ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਫ਼ਿਲਮ ‘ਸਿੰਘ ਇਜ਼ ਕਿੰਗ’ ਅਤੇ ਅਕਸ਼ੈ ਕੁਮਾਰ ਦੀ ਸੋਚ ਦਾ ਵਿਸ਼ਲੇਸ਼ਣ
ਹਰਦੀਪ ਸਿੰਘ ਮਾਨ, ਅਸਟ੍ਰਰੀਆ

ਹਰਦੀਪ ਸਿੰਘ ਮਾਨ

ਸਾਲ 2005 ਵਿਚ ਇੰਦਰਜੀਤ ਨਿੱਕੂ ਨੇ ਆਡੀਓ ਕੈਸਟ ਅਤੇ ਗੀਤ ‘ਸਿੰਘ ਇਜ਼ ਕਿੰਗ’ ਪੇਸ਼ ਕੀਤਾ। ਸ਼ਾਇਦ ਇਸ ਮੁੱਖੜੇ ਤੋਂ ਪ੍ਰਭਾਵਿਤ ਹੋ ਕੇ, ਕਿਸੇ ਸਿੱਖ ਪ੍ਰੇਮੀ ਨੇ ਆਪਣੇ ਟਰੱਕ ਪਿੱਛੇ ‘ਸਿੰਘ ਇਜ਼ ਕਿੰਗ’ ਲਿਖਾ ਲਿਆ। ਕੁਝ ਸਮੇਂ ਬਾਅਦ ਅਕਸ਼ੈ ਦੀ ਨਜ਼ਰ ਉਸ ਮੁੱਖੜੇ ਤੇ ਪਈ ਅਤੇ ਉਨ੍ਹਾਂ ਨੇ ਇਸ ਨੂੰ ਫ਼ਿਲਮ ਲਈ ਲੈਣ ਦਾ ਫ਼ੈਸਲਾ ਕੀਤਾ। ਸੋ, ਇਹ ਤਾਂ ਹੋਈ ਮੁੱਖੜੇ ਦੀ ਸੰਭਾਵੀ ਕਹਾਣੀ।

ਹੁਣ ਸਵਾਲ ਕਰਦੇ ਹਾਂ ਕਿ ਅਕਸ਼ੈ ਦਾ ਫ਼ਿਲਮੀ ਦੌਰ ਕਿਸ ਤਰ੍ਹਾਂ ਦਾ ਚੱਲ ਰਿਹਾ ਸੀ? ਜਦੋਂ ਉਸੇ ਨੇ ‘ਸਿੰਘ ਇਜ਼ ਕਿੰਗ’ ਫ਼ਿਲਮ ਬਣਾਉਣ ਦਾ ਫੈਸਲਾ ਲਿਆ, ਆਮ ਤੌਰ ਤੇ ਫ਼ਿਲਮੀ ਦੁਨੀਆਂ ਵਿਚ ਜੇ ਕਿਸੇ ਦਾ ਸੰਘਰਸ਼ ਦੌਰ ਚੱਲ ਰਿਹਾ ਹੁੰਦਾ ਹੈ ਤਾਂ ਉਹ ਕੋਈ ਅਸਭਿਅਕ ਕੰਮ ਕਰ ਕੇ ਚਰਚਾ ਵਿਚ ਆ ਜਾਂਦਾ ਹੈ ਅਤੇ ਮਸ਼ਹੂਰ ਹੋ ਜਾਂਦਾ ਹੈ। ਮਸ਼ਹੂਰ ਹੋਣ ਨਾਲ ਉਹ ਨਿਰਮਾਤਾ ਨਿਰਦੇਸ਼ਕ ਦੀ ਨਜ਼ਰ ਵਿਚ ਆ ਜਾਂਦਾ ਹੈ ਅਤੇ ਜੇ ਥੋੜ੍ਹੀ ਜਿਹੀ ਕਿਸਮਤ ਸਾਥ ਦੇਵੇ ਤਾਂ ਉਸ ਨੂੰ ਫ਼ਿਲਮ ਵਿਚ ਮੌਕਾ ਮਿਲ ਜਾਂਦਾ ਹੈ। ਪਰ ਅਕਸ਼ੈ ਦੇ ਹਾਲਾਤ ਤਾਂ ਬਿਲਕੁਲ ਉਲਟ ਹਨ।

ਫਰੈਂਚ ਕੱਟ ਪੋਸਟਰ

ਸਾਲ 2007 ਵਿਚ ਅਕਸ਼ੈ ਦੀਆਂ ਫ਼ਿਲਮਾਂ ‘ਹੇ ਬੇਬੀ’, ‘ਨਮਸਤੇ ਲੰਦਨ’, ‘ਭੂਲ ਭੁਲੱਈਆ’ ਅਤੇ ‘ਵੈਲਕਮ’ ਸਫ਼ਲ (ਹਿੱਟ) ਰਹੀਆਂ। ਇਕ ਫ਼ਿਲਮੀ ਅਦਾਕਾਰ ਦੀ ਸਾਲ ਵਿਚ ਇਕ ਫ਼ਿਲਮ ਹਿੱਟ ਹੋ ਜਾਵੇ ਤਾਂ ਉਹ ਸੰਤੁਸ਼ਟ ਹੋ ਜਾਂਦਾ ਹੈ ਕਿ ਸਾਲ ਠੀਕ ਠਾਕ ਲੰਘ ਗਿਆ। ਅਕਸ਼ੈ ਦੀਆਂ ਸਾਰੀਆਂ ਫ਼ਿਲਮਾਂ ਹਿੱਟ ਹੋਣ ਕਰਕੇ ਉਸਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ। ਜੋ ਹਰ ਫ਼ਿਲਮੀ ਅਦਾਕਾਰ ਦਾ ਸੁਪਨਾ ਹੈ।

ਇਸ ਹਾਲਾਤ ਬਾਰੇ ਅਸੀਂ ਵਿਸਥਾਰ ਵਿਚ ਗੱਲ ਕਰਨਾ ਚਾਵਾਂਗੇਂ। ਇਹ ਉਹ ਹਾਲਾਤ ਹੁੰਦੇ ਹਨ, ਜਿੱਥੇ ਇਕ ਅਦਾਕਾਰ ਨੂੰ ਫੂਕ ਫੂਕ ਕੇ ਕਦਮ ਰੱਖਣੇ ਹੁੰਦੇ ਹਨ, ਭਾਵ ਕਿਤੇ ਮੇਰੀ ਹਿੱਟ ਫ਼ਿਲਮਾਂ ਦੀ ਲੜੀ ਟੁੱਟ ਨਾ ਜਾਵੇ, ਜਿਸ ਵਿਚ ਉਹ ਮੁੱਖ ਰੋਲ ਅਦਾ ਕਰ ਰਿਹਾ ਹੈ। ਜੇ ਅਸੀਂ ਤਿੰਨ ਸਾਲ ਪਿੱਛੇ ਜਾਈਏ ਤਾਂ ਫ਼ਿਲਮ ‘ਜੋ ਬੋਲੇ ਸੋ ਨਿਹਾਲ’ ਨਾਲ ਜੋ ਹੋਇਆ ਹੈ, ਉਸ ਦਾ ਸਭ ਨੂੰ ਪਤਾ ਹੈ। ਹੁਣ ਇਕ ਪਾਸੇ ਤਾਂ ਅਕਸ਼ੇ ਦੀ ਸਥਿਤੀ ਨਾਜ਼ੁਕ ਹੈ, ਦੂਜੇ ਪਾਸੇ ਉਸ ਦੀਆਂ ਫ਼ਿਲਮਾਂ ਦਾ ਹਿੱਟ ਹੋਣਾਂ ਦੱਸਦਾ ਹੈ ਕਿ ਲੋਕ ਉਸ ਦੀ ਅਦਾਕਾਰੀ ਨੂੰ ਬਹੁਤ ਪਸੰਦ ਕਰ ਰਹੇ ਹਨ, ਉਸਨੂੰ ਦੇਖਣਾਂ ਪਸੰਦ ਕਰਦੇ ਹਨ, ਉਸਨੂੰ ਸੁਣਨਾਂ ਪਸੰਦ ਕਰਦੇ ਹਨ। ਭਾਵ ਜੇਕਰ ਲੋਕਾਂ ਨੂੰ ਕਿਸੇ ਅਦਾਕਾਰ ਦੀਆਂ ਲਗਾਤਾਰ ਚਾਰ ਫ਼ਿਲਮਾਂ, ਉਨ੍ਹਾਂ ਦੀ ਉਮੀਦਾਂ ਤੇ ਢੁਕਵੀਂਆਂ ਉਤਰਦੀਆਂ ਹਨ, ਤਾਂ ਇਹ ਸੁਭਾਵਿਕ ਹੈ ਕਿ ਉਹ ਪੰਜਵੀ ਫ਼ਿਲਮ ਵੀ ਜ਼ਰੂਰ ਦੇਖਣਗੇ।

