ ਦੀ ਧਾਰਮਿਕ ਅਜ਼ਾਦੀ ਲਈ, ਪਰਧਰਮ ਲਈ ਅਤੇ ਉਸ ਦੀ ਆਸਥਾ ਨਾਲ ਸਬੰਧਤ ਚਿੰਨ੍ਹਾਂ ਲਈ ਹੋਈ:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ। ਕੀਨੋ ਬਡੋ ਕਲੂ ਮਹਿ ਸਾਕਾ॥” (ਬਚਿੱਤਰ ਨਾਟਕ)

ਗੁਰੂ ਪਾਤਸ਼ਾਹ ਤਿਲਕ ਜੰਞੂ ਦੇ ਧਾਰਨੀ ਨਹੀਂ ਸਨ ਨਾ ਹੀ ਹਿੰਦੂ ਧਰਮ ਅਤੇ ਵੇਦਾਂ ਸ਼ਾਸਤਰਾਂ ਵਿਚ ਅਕੀਦਾ ਰੱਖਦੇ ਸਨ। ਗੁਰੂ ਨਾਨਕ ਸਾਹਿਬ ਨੇ ਪੰਡਤ ਹਰਦਿਆਲ ਨੂੰ ਨੌਂ ਸਾਲ ਦੀ ਉਮਰ ’ਚ ਹੀ ਜਾਤ-ਪਾਤ ਦੇ ਵਿਤਕਰੇ ਦਾ ਚਿੰਨ੍ਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਜਦੋਂ ਗੁੰਗੇ ਅਨਪੜ੍ਹ ਝਿਊਰ ਤੋਂ ਪੰਡਤ ਲਾਲ ਚੰਦ ਦੀ ਸ਼ਾਸਤ੍ਰੀ ਵਿਦਿਆ ਦਾ ਹੰਕਾਰ ਤੋੜਨ ਲਈ ਛੜੀ ਰੂਪ ਵਿੱਚ ਅੰਮ੍ਰਿਤ ਮਈ ਦ੍ਰਿਸ਼ਟੀ ਉਸ ਦੇ ਸੀਸ ’ਤੇ ਰੱਖ ਗੀਤਾ ਦੇ ਅਰਥ ਕਰਵਾ ਦਿੱਤੇ ਤਾਂ ਪੰਡਤ ਗੁਰੂ ਚਰਨਾਂ ’ਚ ਢਹਿ ਪਿਆ। ਜ਼ਿਕਰ ਆਉਂਦਾ ਹੈ ਕਿ ਜਾਤ-ਪਾਤ ਦੇ ਅਭਿਮਾਨ ਦਾ ਸੂਚਕ ‘ਜੰਞੂ ਤੋੜ ਤਾਰੇ ਗੰਗਾ ਮਹਿ’ ਪਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਸੇ ਤਿਲਕ ਜੰਞੂ ਦੀ ਰਾਖੀ ਕੋਈ ਵਿਰੋਧਾਤਮਿਕ ਗੱਲ ਨਹੀਂ ਬਲਕਿ ਅਨਿਆਏ ਅਤੇ ਤਾਕਤ ਦੀ ਹੈਂਕੜ ਵਿਰੁੱਧ ਨਿਰੰਤਰ ਜਦੋ-ਜਹਿਦ ਹੈ ਭਾਵੇਂ ਉਸ ਦੇ ਰੂਪਾਂ ਦੀ ਵਿਭਿੰਨਤਾ ਹੈ। ਇਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦਾ ਚਿੰਨ੍ਹ ਤਾਂ ਹੈ ਪਰ ਸ਼ਹੀਦੀ ਦਾ ਮਨੋਰਥ ਇਸ ਤੋਂ ਕਿਤੇ ਵਡੇਰਾ ਤੇ ਉਚੇਰਾ ਹੈ। ਗੁਰੂ ਪਾਤਸ਼ਾਹ ਦੇ ਕਰਮ ਅਤੇ ਬਾਣੀ ਨੂੰ ਕਿਸੇ ਦੇਸ਼ ਕਾਲ ਜਾਂ ਸਮੇਂ ਸਥਾਨ ਦੀ ਸੀਮਾ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਗੁਰੂ ਪਾਤਸ਼ਾਹ ਦਾ ਕਾਰਜ ਖੇਤਰ ਭਾਵੇਂ ਹਿੰਦੋਸਤਾਨ ਅਤੇ ਵਿਸ਼ੇਸ਼ ਕਰਕੇ ਪੰਜਾਬ ’ਚ ਰਿਹਾ ਪਰ ਗੁਰੂ ਪਾਤਸ਼ਾਹ ਦੇ ਹਰ ਕਰਮ ਦਾ ਮੰਤਵ ਸਮੁੱਚੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਵਿੱਚ ਲੈਣਾ ਹੈ, ਉਸ ਦੀਆਂ ਗੈਰਤਹੀਣ, ਇਖਲਾਕਹੀਣ ਅਤੇ ਪ੍ਰਾਧੀਨ ਸਮਾਜ ਦੀਆਂ ਕਮਜ਼ੋਰੀਆਂ ਰੂਪੀ ਸ਼ਿਦਰਾਂ ਨੂੰ ਢਕਣਾ ਹੈ, ਮਜ਼ਲੂਮ ਦੀ ਰਾਖੀ ਅਤੇ ਹਰ ਇੱਕ ਦੇ ਧਰਮ ਤੇ ਪੂਜਾ ਪਾਠ ਦੀ ਅਜ਼ਾਦੀ ਨੂੰ ਨਿਸ਼ਚਿੱਤ ਕਰਨਾ ਹੈ। ਗੁਰੂ ਨਾਨਕ ਸਾਹਿਬ ਨੇ ਕੇਵਲ ਪੰਜਾਬ ਜਾਂ ਹਿੰਦੋਸਤਾਨ ਹੀ ਨਹੀਂ ਬਲਕਿ ‘ਚੜਿਆ ਸੋਧਣਿ ਧਰਤ ਲੋਕਾਈ’ ਦਾ ਆਦਰਸ਼ ਰੂਪਮਾਨ ਕੀਤਾ ਸੀ ਉਨ੍ਹਾਂ ਦੇ ਨੌਂਵੀ ਜੋਤ ਤੇ ਸਰੂਪ ਰੂਪ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਮਨੁੱਖੀ ਸਮਾਜ ਨੂੰ ਬੇਗੈਰਤੀ ਅਤੇ ਪਰਾਧੀਨਤਾ ਦੇ ਸ਼ਿਦਰਾਂ ਨੇ ਤਾਰਤਾਰ ਕਰ ਦਿੱਤਾ ਸੀ। ਉਸ ‘ਤੇ ਆਪਣੀ ਸਰੀਰ ਰੂਪੀ ਚਾਦਰ ਪਾ ਕੇ ਮਨੁੱਖੀ ਸਵੈਮਾਨ ਅਤੇ ਅਜਾਦੀ ਦੀ ਰਾਖੀ ਕੀਤੀ।

ਪ੍ਰਗਟ ਭਏ ਗੁਰੁ ਤੇਗ ਬਹਾਦਰ।ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਜੁਗ ਮੈ ਸਾਖੀ।
ਸਗਲ ਸ੍ਰਿਸਟਿ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ (ਕੇਵਲ ਹਿੰਦੂ ਧਰਮ ਨਹੀਂ)
ਤੀਨ ਲੋਕ ਮੈ ਜੈ ਜੈ ਭਈ। ਸਤਿਗੁਰੂ ਪੈਜ ਰਾਖਿ ਇਮ ਲਈ।”

________________________________________________________
* ਪ੍ਰਧਾਨ ਸਿੱਖ ਮਿਸ਼ਨ ਇੰਟਰਨੈਸ਼ਨਲ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ,
* ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
* ਸਾਬਕਾ ਉੱਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)