ਸਾਧਾਰਨ ਪੋਸਟਰ

ਹੁਣ ਅਕਸ਼ੈ ਕੀ ਕਰਦਾ ਹੈ, ਹਾਲਾਂਕਿ ਉਸ ਕੋਲ ਫ਼ਿਲਮ ‘ਜੋ ਬੋਲੇ ਸੋ ਨਿਹਾਲ’ ਦੀ ਚੰਗੀ ਭਲੀ ਉਦਾਹਰਣ ਹੈ, ਪਰ ਉਹ ਆਪਣੀ ਅਗਲੀ ਫ਼ਿਲਮ ਵਿਚ ਇਕ ਖ਼ਾਸ ਫ਼ਿਰਕੇ ਦੀ ਗੱਲ ਕਰਦਾ ਹੈ, ਤੇ ਗੱਲ ਵੀ ਬਹੁਤੀ ਠੇਠ ਪੰਜਾਬੀ ਵਿਚ ਕਰਦਾ ਹੈ। ਆਮ ਤੌਰ ਤੇ ਜਦੋਂ ਵੀ ਕਦੇ ਕਿਸੇ ਫ਼ਿਲਮ ਦੀ ਗੱਲ ਚੱਲਦੀ ਹੈ ਤਾਂ ਸੱਭ ਤੋਂ ਪਹਿਲਾਂ ਫ਼ਿਲਮ ਦਾ ਨਾਮ ਲਿਆ ਜਾਂਦਾ ਹੈ। ਤੇ ਇੱਥੇ ਫ਼ਿਲਮ ਦਾ ਨਾਮ ਕੀ ਹੈ? ‘ਸਿੰਘ ਇਜ਼ ਕਿੰਗ’, ਸਿੰਘ ਨੂੰ ਸਿੱਧਾ ਹੀ ਕਿੰਗ (ਬਾਦਸ਼ਾਹ) ਕਹਾ ਦਿੱਤਾ। ਜੇਕਰ ਕੁਝ ਆਮ ਨਾਮ ਜਿਵੇਂ ‘ਸਿੰਘ ਇਜ਼ ਸ਼ਪੈਸ਼ਲ’ ਜਾਂ ਕੁਝ ਹੋਰ ਹੁੰਦਾ ਤਾਂ ਵੱਖਰੀ ਗੱਲ ਹੁੰਦੀ, ਪਰ ਫ਼ਿਲਮ ਨਾਮ ਅਤੇ ਗੀਤ ਕਰਕੇ ਕਿਸੇ ਗ਼ੈਰ-ਸਿੱਖ ਦਾ, ਨਾਕਿ ‘ਸਿੰਘ ਇਜ਼ ਕਿੰਗ’ ਕਹਿਣਾ ਬਲਕਿ ਸੁਰ-ਤਾਲ ਵਿਚ ਗਵਾਉਣਾਂ, ਭਾਂਵੇ ਦਿਲੋਂ ਨਹੀਂ ਗਾਉਂਦੇ, ਵਾਕਈ ਕਾਬਲੇ-ਤਾਰੀਫ਼ ਹੈ।

ਜੇਕਰ ਅਸੀਂ ਅਕਸ਼ੈ ਦੀਆਂ ਆਉਣ ਵਾਲੀਆਂ ਸਿਰਫ਼ ਦੋ ਫ਼ਿਲਮਾਂ ‘ਚਾਂਦਨੀ ਚੌਕ ਟੂ ਚਾਈਨਾ’, ‘ਕੰਬਖ਼ਤ ਇਸ਼ਕ’ ਦੀ ਸੰਖੇਪ ਵਿਚ ਗੱਲ ਕਰੀਏ। ‘ਚਾਂਦਨੀ ਚੌਕ ਟੂ ਚਾਈਨਾ’ ਇਕ ਅੰਤਰ ਰਾਸ਼ਟਰੀ ਪੱਧਰ ਦੀ ਫ਼ਿਲਮ ਹੈ। ‘ਕੰਬਖ਼ਤ ਇਸ਼ਕ’ ਵਿਚ ਅਕਸ਼ੈ ਹਾਲੀਵੁੱਡ ਦੇ ਕਿੰਗ ‘ਸਿਲਵੈਸਟਰ ਸਟੋਲੋਨ’ ਨਾਲ ਕੰਮ ਕਰ ਰਹੇ ਹਨ, ਜਿਸਦੀ ਸ਼ੂਟਿੰਗ ਹਾਲੀਵੁੱਡ ਦੇ ‘ਯੂਨੀਵਰਸਲ ਸਟੂਡੀਓ’ ਵਿਚ ਕਰ ਕੇ ਨਿਰਮਾਤਾ ਨਿਰਦੇਸ਼ਕ ਨੇ ਹਿੰਦੀ ਫ਼ਿਲਮ ਜਗਤ ਵਿਚ ਇਕ ਨਵਾਂ ਅਧਿਆਇ ਰਚਿਆ ਹੈ। ਮੁਕਦੀ ਗੱਲ ਇਹ ਹੈ ਕਿ ਜੋ ਇਨਸਾਨ ਅੰਤਰ ਰਾਸ਼ਟਰੀ ਪੱਧਰ ਦੀ ਫ਼ਿਲਮਾਂ ਅਤੇ ਹਾਲੀਵੁੱਡ ਦੇ ਕਲਾਕਾਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਬਾਲੀਵੁੱਡ ਵਿਚ ਉਸਦਾ ਸੁਨਿਹਰੀ ਸਫ਼ਰ ਚੱਲ ਰਿਹਾ ਹੈ, ਉਸ ਨੂੰ ‘ਸਿੰਘ ਇਜ਼ ਕਿੰਗ’ (ਉਦਾਹਰਣ ‘ਜੋ ਬੋਲੇ ਸੋ ਨਿਹਾਲ’) ਪੇਸ਼ ਕਰਕੇ ਆਪਣੇ ਫ਼ਿਲਮੀ ਸਫ਼ਰ ਨੂੰ ਡਾਵਾਂਢੋਲ ਕਰਨ ਦੀ ਕੀ ਲੋੜ ਪਈ ਹੈ? ਜਵਾਬ ਇਕੋਂ ਹੀ ਹੈ, ਕਿਉਂਕਿ ਅਕਸ਼ੈ ਪੰਜਾਬੀ ਹੈ। ਰਾਜੀਵ ਸਿੰਘ ਭਾਟੀਆ ਫ਼ਿਲਮੀ ਨਾਮ ‘ਅਕਸ਼ੈ ਕੁਮਾਰ’ ਅੰਮ੍ਰਿਤਸਰ ਤੋਂ ਹਨ। ਇਹ ਪੰਜਾਬੀ ਹੀ ਹਨ, ਜੋ ਪ੍ਰਸਿੱਧੀ ਦੀਆਂ ਸਿਖ਼ਰਾਂ ਤੇ ਪਹੁੰਚ ਕੇ ਵੀ ਆਪਣੇ ਪਿਛੋਕੜ, ਆਪਣੀ ਮਾਂ ਬੋਲੀ ਅਤੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਨਹੀਂ ਭੁੱਲਦੇ ਹਨ। ਖ਼ਾਸ ਕਰਕੇ ਇਨ੍ਹਾਂ ਹਾਲਾਤਾਂ ਵਿਚ ਆਪਣੇ ਪਿਛਕੋੜ ਦੀ ਗੱਲ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਸ ਸਮੇਂ ਤੁਹਾਨੂੰ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਗ਼ੈਰ ਪੰਜਾਬੀ ਵੀ ਸੁਣ ਰਹੇ ਹੁੰਦੇ ਹਨ।

ਹੁਣ ਸਵਾਲ ਕਰਦੇ ਹਾਂ, ਕੀ ਇਹ ਫ਼ਿਲਮ ਸਿਰਫ਼ ਮੋਟੀ ਕਮਾਈ ਲਈ ਬਣਾਈ ਗਈ ਹੈ ਜਾਂ ਸਿੰਘਾਂ ਨੂੰ ਕਿੰਗ ਸਾਬਤ ਕਰਨ ਲਈ ਜਾਂ ਕੁਝ ਹੋਰ। ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਉਸਦੇ ਫ਼ਿਲਮੀ ਪੋਸਟਰ ਪਾੜੇ ਜਾਣ, ਉਸਦੇ ਪੁਤਲੇ ਸਾੜੇ ਜਾਣ, ਉਸਦੀ ਫ਼ਿਲਮ ਸ਼ੋਅ ਦੌਰਾਨ ਸਿਨੇਮਾ ਘਰਾਂ ਵਿਚ ਬੰਬ ਚਲਣ। ਸ਼ਾਇਦ ਇਸੇ ਕਰਕੇ ਫ਼ਿਲਮ ‘ਸਿੰਘ ਇਜ਼ ਕਿੰਗ’ ਦੇ ਫਰੈਂਚ ਕੱਟ ਪੋਸਟਰਾਂ ਦਾ ਸੁਧਾਰ ਕੀਤਾ ਗਿਆ ਅਤੇ ‘ਸਿੰਘ ਇਜ਼ ਕਿੰਗ’ ਦੀ ਵੈਬ ਸਾਈਟ ਤੋਂ ਕਲੀਨ ਸ਼ੇਵਨ ਵਾਲੇ ਫ਼ਿਲਮੀ ਪੋਸਟਰ ਅਤੇ ‘ਫਰੈਂਚ ਕੱਟ ਨਾਲ ਕੈਟਰੀਨਾ ਨੂੰ ਮੋਢਿਆਂ ਤੇ ਚੁੱਕਿਆਂ’ ਵਰਗੇ ਸਾਰੇ ਪੋਸਟਰ ਹਟਾ ਲਏ ਗਏ ਹਨ। ਫ਼ਿਲਮ ਦਰਸ਼ਕਾਂ ਅੱਗੇ ਪੇਸ਼ ਕਰਨ ਤੋਂ ਪਹਿਲਾਂ ਮੁੰਬਈ ਦੇ ਸਿੱਖ ਪਤਵੰਤਿਆਂ ਨੂੰ ਵਿਖਾਈ ਗਈ ਅਤੇ ਇਤਰਾਜ਼ ਯੋਗ ਦ੍ਰਿਸ਼ ਹਟਾ ਲਏ ਗਏ। ਦਿੱਲੀ ਵਿਚ ‘ਆਪਸੀ ਸੰਵਾਦ’ ਕੀਤਾ ਗਿਆ। ਫ਼ਿਲਮ ਟੀਮ ਦਾ ਮੁੰਬਈ ਤੋਂ ਦਿੱਲੀ ਆਉਣਾਂ ਇਹ ਦਰਸਾਉਂਦਾ ਹੈ ਕਿ ਫ਼ਿਲਮ ਟੀਮ ਗ਼ਲਤੀਆਂ ਵਿਚ ਸੁਧਾਰ ਕਰਨ ਦੀ ਇੱਛਾ ਰੱਖਦੀ ਸੀ ਅਤੇ ਆਪਸ ਵਿਚ ਮਿਲ-ਬੈਠ ਕੇ ਸੰਤੁਸ਼ਟੀ ਹੱਲ ਲੱਭਣਾਂ ਚਾਹੁੰਦੀ ਸੀ। ਪਰ ਸਾਰਿਆਂ ਨੂੰ ਖ਼ੁਸ਼ ਕਰਨਾ ਅਸੰਭਵ ਹੈ ਅਤੇ ਉਥੇ ਤਾਂ ਕੰਮ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਥੇ ਵੱਖ ਵੱਖ ਜਥੇਬੰਦੀਆਂ ਕਿਸੇ ਇਕ ਥੱਲੇ ਕੰਮ ਕਰਨ ਤੋਂ ਇਨਕਾਰ ਕਰਨ। ਕਿਉਂਕਿ ਹੋ ਸਕਦਾ ਹੈ ਕਿ ਇਕ ਸੰਸਥਾ ਹਰੀ ਝੰਡੀ ਦੇ ਦੇਵੇ, ਦੂਸਰੀ ਨਾ ਦੇਵੇ ਅਤੇ ਤੀਸਰੀ ਹਰੀ ਝੰਡੀ ਦੇ ਕੇ ਮੁਨਕਰ ਹੋ ਜਾਵੇ।

ਉਮੀਦ ਹੈ ਕਿ ਸਿੱਖ ਜਥੇਬੰਦੀ ਵਲੋਂ ਬਣਾਇਆ ਜਾ ਰਿਹਾ ਸੈਂਸਰ ਬੋਰਡ ਹਿੰਦੀ ਫ਼ਿਲਮਾਂ ਵਿਚਲੇ ਸਿੱਖ ਅਦਾਕਾਰਾਂ ਦੇ ਸਰੂਪ ਅਤੇ ਰੋਲ ਤੇ ਨਜ਼ਰ ਰੱਖੇਗਾ ਅਤੇ ਲੋੜ ਪੈਣ ਤੇ ਸਪੱਸ਼ਟੀਕਰਨ ਅਤੇ ਸੰਭਾਵੀ ਹੱਲ ਦੱਸੇਗਾ। ਇਸ ਦੇ ਨਾਲ ਹੀ ਹੋਰ ਵਿਸ਼ੇ ਜਿਵੇਂ ਕਿ:-

• ਨਿਰਮਾਤਾ, ਨਿਰਦੇਸ਼ਕ ਨੂੰ ਸਿੱਖ ਮਰਿਯਾਦਾ ਦੀ ਜਾਣਕਾਰੀ ਦੇਣਾ,
• ਫ਼ਿਲਮਾਂ ਵਿਚ ਸ਼ੁੱਧ ਗੁਰਬਾਣੀ ਦਾ ਉਚਾਰਨ ਕਰਨਾ,
• ਹਰਿਮੰਦਰ ਸਾਹਿਬ ਦੇ ਸਰੂਪ ਦੀ ਸਤਿਕਾਰ ਸਹਿਤ ਪੇਸ਼ਕਾਰੀ,
• ਹਰਿਮੰਦਰ ਸਾਹਿਬ ਸੰਬਧੀ ਫ਼ਿਲਮ ਕਹਾਣੀ ਬਾਰੇ ਸਾਵਧਾਨ ਕਰਨਾ (ਕਾਰਣ: ਫ਼ਿਲਮ ‘ਸਦੀਆਂ’ ਦੀ ਕਹਾਣੀ),
• ਜੈਕਾਰੇ ਕਦੋਂ ਤੇ ਕਿਵੇਂ ਬੁਲਾਉਣੇ (ਕਾਰਣ: ਫ਼ਿਲਮ ‘ਜੋ ਬੋਲੇ ਸੋ ਨਿਹਾਲ’ ਵਿਚ ਗੱਲ ਗੱਲ ਤੇ ਜੈਕਾਰੇ ਲਾਉਣੇ),
• ਕੜਾਹ ਪ੍ਰਸ਼ਾਦ ਦਾ ਸਤਿਕਾਰ ਕਰਨਾ (ਕਾਰਣ: ਫ਼ਿਲਮ ‘ਸਦੀਆਂ’ ਦੀ ਸ਼ੂਟਿੰਗ ਦੌਰਾਨ ਇਕ ਦੂਜੇ ਦੇ ਮੂੰਹ ਵਿਚ ਕੜਾਹ ਪ੍ਰਸ਼ਾਦ ਪਾਉਣਾ),

ਵੱਲ ਸੁਚੇਤ ਕਰੇਗਾ।

ਹੋਰ ਪੋਸਟਰ

‘ਜੋੜੋ ਨਾਕਿ ਤੋੜੋ’ ਅਨੁਸਾਰ ਚਲਦੇ ਹੋਇਆ, ‘ਸਿੱਖ ਕਿਰਦਾਰ ਨੂੰ ਫ਼ਿਲਮ ਵਿਚ ਪੇਸ਼ ਕਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਗੱਲਾਂ’ ਦਾ ਇਕ ਦਸਤਾਵੇਜ਼ ਤਿਆਰ ਕਰਕੇ, ਉਸ ਨੂੰ ਪੰਜਾਬੀ, ਹਿੰਦੀ ਅਤੇ ਅੰਗ੍ਰਜ਼ੀ ਵਿਚ ਅਨੁਵਾਦ ਕਰਕੇ ਇੰਟਰਨੈਟ ਅਤੇ ਸਥਾਨਿਕ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰੇਗਾ। ਕਿਉਂਕਿ ਜਦੋਂ ਅੱਧੀ ਨਾਲੋਂ ਜ਼ਿਆਦਾ ਫ਼ਿਲਮ ਬਣ ਗਈ ਹੋਵੇ, ਕਰੋੜਾਂ ਰੁਪਏ ਫ਼ਿਲਮ ਤੇ ਲੱਗ ਗਏ ਹੋਣ, ਫ਼ਿਰ ਜਾ ਕੇ ਨਿਰਮਾਤਾ ਨਿਰਦੇਸ਼ਕ ਨੂੰ ਸਿੱਖੀ ਸਰੂਪ ਅਤੇ ਸਿੱਖ ਮਰਿਯਾਦਾ ਬਾਰੇ ਜਾਣਕਾਰੀ ਦੇਣ ਨਾਲੋਂ ਚੰਗਾ ਹੈ ਕਿ ਪਹਿਲਾਂ ਹੀ ਸਾਰੀਆਂ ਗੱਲਾਂ ਸਾਫ਼ ਅਤੇ ਪ੍ਰਕਾਸ਼ਿਤ ਕਰ ਦਿੱਤੀਆਂ ਜਾਣ।

ਅਕਸ਼ੈ ਵੱਲੋਂ ਜਾਰੀ ਕੀਤੀ ਸ਼ਬਦਾਂ ਦੀ ਸੀ ਡੀ-ਕੈਸਟ ਅਤੇ ਵੀਡੀਓ ‘ਨਿਰਗੁਣੁ ਰਾਖਿ ਲੀਆ’, ਇਕ ਪੰਜਾਬੀ ਫ਼ਿਲਮ ‘ਮਿਤੱਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਿਚ ਠੇਠ ਪੰਜਾਬੀ ਬੋਲੀ ‘ਚ ਪੰਜਾਬ ਇਤਿਹਾਸ ਦੱਸਣਾਂ, ‘ਸਿੰਘ ਇਜ਼ ਕਿੰਗ’ ਇਕ ਹਿੰਦੀ ਫ਼ਿਲਮ ਹੋਣ ਦੇ ਬਾਵਜੂਦ ਸੁਧਾਰੇ ਫ਼ਿਲਮੀ ਪੋਸਟਰਾਂ ਤੇ ਪੰਜਾਬੀ ਵਿਚ ‘ਸਿੰਘ ਇਜ਼ ਕਿੰਗ’ ਲਿਖਣਾ (ਵੈਬ ਸਾਈਟ ਤੇ), ਗੀਤ ‘ਸਿੰਘ ਇਜ਼ ਕਿੰਗ’ ਵਿਚ ਆਪ ਪੰਜਾਬੀ ਵਿਚ ਗਾ ਕੇ ਹਾਜ਼ਰੀ ਲਵਾਉਣੀ, ਉਸਦਾ ਸਿੱਖੀ ਅਤੇ ਪੰਜਾਬੀਅਤ ਪ੍ਰਤੀ ਅਟੁੱਟ ਪਿਆਰ ਅਤੇ ਸ਼ਰਧਾ ਦਾ ਸਬੂਤ ਹੈ। ਕੋਈ ਜੋ ਮਰਜ਼ੀ ਕਹੇ, ਪਰ ਸੱਚੀ ਸ਼ਰਧਾ ਨੂੰ ਹਮੇਸ਼ਾਂ ਫਲ ਲੱਗਦਾ ਹੈ ਅਤੇ ਫਲ ਲੱਗਾ ਵੀ ਹੈ, ਜਦੋਂ ਵਿਦੇਸ਼ਾਂ ਵਿਚ ਸਟੇਜ ਸ਼ੋਅ ਕਰਕੇ, ਦੇਸ਼ ਵਿਚ ਟੀ ਵੀ ਸ਼ੋਅਜ਼ ਰਾਹੀਂ ਫ਼ਿਲਮ ਪ੍ਰਚਾਰ ਦੇ ਅਸਰ ਹੇਠ, ਜਦ ਫ਼ਿਲਮ ‘ਸਿੰਘ ਇਜ਼ ਕਿੰਗ’ ਸਿਨਮੇ ਘਰਾਂ ਵਿਚ ਫ਼ਿਲਮ ਦਰਸਾਈ ਗਈ ਤਾਂ ਇਕ ਹਫ਼ਤੇ ਅੰਦਰ ਦੇਸਾਂ-ਪ੍ਰਦੇਸਾਂ ਵਿਚ ਵਸਦੇ ਭਾਰਤੀਆਂ ਨੇ ਧਰਮ ਨਾਲੋਂ ਮੰਨੋਰੰਜਨ ਨੂੰ ਪਹਿਲ ਦੇ ਕੇ ਹੁਣ ਤੱਕ ਦੀਆਂ ਸਾਰੀਆਂ ਫ਼ਿਲਮਾਂ ਦੇ ਰਿਕਾਰਡ ਤੋੜ ਕੇ ਅਤੇ ਕਈ ਨਵੇਂ ਰਿਕਾਰਡ ਬਣਾ ਕੇ ਫ਼ਿਲਮ ਨੂੰ ‘ਸੁਪਰ ਹਿੱਟ’ ‘ਬਲੌਕ ਬਸਟਰ’ ਬਣਾ ਦਿੱਤਾ।

ਹੁਣ ਸਵਾਲ ਕਰਦੇ ਹਾਂ, ਅਕਸ਼ੈ ਨੇ ਇਸ ਫ਼ਿਲਮ ਤੋਂ ਕੀ ਸਿੱਖਿਆ?... ਜਦੋਂ ਫ਼ਿਲਮ ‘ਸਿੰਘ ਇਜ਼ ਕਿੰਗ’ ਦੀ ਜਸ਼ਨ-ਏ-ਕਾਮਯਾਬੀ ਵਿਚ ਅਕਸ਼ੈ ਨੂੰ ‘ਸਿੰਘ ਇਜ਼ ਕਿੰਗ 2’ ਜਾਂ ਜਿਵੇਂ ਫ਼ਿਲਮ ‘ਸੁਪਰ ਹੀਰੋ ਸਿੰਘ’ ਦਾ ਐਲਾਨ ਕੀਤਾ ਗਿਆ ਸੀ, ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦਾ ਜਵਾਬ ਸੀ “ਇਕ ਹੀ ਫ਼ਿਲਮ ਬਣਾਈ, ਪਸੀਨੇ ਛੁਟ ਗਏ, ਅਗਲੀ ਫ਼ਿਲਮ ਦਾ ਮੈਨੂੰ ਨਹੀਂ ਪਤਾ, ਤੁਹਾਨੂੰ ਕੋਈ ਆਈਡੀਆ ਹੋਵੇ, ਤਾਂ ਦੱਸਣਾਂ ਕਦੇ”। ਇਸ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਫ਼ਿਲਮ ਬਣਾਉਣ ਤੋਂ ਪਹਿਲਾਂ ਹੁਣ ਅਕਸ਼ੈ ਦਿਲ ਦੀ ਬਜਾਏ, ਦਿਮਾਗ ਦੀ ਸੁਣਨਗੇ। ਪਰ ਜੇ ਅਸੀਂ ਥੋੜ੍ਹਾ ਜਿਹਾ ਦਿਮਾਗ ਤੇ ਜ਼ੋਰ ਦੇ ਕੇ ਦੂਰ ਦੀ ਸੋਚੀਏ, ਹੁਣ ਤਾਂ ਹਿੰਦੀ ਫ਼ਿਲਮਾਂ ਵੀ ਹੋਰ ਬੋਲੀਆਂ (ਜਿਵੇਂ ਜਰਮਨ) ਵਿਚ ਅਨੁਵਾਦ ਹੋ ਕੇ ਯੌਰਪੀਅਨ ਟੀ ਵੀ ਚੈਨਲਾਂ ਤੇ ਆਉਂਦੀਆਂ ਹਨ। ਭਾਵ ਫ਼ਿਲਮ ‘ਸਿੰਘ ਇਜ਼ ਕਿੰਗ’ ਦੀ ਲੜੀ ਸਿੱਖ ਪ੍ਰਚਾਰ ਅਤੇ ਪੰਜਾਬੀ ਜੀਵਨ ਸ਼ੈਲੀ ਪੇਸ਼ ਕਰਨ ਲਈ ਇਕ ਵਧੀਆ ਸਾਧਨ ਹੋ ਸਕਦੀ ਹੈ।

ਇਕ ਪ੍ਰਸਿੱਧੀ, ਇਕ ਸੱਚੀ ਸ਼ਰਧਾ, ਇਕ ਸੋਚ, ਇਕ ਫ਼ਿਲਮ, ਇਕ ਗੀਤ, ਇਕ ਮਨੋਰੰਜਨ, ਇਕ ਧਰਮ ਪ੍ਰਚਾਰ ਦੀ ਕੋਸ਼ਿਸ਼, ਇਕ ਵਿਰੋਧ ਪ੍ਰਦਰਸ਼ਨ, ਇਕ ਸਮਝੋਤਾ, ਇਕ ਰਿਕਾਰਡ ਤੋੜ ਸਫ਼ਲਤਾ। ਇਹ ਸਾਰਾ ਕੁਝ ਹੈ, ਫ਼ਿਲਮ ‘ਸਿੰਘ ਇਜ਼ ਕਿੰਗ’।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)